ਅੰਬੀ ਹਠੂਰ ਨੂੰ ਯਾਦ ਕਰਦਿਆਂ: ਡਾ. ਬਿੱਲੂ ਰਾਏਸਰ

ਪ੍ਰਿੰ. ਸਰਵਣ ਸਿੰਘ
ਡਾ. ਬਿੱਲੂ ਰਾਏਸਰ, ਲੋਕ ਕਵੀ ਸੰਤ ਰਾਮ ਉਦਾਸੀ ਦੇ ਪਿੰਡ ਦਾ ਖੇਡ ਲੇਖਕ ਹੈ। ਉਦਾਸੀ ਦਾ ਜਨਮ 1939 ਵਿਚ ਹੋਇਆ ਸੀ, ਬਿੱਲੂ ਦਾ 1963 `ਚ ਹੋਇਆ। ਉਹਦੀ ਖੇਡ ਪੁਸਤਕ ਦਾ ਪੂਰਾ ਨਾਂ ਹੈ: ‘ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਅੰਬੀ ਹਠੂਰ ਨੂੰ ਯਾਦ ਕਰਦਿਆਂ’। ਇਹ ਪੁਸਤਕ ਸਵਰਗੀ ਅੰਬੀ ਹਠੂਰ ਨਮਿੱਤ ਭਾਵ-ਭਿੰਨੀ ਸ਼ਰਧਾਂਜਲੀ ਹੈ।

ਤਰਕਸ਼ੀਲ ਸੁਸਾਇਟੀ ਦੇ ਸੰਸਥਾਪਕ ਮੇਘ ਰਾਜ ਮਿੱਤਰ ਨੇ ਇਸ ਦੇ ਸਰਵਰਕ ਉਤੇ ਲਿਖਿਆ: ਡਾ. ਬਿੱਲੂ ਦੁਆਰਾ ਰਚਿਤ ‘ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਨੂੰ ਯਾਦ ਕਰਦਿਆਂ’ ਇਕ ਇਤਿਹਾਸਕ ਸਾਂਭਣਯੋਗ ਰਚਨਾ ਹੈ। ਮੈਂ ਆਸ ਕਰਦਾ ਹਾਂ ਜਿਵੇਂ ਇਨ੍ਹਾਂ ਦੇ ਪਹਿਲੇ ਨਾਵਲ ‘ਤੇ ਲਹੂ ਵਹਿੰਦਾ ਰਿਹਾ’ ਨੇ ਨਾਮਣਾ ਖੱਟਿਆ ਸੀ, ਇਹ ਕਿਤਾਬ ਵੀ ਸਮੁੱਚੇ ਖੇਡ ਪ੍ਰੇਮੀਆਂ ਲਈ ਇਕ ਮਾਰਗ ਦਰਸ਼ਕ ਹੋਵੇਗੀ। ਡਾ. ਦਰਸ਼ਨ ਬੜੀ ਦੇ ਸ਼ਬਦਾਂ ਵਿਚ: ਮੈਨੂੰ ਜਦੋਂ ਵੀ ਅੰਬੀ ਹਠੂਰ ਯਾਦ ਆਉਂਦਾ ਹੈ ਤਾਂ ਉਹ ਕਿਸੇ ਪੀਰ ਦੇ ਮਜ਼ਾਰ `ਤੇ ਜਗਦੇ ਚਿਰਾਗ਼ਾਂ ਦੀ ਲੋਅ ਵਰਗਾ ਜਾਪਦੈ। ਡਾਕਟਰ ਬਿੱਲੂ ਰਾਏਸਰ ਨੇ ਅਨੇਕਾਂ ਰਾਤਾਂ ਜਾਗ ਕੇ ਅਮਰਜੀਤ ਅੰਬੀ ਦੇ ਜੀਵਨ ਨੂੰ ਉਸ ਦੀ ਮੌਤ ਪਿੱਛੋਂ ਕਿਤਾਬੀ ਰੂਪ ਵਿਚ ਸਾਂਭ ਕੇ ਕਬੱਡੀ ਪ੍ਰੇਮੀਆਂ ਤੇ ਖਿਡਾਰੀਆਂ ਦੇ ਚੇਤਿਆਂ ਦੀ ਚੰਗੇਰ ਵਿਚ ਸੰਭਾਲ ਦਿੱਤਾ ਹੈ।
ਅੰਬੀ ਹਠੂਰ ਦੇ ਬਾਪ ਦਾਦੇ ਸਾਡੇ ਪਿੰਡ ਚਕਰ ਦੇ ਸਨ। ਉਨ੍ਹਾਂ ਨੂੰ ਪਾਕਿਸਤਾਨ ਦੀ ਬਾਰ ਵਾਲੀ ਜ਼ਮੀਨ ਬਦਲੇ ਚਕਰ ਤੇ ਹਠੂਰ ਦੀ ਜ਼ਮੀਨ ਅਲਾਟ ਹੋਈ ਸੀ। ਉਹ ਚਕਰ ਰਹਿ ਕੇ ਹੀ ਹਠੂਰ ਦੀ ਖੇਤੀ ਵਾਹੀ ਕਰਦੇ ਰਹੇ। ਅੰਬੀ ਦੇ ਤਾਏ ਮੇਰੇ ਨਾਲ ਪੜ੍ਹਦੇ ਸਨ ਤੇ ਅੰਬੀ ਦਾ ਬਾਪ ਜੋਗਿੰਦਰ ਸਿੰਘ ਮੇਰੇ ਛੋਟੇ ਭਰਾਵਾਂ ਨਾਲ। ਜੋਗਿੰਦਰ ਸਿੰਘ ਵਿਆਹਿਆ ਗਿਆ ਤਾਂ ਉਸ ਨੂੰ ਹਠੂਰ ਵਾਲੀ ਜ਼ਮੀਨ `ਤੇ ਭੇਜ ਦਿੱਤਾ ਗਿਆ, ਜਿੱਥੇ ਅੰਬੀ ਦਾ ਜਨਮ 15 ਮਈ 1978 ਨੂੰ ਮਾਤਾ ਮਲਕੀਤ ਕੌਰ ਦੀ ਕੁੱਖੋਂ ਹੋਇਆ। ਉਹ ਤਿੰਨ ਭਰਾਵਾਂ ਵਿਚ ਗਭਲਾ ਸੀ ਤੇ ਜੰਮਣ ਤੋਂ ਹੀ ਹੁੰਦੜਹੇਲ ਬਾਲ ਸੀ। ਜੁਆਨ ਹੋਇਆ ਤਾਂ ਉਹਦਾ ਕੱਦ 6 ਫੁੱਟ 2 ਇੰਚ ਤੇ ਭਾਰ 118 ਕਿਲੋਗਰਾਮ ਹੋ ਗਿਆ ਸੀ। ਉਂਜ ਵੀ ਸੋਹਣਾ ਸੁਨੱਖਾ ਦਰਸ਼ਨੀ ਜੁਆਨ ਸੀ। ਉਹ ਆਪਣੀ ਖੇਡ ਦੇ ਸਿਖਰ `ਤੇ ਸੀ ਜਦੋਂ ਦਿਲ ਦੇ ਦੌਰੇ ਨਾਲ ਕਬੱਡੀ ਖੇਡਦਾ ਪਰਲੋਕ ਸਿਧਾਰ ਗਿਆ। ਗਰਾਊਂਡ ਸੀ ਬੀਸੀ ਕੈਨੇਡਾ ਵਿਚ ਸਰੀ ਦਾ ਤੇ ਤਾਰੀਖ ਸੀ 2005 ਦੀ 30 ਜੁਲਾਈ। ਉਥੇ ਉਹਦੇ ਵਰਗੀ ਹੀ ਕੈਨੇਡੀਅਨ ਕੁੜੀ ਨਾਲ ਉਹਦੇ ਵਿਆਹ ਦੀ ਗੱਲ ਸਿਰੇ ਚੜ੍ਹ ਚੱਲੀ ਸੀ ਕਿ ਇਹ ਅਣਹੋਣਾ ਭਾਣਾ ਵਰਤ ਗਿਆ। ਰੰਗੀਂ ਵਸਦੇ ਪਰਿਵਾਰ ਉਤੇ ਅਣਚਿਤਵਿਆ ਕਹਿਰ ਟੁੱਟ ਪਿਆ!
