ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268
ਕੈਲੇਫੋਰਨੀਆ ਸਟੇਟ ਦੇ ਸੈਨਹੋਜ਼ੇ ਸ਼ਹਿਰ `ਚ ਰਹਿੰਦਿਆਂ, ਨਵੇਂ ਘਰ ਵਿਚ ਆਇਆਂ ਸਾਨੂੰ ਦੋ ਕੁ ਮਹੀਨੇ ਹੀ ਹੋਏ ਸਨ। ਮੈਂ ਤੇ ਮੇਰੀ ਪਤਨੀ ਸੈਰ ਕਰ ਰਹੇ ਸਾਂ। ਇਕ ਗੋਰੇ ਦੇ ਘਰ ਮੋਹਰੇ ਲੱਗੇ ਹੋਏ ਸੇਬਾਂ ਦੇ ਬੂਟੇ ਦੀਆਂ ਟਾਹਣੀਆਂ, ਵਾਕ-ਵੇਅ ਵੱਲ ਨੂੰ ਇਉਂ ਵਧੀਆਂ ਹੋਈਆਂ ਸਨ ਜਿਵੇਂ ਕਿਤੇ ਉਹ ਰਾਹਗੀਰਾਂ ਅੱਗੇ ਆਪਣੇ ਨਾਲ਼ ਲੱਗੇ ਹੋਏ ਕੁੱਝ ਹਰੇ ਤੇ ਕੁੱਝ ਲਾਲੀ ਦੀ ਭਾਅ ਮਾਰਦੇ ਲਿਸ਼ਕਦੇ ਸੇਬਾਂ ਦੀ ਨੁਮਾਇਸ਼ ਕਰ ਰਹੀਆਂ ਹੋਣ।
ਜਾਣ ਵੇਲ਼ੇ ਤਾਂ ਅਸੀਂ ਦੋਵੇਂ ਚੁੱਪ ਚੁਪੀਤੇ ਸੇਬਾਂ ਵੱਲ ਦੇਖਦੇ ਟਾਹਣੀਆਂ ਤੋਂ ਟੇਢੇ ਜਿਹੇ ਹੋ ਕੇ ਲੰਘ ਗਏ ਪਰ ਵਾਪਸ ਆਉਂਦਿਆਂ ਮੈਂ ਇਸ਼ਾਰੇ ਨਾਲ ਪਤਨੀ ਨੂੰ ਪੁੱਛਿਆ ਕਿ ਇੱਕ ਦੋ ਤੋੜ ਲਈਏ? ਸੇਬਾਂ ਦਾ ਰੰਗ-ਰੂਪ ਦੇਖ ਕੇ ਲਲਚਾ ਤਾਂ ਉਹ ਵੀ ਰਹੀ ਸੀ ਪਰ ‘ਕੀ ਪਤਾ ਇਸ ਘਰ ਵਾਲ਼ੇ ਕੌਣ ਤੇ ਕਿਹੋ ਜਿਹੇ ਹੋਣ?’ ਕਹਿ ਕੇ ਉਸਨੇ ਮਨ੍ਹਾਂ ਕਰ ਦਿੱਤਾ।
ਘਰ ਆ ਕੇ ਅਸੀਂ ਕਿੰਨਾਂ ਚਿਰ ਸੇਬਾਂ ਦੀਆਂ ਗੱਲਾਂ ਕਰਦੇ ਰਹੇ। ਘਰੇਲੂ ਬੂਟਿਆਂ ’ਤੇ ਲੱਗੇ ਫਲ਼ਾਂ ਨੂੰ ਨਾ ਖਾਣ ਬਾਰੇ ਅਮਰੀਕਨਾਂ ਦੇ ਸੁਭਾਅ ਬਾਰੇ ਗੱਲ ਕਰਦਿਆਂ ਸ੍ਰੀਮਤੀ ਨੇ ਮੈਨੂੰ ਯਾਦ ਕਰਾਇਆ ਕਿ ਤੁਸੀਂ ਜਦ ਆਪਣੇ ਕੰਮ ਤੋਂ ਨਾਸ਼ਪਾਤੀਆਂ ਤੋੜ ਕੇ ਲਿਆਉਂਦੇ ਸੀ ਤਾਂ ਦੱਸਦੇ ਸੀ ਕਿ ਉਥੇ ਰਹਿੰਦੇ ਗਭਰੇਟ ਨਿਆਣੇ ਸਟੋਰਾਂ ਤੋਂ ਲਿਆ ਕੇ ਫਰੂਟ ਤਾਂ ਖਾ ਲੈਂਦੇ ਹਨ ਪਰ ਘਰ ਮੋਹਰੇ ਲੱਗੇ ਆਲੂ-ਬੁਖਾਰੇ ਤੇ ਨਾਸ਼ਪਾਤੀਆਂ ਕਦੇ ਨਹੀਂ ਤੋੜਦੇ। ਸੁਣ ਕੇ ਮੈਂ ਮਜ਼ਾਕ ’ਚ ਕਿਹਾ ਕਿ ਇਹਦਾ ਮਤਲਬ, ਤੂੰ ਮੈਨੂੰ ਉਕਸਾ ਰਹੀ ਐਂ ਕਿ ਗੋਰੇ ਦੇ ਘਰੋਂ ਸੇਬ ਤੋੜ ਲਿਆਇਆ ਕਰੋ!
ਦੂਜੇ ਦਿਨ ਸ਼ਾਮ ਵੇਲੇ ਜਦ ਅਸੀਂ ਉਸ ਗੋਰੇ ਦੇ ਘਰ ਵੱਲ ਜਾ ਰਹੇ ਸਾਂ ਤਾਂ ਉਚਾ-ਲੰਮਾ ਅੱਧਖੜ ਜਿਹਾ ਭਾਈ ਅੰਦਰ ਵੜਦਾ ਦੇਖਿਆ। ਅਸੀਂ ਇਸ ਗੱਲੋਂ ਨਿਸ਼ਚਿੰਤ ਹੋ ਗਏ ਕਿ ਘਰ ਦਾ ਮਾਲਕ ਕੋਈ ਇੰਡੀਅਨ ਨਹੀਂ, ਗੋਰਾ ਹੀ ਹੈ। ਜਾਂਦਿਆਂ ਅਸੀਂ ਸਲਾਹ ਕੀਤੀ ਕਿ ਆਉਂਦਿਆਂ ਹੋਇਆਂ ਜੇ ਇਹ ਬਾਹਰ ਖੜ੍ਹਾ ਹੋਇਆ ਤਾਂ ਇਹਨੂੰ ਪੁੱਛ ਕੇ ਇੱਕ-ਦੋ ਸੇਬ ਤੋੜ ਲਿਜਾਵਾਂਗੇ। ਪਰ ਜਦੋਂ ਅੱਧੇ-ਪੌਣੇ ਘੰਟੇ ਬਾਅਦ ਵਾਪਸ ਆਏ ਤਾਂ ਸੇਬਾਂ ਨਾਲ਼ ਲੱਦਿਆ ਬੂਟਾ ਹੀ ਇਕੱਲਾ ਸਾਨੂੰ ਉਡੀਕ ਰਿਹਾ ਸੀ। ਜੱਕੋ-ਤੱਕੀ ਤਿਆਗ ਕੇ ਆਪਣੀ ਪੱਗ ਨਾਲ਼ ਛੂੰਹਦੇ ਟਾਹਣੇ ਤੋਂ ਮੈਂ ਦੋ-ਤਿੰਨ ਸੇਬ ਤੋੜ ਹੀ ਲਏ!
