ਗੱਲ ਸੁਣੀਂ ਵੇ ਜੋਗੀਆ…! (ਵਿਅੰਗ)

ਸਿ਼ਵਚਰਨ ਜੱਗੀ ਕੁੱਸਾ
ਜੋਗੀਆ ਵੀਰਾ…! ਮੇਰੀ ਇੱਕ ਗੱਲ ਸੁਣ ਕੇ ਜਾਈਂ…!
ਆਪ ਦੇ ਨਾਥ ਜੀ ਨੂੰ ਆਖ ਦੇਵੀਂ। ਇੱਥੇ ਹੁਣ ਪੋਠੋਹਾਰ ਦੀ ਕੁੜੀ ਨਹੀਂ, “ਮਿੱਸਾਂ” ਵਸਦੀਐਂ! ਬਾਈ ਨੰਦ ਲਾਲ ਨੂਰਪੁਰੀ ਨੂੰ ਕਹੀਂ, ਇੱਥੇ ਹੁਣ ਗੋਰੀ ਦੀਆਂ ਝਾਂਜਰਾਂ ਨਹੀਂ ਬੁਲਾਉਂਦੀਆਂ, ਡਿਸਕੋ-ਮਿਊਜਿ਼ਕ ਕੰਨ ਪਾੜਦੈ! ਇੱਥੇ ਸੁਆਣੀਆਂ ਦੁੱਧਾਂ ਵਿਚ ਮਧਾਣੀਆਂ ਨਹੀਂ ਪਾਉਂਦੀਆਂ, “ਮੁੰਨੀ ਬਦਨਾਮ ਹੂਈ, ਡਾਰਲਿੰਗ ਤੇਰੇ ਲੀਏ” `ਤੇ “ਝੋਲ-ਨਾਚ” ਕਰਦੀਐਂ! ਗੱਭਰੂ ਸੂਰਮਿਆਂ ਦੀਆਂ “ਵਾਰਾਂ” ਨਹੀਂ ਸੁਣਦੇ, “ਮੁੰਡਿਆਂ ਤੋਂ ਬਚ ਕੇ ਰਹੀਂ” ਦੇ ਸੋਹਿਲੇ ਗਾਉਂਦੇ ਐ! ਹੁਣ ਇੱਥੇ ਸ਼ੌਂਕਣਾਂ ਦੇ ਮੇਲੇ ਨਹੀਂ ਲੱਗਦੇ, ਹੁਣ ਤਾਂ ਮਾਡਲ-ਮੰਡੀ `ਤੇ ਮੁਟਿਆਰਾਂ ਦੀ ਨੁਮਾਇਸ਼ ਹੁੰਦੀ ਐ..! ਹੁਸਨ, ਮੰਡੀਆਂ `ਤੇ ਨਿਲਾਮ ਹੁੰਦੈ…! ਜੋਬਨ ਪਸ਼ੂਆਂ ਵਾਂਗ ਵਿਕਦੈ…!

ਇੱਕ ਗੱਲ ਆਪਣੇ ਨਾਥ ਜੀ ਨੂੰ ਇਹ ਵੀ ਕਹਿ ਦੇਈਂ, ਪੰਜਾਬ ਦੀਆਂ ਔਰਤਾਂ ਅੱਜ-ਕੱਲ੍ਹ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਏ ਨਹੀਂ, ਅਮਲੀ ਜੰਮਦੀਐਂ..! ਬਾਈ ਸਿਆਂ, ਅਮਲੀ ਤਾਂ ਫਿਰ ਵੀ ਚੰਗੇ ਐ..! ਪਰ ਜੰਮੇ ਅਕ੍ਰਿਤਘਣ, ਬੰਦੇ ਦੇ ਕੀਤੇ ਗੁਣ ਤਾਂ ਕੀ? ਰੱਬ ਨੂੰ ਵੀ ਦਿਹਾੜੀਦਾਰ ਹੀ ਸਮਝਦੇ ਨੇ..! ਗੌਂਅ ਵੇਲੇ ਹਰ ਕੋਈ ਭਾਈ-ਭਤੀਜਾ ਬਣ ਬਹਿੰਦੈ! ਪਰ ਪਿੱਛੋਂ: ਜਿਚਰੁ ਪੈਨਨਿ ਖਾਵਨੇ ਤਿਚਰੁ ਰਖਨਿ ਗੰਢੁ।। ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ।।
ਜੇ ਪ੍ਰੋਫ਼ੈਸਰ ਮੋਹਣ ਸਿੰਘ ਮਿਲੇ ਤਾਂ ਉਸ ਨੂੰ ਵੀ ਸੁਨੇਹਾ ਦੇਈਂ! ਕਦੇ “ਟੈਂ” ਨਾ ਕਹਾਉਣ ਵਾਲੇ ਯੋਧੇ ਅੱਜ-ਕੱਲ੍ਹ ਬਾਣੀਆਂ ਅਤੇ ਏਜੰਟਾਂ ਦੇ ਛਿੱਤਰ ਖਾਂਦੇ ਐ! ਅੱਜ-ਕੱਲ੍ਹ ਮਿਰਜ਼ੇ ਆਪਣੇ ਤੀਰਾਂ ਅਤੇ ਭੱਥੇ ਦੀ ਸਿਫ਼ਤ ਨਹੀਂ ਕਰਦੇ, ਫ਼ੈਨਸੀ-ਡਰਿੱਲ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ ਗੁਣ ਗਾਉਂਦੇ ਐ! ਅੱਜ ਕੱਲ੍ਹ ਜੋਬਨ-ਮੱਤੀ ਹੀਰ ਮੰਗੂ ਚਾਰਦੇ ਰਾਂਝੇ ਲਈ ਚੂਰੀ ਨਹੀਂ ਕੁੱਟ ਕੇ ਲਿਜਾਂਦੀ, ਅਫ਼ੀਮ ਦਾ ‘ਕੰਡਾ’ ਦੇ ਕੇ ਆਉਂਦੀ ਐ…! ਚੋਬਰਾਂ ਦੇ ਸੀਨੇ, ਝਨਾਂ ਦੇ ਪੱਤਣਾਂ ਵਾਂਗ ਖ਼ੁਰਦੇ ਜਾਂਦੇ ਐ!
