ਧੀਰੇਂਦਰ ਕੇ ਝਾਅ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਹਾਲੀਆ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਨੇ ਆਰ.ਐਸ.ਐਸ. ਨੂੰ ਆਪਣੀ ਤਾਕਤ ਬਾਰੇ ਸਵੈ-ਵਿਸ਼ਵਾਸ ਨਾਲ ਭਰ ਦਿੱਤਾ ਹੈ। ਇਸ ਨੇ ਹੁਣ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਲੁਕ-ਛਿਪ ਕੇ ਕੰਮ ਕਰਨ ਦੇ ਦਿਨ ਲੱਦ ਗਏ, ਹੁਣ ਸਪਸ਼ਟਤਾ ਦੇ ਦਿਨ ਹਨ। ਹੁਣ ਇਹ ਗੋਲਵਲਕਰ ਦੀ ਉਸ ਯੋਜਨਾ ਦੀ ਗੜਗੱਜ ਪਾ ਰਿਹਾ ਹੈ ਜਿਸ ਵਿਚ ਮੁਸਲਮਾਨਾਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਗੱਲ ਕੀਤੀ ਗਈ ਸੀ।
ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਚਾਰ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਰੋਡ ਸ਼ੋਅ ਲਈ ਅਹਿਮਦਾਬਾਦ ਪਹੁੰਚਿਆ ਤਾਂ ਉਸ ਵਕਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਸ਼ਹਿਰ ‘ਚ ਆਪਣੇ ਸਾਲਾਨਾ ਸੰਮੇਲਨ ‘ਚ ਐਮ.ਐਸ. ਗੋਲਵਲਕਰ ਦੇ ਵਿਵਾਦਪੂਰਨ ਵਿਚਾਰਾਂ ‘ਚੋਂ ਇਕ ਨੂੰ ਚੁਪ-ਚੁਪੀਤੇ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਸੀ। ਗੋਲਵਲਕਰ ਦਾ ਵਿਵਾਦ ਵਾਲਾ ਇਹ ਵਿਚਾਰ ਮੁਸਲਮਾਨਾਂ ਤੋਂ ਨਾਗਰਿਕਤਾ ਖੋਹਣ ਦੀ ਮੰਗ ਕਰਦਾ ਹੈ।
12 ਮਾਰਚ ਨੂੰ ਕਾਨਫਰੰਸ ਵਿਚ ਜਾਰੀ ਸਾਲਾਨਾ ਰਿਪੋਰਟ ਵਿਚ ਆਰ.ਐਸ.ਐਸ. ਨੇ ਕਿਹਾ, “ਸੰਵਿਧਾਨ ਅਤੇ ਧਾਰਮਿਕ ਆਜ਼ਾਦੀ ਦੀ ਆੜ ‘ਚ ਫਿਰਕੂ ਜਨੂਨ, ਰੈਲੀਆਂ, ਮੁਜ਼ਾਹਰੇ, ਸਮਾਜੀ ਅਨੁਸ਼ਾਸਨ ਅਤੇ ਪਰੰਪਰਾਵਾਂ ਦੀ ਉਲੰਘਣਾ, ਮਾਮੂਲੀ ਗੱਲਾਂ ਉੱਪਰ ਹਿੰਸਾ ਭੜਕਾਉਣ ਅਤੇ ਗੈਰ-ਕਾਨੂੰਨੀ ਤਰ੍ਹਾਂ ਦੀਆਂ ਬੁਜ਼ਦਿਲ ਕਾਰਵਾਈਆਂ ‘ਚ ਵਾਧਾ ਹੋ ਰਿਹਾ ਹੈ। ਜਾਪਦਾ ਹੈ ਕਿ ਸਰਕਾਰੀ ਤੰਤਰ ਵਿਚ ਘੁਸਪੈਠ ਕਰਨ ਲਈ ਇਕ ਖਾਸ ਭਾਈਚਾਰੇ ਵੱਲੋਂ ਯੋਜਨਾਵਾਂ ਬਣਾਈਆਂ ਗਈਆਂ ਹਨ। ਲੱਗਦਾ ਹੈ, ਇਸ ਪਿੱਛੇ ਕਿਸੇ ਲੰਮੇ ਟੀਚੇ ਵਾਲੀ ਡੂੰਘੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਏਕਤਾ, ਅਖੰਡਤਾ ਅਤੇ ਸਦਭਾਵਨਾ ਲਈ ਸੰਗਠਿਤ ਤਾਕਤ, ਜਾਗਰੂਕਤਾ ਅਤੇ ਸਰਗਰਮੀ ਨਾਲ ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਲੋੜ ਹੈ।”
ਸਪਸ਼ਟ ਹੈ ਕਿ ਇਹ ਰਿਪੋਰਟ ਭਾਰਤ ਦੇ ਸਭ ਤੋਂ ਵੱਡੇ ਘੱਟਗਿਣਤੀ ਭਾਈਚਾਰੇ, ਮੁਸਲਮਾਨਾਂ ਦੀ ਗੱਲ ਕਰ ਰਹੀ ਹੈ ਅਤੇ ਇਹ ਦਾਅਵਾ ਕਰਕੇ ਕਿ ਇਸ ਦੀ ਆੜ ‘ਚ ਸਾਜ਼ਿਸ਼ ਕੀਤੀ ਜਾ ਰਹੀ ਹੈ, ‘ਸੰਵਿਧਾਨ ਅਤੇ ਧਾਰਮਿਕ ਆਜ਼ਾਦੀ’ ‘ਤੇ ਸਵਾਲ ਉਠਾਉਣ ਦਾ ਆਧਾਰ ਤਿਆਰ ਕਰ ਰਹੀ ਹੈ।
ਆਰ.ਐਸ.ਐਸ. ਦੇ ਨਵੇਂ ਸੂਤਰ ਦਾ ਮੂਲ ਇਹ ਹੈ ਕਿ ਜਦੋਂ ਮੁਸਲਮਾਨਾਂ ਦੀ ਗੱਲ ਆਉਂਦੀ ਹੈ ਤਾਂ ਸੰਵਿਧਾਨ, ਭਾਰਤੀ ਨਾਗਰਿਕਾਂ ਦੇ ਅਧਿਕਾਰ ਪਾਸੇ ਰੱਖ ਦਿੱਤੇ ਜਾਂਦੇ ਹਨ। ਗੋਲਵਲਕਰ ਦੇ ਵਿਚਾਰਾਂ ਦਾ ਸਭ ਤੋਂ ਸਪਸ਼ਟ ਪ੍ਰਗਟਾਵਾ ਉਸ ਦੀ ਕਿਤਾਬ ‘ਅਸੀਂ ਜਾਂ ਸਾਡੀ ਰਾਸ਼ਟਰੀਅਤਾ ਦੀ ਪਰਿਭਾਸ਼ਾ’ ਵਿਚ ਮਿਲਦਾ ਹੈ ਜਿਸ ਵਿਚ ਉਸ ਨੇ ਘੱਟਗਿਣਤੀਆਂ ਲਈ ਪੂਰੀ ਤਰ੍ਹਾਂ ਨਸਲੀ ਅਧੀਨਗੀ ਦੀ ਗੱਲ ਕਰਦੇ ਹੋਏ ਸੰਘ ਦੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਦੀ ਤੁਲਨਾ ਹਿਟਲਰ ਦੇ ਯਹੂਦੀਆਂ ਨਾਲ ਵੈਰ ਨਾਲ ਕੀਤੀ ਹੈ।
ਸਰਸੰਘਚਾਲਕ ਗੋਲਵਲਕਰ ਨੇ ਆਪਣੀ 1939 ਦੀ ਕਿਤਾਬ ‘ਚ ਲਿਖਿਆ ਸੀ, ‘ਜਾਤੀ ਅਤੇ ਇਸ ਦੀ ਸੰਸਕ੍ਰਿਤੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ, ਜਰਮਨੀ ਨੇ ਮੁਲਕ ਦੀ ਯਹੂਦੀ ਨਸਲ ਨੂੰ ਸ਼ੁੱਧ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਜਰਮਨੀ ਨੇ ਇਹ ਵੀ ਦਿਖਾਇਆ ਕਿ ਅਜਿਹੀਆਂ ਨਸਲਾਂ ਅਤੇ ਸੰਸਕ੍ਰਿਤੀਆਂ ਲਈ ਜਿਨ੍ਹਾਂ ‘ਚ ਮੱਤਭੇਦ ਜੜ੍ਹ ਤੱਕ ਫੈਲੇ ਹੋਏ ਹਨ, ਸ਼ੁੱਧਤਾ ਕਿੰਨੀ ਅਸੰਭਵ ਹੈ। ਸਾਡੇ ਲਈ ਹਿੰਦੁਸਤਾਨ ਵਿਚ ਇਹ ਸਿੱਖਣ ਵਾਲਾ ਸਬਕ ਹੈ।’