ਜਨਵਰੀ 2006 ਦਾ ਦਿਨ ਸੀ। ਮੈਂ ਉੱਦਣ ਆਪਣੇ ਪਿੰਡ ਚਕਰ ਹੀ ਸਾਂ। ਸਵੇਰੇ 8 ਕੁ ਵਜੇ ਇਕ ਸੱਜਣ ਮੈਨੂੰ ਮਿਲਣ ਆਇਆ। ਉਸ ਨੇ ਦੱਸਿਆ ਕਿ ਮੈਂ ਪਿੰਡ ਰਾਏਸਰ ਤੋਂ ਡਾਕਟਰ ਬਿੱਲੂ ਹਾਂ ਤੇ ਮੈਂ ਅੰਬੀ ਹਠੂਰ ਬਾਰੇ ਕਿਤਾਬ ਲਿਖੀ ਐ। ਤੁਹਾਡੇ ਤੋਂ ਮੁਖਬੰਦ ਲਿਖਵਾਉਣਾ ਚਾਹੁੰਨਾਂ। ਤੁਹਾਨੂੰ ਪਤਾ ਹੀ ਹੈ ਕਿ ਛੇ ਕੁ ਮਹੀਨੇ ਪਹਿਲਾਂ ਉਹਦੀ ਕੈਨੇਡਾ ਵਿਚ ਕਬੱਡੀ ਖੇਡਦੇ ਦੀ ਹੀ ਮੌਤ ਹੋ ਗਈ ਸੀ। ਮੈਂ ਕਿਹਾ,“ਵਿਖਾਓ, ਕੀ ਲਿਖਿਆ?”
ਉਸ ਨੇ ਕਿਤਾਬ ਦਾ ਖਰੜਾ ਮੈਨੂੰ ਫੜਾ ਦਿੱਤਾ। ਕਿਤਾਬ ਦਾ ਨਾਂ ਸੀ ‘ਕਬੱਡੀ ਜਗਤ ਦਾ ਧਰੂ ਤਾਰਾ ਅੰਬੀ ਹਠੂਰ’। ਮੈਂ ਖਰੜੇ `ਤੇ ਨਜ਼ਰ ਮਾਰੀ, ਮੈਨੂੰ ਉਹਦੀ ਲੇਖਣੀ ਚੰਗੀ ਲੱਗੀ। ਮੈਂ ਕਿਹਾ,“ਕਿਤਾਬ ਤੇਰੀ ਬੜੀ ਵਧੀਆ ਐ, ਪਰ ਟਾਈਟਲ ਬਦਲ ਲੈ। ਆਪਾਂ ਉਹਦੀਆਂ ਯਾਦਾਂ ਸੰਭਾਲ ਰਹੇ ਹਾਂ। ਸੋ ਇਹਦਾ ਟਾਈਟਲ ਰੱਖੋ, ‘ਅੰਬੀ ਹਠੂਰ ਨੂੰ ਯਾਦ ਕਰਦਿਆਂ’। ਉਹਨੇ ਮੇਰੀ ਗੱਲ ਮੰਨ ਲਈ। ਮੈਂ ਮੁੱਖਬੰਦ ਲਿਖ ਦਿੱਤਾ। ਫਰਵਰੀ 2006 ਵਿਚ ਕਿਤਾਬ ਛਪ ਗਈ। ਕੁਝ ਦਿਨਾਂ ਬਾਅਦ ਅੰਬੀ ਹਠੂਰ ਦੀ ਯਾਦ ਵਿਚ ਕਰਾਏ ਕਬੱਡੀ ਕੱਪ `ਤੇ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ। ਕਬੱਡੀ ਕੱਪ `ਤੇ ਕਿਤਾਬ ਰਿਲੀਜ਼ ਕੀਤੀ ਗਈ। ਕਬੱਡੀ ਦੇ ਦਾਇਰੇ `ਚ ਕਿਤਾਬ ਰਿਲੀਜ਼ ਕਰਨ ਵੇਲੇ ਡਾ. ਬਿੱਲੂ ਨਾਲ ਹਠੂਰ ਦੇ ਹੀ ਲੇਖਕ ਐੱਸ ਐੱਸ ਪੀ ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ, ਗੀਤਕਾਰ ਮੱਖਣ ਬਰਾੜ ਤੇ ਉੱਘੇ ਕੁਮੈਂਟੇਟਰ ਡਾ .ਦਰਸ਼ਨ ਬੜੀ ਵੀ ਸਨ। ਇਕ ਹਜ਼ਾਰ ਕਾਪੀਆਂ ਇਕ ਘੰਟੇ ਵਿਚ ਹੀ ਵਿਕ ਗਈਆਂ। ਅਗਲੇ ਕੱਪ `ਤੇ ਫਿਰ ਹੋਰ ਕਿਤਾਬਾਂ ਛਪਵਾਉਣੀਆਂ ਪਈਆਂ।
ਡਾ. ਬਿੱਲੂ ਨੂੰ ਸਾਹਿਤ ਦੀ ਗੁੜ੍ਹਤੀ ਵਿਰਸੇ ਵਿਚੋਂ ਮਿਲੀ ਸੀ। ਉਸ ਦਾ ਜਨਮ 1 ਜੂਨ, 1963 ਨੂੰ ਪਿੰਡ ਰਾਏਸਰ ਵਿਚ ਮਾਤਾ ਜੰਗੀਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਜਥੇਦਾਰ ਹਰਦੁਮਣ ਸਿੰਘ ਪੁਰਾਤਨ ਗ੍ਰੰਥਾਂ `ਚੋਂ ਗਿਆਨ ਹਾਸਲ ਕਰ ਕੇ ਛੋਟੀਆਂ ਵੱਡੀਆਂ ਸਟੇਜਾਂ `ਤੇ ਬੋਲਦੇ ਰਹਿੰਦੇ ਸਨ। ਲੋਕਾਂ ਨੂੰ ਗਿਆਨ ਹਾਸਲ ਕਰਨ ਦੀ ਚੇਟਕ ਲਾਉਂਦੇ ਸਨ। ਉਨ੍ਹਾਂ ਦੇ ਮਿਹਨਤੀ ਪੁੱਤਰ ਬਿੱਲੂ ਨੇ ਡੀ ਫਾਰਮੇਸੀ ਦਾ ਕੋਰਸ ਕਰ ਕੇ ਆਪਣੇ ਪਿੰਡ ਮੈਡੀਕਲ ਸਟੋਰ ਖੋਲ੍ਹਿਆ ਤੇ ਨਾਲੋ-ਨਾਲ ਡਾਕਟਰੀ ਦੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਜੋ ਅੱਜ ਵੀ ਰਾਏਸਰ ਵਿਚ ਜਾਰੀ ਹੈ। ਹੁਣ ਉਹ ਪੇਂਡੂ ਇਲਾਕੇ ਦਾ ਮੰਨਿਆ ਦੰਨਿਆ ਡਾਕਟਰ ਹੈ।
ਉਸ ਨੂੰ ਲਿਖਣ ਦੀ ਚੇਟਕ ਸੰਘੇੜੇ ਕਲਾਜ ਵਿਚ ਪੜ੍ਹਦਿਆਂ ਲੱਗੀ ਸੀ ਜਿਥੇ ਉਹ ਚਾਰ ਸਾਲ ਕਾਲਜ ਦੇ ਮੈਗਜ਼ੀਨ ਵਿਚ ਛਪਦਾ ਰਿਹਾ। ਉਨ੍ਹਾਂ ਹੀ ਦਿਨਾਂ `ਚ ਹਾਕਮ ਸਿੰਘ ਨੂਰ ਨੇ ਸਿਰਜਣਾ ਕੇਂਦਰ ਠੀਕਰੀਵਾਲਾ ਦੇ ਨਾਂ `ਤੇ ਸਾਹਿਤ ਸਭਾ ਬਣਾਈ, ਜਿਸ ਦਾ ਉਹ ਮੈਂਬਰ ਬਣ ਗਿਆ। ਫੇਰ ਤਾਂ ਸੋਨੇ `ਤੇ ਸੁਹਾਗੇ ਵਾਲੀ ਗੱਲ ਹੋ ਗਈ। ਹਾਕਮ ਸਿੰਘ ਨੂਰ ਨੇ ਉਸ ਨੂੰ ਉਂਗਲ ਫੜ ਕੇਸਾਹਿਤ ਦੇ ਰਾਹ ਤੋਰ ਲਿਆ। ਉਹ ਪੀ.ਐੱਸ.ਯੂ. ਦਾ ਵੀ ਸਰਗਰਮ ਮੈਂਬਰ ਰਿਹਾ ਤੇ ਤਰਕਸ਼ੀਲਾਂ ਦੇ ਸੰਪਰਕ ਵਿਚ ਵੀ ਆਇਆ। ਉਸ ਨੇ ਅਨੇਕ ਵਾਰ ਟੂਰਨਾਮੈਂਟਾਂ ਤੇ ਤਰਕਸ਼ੀਲ ਮੇਲਿਆਂ ਵਿਚ ਅੱਖਾਂ `ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾ ਕੇ ਵਿਖਾਇਆ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੇ ਢੋਂਗੀਆਂ ਦਾ ਪਰਦਾਫਾਸ਼ ਕੀਤਾ। 2003 ਵਿਚ ਉਸ ਨੇ ‘ਤੇ ਲਹੂ ਵਹਿੰਦਾ ਰਿਹਾ’ ਨਾਵਲ ਲਿਖਿਆ। ਪੇਸ਼ ਨੇ ‘ਅੰਬੀ ਹਠੂਰ ਨੂੰ ਯਾਦ ਕਰਦਿਆਂ’ ਪੁਸਤਕ ਦੇ ਕੁਝ ਅੰਸ਼:
ਸਮਰਪਿਤ
ਉਨ੍ਹਾਂ ਅਭਾਗੀਆਂ ਮਾਵਾਂ ਨੂੰ ਜੋ ਜਿਉਂਦੇ ਜੀਅ ਆਪਣੇ ਵਿਛੜ ਚੁੱਕੇ ਪੁੱਤਰਾਂ ਦਾ ਦਰਦ ਹੰਢਾਅ ਰਹੀਆਂ ਹਨ।
ਨੋਟ: ਕੋਈ ਨਾਵਲ ਜਾਂ ਕਹਾਣੀ ਲਿਖਣੀ ਬਹੁਤ ਸੌਖੀ ਹੈ, ਪਰ ਜੀਵਨੀ ਲਿਖਣੀ ਕਾਫੀ ਔਖੀ ਹੈ। ਜੀਵਨੀ ਵਿਚ ਬਿਲਕੁਲ ਸਹੀ ਨਾਉਂ ਤੇ ਸਹੀ ਵੇਰਵਾ ਦੇਣੇ ਜ਼ਰੂਰੀ ਹੁੰਦੇ ਹਨ। ਮੈਂ ਬਹੁਤ ਕੋਸਿ਼ਸ਼ ਕੀਤੀ ਹੈ, ਫਿਰ ਵੀ ਜੇ ਕਿਤੇ ਨਾਉਂ ਬਗੈਰਾ ਸਹੀ ਨਾ ਪਾਇਆ ਗਿਆ ਹੋਵੇ, ਮੈਂ ਪਾਠਕਾਂ ਤੇ ਦੋਸਤਾਂ ਮਿੱਤਰਾਂ ਤੋਂ ਮੁਆਫ਼ੀ ਮੰਗਦਾ ਹਾਂ।
ਤਤਕਰਾ: ਅੰਬੀ ਤੇਰੀ ਬਾਤ ਪੈਂਦੀ ਰਹੇਗੀ, ਜੋਬਨ ਰੁੱਤੇ ਤੁਰ ਗਿਆ ਅੰਬੀ, ਲੇਖਕ ਵੱਲੋਂ ਦੋ ਸ਼ਬਦ, ਕੱਚੇ ਕੋਠਿਆਂ `ਚੋਂ ਸੂਰਜ ਦਾ ਜਨਮ, ਮਿੱਟੀ ਨਾ ਫਰੋਲ ਜੋਗੀਆ, ਮਾਵਾਂ ਰੋਂਦੀਆਂ ਮੱਥੇ `ਤੇ ਹੱਥ ਧਰ ਕੇ, ਬਾਝ ਭਾਈਆਂ ਸੋਭ ਸੰਸਾਰ ਨਾਹੀਂ, ਭਾਈ ਮਰੇ ਵਿਚਾਲਿਓਂ ਧਿਰ ਟੁੱਟੇ, ਸਾਡਾ ਤਾਰਿਆਂ ਦਾ ਕੀ ਏ, ਅੱਜ ਇਕ ਚੰਬੇ ਦਾ ਫੁੱਲ ਮੋਇਆ, ਸੱਜਣ ਮੈਂਡੇ ਰਾਂਗਲੇ, ਐਵੇਂ ਜਿੰਦੇ ਮਾਣ ਨਾ ਕਰੀਂ, ਫਿੱਕਾ ਰੰਗ ਅੱਜ ਦੀ ਦੁਪਹਿਰ ਦਾ, ਤੁਮ ਕਿਆ ਗਏ ਬਹਾਰ ਚਲੀ ਗਈ, ਮੋਏ ਮਿੱਤਰਾਂ ਦਾ ਸਿਰ `ਤੇ ਨਹੋਰਾ ਏ, ਜਿਨ੍ਹਾਂ ਕਿਲੇ ਨਿਵਾਏ ਨੇ ਢੇਰ ਮੀਆਂ, ਮਨ ਵਿਚ ਵਸਦੈਂ, ਜਦ ਕਿਧਰੇ ਇਤਿਹਾਸ `ਚ ਗੱਲਾਂ ਹੋਣਗੀਆਂ, ਨਿੱਕੀਆਂ ਗੱਲਾਂ ਵੱਡੀਆਂ ਯਾਦਾਂ, ਅੰਬੀ ਦਾ ਮਾਨ ਸਨਮਾਨ, ਬੱਚਿਆਂ ਨੂੰ ਪਿਆਰ ਤੇ ਵੱਡਿਆਂ ਦਾ ਸਤਿਕਾਰ, ਤੈਨੂੰ ਅਸੀਂ ਨਹੀਂ ਭੁੱਲੇ, ਅਖ਼ਬਾਰਾਂ ਦੀ ਜ਼ਬਾਨੀ, ਅੰਬੀ ਵੇਲੇ ਹਠੂਰ ਕਬੱਡੀ ਟੀਮ ਦੀ ਚੜ੍ਹਤ ਤੇ ਕੀ ਉਹ ਅਸਾਂ ਨੂੰ ਯਾਦ ਰਹਿਣਗੇ…।
ਪੁਸਤਕ ਵਿਚ ਵਰਤੀਆਂ ਕਾਵਿ-ਟੂਕਾਂ:
ਹੋਤਾ ਹੈ ਕੋਹ ਦਸਮ ਮੇਂ,
ਪੈਦਾ ਕਭੀ-ਕਭੀ
ਵੋਹ ਮਰਦ ਹੈ ਜਿਸ ਪਰ,
ਫ਼ਖ਼ਰ ਕਰਤੇ ਹੈਂ ਸਭੀ
ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ,
ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ
ਜਿਊਂਦੀ ਜਾਨ ਸਹਾਰਾ ਏ ਜਿ਼ੰਦਗੀ ਦਾ,
ਮੋਏ ਗਿਆਂ ਦੇ ਪਿੱਛੋਂ ਨਿਸ਼ਾਨ ਪੁੱਤਰ
‘ਸੀਤਲ’ ਪੁੱਤਰਾਂ ਬਾਝ ਨਾ ਸੋਹਣ ਮਾਪੇ,
ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ
ਗਲੀਆਂ ਦੇ ਵਿਚ ਖੇਡਦੇ,
ਤੱਕ ਪੁੱਤਾਂ ਦੇ ਹਾਣੀ,
ਆਪ ਮੁਹਾਰੇ ਵਗਦਾ
ਅੱਖੀਆਂ `ਚੋਂ ਪਾਣੀ
ਚੇਤੇ ਕਰ ਕਰ ਰੋਂਦੀਆਂ,
ਤੁਰ ਗਿਆਂ ਨੂੰ ਲੋਕੋ,
ਪੁੱਤ ਮਰੇ ਨਾ ਭੁੱਲਦੇ
ਮਾਵਾਂ ਨੂੰ ਲੋਕੋ
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ,
ਅਤੇ ਭਾਈਆਂ ਬਾਝ ਬਹਾਰ ਨਾਹੀਂ
ਭਾਈ ਮਰਨ ਤੇ ਪੈਂਦੀਆਂ ਭੱਜ ਬਾਹੀਂ,
ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ
ਲੱਖ ਓਟ ਹੈ ਕੋਲ ਵਸੇਂਦਿਆਂ ਦੀ,
ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਂਵਦੇ ਭਾਈ ਉਸਾਰਦੇ ਨੇ,
ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ
ਇਹ ਕੋਸੇ ਅੱਥਰੂ ਅੱਖੀਆਂ ਦੇ,
ਅੱਜ ਯਾਦ ਤੇਰੀ ਵਿਚ ਕਿਰਦੇ ਨੇ
ਲੱਖ ਕੋਸਿ਼ਸ਼ ਕੀਤੀ ਰੋਕਣ ਦੀ,
ਇਹ ਬਾਗ਼ੀ ਹੋਏ ਫਿਰਦੇ ਨੇ
ਸੱਜਣਾ ਵੇ ਸੱਜਣਾ,
ਅੱਜ ਸਾਨੂੰ ਤੇਰੇ ਬਾਝੋਂ
ਸੁੰਨਾ ਸੁੰਨਾ ਲੱਗਦਾ ਏ ਸ਼ਹਿਰ
ਪਲਕਾਂ ਦੀ ਛਾਵੇਂ,