ਜੇ ਕਿਤੇ ਧੰਨ ਗੁਰੂ ਨਾਨਕ ਪਾਤਿਸ਼ਾਹ ਮਿਲਣ ਤਾਂ ਕਹੀਂ, ਗੁਰੂ ਪਾਤਿਸ਼ਾਹ…! ਥੋਡੀ ਅਤੇ ਭਾਈ ਮਰਦਾਨੇ ਵਾਲੀ ਯਾਰੀ ਹੁਣ ਇੱਥੇ ਖ਼ਤਮ ਹੋ ਚੁੱਕੀ ਹੈ! ਹੁਣ ਇੱਥੇ “ਤੇਰਾਂ-ਤੇਰਾਂ” ਨਹੀਂ, ਅੱਧ ਈ ਤੋਲਿਆ ਜਾਂਦੈ। ਭੈਣ ਨਾਨਕੀ ਵੀਰ ਨੂੰ ਪ੍ਰਛਾਦਾ ਛਕਾਉਣ ਲਈ ਨਹੀਂ, ਅੱਜ ਦੀ ਭੈਣ ਤਾਂ ਬਾਹਰ ਬੈਠੇ ਵੀਰ ਦਾ ‘ਚੈੱਕ’ ਉਡੀਕਦੀ ਹੈ! ਰੱਖੜੀ ਇੱਥੇ ਮੁਹੱਬਤ ਦੀ ‘ਆੜ’ ਬਣਦੀ ਜਾਂਦੀ ਐ! ਅੱਜ-ਕੱਲ੍ਹ ਬੇਬੇ ਸੁਲੱਖਣੀ ਪਤੀ-ਪ੍ਰਮੇਸ਼ਰ ਨੂੰ ਨਹੀਂ ਉਡੀਕਦੀ, ਅੱਜ ਕੱਲ੍ਹ ਦੀਆਂ ‘ਸੁਲੱਖਣੀਆਂ’ ਤਾਂ, ਲੋਟ ਲੱਗੇ ਤਾਂ ਪਤੀ-ਦੇਵ ਦਾ ‘ਟੱਟੂ-ਪਾਰ’ ਵੀ ਕਰਵਾ ਧਰਦੀਐਂ! ਧੰਨ ਗੁਰੂ ਨਾਨਕ ਪਾਤਿਸ਼ਾਹ ਨੂੰ ਆਖੀਂ, ਇਹ ਗੱਲਾਂ ਮੈਂ ਨਹੀਂ ਕਰਦਾ, ਰੋਜ਼ ਦੀਆਂ ਅਖ਼ਬਾਰਾਂ ਦੱਸਦੀਐਂ!! ਇੱਥੇ ਗਰੀਬ, ਮਜ਼ਦੂਰ, ਕਿਸਾਨ ਤੋਂ ਬਿਨਾ ਅਕਾਲ-ਪੁਰਖ ਨੂੰ ਕੋਈ ਮਿਹਣਾ ਨਹੀਂ ਮਾਰਦਾ: ਏਤੀ ਮਾਰ ਪਈ ਕੁਰਲਾਣੇ।। ਤੈਂ ਕੀ ਦਰਦੁ ਨ ਆਇਆ।। ਚਿੱਟੇ ਜਾਂ ਗੋਲ਼ੀ ਨਾਲ਼ ਮਰੇ ਜੁਆਨ ਮੁੰਡਿਆਂ ਦੀਆਂ ਮਾਵਾਂ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ ਜ਼ਰੂਰ ਰੋ-ਰੋ ਕੇ ਸੁਣਾਉਂਦੀਐਂ! ਇੱਥੇ ਕਿਸਾਨ ਦਾ ਪੁੱਤ ਹੁਣ ਥੋਡੇ ਵਾਂਗੂੰ ਹਲ਼ ਨਹੀਂ ਵਾਹੁੰਦਾ ਗੁਰੂ ਜੀ, ਭਈਆ ਟਰੈਕਟਰ ਚਲਾ ਰਿਹਾ ਹੁੰਦੈ ਤੇ ਕਿਸਾਨ ਦਾ ਪੁੱਤ ਸ਼ਹਿਰ ਫਿ਼ਲਮ ਦੇਖਦਾ ਹੁੰਦੈ, ਜਾਂ ਕਿਸੇ ਨਹਿਰ ‘ਤੇ ਬੈਠਾ ਲਾਹਣ ਜਾਂ ਚਿੱਟਾ ਪੀਂਦਾ ਹੁੰਦੈ! ਅੱਜ ਕੱਲ੍ਹ ਉਸ ਦਾ ਇੱਕ ਹੱਥ ਮੋਟਰ ਸਾਈਕਲ ਤੇ ਇੱਕ ਹੱਥ ਮੋਬਾਈਲ ਫ਼ੋਨ ਨੂੰ ਹੁੰਦੈ!
ਜੋਗੀ ਵੀਰਿਆ! ਜੇ ਤੈਨੂੰ ਪੁੱਤਰਾਂ ਦਾ ਦਾਨੀ, ਸਰਬੰਸ ਵਾਰਨ ਵਾਲਾ ਯੋਧਾ, ਕਥਨੀ-ਕਰਨੀ ਦਾ ਪੂਰਾ-ਸੂਰਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਿਲੇ ਤਾਂ ਦੱਸ ਦੇਵੀਂ ਕਿ ਹੁਣ ਤਾਂ ਆਪਣੇ ਜਥੇਦਾਰ ਵੀ ਭ੍ਰਿਸ਼ਟਾਚਾਰ ਦੇ ਰਾਹ ਪੈ ਗਏ! “ਪੋਥੀ ਪ੍ਰਮੇਸਰ ਕਾ ਥਾਨੁ” ਗੁਰੂ ਗ੍ਰੰਥ ਸਾਹਿਬ ਨੂੰ ਅਦਾਲਤਾਂ ਵਿਚ ਲਿਜਾਣ ਲੱਗ ਪਏ। ਦਰਬਾਰ ਸਾਹਿਬ ਅੰਦਰ ਮੁਜ਼ਾਹਰੇ ਹੋਣ ਲੱਗ ਪਏ। ਹੁਣ ਸੂਰਮੇ ਯੋਧੇ ਮੈਦਾਨਿ-ਜੰਗ ਵਿਚ ਨਹੀਂ, ਦਰਬਾਰ ਸਾਹਿਬ ਵਿਚ ਹੀ ‘ਆਪਣੇ-ਆਪਣੇ’ ਜੌਹਰ ਦਿਖਾਉਣ ਤੁਰ ਪਏ! ਹੁਣ ਤੁਹਾਡੇ ਵਾਂਗੂੰ ‘ਅਗਲੇ’ ਆਪਣੇ ਪੁੱਤਰਾਂ ਨੂੰ ਜੰਗ ਵਿਚ ਨਹੀਂ ਤੋਰਦੇ, ਅਮਰੀਕਾ ਕੈਨੇਡਾ ਭੇਜ ਦਿੰਦੇ ਐ! ਹਾਂ, ਦੂਜਿਆਂ ਦੀ ਪੂਛ ਨੂੰ ਬੜਾ ਵੱਟ ਚਾੜ੍ਹਦੇ ਐ! ਕਹੀਂ, ਸੱਚੇ ਪਾਤਿਸ਼ਾਹ! ਤੁਹਾਨੂੰ ਤਾਂ ਖ਼ਾਲਸਾ-ਪੰਥ ਨੇ ਗਲਤ-ਫ਼ਹਿਮੀ ਵਿਚ ਦਾਦੂ ਦੀ ਸਮਾਧ ‘ਤੇ ਤੀਰ ਨਾਲ ਸਿਜਦਾ ਕਰਨ ਬਦਲੇ ‘ਤਨਖਾਹ’ ਲਾ ਦਿੱਤੀ ਸੀ, ਤੁਸੀਂ ਤਨਖਾਹ ਕਬੂਲ ਵੀ ਕਰ ਲਈ ਸੀ। ਪਰ ਅੱਜ ਦੇ ‘ਪੰਥਕ-ਬੰਦੇ’ ਤਾਂ ਮਰਿਆਦਾ ਦੀਆਂ ਸ਼ਰੇ੍ਹਆਮ ਧੱਜੀਆਂ ਉਡਾਈ ਜਾਂਦੇ ਐ, ਇਨ੍ਹਾਂ ਦਾ ਕੀ ਕਰੀਏ…? ਕਿਹੜੇ ਖੂਹ ਵਿਚ ਸੁੱਟੀਏ…? ਤਨਖਾਹਾਂ ਨੂੰ ਤਾਂ ਇਹ ਗੌਲ਼ਦੇ ਈ ਕੱਖ ਨਹੀਂ! ਗਿੱਟੇ ਉਤੇ ਡੰਡਾ ਖਾ ਕੇ ਵੀ ਲੱਤ ਫਿਰ ਉਥੇ ਈ ਧਰ ਲੈਂਦੇ ਐ ਜੀ! ਸੱਚੇ ਪਾਤਿਸ਼ਾਹ! ਇੱਥੇ ਸਾਧ ਅਤੇ ਸੰਤ ਬੜੇ ਹਨ ਜੀ, ਕੋਈ ਅੰਤ ਨਹੀਂ! ਪਰ ਤੇਰਾ ਪੰਥ ਟੁੱਟੇ ਤਾਰੇ ਵਾਂਗੂੰ ਫਿਰ ਵੀ ਥੱਲੇ ਨੂੰ ਜਾ ਰਿਹਾ ਹੈ ਜੀ! ਇਹਦਾ ਕੋਈ ਹੱਲ ਸੋਚੋ!
ਜੋਗੀ ਵੀਰਿਆ! ਜੇ ਕਿਤੇ ਤੈਨੂੰ ਅਕਾਲ-ਪੁਰਖ ਮਿਲ ਜਾਵੇ, ਤਾਂ ਕਹੀਂ…!!!
‘ਸੁਣੀ ਪੁਕਾਰ ਦਾਤਾਰੁ ਪ੍ਰਭ।। ਗੁਰੁ ਨਾਨਕੁ ਜਗਿ ਮਾਹਿ ਪਠਾਇਆ।।” ਹੁਣ ਕੋਈ ਪਿਆਰਾ ਬਾਬਾ ਨਾਨਕ ਕਦੋਂ ਪ੍ਰਤੱਖ ਚਰਨ ਪਾਊ ਜੀ? ਅਸੀਂ, “ਮਨੁ ਚਾਉ ਭਇਆ ਪ੍ਰਭ ਆਗਮੁ ਸੁਣਿਆ।। ਹਰਿ ਮੰਗਲ ਗਾਉ ਸਖੀ ਗ੍ਰਹਿ ਮੰਦਰਿ ਬਣਿਆ।।” ਕਦੋਂ ਦੁਹਰਾ ਸਕਾਂਗੇ ਜੀ? ਹੁਣ ਤਾਂ ਜੀ “ਸਿੱਧੁ ਛੁਪਿ ਬੈਠੇ ਪਰਬਤੀਂ।। ਕਾਉਣ ਜਗਿ ਕਉ ਪਾਰਿ ਉਤਾਰਾ।।” ਵਾਲਾ ਕਲਯੁੱਗ ਇੱਥੇ ਆਪ ਹੁਦਰਾ ਹੋਇਆ ਫਿਰਦੈ! ਇੱਥੇ ਤਾਂ, “ਸਹਸ ਖਟੇ ਲਖਿ ਕਉ ਉਠਿ ਧਾਵੈ।। ਤ੍ਰਿਪਤ ਨ ਆਵੈ।। ਮਾਇਆ ਪਾਛੈ ਪਾਵੈ।।” ਦਾ ਬੋਲਬਾਲਾ ਹੈ ਜੀ! ਹੁਣ ਤਾਂ “ਨਿਰਵੈਰੈ ਨਾਲਿ ਵੈਰੁ ਰਚਾਇਦਾ।। ਅਪਣੈ ਘਰਿ ਲੂਕੀ ਲਾਇ।।” ਅਨੁਸਾਰ ਕੋਈ ਨਹੀਂ ਤੁਰਦਾ। ਹੁਣ ਤਾਂ ਇੱਥੇ, “ਖੂਨ ਕੇ ਸੋਹਿਲੇ ਗਾਵੀਅਹਿ ਨਾਨਕੁ।। ਰਤੁ ਕਾ ਕੰੁਗੂ ਪਾਇ ਵੇ ਲਾਲੋ।।” ਹੀ ਸੁਣੀਂਦੇ ਹਨ। ਇਸ ਤੋਂ ਇਲਾਵਾ, “ਕਲਿ ਕਾਤੀ ਰਾਜੇ ਕਸਾਈ।। ਧਰਮ ਪੰਖਿ ਕਰ ਉਡਰਿਆ।। ਕੂੜੁ ਅਮਾਵਸ ਸਚੁ ਚੰਦਰਮਾ।। ਦੀਸੇ ਨਾਹੀ ਕਿਹੁ ਚੜਿਆ।।” ਪ੍ਰਸਿੱਧ ਹੋ ਗਿਆ ਹੈ। ਪਾਪ ਦੀ ਜੰਝ ਕਾਬਲੋਂ ਆਉਂਦੀ ਹੈ ਅਤੇ ਜੋਰੀ ਦਾਨ ਮੰਗਿਆ ਜਾਂਦੈ! ਸ਼ਰਮ ਅਤੇ ਧਰਮ ਦੋਵੇਂ ਹੀ ਛੁਪ ਗਏ ਹਨ ਅਤੇ ਕੂੜ ਪ੍ਰਧਾਨ ਫਿਰਦਾ ਹੈ ਜੀ!