ਗੈਰ-ਹਿੰਦੂਆਂ ਨੂੰ ਵਿਦੇਸ਼ੀ ਨਸਲ ਕਰਾਰ ਦੇਣ ਤੋਂ ਬਾਅਦ ਗੋਲਵਲਕਰ ਨੇ ਭਾਰਤ ਵਿਚ ਘੱਟਗਿਣਤੀਆਂ ਲਈ ਯਹੂਦੀਆਂ ਦਾ ਸਫਾਇਆ ਕਰਨ ਦੇ ਨਾਜ਼ੀ ਪ੍ਰਯੋਗ ਵਰਗਾ ਹੱਲ ਕੱਢਿਆ: ‘ਇਸ ਨਜ਼ਰੀਏ ਤੋਂ ਜੋ ਸਿਆਣੀਆਂ ਪੁਰਾਣੀਆਂ ਕੌਮਾਂ ਦੇ ਤਜਰਬੇ ਦੁਆਰਾ ਸਵੀਕਾਰ ਕੀਤਾ ਗਿਆ ਹੈ, ਭਾਰਤ ਵਿਚ ਵਸਦੀਆਂ ਵਿਦੇਸ਼ੀ ਨਸਲਾਂ ਨੂੰ ਜਾਂ ਤਾਂ ਹਿੰਦੂ ਸੰਸਕ੍ਰਿਤੀ ਅਤੇ ਭਾਸ਼ਾ ਨੂੰ ਅਪਣਾ ਲੈਣਾ ਚਾਹੀਦਾ ਹੈ, ਹਿੰਦੂ ਧਰਮ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ, ਹਿੰਦੂ ਨਸਲ ਅਤੇ ਸੰਸਕ੍ਰਿਤੀ ਉੱਪਰ ਮਾਣ ਕਰਨ ਵਾਲੇ ਵਿਚਾਰਾਂ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਆਪਣੀ ਵੱਖਰੀ ਹੋਂਦ ਨੂੰ ਪੂਰੀ ਤਰ੍ਹਾਂ ਹਿੰਦੂ ਨਸਲ ਨੂੰ ਸੌਂਪ ਦੇਣਾ ਚਾਹੀਦਾ ਹੈ ਜਾਂ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦੇ ਅਧੀਨ ਰਹਿੰਦੇ ਹੋਏ ਮੁਲਕ ‘ਚ ਟਿਕੇ ਰਹਿਣਾ ਚਾਹੀਦਾ ਹੈ ਅਤੇ ਅਜਿਹਾ ਕਰਦੇ ਸਮੇਂ ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਦਾਅਵਾ ਨਹੀਂ ਕਰਨਾ ਹੋਵੇਗਾ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ ਅਤੇ ਕਿਸੇ ਵੀ ਤਰ੍ਹਾਂ ਦੇ ਸਹੂਲਤ ਪ੍ਰਾਪਤ ਵਿਹਾਰ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨੂੰ ਨਾਗਰਿਕ ਦਾ ਵੀ ਹੱਕ ਨਹੀਂ ਮਿਲੇਗਾ।’