ਕੱਟੇ ਅਸੀਂ ਰਾਤ ਦਿਨ,
ਹੁਣ ਕਿਥੇ ਕੱਟੀਏ ਦੁਪਹਿਰ
ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,
ਖ਼ੈਰ ਸੁਖ ਦਾ ਸੁਨੇਹੜਾ ਲਿਆ
ਉਸ ਮਾਂ ਦਾ ਬਣਿਆ ਕੀ,
ਆਂਦਰਾਂ ਦੀ ਅੱਗ ਜੀਹਦੀ,
ਗਈ ਕਸਤੂਰੀਆਂ ਖਿੰਡਾਅ
ਹੱਥ ਸਮਾਂ ਨਹੀਂ ਆਉਂਦਾ,
ਹੱਥੋਂ ਜੋ ਗੁਆਚ ਗਿਆ
ਉਹ ਜੋਬਨ ਨਹੀਂ ਮੁੜਦਾ,
ਜੋ ਪੱਤਰਾ ਵਾਚ ਗਿਆ
ਪਾਣੀ ਦਰਿਆਵਾਂ ਦੇ,
ਇਕ ਵਾਰ ਜੋ ਵਹਿ ਗਏ ਨੇ
ਪਰਤਣ ਨਾ ਪੱਤਣਾਂ `ਤੇ,
ਇਹ ਦਾਨੇ ਕਹਿ ਗਏ ਨੇ
ਮੇਰੇ ਲਿਖੇ ਮੁੱਖਬੰਦ `ਚੋਂ
23 ਜੁਲਾਈ 2005 ਨੂੰ ਅੰਬੀ ਨੇ ਐਡਮਿੰਟਨ ਦੀਆਂ ਵਰਲਡ ਮਾਸਟਰਜ਼ ਗੇਮਜ਼ ਵਿਚ ਕਬੱਡੀ ਖੇਡੀ ਸੀ। ਕੁਮੈਂਟਰੀ ਕਰਦਿਆਂ ਮੈਂ ਉਹਦੀ ਸਿਫ਼ਤ ਵਿਚ ਕੁਝ ਬੋਲ ਬੋਲੇ ਸਨ। ਆਖਿਆ ਸੀ ਕਿ ਹਠੂਰ ਦਾ ਅੰਬੀ ਹਠੂਰ ਦੇ ਮਹਾਨ ਜਾਫੀ ਛਾਂਗੇ ਦਾ ਵਾਰਸ ਹੈ, ਜਿਹੜਾ ਕੈਂਚੀ ਮਾਰਨ ਦਾ ਕਾਢੂ ਸੀ। ਸਾਨੂੰ ਉਹਦੇ ਵਾਰਸ ਅੰਬੀ ਤੋਂ ਬਹੁਤ ਆਸਾਂ ਹਨ। ਉਦੋਂ ਕੀ ਪਤਾ ਸੀ ਕਿ ਹਫ਼ਤੇ ਤੱਕ ਕੀ ਭਾਣਾ ਵਰਤ ਜਾਣੈ? ਜਿਸ ਦਿਨ ਉਹ ਵੈਨਕੂਵਰ ਵੱਲੀਂ ਮੈਚ ਖੇਡ ਰਿਹਾ ਸੀ, ਕੁਮੈਂਟੇਟਰ ਪ੍ਰੋ. ਮੱਖਣ ਸਿੰਘ ਤਾਂ ਓਥੇ ਹੀ ਸੀ ਪਰ ਮੈਂ ਪਰਿਵਾਰ ਨਾਲ ਟੋਰਾਂਟੋ ਪਿਕਨਿਕ ਮਨਾ ਰਿਹਾ ਸਾਂ। ਉੱਦਣ ਬੁੱਘੀਪੁਰੀਆ ਸੀਰਾ ਸਾਡੇ ਨਾਲ ਸੀ ਜੋ ਸਾਲਾਂ ਬੱਧੀ ਅੰਬੀ ਨਾਲ ਕਬੱਡੀ ਖੇਡਦਾ ਰਿਹਾ ਸੀ।
ਅਗਲੀ ਸਵੇਰ ਰੇਡੀਓ ਅਤੇ ਅਖ਼ਬਾਰਾਂ `ਚ ਉਸ ਦੀ ਦੁਖਦਾਈ ਮ੍ਰਿਤੂ ਦੀਆਂ ਖ਼ਬਰਾਂ ਸਨ। ਟੋਰਾਂਟੋ `ਚ ਉਸੇ ਦਿਨ ਯੰਗ ਸਪੋਰਟਸ ਕਲੱਬ ਦਾ ਟੂਰਨਾਮੈਂਟ ਤੇ ਪੰਜਾਬੀ ਸਭਿਆਚਾਰਕ ਮੇਲਾ ਹੋਣਾ ਸੀ। ਖੇਡਣ ਤੇ ਗਾਉਣ ਮੇਲੇ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਅੰਬੀ ਦੀ ਦੇਹ ਉਹਦੇ ਪਿੰਡ ਪਹੁੰਚਾਉਣ ਤੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਓਨਟਾਰੀਓ ਕਬੱਡੀ ਫੈਡਰੇਸ਼ਨ ਨੇ ਪੰਜਾਹ ਹਜ਼ਾਰ ਡਾਲਰ `ਕੱਠੇ ਕਰਨ ਦਾ ਮਤਾ ਪਾਸ ਕੀਤਾ। ਖੜ੍ਹੇ ਪੈਰ ਸੋਲਾਂ ਹਜ਼ਾਰ ਤੇ ਦੋ ਚਾਰ ਦਿਨਾਂ `ਚ ਛਪੰਜਾ ਹਜ਼ਾਰ ਡਾਲਰ `ਕੱਠੇ ਹੋ ਗਏ। ਅੰਬੀ ਦਾ ਜੋਟੀਦਾਰ ਖਿਡਾਰੀ ਬਬਲੀ ਚੜਿੱਕ ਸਰੀ ਤੋਂ ਟੋਰਾਂਟੋ ਆਇਆ ਤਾਂ ਉਸ ਨੇ ਭਰੇ ਮਨ ਨਾਲ ਅੰਬੀ ਦੇ ਅੰਤਲੇ ਪਲਾਂ ਦਾ ਹਾਲ ਹਵਾਲ ਦੱਸਿਆ। ਉਸ ਨੇ ਦੱਸਿਆ ਕਿ ਉੱਦਣ ਉਹ ਸਰੀ ਦੀ ਬੇਸਮੈਂਟ `ਚੋਂ `ਕੱਠੇ ਉੱਠੇ ਸਨ। ਬਬਲੀ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਅੰਬੀ ਨੇ ਕੰਬਲ ਦਾ ਝੁੰਗਲਮਾਟਾ ਮਾਰੀ ਬਹਿ ਕੇ ਸੁਣਿਆ ਸੀ। ਉਨ੍ਹਾਂ ਦਾ ਦੋਸਤ ਰੋਟੀ ਲੈ ਕੇ ਆਇਆ ਤਾਂ ਦੋਹਾਂ ਨੇ ਇਕੋ ਪਲੇਟ `ਚੋਂ ਦਹੀਂ ਨਾਲ ਪਰੌਂਠੇ ਖਾਧੇ ਸਨ। ਬਚਦਾ ਦਹੀਂ ਉਹ ਉਥੇ ਹੀ ਢਕ ਗਏ ਸਨ ਬਈ ਮੁੜ ਕੇ ਖਾਵਾਂਗੇ। ਟੂਰਨਾਮੈਂਟ ਤੋਂ ਬਾਅਦ ਉਨ੍ਹਾਂ ਨੇ ਬੇਸਮੈਂਟ ਵਿਚ ਆਉਣਾ ਤੇ ਆਪਣਾ ਸਮਾਨ ਚੁੱਕ ਕੇ ਟੋਰਾਂਟੋ ਨੂੰ ਜਹਾਜ਼ੇ ਚੜ੍ਹਨਾ ਸੀ। ਅਗਲੇ ਦਿਨ ਐਤਵਾਰ ਟੋਰਾਂਟੋ `ਚ ਕਬੱਡੀ ਦਾ ਟੂਰਨਮੈਂਟ ਖੇਡਣਾ ਸੀ।
ਅੰਬੀ ਨੂੰ ਆਪਣੇ ਪਾਸਪੋਰਟ ਦੀ ਸੰਭਾਲ ਦਾ ਏਨਾ ਫਿ਼ਕਰ ਸੀ ਕਿ ਉਸ ਨੇ ਪਾਸਪੋਰਟ ਚੰਗੀ ਤਰ੍ਹਾਂ ਮੈਟ ਹੇਠ ਲੁਕੋ ਕੇ ਬੇਸਮੈਂਟ ਨੂੰ ਲੌਕ ਲਾਇਆ ਸੀ। ਜੇਬ ਵਿਚ ਇਸ ਲਈ ਨਾ ਪਾਇਆ ਕਿ ਖੇਡਦਿਆਂ ਗੁਆਚ ਨਾ ਹੋ ਜਾਵੇ। ਹੋਣੀ ਉਦੋਂ ਬੇਸਮੈਂਟ ਦੀ ਕਿਸੇ ਝੀਤ `ਚੋਂ ਝਾਕਦੀ ਕਹਿ ਰਹੀ ਹੋਣੀ ਐਂ, “ਲੁਕੋ ਲੈ ਜਿਥੇ ਮਰਜ਼ੀ, ਪਰ ਇਹ ਪਾਸਪੋਰਟ ਤੇਰੇ ਕਿਸੇ ਕੰਮ ਦਾ ਨਹੀਂ ਰਹਿਣਾ!”