‘ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।” ਤਾਂ ਲੀਡਰਾਂ ਲਈ ਕੋਈ ਮਾਅਨਾ ਨਹੀਂ ਰੱਖਦਾ। ਉਹ ਤਾਂ ਪਤ ਲੁਹਾ ਕੇ ਵੀ ਦਾਰੂ-ਮੁਰਗਾ ਚਟਮ ਕਰ ਲੈਂਦੇ ਹਨ ਜੀ! ਉਹ ਰਣਜੀਤ ਸਿੰਘ ਮਹਾਰਾਜੇ ਵਾਂਗੂੰ ਕੋਰੜੇ ਖਾਣ ਨਹੀਂ ਗਿੱਝੇ ਜੀ!! ਅਤੇ ਨਾ ਹੀ “ਬੁੱਢੇ-ਢੱਗੇ” ਅਖਵਾਉਣ ਦੇ ਆਦੀ ਐ! ਅੱਜ ਕੱਲ੍ਹ ਇੱਥੇ ਖ਼ਾਲਸਾ-ਰਾਜ ਦੇ ਉਸਰੱਈਆਂ, ਅਕਾਲੀ ਫੂਲਾ ਸਿੰਘ, ਮਹਾਰਾਜਾ ਸ਼ੇਰ ਸਿੰਘ, ਨਵਾਬ ਕਪੂਰ ਸਿੰਘ, ਹਰੀ ਸਿੰਘ ਨਲੂਏ, ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਰਗਿਆਂ ਦੀ ਸਖ਼ਤ ਜ਼ਰੂਰਤ ਹੈ ਜੀ! ਜੇ ਕੋਈ ਵਿਹਲਾ ਹੋਵੇ ਤਾਂ ਜ਼ਰੂਰ ਭੇਜਿਓ! ਹੁਣ ਇੱਥੇ ਭਾਈ ਮਨੀ ਸਿੰਘ ਵਰਗੇ ਆਪਾ ਵਾਰੂ ਘੱਟ ਅਤੇ ‘ਖੌਰੂ ਪਾਊ’ ਵੱਧ ਨੇ ਜੀ!
ਜੋਗੀ ਵੀਰਿਆ! ਜੇ ਕਿਤੇ ਬਾਬਾ ਸਾਹਿਬ, ਡਾਕਟਰ ਅੰਬੇਦਕਰ ਮਿਲੇ ਤਾਂ ਕਹੀਂ, ਬਾਬਾ! ਤੇਰਾ ਸੰਵਿਧਾਨ ਅੱਜ ਇੱਥੇ ਤਰਸ ਦੀ ਮੂਰਤ ਬਣਿਆ ਬੈਠਾ, ਬਿਲਕੀ ਜਾ ਰਿਹੈ! ਕਾਤਲ ਸਾਫ਼ ਬਰੀ ਅਤੇ ਨਿਰਦੋਸ਼ ਤਖ਼ਤੇ ‘ਤੇ ਚੜ੍ਹਾਈ ਜਾਂਦੇ ਐ! ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਪਰੋਸ-ਪਰੋਸ ਕੇ ਦਿੱਤਾ ਜਾ ਰਿਹੈ! ਪੰਜਾਬ ਦਾ ਕਿਸਾਨ ਹੁਣ ਫ਼ਸਲ ਨੂੰ ਨਹੀਂ, ਸੋਕੇ ਨੂੰ ਨਿਰਖਦਾ, ਖੁਦਕਸ਼ੀਆਂ ਕਰੀ ਜਾਂਦੈ! ਦਾਜ-ਦਹੇਜ ਨਾ ਲੈਣ ਦਾ ਰੌਲਾ ਪਾਉਣ ਵਾਲੇ ਖੁਦ ਹੀ ਮਗਰਮੱਛਾਂ ਵਾਂਗੂੰ ਮੂੰਹ ਅੱਡੀ ਖੜ੍ਹੇ ਹਨ। ਮਾਈਕਰੋਫ਼ੋਨ ‘ਤੇ ਕੁਝ ਹੋਰ ਆਖਦੇ ਹਨ, ਪਰ ਨੂੰਹਾਂ ਨੂੰ ਬੜਾ ਟਿਕਾਅ ਕੇ ‘ਮੁੰਨਦੇ’ ਐ ਜੀ! ਹਕੂਮਤਾਂ ਬਦਲਣ ਕਰਕੇ ਪੰਜਾਬ ਦੇ ਵਿਕਾਸ ਦਾ ਸੂਰਜ ਹਰ ਰੋਜ਼ ਜਵਾਬ ਦੇਈ ਜਾਂਦਾ ਹੈ ਬਾਬਾ ਜੀ! ਪੰਜਾਬ ਦੇ ਸਕੂਲਾਂ ਵਿਚ ਮਾਸਟਰ ਹੀ ਹੈ ਨਹੀਂ ਜੀ, ਪਰ ਬੇਰੁਜ਼ਗਾਰ ਮਾਸਟਰ ਨਿੱਤ ਚੰਡੀਗੜ੍ਹ ਧਰਨਾ ਦਿੰਦੇ ਐ! ਇਸ ਗੱਲ ਦੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਜੀ! ਇੱਕ ਪਾਸੇ ਸਕੂਲ ਵਿਹਲੇ, ਤੇ ਇੱਕ ਪਾਸੇ ਮਾਸਟਰ ਵਿਹਲੇ? ਅਖ਼ਬਾਰਾਂ ਹੋਰ ਵੀ ਦੱਸਦੀਐਂ ਜੀ, ਬਈ ਹੁਣ ਤਾਂ ਠਾਣਿਆਂ ਵਿਚ ਵੀ ਸ਼ਰਾਬ ਨਿਕਲਦੀ ਐ! ਇਹ ਕਾਨੂੰਨ ਮੈਨੂੰ ਮੈਦ ਐ ਤੁਸੀਂ ਤਾਂ ਲਿਖਿਆ ਨਹੀਂ ਸੀ ਜੀ?