1948 ‘ਚ ਆਰ.ਐਸ.ਐਸ. ਦੇ ਇਕ ਮੈਂਬਰ ਦੁਆਰਾ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਕਾਰਨ ਜਥੇਬੰਦੀ ਦੀ ਭਰੋਸੇਯੋਗਤਾ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਤੇ ਸਰਕਾਰ ਨੇ ਸੰਘ ਵਿਰੁੱਧ ਸਖਤ ਕਾਰਵਾਈ ਕੀਤੀ ਸੀ। ਉਦੋਂ ਤੋਂ ਆਰ.ਐਸ.ਐਸ. ਨੇ ਬਹੁਤ ਹੀ ਸਾਵਧਾਨੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਦੇ ਸਾਲਾਂ ‘ਚ ਗੋਲਵਲਕਰ ਅਤੇ ਉਸ ਦੀ ਸੰਸਥਾ ਨੇ ਆਪਣੇ ਆਪ ਨੂੰ ਇਸ ਕਿਤਾਬ ਤੋਂ ਦੂਰ ਕਰ ਲਿਆ।
ਪਰ ਇੰਝ ਜਾਪਦਾ ਹੈ ਕਿ ਇਹ ਦੂਰੀ ਦਿਖਾਵਾ ਸੀ ਅਤੇ ਆਰ.ਐਸ.ਐਸ. ਕਿਤਾਬ ਦੇ ਸਮਾਜੀ-ਰਾਜਨੀਤਕ ਪ੍ਰੋਜੈਕਟ ਉੱਪਰ ਤਹੱਮਲ ਨਾਲ ਕੰਮ ਕਰਦੀ ਰਹੀ ਹੈ। ਆਰ.ਐਸ.ਐਸ. ਦੀ 12 ਮਾਰਚ ਦੀ ਰਿਪੋਰਟ ਇਸ ਤੱਥ ਦੀ ਪੁਸ਼ਟੀ ਹੈ। ਜਿਉਂ-ਜਿਉਂ ਅਸੀਂ ਇਸ ਰਿਪੋਰਟ ਦੀ ਗੂੜ੍ਹ ਭਾਸ਼ਾ ਦੇ ਭੁਲੇਖੇ ਵਿਚੋਂ ਬਾਹਰ ਨਿਕਲ ਕੇ ਇਸ ਵਿਚ ਛੁਪੇ ਰਾਜ਼ ਨੂੰ ਸਮਝਣ ਲੱਗਦੇ ਹਾਂ, ਤਿਉਂ-ਤਿਉਂ ਗੋਲਵਲਕਰ ਦੇ ਮੂਲ ਫਾਰਮੂਲੇ ਅਨੁਸਾਰੀ ਵਿਚਾਰ ਯੋਜਨਾ ਸਪਸ਼ਟ ਹੁੰਦੀ ਜਾਂਦੀ ਹੈ; ਅਜਿਹਾ ਫਾਰਮੂਲਾ ਜਿਸ ਨੂੰ ਉਦੋਂ ਤੱਕ ਖੁੱਲ੍ਹ ਕੇ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਸੰਘ ਮੋਦੀ ਰਾਜ ਦੇ ਤਹਿਤ ਮੁਲਕ ਉੱਪਰ ਆਪਣਾ ਦਬਦਬਾ ਕਾਇਮ ਨਹੀਂ ਕਰ ਲੈਂਦਾ।
ਪਾਬੰਦੀਆਂ ਦੌਰਾਨ ਮਾਯੂਸੀ ਦੀ ਹਾਲਤ ‘ਚ ਸੰਘ ਨੇ ‘ਅਸੀਂ ਅਤੇ ਸਾਡੀ ਰਾਸ਼ਟਰੀਅਤਾ ਦੀ ਪਰਿਭਾਸ਼ਾ’ ਦੀ ਜਗ੍ਹਾ ਗੋਲਵਲਕਰ ਦੇ ਭਾਸ਼ਣਾਂ ਦੇ ਸੰਗ੍ਰਹਿ ‘ਬੰਚ ਆਫ ਥਾਟਸ’ (ਵਿਚਾਰਾਂ ਦਾ ਸਮੂਹ) ਨੂੰ ਅਧਿਕਾਰਕ ਤੌਰ ‘ਤੇ ਜਥੇਬੰਦੀ ਦੀ ਕੇਂਦਰੀ ਵਿਚਾਰਧਾਰਾ ਮੰਨਿਆ। 1966 ‘ਚ ਛਪੇ ਇਸ ਸੰਗ੍ਰਹਿ ‘ਚ ਗੋਲਵਲਕਰ ਦੀ ਪਹਿਲੀ ਕਿਤਾਬ ਦੇ ਵਿਚਾਰਾਂ ਨੂੰ ਲਿਆ ਗਿਆ ਪਰ ਅੰਦਰੂਨੀ ਦੁਸ਼ਮਣ ਕੌਣ ਹੈ, ਬਾਰੇ ਪਹਿਲਾਂ ਵਾਲੀ ਸਪਸ਼ਟਤਾ ਨੂੰ ਧੁੰਦਲਾ ਕਰ ਲਿਆ। 