ਜਲ ਹੈ ਤਾਂ ਜਹਾਨ ਹੈ

ਗੁਲਜ਼ਾਰ ਸਿੰਘ ਸੰਧੂ
‘ਜਲ ਨਹੀਂ ਤਾਂ ਜਹਾਨ ਨਹੀਂ’ ਬਰਜਿੰਦਰ ਸਿੰਘ ਹਮਦਰਦ ਦਾ ਉਹ ਸੰਪਾਦਕੀ ਸੀ, ਜਿਹੜਾ ਉਨ੍ਹਾਂ ਨੇ 2015 ਦੇ ਵਿਸ਼ਵ ਜਲ ਦਿਵਸ ਮੌਕੇ ਅਜੀਤ ਸਮਾਚਾਰ ਸਮੂਹ ਲਈ ਲਿਖਿਆ ਸੀ। ਸੰਨ 2015, ਸੰਯੁਕਤ ਰਾਸ਼ਟਰ ਵਲੋਂ ਮਨਾਏ ਜਾ ਰਹੇ ਜਲ ਦਹਾਕੇ ਦਾ ਆਖਰੀ ਵਰ੍ਹਾ ਵੀ ਸੀ।

ਇਸ ਵਰ੍ਹੇ ਭਾਰਤ ਦੇ ਕੇਂਦਰੀ ਜਲ ਬੋਰਡ ਨੇ ਪੰਜਾਬ ਰਾਜ ਵਿਚ ਪੈਂਦੇ 19 ਜਿ਼ਲ੍ਹਿਆਂ ਦੇ 110 ਬਲਾਕਾਂ ਵਿਚ ਧਰਤੀ ਹੇਠਲਾ ਪਾਣੀ ਬੇਹੱਦ ਡੰੂਘਾ ਹੋ ਜਾਣ ਕਾਰਨ ਇਨ੍ਹਾਂ ਥਾਵਾਂ ਨੂੰ ‘ਡਾਰਕ ਜ਼ੋਨ’ ਕਰਾਰ ਦੇ ਦਿੱਤਾ ਸੀ। ਪੰਜਾਬ ਦੇ ਪਾਣੀਆਂ ਪ੍ਰਤੀ ਚਿੰਤਾ ਪ੍ਰਗਟ ਕਰਨ ਵਾਲਾ ਇਹ ਸੰਪਾਦਕੀ ਪੰਜਾਬ ਦੀ ਆਵਾਜ਼ ਵਜੋਂ ਜਾਣੀ ਜਾਂਦੀ ਅਜੀਤ ਪੱਤਰਕਾ ਦਾ ਪਹਿਲਾ ਸੰਪਾਦਕੀ ਨਹੀਂ ਸੀ। ਇਸ ਤੋਂ ਪਹਿਲਾਂ ਪੂਰੇ ਤਿੰਨ ਦਹਾਕਿਆ ਤੋਂ ਸਮੇਂ ਸਮੇਂ ਅਜਿਹੇ ਸੰਪਾਦਕੀ ਛਪ ਚੁੱਕੇ ਸਨ ਜਿਨ੍ਹਾਂ ਵਿਚ ਜਲ ਤੇ ਜਲ ਸ੍ਰੋਤਾਂ ਪ੍ਰਤੀ ਚਿੰਤਾ ਜਤਾਈ ਗਈ ਹੈ। ਚਿੰਤਾ ਦਾ ਮੂਲ ਕਾਰਨ ਇਹ ਵੀ ਹੈ ਕਿ ਸੂਬੇ ਵਿਚ ਟਿਊਬਵੈੱਲਾਂ ਦੀ ਗਿਣਤੀ 15 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਅਜੀਤ ਪੱਤਰਕਾ ਵਿਚ ਸਮੇਂ-ਸਮੇਂ ਲਿਖੇ 75 ਸੰਦਾਪਕੀ ਸੂਬਾ ਸਰਕਾਰ ਨੂੰ ਆਪਣੇ ਪਾਣੀਆਂ ਦੀ ਰੱਖਿਆ ਪ੍ਰਤੀ ਚੇਤੰਨ ਕਰਨ ਵਾਲੇ ਹਨ। ਇਹ ਲੇਖ ਹਰਿਆਣਾ ਸਰਕਾਰ ਦੇ ਇਸ ਦਾਅਵੇ ਨੂੰ ਵੀ ਨਕਾਰਦੇ ਹਨ ਕਿ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਉਨ੍ਹਾਂ ਦਾ ਹੱਕ ਬਣਦਾ ਹੈ। ਅਪਣੀ ਦਲੀਲ ਨੂੰ ਸਪੱਸ਼ਟ ਕਰਨ ਲਈ ਸੰਪਾਦਕ ਨੇ ਰਿਪੇਰੀਅਨਜ਼ ਕਾਨੂੰਨ ਨੂੰ ਆਧਾਰ ਬਣਾਇਆ ਹੈ। ਪੰਜਾਬੀ ਕਿਸਾਨਾ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਹ ਤਰਕ ਵੀ ਦਿੱਤਾ ਗਿਆ ਹੈ ਕਿ ਜੇ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਹਰਿਆਣਾ ਨਜ਼ਰਾਂ ਟਿਕਾਈ ਬੈਠਾ ਹੈ ਤਾਂ ਜਮਨਾ ਨਦੀ ਦੇ ਪਾਣੀ ਉੱਤੇ ਵੀ ਪੰਜਾਬ ਦਾ ਹੱਕ ਹੈ ਕਿਉਂਕਿ ਕਿਸੇ ਸਮੇਂ ਇਹ ਨਦੀ ਵੀ ਅਖੰਡ ਪੰਜਾਬ ਵਿਚ ਵਹਿੰਦੀ ਰਹੀ ਹੈ।
ਹੁਣ ਜਦੋਂ ਅਜੀਤ ਦੇ ਇਨ੍ਹਾਂ ਸੰਪਾਦਕੀਆਂ ਨੂੰ ਪੁਸਤਕ ਰੂਪ ਦੇ ਕੇ ‘ਪਹਿਲਾ ਪਾਣੀ ਜੀਉ ਹੈ’ ਨਾਂ ਜੇਠ ਛਪਵਾਇਆ ਗਿਆ ਹੈ ਤਾਂ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਦਾ ਉਚੇਚਾ ਸਵਾਗਤ ਕੀਤਾ ਹੈ। ਆਲਮੀ ਪੱਧਰ ਉੱਤੇ ਪੈਦਾ ਹੋਏ ਪਾਣੀ ਦੇ ਇਸ ਸੰਕਟ ਨੂੰ ਗੰਭੀਰਤਾ ਨਾਲ ਉਜਾਗਰ ਕਰਨ ਲਈ ਸੰਤ ਸੀਚੇਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੇ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੀ ਸ਼ਰਨ ਲਈ ਹੈ, ਜਿਹੜਾ ਅੱਜ ਤੋਂ 550 ਸਾਲ ਪਹਿਲਾਂ ਅਵਤਾਰ ਧਾਰਨ ਵਾਲੇ ਬਾਬਾ ਨਾਨਕ ਵਲੋਂ ਉਚਾਰਿਆ ਗਿਆ ਸੀ। ਪੁਸਤਕ ਰੂਪ ਵਿਚ ਛਪੇ ਇਨ੍ਹਾਂ ਸੰਪਾਦਕੀਆਂ ਦਾ ਸਵਾਗਤ ਹੈ,
ਮੈਨੂੰ ਇਸ ਗੱਲ ਨੇ ਵੀ ਪ੍ਰਭਾਵਿਤ ਕੀਤਾ ਹੈ ਕਿ ਲੇਖਕ ਨੇ ਇਹ ਰਚਨਾ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੂੰ ਸਮਰਪਿਤ ਕੀਤੀ ਹੈ।