ਰਿਸ਼ਵਤਖੋਰੀ ਕਰਕੇ ਬੜੇ ਮੰਤਰੀ ਅੰਦਰ ਕੀਤੇ ਐ ਜੀ! ਪੈਸਾ ਵੀ ਬੜਾ ਮਿਲਿਐ! ਕਹਿੰਦੇ ਲਾਕਰਾਂ ‘ਚ ਪਿਆ ਸੀ! ਪਰ ਇਤਨੀਆਂ ਗ੍ਰਿਫ਼ਤਾਰੀਆਂ ਅਤੇ ਲਾਕਰਾਂ ‘ਚੋਂ ਮਿਲੇ ਪੈਸੇ ਦਾ ਕਿਸਾਨ ਨੂੰ ਕੀ ਫ਼ਾਇਦਾ ਹੋਇਆ ਜੀ? ਉਹਨੂੰ ਕਮਲ਼ੇ ਨੂੰ ਮਰਨ ਤੋਂ ਬਿਨਾ ਹੋਰ ਕੁਛ ਕਿਉਂ ਨਹੀਂ ਦਿਸਦਾ ਜੀ? ਹੁਣ ਕਈ ਸਾਹਿਬਾਨ ‘ਗਰਮ-ਗੋਸ਼ਤ’ ਦਾ ਸੁਆਦ ਲੈਣ ਕਰਕੇ ਬੜੇ ਹੀ ਮਸ਼ਹੂਰ ਹੋਏ ਐ ਜੀ! ਸ਼ਰਾਬ, ਕਵਾਬ ਅਤੇ ਸ਼ਬਾਬ ਨਾਲ ਰਾਤਾਂ ਬੜੀਆਂ ਨਿੱਘੀਆਂ ਕਰਦੇ ਐ ਜੀ! ਉਨ੍ਹਾਂ ਨੂੰ ਕੋਈ ਕੁਛ ਨਹੀਂ ਕਹਿੰਦਾ। ਪਰ ਮੁਜ਼ਾਹਰਾ ਕਰਨ ਆਏ ਮਾਸਟਰਾਂ ਤੇ ਕਿਸਾਨਾਂ ਨੂੰ ਫੱਟ ਦੇਣੇ ਮੂਧੇ ਪਾ ਲੈਂਦੇ ਐ ਜੀ! ਬਈ ਉਹ ਆਪਣੇ ਹੱਕਾਂ ਲਈ ‘ਵਿਖਾਵਾ’ ਕਿਉਂ ਕਰਦੇ ਐ? ਕਿਸਾਨ ਤੇ ਮਾਸਟਰ ਵੀ ਕਮਲ਼ੇ ਐ ਜੀ! ਉਨ੍ਹਾਂ ਨੂੰ ਸੁੱਤੀ ਪਈ ਗੌਰਮਿੰਟ ਨੂੰ ਜਗਾਉਣ ਦਾ ਦੱਸੋ ਭਲਾ ਕੀ ਹੱਕ ਐ? ਇਨ੍ਹਾਂ ‘ਵਿਹਲੇ’ ਕਿਸਾਨਾਂ ਨੂੰ ਹੋਰ ਕੋਈ ਕੰਮ ਈ ਹੈਨੀ ਜੀ? ਜਦੋਂ ‘ਅਗਲੇ’ ਤੋਪਾਂ ਦੀਆਂ ਅਵਾਜ਼ਾਂ ਨਹੀਂ ਸੁਣ ਸਕਦੇ ਜੀ, ਥੋਡੇ ਲੰਡਰ ਨਾਹਰੇ ਤੇ ਫ਼ੋਕੇ ਦਬਕਾੜੇ ਕਿੱਥੋਂ ਸੁਣਨਗੇ ਜੀ?? ਇਨ੍ਹਾਂ ਨੂੰ ਕੁਛ ਸਮਝਾਓ ਬਾਬਾ ਜੀ! ਇਨ੍ਹਾਂ ਨੂੰ ਲੜਨ ਮਰਨ ਤੋਂ ਬਿਨਾ ਕੁਛ ਆਉਂਦਾ ਈ ਨਹੀਂ ਜੀ? ਕਮਲ਼ੇ ਐ ਜੀ!!
ਜੋਗੀ ਵੀਰਿਆ! ਜੇ ਕਿਤੇ ਮੇਰਾ ਬਾਈ ਸਿ਼ਵ ਕੁਮਾਰ ਬਟਾਲਵੀ ਮਿਲ ਪਵੇ। ਉਹਨੂੰ ਕਹੀਂ, ਤੂੰ ਤਾਂ ਇੱਕ ‘ਲੂਣਾ’ ਦੀ ਗੱਲ ਕੀਤੀ ਸੀ। ਇੱਥੇ ਤਾਂ ਹੁਣ ‘ਘਰਿ ਘਰਿ ਏਹਾ ਅਗਿ’ ਫਿਰਦੀ ਐ ਮਿੱਤਰਾ..! ਇੱਥੇ ਹੁਣ ਸੱਠ-ਸੱਠ ਸਾਲ ਦੇ ‘ਬਾਹਰਲੇ’ ਲਾੜੇ ਵੀਹ-ਵੀਹ ਸਾਲ ਦੀਆਂ ‘ਲੂਣਾ’ ਵਿਆਹ ਕੇ, ਲੈ ਕੇ ਜਾਂਦੇ ਐ ਬਾਈ! ਇੱਥੇ ਇਕੱਲੀਆਂ ਲੂਣਾ ਦੇ ਦੁਖਾਂਤ ਹੀ ਨਹੀਂ ਹਨ ਬਾਈ ਜੀ, ਲਵੀ ਉਮਰ ਦੇ ‘ਪੂਰਨ’ ਵੀ ‘ਬਾਹਰਲੀਆਂ’ ਬੁੱਢੀਆਂ ਲਾੜੀਆਂ ਵੱਲੋਂ ਬੜੀ ਸ਼ਾਨ ਨਾਲ ਵਿਆਹ ਕੇ ਲਿਜਾਏ ਜਾਂਦੇ ਐ…! ਉਨ੍ਹਾਂ ਨੂੰ ਸਿਰਫ਼ ਵੱਢ ਕੇ ਖੂਹ ਵਿਚ ਹੀ ਨਹੀਂ ਸੁੱਟਿਆ ਜਾਂਦਾ, ਪਰ ਕਸਰ ਕੋਈ ਨਹੀਂ ਛੱਡੀ ਜਾਂਦੀ ਜੀ! ਕੱਚੇ ਧਾਗੇ ਨਾਲ ਵਲਾਇਤ ਦੇ ਖੂਹ ‘ਚੋਂ ਨਿਕਲਣਾ ਉਨ੍ਹਾਂ ਦੇ ਵੱਸ ਦਾ ਰੋਗ ਹੀ ਨਹੀਂ ਰਹਿ ਜਾਂਦਾ। ਫਿਰ ਉਹ ਤੇਰੇ ਵਾਂਗ ਪਲ-ਪਲ ਮਰਦੇ ਹਨ ਬਾਈ ਮੇਰਿਆ! ਦਾਰੂ ਦਾ ਆਸਰਾ ਲੈ ਕੇ ਆਪਣਾ ਆਪ ਗਾਲ਼ਦੇ ਰਹਿੰਦੇ ਐ! …ਤੇ ਫਿਰ ਇੱਕ ਦਿਨ ਡਾਕਟਰ ਦੀ ‘ਟੂਟੀ’ ਉਸ ਨੂੰ ‘ਮੁਰਦਾ’ ਕਰਾਰ ਦੇ ਦਿੰਦੀ ਹੈ, ਜਿਹੜਾ ਅੰਦਰੋਂ ‘ਕਦੋਂ ਦਾ’ ਮਰ ਚੁੱਕਿਆ ਹੁੰਦੈ!
ਜੋਗੀ ਵੀਰਿਆ! ਜੇ ਤੈਨੂੰ ‘ਹੱਥ ਦੇਖਣ’ ਵਾਲੇ ‘ਬਾਬੇ’ ਮਿਲ ਪੈਣ ਤਾਂ ਪੁੱਛੀਂ, ਬਾਬਿਓ! ਪੰਜਾਬ ਦਾ ਅਮਨ ਚੈਨ ਕਦੋਂ ਕੁ ਵਾਪਿਸ ਮੁੜੂਗਾ ਜੀ? ਜਾਂ ਦੱਸ ਦਿਓ ਕਿਹੜੀ ਕੂਟੀਂ ਚੜ੍ਹ ਗਿਐ? ਜਾ ਕੇ ਫੜ ਈ ਲਿਆਈਏ? ਇਹ ਵੀ ਦੱਸ ਦਿਓ ਕਿ ਰੂਸ ਦੇ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਵਲੋਦੀਮੀਰ ਜ਼ੇਲੈਂਸਕੀ ਦਾ ਸਿਤਾਰਾ ਕਿਉਂ ਨਹੀਂ ਮਿਲਿਆ? ਨਾਵਾਂ ਵੱਲ ਦੇਖੀਏ ਤਾਂ ਉਨ੍ਹਾਂ ਦੀ ਰਾਸ਼ੀ ਵੀ ਇੱਕ ਹੀ ਹੈ ਜੀ। ਤੁਸੀਂ ਦਾਅਵਾ ਕਰਦੇ ਰਹਿੰਦੇ ਹੋ, “ਦੁਸ਼ਮਣ ਮਿੱਤਰ ਬਣ ਜਾਣਗੇ” ਪਰ ਥੋਡੀ ਗਿੱਦੜਸਿੰਗੀ ਰੂਸ ਅਤੇ ਯੂਕਰੇਨ ਵੇਲੇ ਖੁੰਢੀ ਕਿਉਂ ਹੋ ਗਈ ਸੀ? ਜੇ ਰੂਸ ਤੇ ਯੂਕਰੇਨ ਵਾਲਿ਼ਆਂ ਨੂੰ ਥੋਡੇ ਕੋਲੇ ਲੈ ਕੇ ਆਈਏ, ਕੋਈ ਜਾਦੂ ਧੂੜ ਦਿਓਗੇ ਜੀ? ਰਾਜ਼ੀਨਾਵਾਂ ਹੀ ਕਰ ਲੈਣ! ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੇ ਤਾਂ ਵਿਚੋਲਗਿਰੀ ਦੀਆਂ ਮੁੰਦਰੀਆਂ ਜ਼ਰੂਰ ਪਾਓ ਜੀ! ਇਹ ਵੀ ਦੱਸਿਓ ਪੱਤਰੀ ਖੋਲ੍ਹ ਕੇ ਬਾਬਾ ਜੀ, ਬਈ ਅਮਰੀਕਾ ਉਤਰੀ ਕੋਰੀਆ ਅਤੇ ਇਰਾਕ ਬਾਰੇ ਦੋ-ਧਾਰਾ ਤੂੰਬਾ ਕਿਉਂ ਵਜਾਉਂਦੈ? ਹਥਿਆਰ ਤਾਂ ਨੌਰਥ ਕੋਰੀਆ ਕੋਲੇ ਵੀ ਖ਼ਤਰਨਾਕ ਹੈਗੇ ਐ! ਉਤਰੀ ਕੋਰੀਆ ਨੂੰ ਇਰਾਕ ਵਾਂਗੂੰ ਟੁੱਟ ਕੇ ਕਿਉਂ ਨਹੀਂ ਪੈਂਦਾ ਜੀ? ਉਹਦੇ ਨਾਲ ਦੋ-ਦੋ ਹੱਥ ਕਾਹਤੋਂ ਮਿਲਾਉਂਦੈ? ਮੈਨੂੰ ਮੈਦ ਐ ਅਮਰੀਕਾ ਉਹਦੇ ‘ਤੂਈਆਂ’ ਜਿਹੀਆਂ ਵਾਲੇ ‘ਭੜ੍ਹਾਕਿਆਂ’ ਤੋਂ ਡਰਦੈ ਜੀ! ਜੇ ਨੌਰਥ ਕੋਰੀਆ ਵਾਲ਼ੇ ਕਿਮ ਯੌਂਗ-ਉਨ ਤੇ ਜੋ ਬਾਈਡਨ ਨੂੰ ਤੁਹਾਡੇ ਕੋਲ਼ ਭੇਜੀਏ, ਮਿੱਤਰ ਬਣਾ ਦਿਉਂਗੇ..? ਮੰਤਰ ਮਾਰ ਕੇ ਇਹ ਵੀ ਦੱਸਣਾ ਕਿ ਜੋ ਬਾਈਡਨ ਤੇ ਕਿਮ ਯੌਂਗ-ਉਨ, ਇਨ੍ਹਾਂ ਦੋਨਾਂ ਦੇ ਮੂੰਹ ਸੁੱਜੇ-ਸੁੱਜੇ ਜਿਹੇ ਕਿਉਂ ਰਹਿੰਦੇ ਐ ਜੀ? ਇਨ੍ਹਾਂ ਦੇ ਚਿਹਰਿਆਂ `ਤੇ ਮੁਸਕੁਰਾਹਟ ਦਾ ਅਤਰ-ਜਲ ਜ਼ਰੂਰ ਛਿੜਕੋ ਜੀ..! ਇਥੋਪੀਆ ‘ਚ ਭੁੱਖੇ ਮਰਦੇ ਲੋਕਾਂ ਨੂੰ ਜ਼ਰੂਰ ਕੋਈ ਕਾਲਾ ਜਾਦੂ ਦਿਓ ਜੀ! ਉਥੇ ਅੰਬ ਜ਼ਰੂਰ ਲੱਗਣ ਲੱਗ ਪੈਣ! ਤੁਸੀਂ ਬਾਬਾ ਜੀ ਘੌਲ਼ ਕਰ ਜਾਂਦੇ ਓਂ! ਹੜ੍ਹ ਵਾਲਾ ਪਾਣੀ ਮੰਤਰ ਮਾਰ ਕੇ ਸੋਕੇ ਵਾਲੇ ਪਾਸੇ ਨੂੰ ਕਿਉਂ ਨਹੀਂ ਧੱਕ ਦਿੰਦੇ?