1966 ਵਾਲੀ ਕਿਤਾਬ ਇਸ ਸਿਧਾਂਤ ਉੱਪਰ ਖਾਮੋਸ਼ ਸੀ ਕਿ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸੰਘ ਨੂੰ ਮੁਸਲਮਾਨਾਂ ਵਿਰੁੱਧ ਕੀ ਕਾਰਵਾਈਆਂ ਕਰਨ ਦੀ ਜ਼ਰੂਰਤ ਹੋਵੇਗੀ। ਨਵੀਂ ਕਿਤਾਬ ਵਿਚ ਗੋਲਵਲਕਰ ਨੇ ਮੁਸਲਮਾਨਾਂ ਨੂੰ ਹਿੰਦੂ ਰਾਸ਼ਟਰ ਦੇ ਗਠਨ ਲਈ ਤਿੰਨ ਮੁੱਖ ਖਤਰਿਆਂ ਵਿਚੋਂ ਇਕ ਵਜੋਂ ਦੇਖਿਆ ਸੀ। ਬਾਕੀ ਦੋ ਸਨ: ਇਸਾਈ ਅਤੇ ਕਮਿਊਨਿਸਟ। ਨਾਲ ਹੀ ਹਿੰਦੂਆਂ ਨੂੰ ਰਾਸ਼ਟਰ ਦੇ ਇੱਕੋ-ਇਕ ਸੱਚੇ ਪ੍ਰੇਮੀ ਵਜੋਂ ਪੇਸ਼ ਕੀਤਾ: ‘ਕੀ ਭਾਰਤ ਦੀ ਵੰਡ ਤੋਂ ਬਾਅਦ ਇੱਥੇ ਰਹਿਣ ਵਾਲੇ ਬਦਲ ਗਏ ਹਨ? ਕੀ 1946-47 ਦੇ ਸਮੂਹਿਕ ਦੰਗਿਆਂ, ਲੁੱਟਮਾਰ, ਅੱਗਜ਼ਨੀ, ਬਲਾਤਕਾਰ ਦੇ ਨਤੀਜੇ ਵਜੋਂ ਹੁਣ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਅਤੇ ਕਾਤਲਾਨਾ ਮਨੋਦਸ਼ਾ ਬਦਲ ਗਈ ਹੈ? ਇਹ ਮੰਨਣਾ ਆਤਮਘਾਤੀ ਹੋਵੇਗਾ ਕਿ ਪਾਕਿਸਤਾਨ ਬਣਨ ਤੋਂ ਬਾਅਦ ਉਹ ਰਾਤੋ-ਰਾਤ ਦੇਸ਼ਭਗਤ ਬਣ ਗਏ ਹਨ। ਇਸ ਦੇ ਉਲਟ ਪਾਕਿਸਤਾਨ ਬਣਨ ਨਾਲ ਮੁਸਲਮਾਨਾਂ ਦਾ ਖਤਰਾ ਸੌ ਗੁਣਾ ਵਧ ਗਿਆ ਹੈ ਜੋ ਸਾਡੇ ਮੁਲਕ ‘ਤੇ ਉਨ੍ਹਾਂ ਦੇ ਭਵਿੱਖੀ ਹਮਲਾਵਰ ਹਮਲਿਆਂ ਲਈ ਹੁਲਾਰਾ ਬਣ ਗਿਆ ਹੈ… ਸਗੋਂ ਪੂਰੇ ਮੁਲਕ ਵਿਚ ਜਿੱਥੇ ਵੀ ਕੋਈ ਮਸਜਿਦ ਜਾਂ ਮੁਸਲਮਾਨ ਮੁਹੱਲਾ ਹੈ, ਮੁਸਲਮਾਨ ਸਮਝਦੇ ਹਨ ਕਿ ਇਹ ਉਨ੍ਹਾਂ ਦਾ ਆਪਣਾ ਆਜ਼ਾਦ ਇਲਾਕਾ ਹੈ। ਜੇ ਹਿੰਦੂ ਕਦੇ ਗੀਤ-ਸੰਗੀਤ ਦੇ ਨਾਲ ਜਲੂਸ ਕੱਢਦੇ ਹਨ ਤਾਂ ਉਹ ਇਹ ਕਹਿੰਦੇ ਹੋਏ ਗੁੱਸੇ ਵਿਚ ਆ ਜਾਂਦੇ ਹਨ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਐਨੀਆਂ ਹੀ ਸੰਵੇਦਨਸ਼ੀਲ ਹੋ ਗਈਆਂ ਹਨ ਕਿ ਉਨ੍ਹਾਂ ਨੂੰ ਸੁਰੀਲੇ ਸੰਗੀਤ ਨਾਲ ਠੇਸ ਪਹੁੰਚਦੀ ਹੈ, ਤਾਂ ਉਹ ਆਪਣੀਆਂ ਮਸਜਿਦਾਂ ਨੂੰ ਜੰਗਲਾਂ ਵਿਚ ਕਿਉਂ ਨਹੀਂ ਲੈ ਜਾਂਦੇ ਅਤੇ ਉੱਥੇ ਸ਼ਾਂਤੀ ਨਾਲ ਨਮਾਜ ਕਿਉਂ ਨਹੀਂ ਪੜ੍ਹਦੇ?’