31 ਜੁਲਾਈ, 2005 ਨੂੰ ਸਰੀ ਵਿਚ ਦੋ ਮੈਚ ਖੇਡ ਕੇ ਉਹ ਦਰਸ਼ਕਾਂ ਲਈ ਰੱਖੇ ਪੌੜੀਆਂ ਵਾਲੇ ਸਟੈਂਡ ਦੀ ਹੇਠਲੀ ਪੌੜੀ ਉਤੇ ਜਾ ਬੈਠਾ ਸੀ। ਸਾਹਮਣੇ ਉਹਦਾ ਦੋਸਤ ਬਬਲੀ ਮੈਚ ਖੇਡ ਰਿਹਾ ਸੀ। ਬਬਲੀ ਨੇ ਤਕੜੇ ਰੇਡਰ ਲੱਕੀ ਕੁਰਾਲੀ ਨੂੰ ਜੱਫਾ ਲਾਇਆ ਤਾਂ ਅੰਬੀ ਨੇ ਖੜ੍ਹ ਕੇ ਤਾੜੀਆਂ ਮਾਰੀਆਂ। ਪੰਦਰਾਂ ਕੁ ਮਿੰਟ ਬੀਤੇ ਹੋਣਗੇ ਕਿ ਅੰਬੀ ਦੀ ਛਾਤੀ ਵਿਚ ਸਖਤ ਦਰਦ ਹੋਇਆ ਜਿਸ ਨਾਲ ਉਹ ਸੀਟ ਤੋਂ ਉਲਰ ਗਿਆ। ਆਲੇ ਦੁਆਲੇ ਬੈਠੇ ਦਰਸ਼ਕਾਂ ਨੇ ਰੌਲ਼ਾ ਪਾਇਆ ਕਿ ਅੰਬੀ ਨੂੰ ਪਤਾ ਨਹੀਂ ਕੀ ਹੋ ਗਿਐ?
ਕਬੱਡੀ ਖੇਡਦੇ ਬਬਲੀ ਦੇ ਕੰਨਾਂ ਵਿਚ ‘ਅੰਬੀ’ ਨਾਂ ਦੀ ਆਵਾਜ਼ ਪਈ ਤਾਂ ਉਸ ਨੇ ਅੰਬੀ ਵੱਲ ਵੇਖਿਆ। ਤਦ ਉਹ ਗੋਡਿਆਂ ਭਾਰ ਉਲਰਿਆ ਹੋਇਆ ਸੀ। ਬਬਲੀ ਫੈਂਸ ਉਤੋਂ ਦੀ ਛਾਲ ਮਾਰ ਕੇ ਤੁਰੰਤ ਅੰਬੀ ਪਾਸ ਪੁੱਜਾ। ਬੁਕਲ `ਚ ਲਿਆ, ਅੰਬੀ-ਅੰਬੀ ਕਹਿੰਦਿਆਂ ਵਾਜ਼ਾਂ ਮਾਰੀਆਂ ਤੇ ਪੁੱਛਿਆ, ‘ਅੰਬੀ ਤੈਨੂੰ ਕੀ ਹੋ ਗਿਆ?’ ਅੰਬੀ ਕੁਝ ਨਾ ਬੋਲ ਸਕਿਆ। ਉਹਦੇ ਮੂੰਹ ਵਿਚੋਂ ਔਖੇ ਸਾਹਾਂ ਨਾਲ ਦੋ ਤਿੰਨ ਬੁਲਬੁਲੀਆਂ ਜਿਹੀ ਨਿਕਲੀਆਂ। ਉਹਦਾ ਰੰਗ ਪੀਲਾ ਪੈ ਰਿਹਾ ਸੀ ਤੇ ਬਬਲੀ ਪੁਕਾਰ ਰਿਹਾ ਸੀ, ਛੇਤੀ ਐਂਬੂਲੈਂਸ ਮੰਗਾਓ। ਫਸਟ ਏਡ ਦਾ ਮਾਹਿਰ ਇਕ ਨੌਜੁਆਨ ਮੂੰਹ ਨਾਲ ਮਸਨੂਈ ਸਾਹ ਦੇ ਰਿਹਾ ਸੀ ਪਰ ਅੰਬੀ ਘਟਦਾ ਹੀ ਜਾਂਦਾ ਸੀ। ਕੋਈ ਓਹੜ ਪੋਹੜ ਰਾਸ ਨਹੀਂ ਸੀ ਆ ਰਿਹਾ। ਜਦ ਨੂੰ ਐਂਬੂਲੈਂਸ ਆ ਗਈ…
ਕਬੱਡੀ ਦਰਸ਼ਕ ਤੇ ਪ੍ਰਬੰਧਕ ਸਦਮੇ ਵਿਚ ਡੁੱਬ ਗਏ। ਚੁਫੇਰੇ ਸੋਗ ਪਸਰ ਗਿਆ ਤੇ ਭਰਿਆ ਮੇਲਾ ਵਿਛੜ ਗਿਆ। ਬਬਲੀ ਨੇ ਦੱਸਿਆ ਕਿ ਕਦੇ-ਕਦੇ ਅੰਬੀ ਛਾਤੀ `ਚ ਦਰਦ ਹੋਣ ਦੀ ਸਿ਼ਕਾਇਤ ਕਰਿਆ ਕਰਦਾ ਸੀ ਪਰ ਕਦੇ ਮੈਡੀਕਲ ਚੈੱਕ-ਅੱਪ ਨਹੀਂ ਸੀ ਕਰਵਾਇਆ। ਉਹ ਇਸ ਨੂੰ ਮਾਮੂਲੀ ਤਕਲੀਫ਼ ਸਮਝਦਾ ਸੀ। ਉਹਦੀ ਅਚਾਨਕ ਹੋਈ ਮ੍ਰਿਤੂ ਤੋਂ ਹੀ ਪਤਾ ਲੱਗਾ ਕਿ ਉਹਦੀ ਮਰਜ਼ ਗੰਭੀਰ ਸੀ। ਸਾਰੇ ਖਿਡਾਰੀਆਂ ਨੂੰ ਚਾਹੀਦੈ ਕਿ ਉਹ ਅਜਿਹੀਆਂ ਤਕਲੀਫ਼ਾਂ ਨੂੰ ਨਜ਼ਰ-ਅੰਦਾਜ਼ ਨਾ ਕਰਿਆ ਕਰਨ, ਬਾਕਾਇਦਾ ਮੈਡੀਕਲ ਚੈੱਕ ਅੱਪ ਕਰਵਾਉਂਦੇ ਰਹਿਣ ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਬੂਟੀ ਲੈਣ।
ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਦੇ ਪੰਜਾਬੀ ਸਪੋਰਟਸ ਕਲੱਬ ਦੇ ਸਰਪ੍ਰਸਤ ਹਠੂਰ ਦੇ ਹੀ ਦਰਸ਼ਨ ਸਿੰਘ ਧਾਲੀਵਾਲ ਨੇ ਅੰਬੀ ਨੂੰ ਪਹਿਲੀ ਵਾਰ 2003 ਦੇ ਕਬੱਡੀ ਸੀਜ਼ਨ ਲਈ ਸੱਦਿਆ ਸੀ ਅਤੇ ਦੂਜੀ ਵਾਰ 2005 ਵਿਚ ਸੱਦਿਆ। ਉਹ ਹੀ ਸਾਥੀਆਂ ਨਾਲ ਅੰਬੀ ਦੀ ਦੇਹ ਹਠੂਰ ਲੈ ਕੇ ਗਿਆ। ਜਦੋਂ ਪਹਿਲੀ ਵਾਰ ਅੰਬੀ ਆਪਣੇ ਪਿੰਡ ਹਠੂਰ ਮੁੜਿਆ ਸੀ ਤਾਂ ਪਿੰਡ ਵਾਸੀਆਂ ਢੋਲ ਢਮੱਕੇ ਨਾਲ ਜੇਤੂ ਜਲੂਸ ਕੱਢਿਆ ਸੀ ਤੇ ਖੁਸ਼ੀਆਂ ਮਨਾਈਆਂ ਸਨ। ਉੱਦਣ 8 ਅਗਸਤ ਦਾ ਦਿਨ ਸੀ। ਕਿਸਮਤ ਦਾ ਖੇਲ੍ਹ ਵੇਖੋ ਕਿ 2005 `ਚ ਵੀ 8 ਅਗਸਤ ਦਾ ਦਿਨ ਹੀ ਸੀ ਜਿੱਦਣ ਅੰਬੀ ਦੀ ਦੇਹ ਹਠੂਰ ਦੀਆਂ ਬਰੂਹਾਂ `ਚ ਪੁੱਜੀ। ਉਸ ਦਿਨ ਇਲਾਕੇ ਦੇ ਹਜ਼ਾਰਾਂ ਲੋਕ ਸੋਗ ਵਿਚ ਹੰਝੂ ਵਹਾ ਰਹੇ ਸਨ।
ਡਾ. ਬਿੱਲੂ ਵੱਲੋਂ ਪੁਸਤਕ ਬਾਰੇ ਦੋ ਸ਼ਬਦ
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਉਹ ਕਰ ਆਰਾਮ ਨਹੀਂ ਬਹਿੰਦੇ।
ਨੇਹੁੰ ਵਾਲੇ ਨੈਣਾਂ ਕੀ ਨੀਂਦਰ,
ਉਹ ਰਾਤ ਦਿਨੇ ਪਏ ਵਹਿੰਦੇ।
ਇੱਕੋ ਲਗਨ ਲੱਗੀ ਲਈ ਜਾਂਦੀ,
ਹੈ ਟੋਰ ਅਨੰਤ ਉਨ੍ਹਾਂ ਦੀ,
ਵਸਲੋਂ ਉਰੇ ਮੁਕਾਮ ਨਾ ਕੋਈ,
ਸੋ ਚਾਲ ਪਏ ਨਿੱਤ ਰਹਿੰਦੇ।
ਮੇਰਾ ਮਨ ਹਮੇਸ਼ਾਂ ਹੀ ਕੁਝ ਨਾ ਕੁਝ ਕਰਨ ਨੂੰ ਅਹੁਲਦਾ ਰਹਿੰਦਾ ਹੈ। ਮੈਨੂੰ ਬਾਈ ਗੁਰਜੀਤ ਰਾਏਸਰ ਨੇ ਛੋਟੀ ਉਮਰੇ ਹੀ ਸਾਹਿਤ ਪੜ੍ਹਨ ਦੀ ਚੇਟਕ ਲਾ ਦਿੱਤੀ ਸੀ। ਸਾਡੇ ਘਰ ਕਿਤਾਬ ਪਈ ਹੁੰਦੀ ਸੀ ‘ਲਹੂ ਦੀ ਲੋਅ’। ਉਹ ਕਿਤਾਬ ਮੇਰਾ ਵੱਡਾ ਭਾਈ ਗੁਰਜੀਤ ਹੀ ਲੈ ਕੇ ਆਇਆ ਸੀ। ਜਦੋਂ ਕੋਈ ਘਰੇ ਨਾ ਹੋਣ ਤਾਂ ਮੈਂ ਚੋਰੀ-ਚੋਰੀ ਪੜ੍ਹ ਲਿਆ ਕਰਨੀ। ਉਸ ਕਿਤਾਬ ਨੇ ਤਾਂ ਮੈਨੂੰ ਝੰਜੋੜ ਕੇ ਰੱਖ ਦਿੱਤਾ। ਫੇਰ ਤਾਂ ਮੈਨੂੰ ਐਂ ਹੋਇਆ ਕਰੇ ਬਈ ਮੈਨੂੰ ਕੋਈ ਕਿਤਾਬ ਮਿਲਜੇ ਪੜ੍ਹਨ ਨੂੰ ਤੇ ਜਿਥੋਂ ਵੀ ਕੋਈ ਨਾਵਲ ਜਾਂ ਕਹਾਣੀ ਸੰਗ੍ਰਹਿ ਮਿਲਦਾ ਪੜ੍ਹਦਾ ਰਹਿੰਦਾ…।
ਮੇਰਾ ਪੇਸ਼ਾ ਡਾਕਟਰੀ ਦਾ ਹੈ, ਮੇਰੇ ਕੋਲ ਇਕ ਮਿੰਟ ਦੀ ਵੀ ਵਿਹਲ ਨਹੀਂ ਸੀ। ਮੈਂ ਜੋ ਇਹ ਕਿਤਾਬ ਲਿਖੀ ਹੈ, ਰਾਤਾਂ ਜਾਗ ਕੇ ਲਿਖੀ ਹੈ। ਮੈਂ ਅੰਬੀ ਦੇ ਛੋਟੇ ਭਰਾ ਨੂੰ ਕਹਿ ਦਿੱਤਾ ਸੀ, “ਮੈਂ ਕਿਤਾਬ ਲਿਖਣੀ ਚਾਹੁੰਦਾ ਹਾਂ ਪਰ ਮੇਰੇ ਕੋਲ ਟਾਈਮ ਨਹੀਂ। ਇਹ ਕਿਤਾਬ ਆਪਾਂ ਰਾਤਾਂ ਨੂੰ ਹੀ ਲਿਖਣੀ ਹੈ। ਮੈਨੂੰ ਤੁਹਾਡੇ ਕੋਲ ਰਾਤਾਂ ਨੂੰ ਈ ਆਉਣਾ ਪਊ…। ਸਰਦੀਆਂ ਦੇ ਦਿਨ ਸਨ। ਸੂਰਜ ਸੰਦੇਹਾਂ ਹੀ ਛਿਪ ਜਾਂਦਾ। ਹਠੂਰ ਨੂੰ ਜਾਣ ਵਾਲੀ ਬੱਸ ਮੇਰੇ ਪਿੰਡ ਸ਼ਾਮ ਦੇ ਸੱਤ ਵਜੇ ਆਉਂਦੀ, ਮੈਂ ਉਸ `ਤੇ ਜਾਣਾ। ਅਸੀਂ ਰਾਤ ਦੇ ਬਾਰਾਂ ਇਕ ਵਜੇ ਤਕ ਲਿਖੀ ਜਾਣਾ ਤੇ ਸਵੇਰੇ ਛੇ ਦਸ `ਤੇ ਮੇਰੇ ਪਿੰਡ ਨੂੰ ਚਲਦੀ ਬੱਸ `ਚ ਬੈਠ ਕੇ ਮੈਂ ਸੱਤ ਵਜੇ ਵਾਪਸ ਪਿੰਡ ਦੁਕਾਨ `ਤੇ ਆ ਜਾਣਾ…