ਜੋਗੀਆ! ਬਾਈ ਮੇਰਿਆ!! ਜੇ ਕਿਤੇ ਬਾਬਾ ਬੁੱਲ੍ਹੇ ਸ਼ਾਹ, ਸੱਯਦ ਵਾਰਿਸ ਸ਼ਾਹ ਜਾਂ ਬਾਬਾ ਫ਼ਰੀਦ ਜੀ ਕਿਤੇ ਟੱਕਰਨ ਤਾਂ ਸਾਰਿਆਂ ਤੋਂ ਪਹਿਲਾਂ ਉਨ੍ਹਾਂ ਦੇ ਚਰਨੀਂ ਡਿੱਗ ਕੇ ਮੇਰਾ “ਸਲਾਮ” ਦੇਈਂ ਤੇ ਆਖੀਂ, ਆਪਣੀ ‘ਪੰਜਾਬੀ-ਬੇਬੇ’ ਭੁੱਖੀ-ਤਿਹਾਈ, ਲੰਗਾਰ ਹੰਢਾਉਂਦੀ ਐ! ਬਿਮਾਰ ਤਾਂ ਉਹ 1947 ਤੋਂ ਈ ਰਹਿੰਦੀ ਐ, ਇੱਕ ਪਾਸਾ ਜਿਉਂ ਮਾਰਿਆ ਗਿਆ ਸੀ! ਹੁਣ ਤਾਂ ਉਸ ਦੇ ਪੁੱਤ-ਪੋਤੇ ਵੀ ਅੰਗਰੇਜ਼ੀ ‘ਅੰਟੀ’ ਵਿਚ ਪਰਚ ਗਏ ਐ! ਦੁਆਈ-ਬੂਟੀ ਵੀ ਨਹੀਂ ਦਿੰਦੇ! ਹੁਣ ਤਾਂ ਜਦੋਂ ਮੰਜੇ ‘ਤੇ ਪਈ ਖੰਘਦੀ ਐ ਨ੍ਹਾਂ? ਤਾਂ ਮੂੰਹ ‘ਚੋਂ ਖੂਨ ਆਉਂਦੈ! ਸ਼ਾਇਦ ਅੰਗਰੇਜ਼ੀ ਟੀ.ਬੀ. ਹੋ ਗਈ ਐ! ਡਾਕਟਰ ਕਹਿੰਦੇ ਹੁਣ ਬਾਹਲਾ ਚਿਰ ਨਹੀਂ ਕੱਟਦੀ! ਪਰ ਪੁੱਤਾਂ-ਪੋਤਿਆਂ ਨੂੰ ਫੇਰ ਵੀ ਅਸੀਸਾਂ ਹੀ ਦੇਈ ਜਾਂਦੀ ਐ, “ਜਿਉਂਦੇ ਵਸਦੇ ਰਹਿਣ-ਦੁੱਧੀਂ ਪੁੱਤੀਂ ਫ਼ਲਣ!” ਕਹਿੰਦੀ ਐ, “ਪੁੱਤ ਧੀਆਂ ਸੌ ਵਾਰੀ ਬੇਮੁੱਖ ਹੋ ਜਾਣ, ਪਰ ਮਾਂ ਬੇਮੁੱਖ ਕਦੇ ਨਹੀਂ ਹੁੰਦੀ।” ਅੱਖਾਂ ਤੋਂ ਦਿਸਣਾ ਤਾਂ ਕੀ ਸੀ? ਹੁਣ ਤਾਂ ਆਪਦੀ ਕਿਰਿਆ ਵੀ ਮਸਾਂ ਈ ਸੋਧਦੀ ਐ! ਪੋਤੇ ਉਹਦੀ ਖੂੰਡੀ ‘ਤੇ ਹੱਸਦੇ ਐ, ਪੋਤੀਆਂ ਚੁੰਨੀ ਤੋਂ ਖਿਝਦੀਐਂ! ਉਹਦੀਆਂ ਪੁਰਾਣੀਆਂ ਰਵਾਇਤਾਂ ਤੋਂ ਨੱਕ-ਬੁੱਲ੍ਹ ਮਾਰਦੇ ਐ! ਝੁਰੜੀਆਂ ਤੋਂ ਚਿੜਦੇ ਐ! ਮੁਸ਼ਕ ਆਉਣ ਦਾ ਦਾਅਵਾ ਵੀ ਕਰਦੇ ਐ ਅਤੇ ਕਦੇ-ਕਦੇ ‘ਉਜੱਡ-ਬੁੱਢੀ’ ਵੀ ਕਹਿੰਦੇ ਐ! ਅਲ਼ਕਤ ਮੰਨਦੇ ਐ! ਉਹ ਟੁੱਟੀ ਮੰਜੀ ‘ਤੇ ਪਈ, ਘੰਗਾਰ ਸੁੱਟਦੀ ਰਹਿੰਦੀ ਐ! ਕਦੇ-ਕਦੇ ਵੈਰਾਗ ‘ਚ ਆ ਕੇ ਰੋ ਵੀ ਪੈਂਦੀ ਐ! ਪਰ ਉਸ ਦੇ ਹੰਝੂ ਕੋਈ ਨਹੀਂ ਪੂੰਝਦਾ, ਹਾਸੇ ਦਾ ਵਿਸ਼ਾ ਜ਼ਰੂਰ ਬਣਦੀ ਰਹਿੰਦੀ ਐ!