ਚੇਤੇ ਰਹੇ ਕਿ ਅੱਜ ਦੇ ਦਿਨ ਡੇਢ ਦਰਜਨ ਸੰਗੀਤ ਐਲਬਮਾਂ ਦੁਆਰਾ ਹਰਮਨ ਪਿਆਰੇ ਹੋਣ ਵਾਲੇ ਬਰਜਿੰਦਰ ਸਿੰਘ ਦੀ ਪ੍ਰਥਮ ਪੁਸਤਕ ‘ਕੁਝ ਪੱਤਰੇ’ ਸਿਰਲੇਖ ਵਾਲਾ ਨਾਵਲ ਸੀ ਜਿਹੜਾ ਏਨਾ ਮਕਬੂਲ ਹੋਇਆ ਕਿ ਗੁਜਰਾਤੀ ਭਾਸ਼ਾ ਵਿਚ ਵੀ ਪ੍ਰਕਾਸ਼ਤ ਹੋ ਚੁੱਕਿਆ ਹੈ।
ਵਿਦੇਸ਼ਾਂ ਵਿਚ ਵੱਸੇ ਪੰਜਾਬੀ ਝੰਡਾਬਰਦਾਰ
ਪੰਜਾਬੀ ਵਿਰਸਾ ਟਰੱਸਟ, ਫਗਵਾੜਾ ਨੇ ਗੁਰਮੀਤ ਸਿੰਘ ਪਲਾਹੀ ਦੀ ਪਰਵਾਸੀ ਪੰਜਾਬੀਆਂ ਬਾਰੇ ‘ਜਿਨ੍ਹਾਂ `ਤੇ ਮਾਣ ਪੰਜਾਬੀਆਂ ਨੂੰ’ ਨਾਂ ਦੀ ਪੁਸਤਕ ਪ੍ਰਕਾਸ਼ਿਤ ਕਰ ਕੇ ਵਧੀਆ ਕੰਮ ਕੀਤਾ ਹੈ। ਖਾਸ ਕਰਕੇ ਏਸ ਲਈ ਕਿ ਇਸ ਵਿਚ ਬਾਹਰਲੇ ਦੇਸ਼ਾਂ ਨੂੰ ਅਪਨਾਉਣ ਵਾਲੇ ਪੰਜਾਬੀਆਂ ਦੀ ਆਪਣੇ ਵਲੋਂ ਪਿੱਛੇ ਛੱਡੇ ਪੰਜਾਬ ਪ੍ਰਤੀ ਭਲਾਈ ਭਾਵਨਾ। ਏਸ ਭਾਵਨਾ ਉੱਤੇ ਹਾਲ ਵਿਚ ਦਿੱਲੀ ਬਾਰਡਰ ਵਾਲੇ ਕਿਸਾਨ ਅੰਦੋਲਨ ਨੇ ਮੋਹਰ ਲਾਈ ਹੈ। ਪੁਸਤਕ ਵਿਚ ਪਰਵਾਸੀ ਭਾਰਤੀਆਂ ਦੇ ਭਖਦੇ ਮਸਲੇ ਵੀ ਉਭਾਰੇ ਗਏ ਹਨ ਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਨਜਿੱਠਣ ਦੀ ਨਾਕਾਮੀ ਵੀ। 170 ਪੰਨਿਆਂ ਦੀ ਏਸ ਪੁਸਤਕ ਵਿਚ ਇਕ ਸੌ ਵਪਾਰੀ, ਸਾਇੰਸਦਾਨ, ਸਿਆਸਤਦਾਨ, ਸਮਾਜ ਸੇਵਕ, ਵਕੀਲ, ਕਿ੍ਰਸ਼ੀ ਕਿੰਗ, ਲੇਖਕ, ਪੱਤਰਕਾਰ ਤੇ ਵਿਦਵਾਨ ਸ਼ਾਮਲ ਹਨ। ਮਹਿਲਾਵਾਂ ਤੇ ਮਰਦ।
ਮੈਂ ਖ਼ੁਦ ਇਨ੍ਹਾਂ ਵਿਚੋਂ ਇਕ ਦਰਜਨ ਤੋਂ ਵੱਧ ਨੂੰ ਨੇੜਿਓਂ ਜਾਣਦਾ ਹੈ। ਆਪਣੇ ਵਿਦਿਅਕ ਕਾਲ ਵਿਚ ਜਿਸ ਸ਼ਖਸੀਅਤ ਦਾ ਨਾਂ ਸੁਣਿਆ ਉਹ ਅਮਰੀਕਾ ਵਿਚ ਨਾਮਣਾ ਖੱਟਣ ਵਾਲਾ ਦਲੀਪ ਸਿੰਘ ਸੌਂਧ ਸੀ ਜਿਸਦਾ ਜੱਦੀ ਪੁਸ਼ਤੀ ਪਿੰਡ ਛੱਜਲਵਡੀ (ਅੰਮ੍ਰਿਤਸਰ) ਸੀ। ਸਭ ਤੋਂ ਅੰਤ ਵਿਚ ਜਿਸ ਵਿਅਕਤੀ ਨਾਲ ਜਾਣ-ਪਹਿਚਾਣ ਹੋਈ ਉਹ ਸੁਰਿੰਦਰ ਸਿੰਘ ਸੰੁਨੜ ਹੈ। ਉਸਨੂੰ ਮਿਲਣ ਦਾ ਸਬੱਬ ਪੰਜਾਬ ਕਲਾ ਪ੍ਰੀਸ਼ਦ ਵਲੋਂ ਪਿਛਲੇ ਮਹੀਨੇ ਦੇ ਅੰਤਲੇ ਦਿਨਾਂ ਵਿਚ ਕਰਵਾਇਆ ਗਿਆ ਇਕ ਸਮਾਗਮ ਸੀ। ਉਹਦੇ ਵਲੋਂ ਲਿਖੀਆਂ ਕਿਤਾਬਾਂ ਦੀ ਲਿਸਟ ਦੇਖਣ ਤੋਂ ਪਤਾ ਲੱਗਿਆ ਕਿ ਉਸਦੀ ਅੰਗਰੇਜ਼ੀ ਭਾਸ਼ਾ ਉੱਤੇ ਵੀ ਪੂਰੀ ਪਕੜ ਹੈ ਤੇ ‘ਵਨ ਅਲਮਾਈਟੀ’ ਨਾਂ ਦੀ ਚਰਚਿਤ ਪੁਸਤਕ ਦਾ ਰਚੇਤਾ ਹੈ। ਉਹ ‘ਆਪਣੀ ਆਵਾਜ਼’ ਰਸਾਲਾ ਵੀ ਕੱਢ ਰਿਹਾ ਹੈ ਜਿਹੜਾ ਗੁਰਮੁਖੀ ਤੇ ਸ਼ਾਹਮੁਖੀ ਦੋਨਾਂ ਲਿੱਪੀਆਂ ਵਿਚ ਛਪਦਾ ਹੈ ਤੇ ਦੋਵਾਂ ਪੰਜਾਬਾਂ ਵਿਚ ਮਕਬੂਲ ਹੈ। ਹੁਣ ਤਾਂ ਉਸਨੇ ਆਪਣੀ ਕਮਾਈ ਵਿਚੋਂ ਆਪਣੀ ਆਵਾਜ਼ ਨਾਂ ਦਾ ਐਵਾਰਡ ਵੀ ਸਥਾਪਤ ਕੀਤਾ ਹੈ ਜਿਹੜਾ ਪੰਜਾਬੀ ਦੇ ਜਾਣੇ ਪਹਿਚਾਣੇ ਸਾਹਿਤਕਾਰਾਂ ਨੂੰ ਦਿਾਤਾ ਜਾਂਦਾ ਹੈ। ਪੁਸਤਕ ਵਿਚ ਦਰਜ ਪੰਜਾਬੀਆਂ ਵਿਚ ਮੇਰੇ ਸਾਹਿਤਕ ਮਿੱਤਰ ਰਵਿੰਦਰ ਰਵੀ ਤੇ ਪ੍ਰਿੰਸੀਪਲ ਸਰਵਣ ਸਿੰਘ ਤੋਂ ਲੈ ਕੇ ਸਿਆਸਤਦਾਨ ਉੱਜਲ ਦੋਸਾਂਝ ਤੇ ਬੀਬੀ ਰਚਨਾ ਸਿੰਘ ਹੀ ਨਹੀਂ ਆੜੂਆਂ ਦਾ ਬਾਦਸ਼ਾਹ ਦੀਦਾਰ ਸਿੰਘ ਬੈਂਸ ਤੇ ਸੌਗੀ ਕਿੰਗ ਚਰਨਜੀਤ ਸਿੰਘ ਬਾਠ ਵੀ ਸ਼ਾਮਲ ਹਨ। ਰਚਨਾ ਸਿੰਘ ਮੇਰੇ ਮਿੱਤਰ ਰਘਬੀਰ ਸਿੰਘ ਸਿਰਜਣਾ ਦੀ ਪੁੱਤਰੀ ਹੈ ਤੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਨੂੰ ਪਰਨਾਏ ਤੇਰਾ ਸਿੰਘ ਚੰਨ ਦੀ ਦੋਹਤਰੀ। ਖੇਡ ਜਗਤ ਦੇ ਕੋਹੇਨੂਰਾਂ ਨੂੰ ਲੱਭਦਾ ਸਰਵਣ ਸਿੰਘ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਚਾਰ ਚੰਨ ਲਾਉਣ ਵਾਲੇ ਪੰਜਾਬੀ ਜੀਊੜਿਆਂ ਦੀਆਂ ਬਾਤਾਂ ਪਾ ਕੇ ਉਨ੍ਹਾਂ ਨੂੰ ਰੁਸ਼ਨਾ ਚੁੱਕਾ ਹੈ।