ਬਿੱਲੂ ਰਾਏਸਰ ਦੀ ਇਹ ਪੁਸਤਕ ਪੰਜਾਬੀ ਖੇਡ ਸਾਹਿਤ ਵਿਚ ਨਿਆਰੀ ਰਚਨਾ ਹੈ। ਇਹਦੇ ਵਿਚ ਲੇਖਕ ਵੱਲੋਂ ਅੰਬੀ ਦੇ ਪਿਤਾ ਜੋਗਿੰਦਰ ਸਿੰਘ, ਮਾਤਾ ਮਲਕੀਤ ਕੌਰ, ਭਰਾ ਸੋਨੀ ਤੇ ਬੱਬੂ, ਦੋਸਤ ਬਬਲੀ ਚੜਿੱਕ, ਸੀਰਾ ਹਠੂਰ, ਨਿਸ਼ਾਨ ਭੰਮੀਪੁਰਾ, ਕੋਚ ਮੱਖਣ ਸਿੰਘ ਡੀਪੀਈ, ਸੀਰਾ ਬੁੱਘੀਪੁਰਾ, ਮੁਖਤਿਆਰ ਘੋਦੀ, ਕੁਮੈਂਟੇਟਰ ਦਰਸ਼ਨ ਬੜੀ, ਮਨਜੀਤ ਕੈਨੇਡਾ, ਕਬੱਡੀ ਖਿਡਾਰੀ ਭੜਥਾ ਗੁਰਮ, ਕਾਲਾ ਹਠੂਰ, ਜਗਤਾਰ ਬੱਟਾ, ਹਰਵੰਤ ਲਵਲੀ, ਹਰੀ ਚੰਦ ਮੀਟ ਵਾਲਾ ਤੇ ਪਿੰਡ ਦੇ ਹੋਰ ਬੰਦਿਆਂ ਨਾਲ ਕੀਤੀਆਂ ਮੁਲਕਾਤਾਂ ਦਾ ਵੇਰਵਾ ਹੈ। ਜਿਹੜੇ ਖਿਡਾਰੀ ਅੰਬੀ ਨਾਲ ਬਚਪਨ `ਚ ਖੇਡਦੇ ਰਹੇ, ਟੂਰਨਾਮੈਂਟਾਂ `ਚ ਖੇਡੇ ਜਾਂ ਕੈਨੇਡਾ `ਚ ਮਿਲੇ ਗਿਲੇ, ਡਾ. ਬਿੱਲੂ ਨੇ ਉਨ੍ਹਾਂ ਤੋਂ ਅੰਬੀ ਬਾਰੇ ਵੱਧ ਤੋਂ ਵੱਧ ਤੱਥ ਜਾਣਨ ਦੀ ਕੋਸਿ਼ਸ਼ ਕੀਤੀ ਤੇ ਸਿ਼ੱਦਤ ਨਾਲ ਲਿਖਿਆ। ਇਸ ਪੁਸਤਕ ਵਿਚ ਕਰੁਣਾ ਵੀ ਹੈ, ਕਾਵਿਕਤਾ ਵੀ ਤੇ ਮੌਤ ਦਾ ਮਾਰਮਿਕ ਵਰਣਨਵੀ ਹੈ।
ਸੱਜਣ ਮੈਂਡੇ ਰਾਂਗਲੇ
ਚੰਨ ਧੁੱਪ ਦੇ ਵਿਚ ਹੈ ਸੌਂ ਗਿਆ,
ਨੀ ਅੱਜ ਸਿਖਰ ਦੁਪਹਿਰੇ
ਕਿਰਨਾਂ ਹੋਈਆਂ ਸੌਲੀਆਂ,
ਨੀ ਅੱਜ ਸਿਖਰ ਦੁਪਹਿਰੇ
ਕਿਹੜੀ ਅੱਖ ਨਹੀਂ ਰੋਈ,
ਕਿਹੜਾ ਦਿਲ ਨਹੀਂ ਰੋਇਆ
ਕੋਈ ਕਾਲਜਾ ਤਾਂ ਦੱਸੋ,
ਜਿੱਥੇ ਛੇਕ ਨਹੀਂਓਂ ਹੋਇਆ
ਬਬਲੀ ਚੜਿੱਕ ਦੀ ਜ਼ਬਾਨੀ: ਐਂਬੂਲੈਂਸ ਆ ਗਈ। ਲੋਕਾਂ ਨੂੰ ਪਾਸੇ ਕਰ ਕੇ ਅੰਬੀ ਨੂੰ ਗੱਡੀ `ਚ ਪਾ ਲਿਆ। ਉਨ੍ਹਾਂ ਨੇ ਟਰੀਟਮੈਂਟ ਸ਼ੁਰੂ ਕਰ ਦਿੱਤਾ, ਕੋਈ ਕਰੰਟ ਬਗੈਰਾ ਵੀ ਲਾਇਆ। ਇੰਜੈਕਸ਼ਨ ਵੀ ਲਾਏ। ਉਨ੍ਹਾਂ ਨੇ ਪੂਰੀ ਵਾਹ ਲਾਈ। ਮੈਂ ਤੇ ਸੀਰਾ ਤਾਂ ਕਮਲੇ ਹੋਏ ਫਿਰਦੇ ਸੀ। ਅਸੀਂ ਉਨ੍ਹਾਂ ਨੂੰ ਕਿਹਾ, ਬਾਈ ਕਰੋ ਕੁਛ ਜੋ ਹੁੰਦਾ, ਸਾਨੂੰ ਲੱਗਦਾ ਸਾਡਾ ਅੰਬੀ ਹੈ ਨੀ। ਪਰ ਉਹ ਕਹਿੰਦੇ, ਸਭ ਠੀਕ ਹੋ-ਜੂ, ਤੁਸੀਂ ਘਬਰਾਓ ਨਾ। ਉਹ ਐਂਬੂਲੈਂਸ ਨੂੰ ਹਸਪਤਾਲ ਲੈ ਤੁਰੇ। ਸਾਡੇ `ਚੋਂ ਤਾਂ ਸਾਹ ਸਤ ਹੀ ਮੁੱਕ ਗਿਆ ਸੀ। ਪਤਾ ਨਹੀਂ ਸੀ ਲੱਗਦਾ ਬਈ ਹੁਣ ਕੀ ਕਰੀਏ? ਅਸੀਂ ਫੇਰ ਨਿਸ਼ਾਨ ਨੂੰ ਫੋਨ ਲਾਇਆ ਕਿ ਅੰਬੀ ਨੂੰ ਦੌਰਾ ਜਿਹਾ ਪੈ ਗਿਆ। ਉਹ ਕਹਿੰਦਾ ਮੈਂ ਹੁਣੇ ਆਇਆ ਤੇ ਉਹ ਬਹੁਤ ਜਲਦੀ ਹਸਪਤਾਲ ਪਹੁੰਚ ਗਿਆ।
ਹੋਰ ਵੀ ਯਾਰ ਮਿੱਤਰ ਜਿਹੜੇ ਟੂਰਨਾਮੈਂਟ ਵਿਚ ਸੀ ਜਿਵੇਂ ਮਨਜੀਤ, ਪੀਟਰ, ਰਾਜ ਬੱਧਨੀ, ਕਾਂਤਾ, ਦੀਦਾਰੇਵਾਲੇ ਤੋਂ ਦੋ ਤਿੰਨ ਮੁੰਡੇ, ਸਿ਼ੰਦਰੀ, ਕਿੰਦਾ ਆਹਲੂਵਾਲੀਆ, ਡੀਸੀ ਤਲਵੰਡੀ, ਸਾਰੇ ਹਸਪਤਾਲ ਪਹੁੰਚ ਗਏ। ਕੁਝ ਸਮੇਂ ਬਾਅਦ ਮੈਨੂੰ, ਸੀਰੇ, ਨਿਸ਼ਾਨ ਤੇ ਮਨਜੀਤ ਨੂੰ ਡਾਕਟਰਾਂ ਨੇ ਅੰਦਰ ਬੁਲਾਇਆ। ਇਕ ਗੋਰਾ ਤੇ ਇਕ ਪੰਜਾਬੀ ਡਾਕਟਰ ਮੌਜੂਦ ਸੀ। ਉਨ੍ਹਾਂ ਨੇ ਸਾਨੂੰ ਬੜੇ ਧੀਰਜ ਨਾਲ ਬਿਠਾਇਆ ਤੇ ਫੇਰ ਕਹਿੰਦੇ, “ਬਈ ਨੌਜੁਆਨੋਂ, ਤੁਸੀਂ ਘਬਰਾਇਓ ਨਾ, ਗੱਲ ਬਹੁਤ ਹੀ ਜਿਗਰੇ ਨਾਲ ਸੁਣਨ ਵਾਲੀ ਆ। ਜੇ ਤੁਸੀਂ ਹੀ ਡੋਲ ਗਏ ਤਾਂ ਇਹਦੇ ਮਾਤਾ-ਪਿਤਾ ਤੇ ਭੈਣ-ਭਰਾਵਾਂ ਨੂੰ ਕੌਣ ਦਿਲਾਸਾ ਦੇਊ? ਇਸ ਦੀ ਮੌਤ ਦਿਲ ਦਾ ਸਖ਼ਤ ਦੌਰਾ ਪੈਣ ਕਾਰਨ ਹੋ ਗਈ ਆ। ਅਸੀਂ ਟਰਾਈ ਕਰ ਕੇ ਹਾਰ ਚੁੱਕੇ ਆਂ। ਇਕ ਘੰਟੇ ਤੋਂ ਇਸ ਦੇ ਦਿਲ ਤੇ ਦਿਮਾਗ ਨੂੰ ਆਕਸੀਜਨ ਨਹੀਂ ਮਿਲੀ। ਹੁਣ ਤੁਸੀਂ ਇਸ ਨੂੰ ਵੇਖ ਸਕਦੇ ਹੋ।
