ਹਰਜੀਤ ਦਿਉਲ
ਇਹ ਇੱਕ ਗਰੀਬ ਦਿਹਾੜੀਦਾਰ ਦਾ ਕੱਚਾ ਕੋਠਾ ਹੈ ਜਿਸ ਦੀ ਕੰਧ `ਤੇ ਲਟਕ ਰਹੇ ਕੈਲੰਡਰ ਵਿਚ ਬਾਬਾ ਨਾਨਕ ਆਪਣੇ ਸਾਥੀਆਂ ਬਾਲੇ ਅਤੇ ਮਰਦਾਨੇ ਵਿਚਕਾਰ ਬੈਠਾ ਹੈ। ਇੱਕ ਹੱਥ ਵਿਚ ਮਾਲਾ ਹੈ ਦੂਜਾ ਹੱਥ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਵਾਂਗ ਲੋਕਾਈ ਨੂੰ ਧਰਵਾਸ ਦਿੰਦਾ ਜਾਪਦਾ ਹੈ। ਇਸ ਹੱਥ ਵਿਚਕਾਰ ਇਕ ਉਂਕਾਰ ਦਾ ਨਿਸ਼ਾਨ ਵੀ ਹੈ।
ਉਂਝ ਮਾਲਾ ਸਹਾਰੇ ਗਿਣਤੀਆਂ ਮਿਣਤੀਆਂ ਕਰ ਪਰਮਾਤਮਾ ਦਾ ਨਾਂਅ ਜਪਣਾ ਬਾਬੇ ਦੀਆਂ ਤਰਕਸ਼ੀਲ ਕਹਾਉਂਦੀਆਂ ਸਿਖਿਆਵਾਂ ਨਾਲ ਮੇਲ ਤਾਂ ਨਹੀਂ ਖਾਂਦਾ ਪਰ ਚਿੱਤਰਕਾਰ ਨੇ ਲੋਕ ਧਾਰਨਾਵਾਂ ਦੇ ਮੇਚ ਆਉਂਦਾ ਚਿੱਤਰ ਬਣਾ ਦਿੱਤਾ ਹੈ। ਇਹ ਕੈਲੰਡਰ ਆਪਣੇ ਇਕਲੌਤੇ ਕੱਚੇ ਕਮਰੇ ਦੀ ਕੰਧ `ਤੇ ਟੰਗ ਬਾਬੇ ਦੀਆ ਮੇਹਰਾਂ ਦਾ ਚਾਹਵਾਨ ਟੱਬਰ ਅੱਤ ਦੀ ਗਰਮੀ ਕਾਰਨ ਵਿਹੜੇ ਵਿਚ ਖੜ੍ਹੇ ਨਿੰਮ ਦੇ ਦਰਖਤ ਦੀ ਛਾਂ ਹੇਠ ਲੌਢੇ ਵੇਲੇ ਦੀ ਚਾਹ ਛਕ ਰਿਹਾ ਹੈ। ਇਸ ਟੱਬਰ ਦਾ ਮੁਖੀਆ ਢਿੱਲਾ-ਮੱਠਾ ਹੋਣ ਕਰਕੇ ਦਿਹਾੜੀ `ਤੇ ਨਹੀਂ ਜਾ ਸਕਿਆ। ਜੁਆਨ ਹੋ ਰਹੇ ਮੁੰਡਾ ਅਤੇ ਕੁੜੀ ਵੀ ਪੜ੍ਹਨੋਂ ਹਟਾ ਲਏ ਗਏ ਹਨ ਇਸ ਨਾਲ ਕਿਤਾਬਾਂ ਕਾਪੀਆਂ ਅਤੇ ਫੀਸਾਂ ਦੀ ਬਚਤ ਦੇ ਨਾਲ ਦੋਵੇਂ ਭੈਣ-ਭਰਾ ਕੰਮ ਕਾਰ ਵਿਚ ਮਾਪਿਆਂ ਨਾਲ ਹੱਥ ਵਟਾ ਉਨ੍ਹਾਂ ਦਾ ਸਹਾਰਾ ਬਣਦੇ ਹਨ। ਇਸ ਟੱਬਰ ਦੀ ਚਿੰਤਾ ਹੈ ਕਿ ਜਿ਼ਮੀਂਦਾਰਾਂ ਨੇ ਜੋ ਦਿਹਾੜੀ ਬੰਨ੍ਹ ਦਿੱਤੀ ਹੈ ਉਸ ਨਾਲ ਇਸ ਅੱਤ ਦੀ ਮਹਿੰਗਾਈ ਨਾਲ ਨਹੀਂ ਨਜਿੱਠਿਆ ਜਾ ਸਕਦਾ।
ਚਲੋ ਛੱਡੋ ਇਨ੍ਹਾਂ ਨੂੰ ਇਨ੍ਹਾਂ ਦੇ ਹਾਲ `ਤੇ ਅਤੇ ਅਸੀਂ ਧਾਨੂੰ ਇੱਕ ਹੋਰ ਬਾਬੇ ਕੋਲ ਲੈ ਚਲਦੇ ਹਾਂ ਜਿਸ ਦਾ ਚਿੱਤਰ ਨਾ ਸਿਰਫ ਇੱਕ ਬਹੁਤ ਮਹਿੰਗੇ ਸ਼ੀਸ਼ੇ ਵਾਲੇ ਫਰੇਮ ਵਿਚ ਜੜਿਆ ਹੈ ਬਲਕਿ ਇਸ ਵਿਚ ਰਾਤ ਵੇਲੇ ਜਗਮਗ ਕਰਦੇ ਬਲਬ ਵੀ ਜਗਦੇ ਹਨ। ਇਹ ਇੱਕ ਖਾਂਦੇ-ਪੀਂਦੇ ਜਿ਼ਮੀਂਦਾਰ ਦੇ ਪੱਕੇ ਤਿੰਨ ਕਮਰਿਆਂ ਵਾਲੇ ਘਰ ਦੀ ਕੂਲਰ ਨਾਲ ਠੰਢੀ ਹੋਈ ਬੈਠਕ ਹੈ। ਵਿਹੜੇ ਵਿਚ ਛੋਟੀ ਮਰੂਤੀ ਕਾਰ ਨਾਲ ਇੱਕ ਮੋਟਰਸਾਈਕਲ ਵੀ ਖੜ੍ਹਾ ਹੈ। ਇਸ ਘਰ ਦਾ ਮੁਖੀਆ ਅਤੇ ਉਸ ਦੀ ਸਾਥਣ ਬੈਠਕ ਵਿਚ ਆਰਾਮ ਕਰ ਰਹੇ ਹਨ ਜਦਕਿ ਬੇਟੀ ਕਾਲਜ ਗਈ ਹੋਈ ਹੈ। ਲੜਕਾ ਸ਼ਹਿਰ ਕਿਸੇ ਏਜੰਟ ਨਾਲ ਗੱਲਬਾਤ ਕਰਨ ਗਿਆ ਹੈ ਤਾਂ ਜੋ ਕੁਝ ਲੱਖ ਖਰਚ ਕੇ ਕਿਸੇ ਬਾਹਰਲੇ ਮੁਲਕ ਨਿਕਲਿਆ ਜਾ ਸਕੇ। ਖਿੱਚ-ਧੂਹ ਕਰ ਥਰਡ ਡਿਵੀਜ਼ਨ `ਚ ਬਾਰ੍ਹਵੀਂ ਕਰਨ ਉਪਰੰਤ ਉਸ ਪੜ੍ਹਾਈ ਛੱਡ ਦਿੱਤੀ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਬਹੁਤਾ ਪੜ੍ਹਿਆਂ ਕਿਹੜਾ ਡੀ ਸੀ ਲੱਗ ਜਾਣਾ ਹੈ। ਆਉ ਇੱਕ ਹੋਰ ਥਾਂ ਵਿਰਾਜਮਾਨ ਬਾਬੇ ਵੱਲੀਂ ਵੀ ਗੇੜਾ ਮਾਰ ਆਈਏ। ਇੱਥੇ ਬਾਬਾ ਜੀ ਚੰਗੀ ਜ਼ਮੀਨ ਵਾਲੇ ਜੱਟ ਦੀ ਪਿੰਡੋਂ ਬਾਹਰਵਾਰ ਬਣੀ ਆਲੀਸ਼ਾਨ ਕੋਠੀ ਦੇ ਏ ਸੀ ਨਾਲ ਬੇਹੱਦ ਠੰਢੇ ਕੀਤੇ ਡਰਾਇੰਗ ਰੂਮ ਵਿਚ ਸੋਭਾ ਸਿੰਘ ਦੀ ਬਣਾਈ ਕੀਮਤੀ ਪੇਂਟਿੰਗ ਦੀ ਸ਼ੋਭਾ ਵਧਾ ਰਹੇ ਹਨ। ਕੋਠੀ ਵਿਚ ਆਲੀਸ਼ਾਨ ਕਾਰ ਨਾਲ ਇਕ ਜੀਪ ਵੀ ਮੌਜੂਦ ਹੈ। ਕੋਠੀ ਦੇ ਚਾਰੇ ਪਾਸੇ ਮਾਲੀ ਦਾ ਸਿਰਜਿਆ ਸ਼ਾਨਦਾਰ ਬਗੀਚਾ ਹੈ। ਰਾਜ ਦੀ ਸਿਆਸਤ ਵਿਚ ਅਸਰ ਰਸੂਖ ਰੱਖਦਾ ਇਸ ਘਰ ਦਾ ਕਾਕਾ ਸ਼ਹਿਰ ਵਿਚ ਮੋਟੀ ਕਮਾਈ ਵਾਲੀ ਕੋਈ ਏਜੰਸੀ ਲਈ ਬੈਠਾ ਹੈ। ਪਹਿਲੇ ਖਾਂਦੇ-ਪੀਂਦੇ ਅਤੇ ਦੂਜੇ ਇਸ ਅਮੀਰ ਘਰ ਵਿਚ ਵਿਰਾਜਮਾਨ ਬਾਬਿਆਂ ਨੇ ਉਨ੍ਹਾਂ ਘਰਾਂ ਨੂੰ ਉਸੇ ਹਿਸਾਬ ਨਾਲ ਭਾਗ ਲਾਏ ਹਨ ਜਿਵੇਂ ਜਿਵੇਂ ਉਨ੍ਹਾਂ ਬਾਬਿਆਂ ਨੂੰ ਸਤਿਕਾਰਯੋਗ ਥਾਂ `ਤੇ ਵਿਰਾਜਿਆ ਹੈ। ਕਿਸੇ ਦੁਕਾਨੋ ਮਿਲੇ ਮੁਫਤ ਦੇ ਕੈਲੰਡਰ ਵਿਚ ਲਟਕਦਾ ਬਾਬਾ ਉਸ ਗਰੀਬ ਘਰ ਦਾ ਕੀ ਸੁਆਰਦਾ? ਬਸ ਹਵਾ ਨਾਲ ਸੱਜੇ-ਖੱਬੇ ਝੂਲਦਿਆਂ ਕੈਲੰਡਰ ਦੀ ਧਾਤੂ ਦੀ ਪੱਤੀ ਨੇ ਕੱਚੀ ਕੰਧ ਵਿਚ ਲਕੀਰਾਂ ਜ਼ਰੂਰ ਉਕੇਰ ਦਿੱਤੀਆਂ ਹਨ।