ਜੋਗੀ ਵੀਰਿਆ! ਇਹ ਵੀ ਦੱਸੀਂ ਬਈ ਹੋਰ ਤਾਂ ਹੋਰ ਹੁਣ ਤਾਂ ‘ਪੰਜਾਬੀ-ਬੇਬੇ’ ਦਾ ਹਾਲ ਉਸ ਦੇ ਮੰਤਰੀ-ਸ਼ੰਤਰੀ ਪੁੱਤਰ ਵੀ ਨਹੀਂ ਪੁੱਛਦੇ। ਪੰਜਾਬੀ ਮਾਂ ਦੀ ਗੱਲ ਵੀ ਅੰਗਰੇਜ਼ੀ ਵਿਚ ਹੀ ਕਰਦੇ ਹਨ! ਵੋਟਾਂ ਵੇਲੇ ਬੇਬੇ ਦੇ ਗੀਝੇ ਵਿਚ ਹੱਥ ਜ਼ਰੂਰ ਮਾਰ ਲੈਂਦੇ ਹਨ। ਪੰਜਾਬੀ ਬੁੱਧੀਜੀਵੀ ਵੀ ਆਪਣੇ ਬੱਚਿਆਂ ਦੇ ਨਾਂ ‘ਰੌਬਿਨ’ ਜਾਂ ‘ਡੇਵਿਡ’ ਹੀ ਰੱਖਣ ਲੱਗ ਪਏ! ਨੰਦ ਲਾਲ, ਸਿ਼ਵ ਕੁਮਾਰ, ਪੂਰਨ ਸਿੰਘ ਅਤੇ ਭਾਈ ਵੀਰ ਸਿੰਘ ਵਰਗਿਆਂ ਨੂੰ ਭੁੱਲ ਗਏ। ਮਾਤਾ ਭਾਗ ਕੌਰ, ਸਦਾ ਕੌਰ ਵਿਸਰ ਗਈਆਂ ਅਤੇ ‘ਬੈਗੀ’ ਅਤੇ ‘ਸੈਂਡੀ’ ਉੱਗ ਪਈਆਂ। ਸਕੂਲਾਂ ਵਿਚ ਅੰਗਰੇਜ਼ੀ ਸੁ਼ਰੂ ਹੋ ਗਈ। ਪਰ ਬੱਚਿਆਂ ਨੂੰ ਹਾਲੀ ਤੱਕ “ਨਲੀ-ਪੂੰਝਣ” ਦੀ ਅੰਗਰੇਜ਼ੀ ਨਹੀਂ ਆਉਂਦੀ। “ਨੋਜੀ ਆ‘ਗੀ..!” ਹੀ ਦੱਸਦੇ ਐ!
ਜੋਗੀ ਵੀਰਿਆ! ਉਨ੍ਹਾਂ ਮਹਾਂਪੁਰਸ਼ਾਂ ਨੂੰ ਸੱਭਿਆਚਾਰ ਬਾਪੂ ਦਾ ਹਾਲ-ਚਾਲ ਵੀ ਜ਼ਰੂਰ ਦੱਸੀਂ! ਉਹਨੂੰ ਵੀ ਜੀਨ, ਸਕੱਰਟ ਅਤੇ ਬੌਬੀ-ਕੱਟ ਰੋਗ ਐ! ਇਲਾਜ ਲਈ ਇੰਗਲੈਂਡ ਭੇਜਿਆ ਸੀ। ਪਰ ‘ਬਾਹਰਲੇ’ ਡਾਕਟਰਾਂ ਨੇ ਉਸ ਦੇ ਰੋਗਾਂ ਬਾਰੇ ਸੁਣ ਕੇ ਹੀ ਹੱਸ ਛੱਡਿਆ। ਉਹ ਕਹਿੰਦੇ ਇਹਨੂੰ ਕੋਈ ਰੋਗ ਨਹੀਂ, ਇਹਦੇ ਦਿਮਾਗ ‘ਚ ਫ਼ਰਕ ਪੈ ਗਿਆ। ਉਥੋਂ ਦੇ ਕੰਪਿਊਟਰਾਂ ਨੂੰ ਤਾਂ ਇਹਦੇ ਰੋਗਾਂ ਦੇ ਨਾਵਾਂ ਦਾ ਵੀ ਨਹੀਂ ਪਤਾ! ਜਦੋਂ ਉਥੋਂ ਦੇ ਵੱਡੇ ‘ਹਸਪਤਾਲ’ ਵਿੱਚ ਲੈ ਕੇ ਗਏ ਤਾਂ ਉਥੇ ਇਹ ਪਿੱਟ ਉਠਿਆ! ਕਹਿੰਦਾ, ਮੈਂ ਲੀੜੇ ਨਹੀਂ ਲਾਹੁਣ ਦੇਣੇ, ਮੇਰੀ ਊਂ ਡਾਕਟਰੀ ਕਰ ਲਵੋ, ਮੈਂ ਨਿਰਵਸਤਰ ਨਹੀਂ ਹੋਣਾ! ਹੁਣ ਇਹਦਾ ਵੀ ਇੱਕ ਪਾਸਾ ਮਾਰਿਆ ਪਿਐ! ਉਠਣ ਜੋਕਰਾ ਨਹੀਂ ਰਿਹਾ!
ਜੋਗੀ ਵੀਰਿਆ! ਇਹ ਮੇਰੇ ਸੁਨੇਹੇ ਜ਼ਰੂਰ ਦੇ ਦੇਵੀਂ। ਬੱਸ ਵੀਰਿਆ! ਜਿਉਂਦਾ ਵਸਦਾ ਰਹਿ! ਜੁੱਗ-ਜੁੱਗ ਜੀਵੇਂ! ਜਵਾਨੀਆਂ ਮਾਣੇਂ! ਖੁਸ਼ੀ-ਖੁਸ਼ੀ ਜਾਹ ਤੇ ਖੁਸ਼ੀ-ਖੁਸ਼ੀ ਮੁੜ ਕੇ ਆ। ਹਾਂ, ਪਰ ਮੇਰੀਆਂ ਗੱਲਾਂ ਦਾ ਜਵਾਬ ਜ਼ਰੂਰ ਲੈ ਕੇ ਆਈਂ ਵੀਰਿਆ! ਤੇਰੀ ਉਡੀਕ ‘ਚ ਮੈਂ ਇਸ ਬੇਲੇ ‘ਚ ਹੀ ਮਿਲੂੰ। ਰੱਬ ਖ਼ੈਰਾਂ ਬਖਸ਼ੇ! ਜਿਉਂਦਾ ਵਸਦਾ ਰਹਿ!!