ਅਸੀਂ ਰੂਮ `ਚ ਜਾ ਕੇ ਵੇਖਿਆ, ਉਹ ਸੁੱਤੇ ਪਏ ਬੰਦੇ ਵਾਂਗ ਹੀ ਸੁੱਤਾ ਪਿਆ ਸੀ। ਪਰ ਉਹਦੀ ਰੂਹ ਉਡਾਰੀ ਮਾਰ ਚੁੱਕੀ ਸੀ ਤੇ ਸਾਡੇ ਸਾਹਮਣੇ ਅੰਬੀ ਦਾ ਬੁੱਤ ਹੀ ਪਿਆ ਸੀ। ਨਿਸ਼ਾਨ ਤੇ ਸੀਰੇ ਹੋਰੀਂ ਤਾਂ ਉੱਚੀ-ਉੱਚੀ ਧਾਹਾਂ ਮਾਰਨ ਲੱਗ ਪਏ। ਰੋਕਦਿਆਂ ਵੀ ਸਭਨਾਂ ਦੀਆਂ ਅੱਖਾਂ `ਚੋਂ ਤ੍ਰਿਪ ਤ੍ਰਿਪ ਹੰਝੂ ਡਿੱਗ ਰਹੇ ਸਨ। ਉਥੇ ਕੋਈ ਬਜ਼ੁਰਗ ਦਿਲਾਸਾ ਦੇਣ ਵਾਲਾ ਵੀ ਨਹੀਂ ਸੀ। ਅਸੀਂ ਬਾਈ ਦਰਸ਼ਨ ਸਿੰਘ ਧਾਲੀਵਾਲ ਨੂੰ ਫੋਨ ਲਾਇਆ। ਹਸਪਤਾਲ ਵਾਲੇ ਪੁੱਛਣ ਲੱਗੇ, “ਦੱਸੋ, ਤੁਸੀਂ ਕੀ ਚਾਹੁੰਦੇ ਹੋ? ਅਸੀਂ ਤੁਹਾਡੀ ਹੈਲਪ ਕਰਾਂਗੇ।” ਅਸੀਂ ਕਿਹਾ, “ਅਸੀਂ ਲਾਸ਼ ਇੰਡੀਆ, ਪੰਜਾਬ ਇਹਦੇ ਪਿੰਡ ਲਿਜਾਣਾ ਚਾਹੁੰਦੇ ਹਾਂ। ਸਸਕਾਰ ਉਥੇ ਹੀ ਕਰਾਂਗੇ।” ਉਹ ਕਹਿੰਦੇ, “ਤੁਸੀਂ ਲੋੜੀਂਦੀ ਕਾਰਵਾਈ ਕਰੋ। ਅਸੀਂ ਵੀ ਤੁਹਡੀ ਮਦਦ ਕਰਾਂਗੇ। ਲਾਸ਼ ਅਸੀਂ ਸੰਭਾਲ ਕੇ ਰੱਖਾਂਗੇ। ਹੁਣ ਜੇ ਤੁਸੀਂ ਜਾਣਾ ਹੋਵੇ ਤਾਂ ਜਾ ਸਕਦੇ ਹੋ। ਅੱਜ ਸ਼ਨੀਵਾਰ ਹੈ, ਕੱਲ੍ਹ ਐਤਵਾਰ ਤੇ ਪਰਸੋਂ ਲਾਂਗ ਵੀਕਐਂਡ ਦੀ ਛੁੱਟੀ ਹੈ। ਤੁਸੀਂ ਮੰਗਲਵਾਰ ਆਉਣਾ। ਦੋ ਤਿੰਨ ਦਿਨਾਂ `ਚ ਅਸੀਂ ਕਪੜੇ ਬਣਵਾ ਲਏ। ਉਹ ਕਹਿੰਦੇ ਤੁਸੀਂ ਇਸ਼ਨਾਨ ਕਰਵਾ ਦੇਵੋ। ਜਦੋਂ ਇਸ਼ਨਾਨ ਕਰਵਾ ਦਿੱਤਾ ਤਾਂ ਬਾਬੇ ਨੇ ਇਸ਼ਨਾਨ ਕਰਵਾਉਣ ਤੋਂ ਬਾਅਦ ਜਪੁਜੀ ਸਾਹਿਬ ਦਾ ਪਾਠ ਕੀਤਾ। ਮਾਹੌਲ ਬਹੁਤ ਹੀ ਗ਼ਮਗ਼ੀਨ ਸੀ। ਬਾਬੇ ਨੇ ਮੌਤ ਨਾਲ ਸੰਬੰਧਿਤ ਬਾਣੀ ਦੀਆਂ ਤੁਕਾਂ ਦੇ ਅਰਥ ਕਰ ਕੇ ਸਮਝਾਏ। ‘ਜੋਰ ਨਾ ਜੀਵਣੁ, ਮਰਣੁਨਾ ਜੋਰ’ ਇਹ ਪ੍ਰਮਾਤਮਾ ਦੀ ਖੇਡ ਐ। ਜੇ ਕੋਈ ਜੋਰ ਨਾਲ ਜਿਉਂ ਸਕਦਾ ਹੁੰਦਾ ਤਾਂ ਇਹ ਜੋਰਾਵਰ ਨੌਜੁਆਨ ਕਦੇ ਵੀ ਨਾ ਮਰਦਾ। ਆਪਾਂ ਸਾਰਿਆਂ ਨੂੰ ਪਰਮਾਤਮਾ ਦਾ ਭਾਣਾ ਮੰਨਣਾ ਚਾਹੀਦੈ। ਜਿਹੜੀ ਕੈਨੇਡੀਅਨ ਕੁੜੀ ਨਾਲ ਅੰਬੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ, ਉਹ ਵੀ ਪਹੁੰਚ ਗਈ ਸੀ। ਉਸ ਨੇ ਤਾਂ ਅੰਬੀ ਨੂੰ ਅਜੇ ਸੁਫ਼ਨਿਆਂ ਵਿਚ ਹੀ ਵੇਖਿਆ ਸੀ। ਉਹਦਾ ਬੁਰਾ ਹਾਲ ਸੀ। ਚੁੱਪ ਚੁੱਪੀਤੇ ਅਥਰੂ ਕੇਰਦੀ ਆਪਣੀ ਅਭਾਗਣ ਧੀ ਨੂੰ ਉਹਦਾ ਗ਼ਮਗੀਨ ਬਾਪ ਦਿਲਾਸੇ ਦਿੰਦਾ ਮਸੀਂ ਚੁੱਪ ਕਰਵਾ ਰਿਹਾ ਸੀ…।
ਤੂੰ ਤਾਂ ਤੁਰ ਗਿਆ ਦਿਲਾਸੇ ਦੇ ਕੇ ਜੀਵਾਂਗੀ ਮੈਂ ਕੀਹਦੇ ਆਸਰੇ!