ਘਰ ਦੇ ਜੀਆਂ ਨੇ ਹਿੱਸੇ ਆਏ ਸੇਬਾਂ ਦੇ ਟੁਕੜੇ ਖਾਂਦਿਆਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਨ੍ਹਾਂ ਦਾ ਤਾਂ ਸਵਾਦ ਉਹੋ ਜਿਹਾ ਹੀ ਹੈ, ਜਿਹੋ ਜਿਹੇ ਸੇਬ ਪੰਜਾਬ ’ਚ ਖਾਂਦੇ ਸਾਂ। ਮੇਰੇ ਸਮੇਤ ਸਾਰਾ ਟੱਬਰ ਕਹਿਣ ਲੱਗ ਪਿਆ ਕਿ ਇੱਥੇ ਵੱਖ-ਵੱਖ ਸਟੋਰਾਂ ਤੋਂ ਵੀਹ ਕਿਸਮਾਂ ਦੇ ਸੇਬ ਲਿਆ ਲਿਆ ਦੇਖ ਲਏ ਪਰ ਇੰਡੀਆ ਦੇ ਸੇਬਾਂ ਵਾਲ਼ੀ ਗੱਲ ਨਹੀਂ ਬਣਦੀ-ਮਿਠਾਸ ਘੱਟ ਪਰ ਖਟਾਸ ਜਿ਼ਆਦਾ ਹੁੰਦੀ ਐ। ਯਾਨਿ ਕਿ ਸਾਰਿਆਂ ਨੇ ਮੈਨੂੰ ਰੋਜ਼ ਸੇਬ ਲੈ ਆਉਣ ਦਾ ਸੰਦੇਸ਼ ਦੇ ਦਿੱਤਾ।
ਲਓ ਜੀ, ਆਪਾਂ ਨਿੱਤ-ਨੇਮ ਹੀ ਬਣਾ ਲਿਆ! ਰੋਜ਼ ਸੈਰ ਤੋਂ ਮੁੜਦਿਆਂ ਜੈਕਟ ਦੀਆਂ ਜੇਬਾਂ ਸੇਬਾਂ ਨਾਲ਼ ਠੂਸ ਲੈਣੀਆਂ! ਕਈ ਵਾਰ ਤੋੜਨ ਵੇਲ਼ੇ ਜਾਣ-ਬੁੱਝ ਕੇ ਕੱਚੇ-ਪੱਕੇ ਛਾਂਟੀ ਜਾਣੇ ਕਿ ਸ਼ਾਇਦ ਅੰਦਰੋਂ ਗੋਰਾ ਜਾਂ ਉਸਦੀ ਵਾਈਫ ਬਾਹਰ ਆਵੇ ਤੇ ਮੈਂ ‘ਸੌਰੀ’ ਕਹਿ ਕੇ ਉਨ੍ਹਾਂ ਤੋਂ ਸੇਬ ਤੋੜਨ ਦੀ ‘ਰਸਮੀਂ ਇਜਾਜ਼ਤ’ ਵੀ ਲੈ ਲਵਾਂ। ਮੇਰੀ ਇਹ ਇੱਛਾ ਤਾਂ ਪੂਰੀ ਨਾ ਹੋਈ, ਪਰ ਜਿੱਥੇ ਤੱਕ ਮੇਰਾ ਹੱਥ ਜਾਂਦਾ ਸੀ, ਮੈਂ ਰੋਜ਼ ਟਾਹਣੇ ਖਾਲੀ ਕਰਦਾ ਰਿਹਾ। ਮੇਰਾ ਲਾਲਚ ਵਧੀ ਗਿਆ ਤੇ ਮੈਂ ਉਪਰ ਮੋਟੇ ਮੋਟੇ ਸੇਬ ਦੇਖ ਛੜੱਪੇ ਮਾਰ-ਮਾਰ ਤੋੜਨ ਲੱਗਾ, ਭਾਵੇਂ ਘਰਦਿਆਂ ਨੇ ਮੈਨੂੰ ‘ਛੜੱਪੇ ਮਾਰ ਸਰਵਿਸ’ ਤੋਂ ਵਰਜਿਆ ਹੋਇਆ ਸੀ।
ਰੋਜ਼ ਵਾਂਗ ਇਕ ਸ਼ਾਮ ਜਦੋਂ ਮੈਂ ਉਸ ਗੋਰੇ ਦੇ ਘਰ ਅੱਗੇ ਪਹੁੰਚਿਆ ਤਾਂ ਇਹ ਦੇਖ ਕੇ ਹੈਰਾਨੀ ਹੋਈ ਕਿ ਬੂਟੇ ਥੱਲੇ ‘ਫਰੂਟ-ਪਿੱਕਰ’ ਪਿਆ ਸੀ। ਜਿਸ ਦੇ ਨਾਲ ਉਚੇ ਟਾਹਣਿਆਂ ’ਤੇ ਲੱਗੇ ਫਲ਼ ਤੋੜੇ ਜਾਂਦੇ ਹਨ। ਮੈਂ ਅੰਦਾਜ਼ਾ ਲਇਆ ਕਿ ਗੋਰੇ ਨੇ ਮੈਨੂੰ ਛੜੱਪੇ ਮਾਰਦੇ ਨੂੰ ਦੇਖ ਲਿਆ ਹੋਣੈ ਤੇ ਮੇਰੀ ਸਹੂਲਤ ਲਈ ਉਸਨੇ ਇਹ ‘ਸੰਦ’ ਰੱਖ ਦਿੱਤਾ ਹੋਵੇਗਾ। ਲਓ ਜੀ! ਮੈਂ ਹੁਣ ਉਸ ਢਾਂਗੇ ਨਾਲ਼ ਉਚੇ ਟਾਹਣਿਆਂ `ਤੇ ਲੱਗੇ ਮੋਟੇ-ਮੋਟੇ ਸੇਬ ਲਾਹੁਣ ਲੱਗ ਪਿਆ। ਕਈ ਵਾਰ ਸੋਚਿਆ ਕਿ ਢਾਂਗਾ ਬਾਹਰ ਰੱਖਣ ਵਾਲ਼ੇ ਗੋਰੇ ਦਾ ਸ਼ੁਕਰਾਨਾ ਕਰਾਂ ਪਰ ਉਹ ਕਦੇ ਦਿਸਿਆ ਹੀ ਨਾ। ਵੈਸੇ ਉਸ ਢਾਂਗੇ ਨਾਲ਼ ਸੇਬ ਲਾਹੁੰਦਿਆਂ ਮੈਨੂੰ ਸੰਗ ਵੀ ਆਉਣੀ ਤੇ ਮੈਂ ਸੋਚਣਾ ਕਿ ਜੇ ਦੇਸ ਹੁੰਦਾ ਤਾਂ ਮਾਲਕ ਨੇ ਇਹੋ ਜਿਹੀ ਮੋਟੀ ਲਾਠੀ ਲੈ ਕੇ ਬਾਹਰ ਆਉਣਾ ਸੀ ਤੇ ਮੈਨੂੰ ਡਾਂਟਦਿਆਂ ਕਹਿਣਾ ਸੀ ਕਿ ਇਹ ਬੂਟਾ ਤੇਰੇ ਲਈ ਨਹੀਂ ਲਾਇਆ ਹੋਇਆ ਸ੍ਰੀ ਮਾਨ?
ਫਰੂਟ-ਪਿੱਕਰ ਨਾਲ਼ ਸੇਬ ਲਾਹੁੰਦਿਆਂ ਇੱਕ ਦਿਨ ਮੇਰੇ ਨਾਲ਼ ਬਹੁਤ ਬੁਰੀ ਹੋਈ! ਉਚੇ ਸੇਬ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਇੱਕ ਹੁੱਕ ਕਿਸੇ ਲੱਕੜੀ ’ਚ ਫਸ ਗਈ। ਜਦ ਮੈਂ ਜੋ਼ਰ ਨਾਲ ਝਟਕਾ ਮਾਰਿਆ ਤਾਂ ਲਾਠੀ ਮੇਰੇ ਹੱਥ ’ਚ ਰਹਿ ਗਈ ਤੇ ਮੋਹਰਲਾ ਜੁਗਾੜ ਉਤੇ ਹੀ ਟੰਗਿਆ ਰਹਿ ਗਿਆ! ਹੱਕਾ-ਬੱਕਾ ਹੋਇਆ ਮੈਂ ਦੇਖਾਂ ਆਲਾ-ਦੁਆਲਾ ਕਿ ਹੁਣ ਕੀ ਕਰਾਂ? ਲਾਠੀ ’ਤਾਂਹ ਨੂੰ ਚੁੱਕ ਕੇ ਮੈਂ ਦਸ-ਪੰਦਰਾਂ ਮਿੰਟ ਕੋਸਿ਼ਸ਼ ਕਰਦਾ ਰਿਹਾ। ਆਖਰ ਮੈਂ ਉਤੇ ਟੰਗ ਹੋਇਆ ਮੋਹਰਲਾ ਪਾਰਟ ਥੱਲੇ ਲਾਹ ਕੇ ਸੁੱਖ ਦਾ ਸਾਹ ਲਿਆ! ਫਰੂਟ-ਪਿੱਕਰ ਟੁੱਟ ਗਿਆ ਦੱਸਣ ਲਈ ਮੈਂ ਗੋਰੇ ਦੇ ਦਰਵਾਜ਼ੇ ਦੀ ਬੈਲ ਵਜਾਈ ਪਰ ਅੰਦਰੋਂ ਕੋਈ ਹਿਲ-ਜੁਲ ਸੁਣਾਈ ਨਾ ਦਿੱਤੀ। ਲਾਠੀ ਅਤੇ ਮੋਹਰਲਾ ਹਿੱਸਾ ਦੋਵੇਂ ਇੱਕ ਪਾਸੇ ਰੱਖ ਕੇ ਜਿੰਨੇ ਕੁ ਸੇਬ ਤੋੜੇ ਸਨ, ਲੈ ਕੇ ਘਰ ਨੂੰ ਆ ਗਿਆ। ਘਰਦੇ ਮੈਨੂੰ ਕਹਿੰਦੇ ਕਿ ਅੱਬਲ ਤਾਂ ਹੁਣੇ ਜਾਓ, ਨਹੀਂ ਤਾਂ ਕੱਲ੍ਹ ਨੂੰ ਗੋਰੇ ਕੋਲ ਜਾ ਕੇ ‘ਸੌਰੀ’ ਕਹਿ ਕੇ ਦੱਸਿਓ ਕਿ ਫਰੂਟ-ਪਿੱਕਰ ਮੈਥੋਂ ਟੁੱਟ ਗਿਆ ਸੀ।
ਅਗਲੀ ਸ਼ਾਮ ਜਦ ਮੈਂ ਮੁਆਫੀ ਮੰਗਣ ਲਈ ਜਾ ਰਿਹਾ ਸਾਂ ਤਾਂ ਮੈਂ ਦੇਖਿਆ ਕਿ ਉਹ ਬਾਹਰ ਬੈਠਾ ਕੁੱਝ ਕਰ ਰਿਹਾ ਸੀ। ਕੋਲ ਪਹੁੰਚ ਕੇ ਉਸ ਵਲ ਦੇਖਦਿਆਂ ਮੈਂ ਹੋਰ ਸ਼ਰਮਿੰਦਾ ਹੋ ਗਿਆ। ਪਲਾਸ ਨਾਲ ਤਾਰਾਂ ਮਰੋੜ-ਮਰੋੜ ਕੇ ਉਹ ਉਸ ਨੂੰ ਮੁੜ ਕਾਰਆਮਦ ਬਣਾ ਰਿਹਾ ਸੀ। ਮੇਰੀ ਮੂੰਹੋਂ ‘ਸੌਰੀ’ ਸੁਣ ਕੇ ਉਹ ਬੜੀ ਬੇਪਰਵਾਹੀ ਨਾਲ ਬੋਲਿਆ-‘ਇਟਸ ਓ.ਕੇ’…ਫਿਰ ਕੀ ਹੋਇਆ!…ਮੈਂ ਵੀ ਸੇਬ ਖਾਣ ਦਾ ਸ਼ੌਕੀਨ ਹਾਂ… ਪਰ ਮੇਰੀ ਵਾਈਫ ਮੈਨੂੰ ਇਹ ਸੇਬ ਖਾਣ ਨਹੀਂ ਦਿੰਦੀ। ਸੇਫ ਵੇਅ ਤੋਂ ਲਿਆਉਂਦੀ ਹੁੰਦੀ ਹੈ। ਟੁੱਟੇ ਫਰੂਟ-ਪਿੱਕਰ ਨੂੰ ਚੰਗੀ ਤਰ੍ਹਾਂ ਫਿਕਸ ਕਰਕੇ ਮੈਨੂੰ ਫੜਾਉਂਦਿਆਂ ਬੋਲਿਆ ਕਿ ਜੇ ਇਹ ਫਿਰ ਟੁੱਟ ਗਿਆ ਤਾਂ ਮੈਂ ਨਵਾਂ ਲੈ ਆਵਾਂਗਾ…ਨੋ ਪ੍ਰਾਬਲਮ।