ਵਿਦੇਸ਼ ਵਿਚ ਪੰਜਾਬ ਦਾ ਝੰਡਾ ਗੱਡਣ ਵਾਲਿਆਂ ਵਿਚ ਦੁਆਬਾ ਨਿਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਨ੍ਹਾਂ ਵਿਚੋਂ ਉੱਜਲ ਦੋਸਾਂਝ ਬ੍ਰਿਟਿਸ਼ ਕੋਲੰਬੀਆ ਵਿਚ ਪ੍ਰੀਮੀਅਮ (ਮੁੱਖ ਮੰਤਰੀ) ਦੀ ਪਦਵੀ ਤਕ ਪਹੰੁਚਿਆ ਤੇ ਲੇਖਕ ਰਵਿੰਦਰ ਰਵੀ ਨੇ ਕੈਨੇਡਾ ਦੇ ਦੂਰ ਦੁਰਾਡੇ ਸ਼ਹਿਰ ਟੈਰੇਸ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਹੈ। ਹੋਰ ਪੁੱਛਦੇ ਹੋ ਤਾਂ ਅਮਰੀਕਾ ਦੇ 11 ਸੂਬਿਆਂ ਵਿਚ 1000 ਗੈਸ ਸਟੇਸ਼ਨ ਚਲਾ ਰਹੇ ਦਰਸ਼ਨ ਸਿੰਘ ਧਾਲੀਵਾਲ ਨੇ ਆਪਣੇ ਪਿਤਾ ਕਰਤਾਰ ਸਿੰਘ ਧਾਲੀਵਾਲ ਦੇ ਨਾਂ ਉੱਤੇ ਜਿਹੜਾ ਸਨਮਾਨ ਸਥਾਪਤ ਕੀਤਾ ਹੈ, ਉਸ ਨਾਲ ਨਿਵਾਜੇ ਜਾਣ ਵਾਲਿਆਂ ਵਿਚ ਮੇਰਾ ਵੀ ਨਾਂ ਬੋਲਦਾ ਹੈ।
ਪਲਾਹੀ ਵਲੋਂ ਪਰਵਾਸੀ ਪੰਜਾਬੀਆਂ ਨੂੰ ਇਕ ਪੁਸਤਕ ਦੇ ਰੂਪ ਵਿਚ ਪੇਸ਼ ਕਰਨ ਦਾ ਉਪਰਾਲਾ ਬਹੁਤ ਚੰਗਾ ਹੈ। ਚੰਗਾ ਹੰੁਦਾ ਜੇ ਉਹ ਆਪਣੇ ਹਰ ਪਾਤਰ ਦਾ ਟੈਲੀਫ਼ੋਨ ਜਾਂ ਮੋਬਾਈਲ ਨੰਬਰ ਵੀ ਦੇ ਦਿੰਦਾ ਤਾਂ ਕਿ ਉਨ੍ਹਾਂ ਨਾਲ ਸਾਂਝ ਪਾਉਣ ਵਾਲੇ ਉਨ੍ਹਾਂ ਨੂੰ ਲੱਭਣ ਵਿਚ ਸਹਿਜੇ ਸਫਲ ਹੋ ਜਾਂਦੇ।

ਅੰਤਿਕਾ
ਗੁਰਚਰਨ ਕੌਰ ਕੋਚਰ
ਮੈਂ ਚਾਹੰੁਦੀ ਹਾਂ ਕਿ
ਪਰਉਪਕਾਰ ਦਾ ਸ਼ਾਹਕਾਰ ਬਣ ਜਾਵਾਂ,
ਤੇ ਧੁੱਪੇ ਸੜਦਿਆਂ ਲਈ
ਬਿਰਖ ਛਾਇਆਦਾਰ ਬਣ ਜਾਵਾਂ।
ਨਵੀਂ ਭਾਸ਼ਾ ਸਿਖਾਵਾਂ ਮੈਂ
ਹਵਾ ਦੇ ਬੁੱਲਿਆਂ ਤਾਣੀ,
ਮੈਂ ਉਨ੍ਹਾਂ ਵਾਸਤੇ ਇੱਕ
ਮੜਕਦੀ ਰਫ਼ਤਾਰ ਬਣ ਜਾਵਾਂ।
ਨਹੀਂ ਅਹਿਸਾਨ ਇਹ ਕੋਈ
ਸਗੋਂ ਪੂਜਾ ਇਬਾਦਤ ਹੈ,
ਕਿ ਮੈਂ ਮੰਝਧਾਰ ਵਿਚ ਬੇੜੀ ਲਈ
ਪਤਵਾਰ ਬਣ ਜਾਵਾਂ।
ਹਨੇਰੇ ਤੋਂ ਹੈ ਨਫ਼ਰਤ ਇਸ ਲਈ
‘ਕੋਚਰ’ ਮੈਂ ਚਾਹੰੁਦੀ ਹਾਂ,
ਕਿ ਚਾਨਣ ਦੇ ਸੁਨੇਹੇ ਵਾਸਤੇ
ਮੀਨਾਰ ਬਣ ਜਾਵਾਂ।