‘ਬੰਚ ਆਫ ਥਾਟਸ’ ਵਿਚ ਗੋਲਵਲਕਰ ਨੇ ਕਿਤੇ ਵੀ ਇਹ ਨਹੀਂ ਦੱਸਿਆ ਕਿ ਸੱਤਾ ਵਿਚ ਆਉਣ ਤੋਂ ਬਾਅਦ ਸੰਘ ਮੁਸਲਮਾਨਾਂ ਨਾਲ ਨਜਿੱਠਣ ਲਈ ਕਿਹੜੇ ਤਰੀਕੇ ਵਰਤੇਗਾ। ਨਵੇਂ ਵਿਚਾਰਧਾਰਕ ਪਾਠ ਵਿਚੋਂ ਨਾਜ਼ੀਆਂ ਅਤੇ ਉਨ੍ਹਾਂ ਦੇ ਯਹੂਦੀ-ਵੈਰ ਦੇ ਹਵਾਲੇ ਵੀ ਗਾਇਬ ਹੋ ਗਏ। ਕਿਤਾਬ ਖਤਰਿਆਂ ਦੀ ਗੱਲ ਕਰਦੀ ਹੈ ਪਰ ਅੱਗੇ ਵਧਣ ਦਾ ਰਾਹ ਦੱਸਣ ਤੋਂ ਬਚਦੀ ਹੈ।
ਸਤੰਬਰ 2018 ‘ਚ ਮੌਜੂਦਾ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਗੋਲਵਲਕਰ ਦੇ ਵਿਚਾਰਾਂ ਦੇ ਇਸ ਪੇਤਲੇ ਰੂਪ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਉਦੋਂ ਉਸ ਨੇ ਐਲਾਨ ਕੀਤਾ ਕਿ ‘ਬੰਚ ਆਫ ਥਾਟਸ’ ਵਿਚ ਪ੍ਰਗਟਾਏ ਕੁਝ ਵਿਚਾਰ ਸਦੀਵੀ ਨਹੀਂ: “ਚੀਜ਼ਾਂ ਹਾਲਾਤ ਅਤੇ ਕਿਸੇ ਖਾਸ ਪ੍ਰਸੰਗ ‘ਚ ਕਹੀਆਂ ਜਾਂਦੀਆਂ ਹਨ। ਉਹ ਸਦੀਵੀ ਨਹੀਂ ਹੁੰਦੀਆਂ।” ਉਹ ਦਿੱਲੀ ਵਿਚ ਸਮਾਰੋਹ ਵਿਚ ਭਾਰਤ ਵਿਚ ਗੈਰ-ਹਿੰਦੂਆਂ ਬਾਰੇ ਆਰ.ਐਸ.ਐਸ. ਦੇ ਵਿਚਾਰਾਂ ਨੂੰ ਲੈ ਕੇ ਘੱਟਗਿਣਤੀਆਂ ਵਿਚ ਪੈਦਾ ਹੋਏ ਖਦਸ਼ਿਆਂ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ: “ਅਸੀਂ ‘ਵਿਜ਼ਨ ਐਂਡ ਮਿਸ਼ਨ: ਗੁਰੂ ਜੀ’ ਕਿਤਾਬ ਛਾਪੀ ਹੈ ਜਿਸ ਵਿਚ ਉਨ੍ਹਾਂ ਦੇ ਸਦੀਵੀ ਵਿਚਾਰ ਹਨ। ਅਸੀਂ ਉਨ੍ਹਾਂ ਸਾਰੇ ਵਿਚਾਰਾਂ ਨੂੰ ਹਟਾ ਦਿੱਤਾ ਹੈ ਜੋ ਕੁਝ ਖਾਸ ਹਾਲਾਤ ਵਿਚ ਉੱਭਰੇ ਹੋਣਗੇ ਅਤੇ ਸਿਰਫ ਉਨ੍ਹਾਂ ਨੂੰ ਹੀ ਰੱਖਿਆ ਹੈ ਜੋ ਸਦੀਵੀ ਹਨ।” ਉਨ੍ਹਾਂ ਕਿਹਾ, “ਆਰ.ਐਸ.ਐਸ. ਕੋਈ ਜੜ੍ਹ ਜਥੇਬੰਦੀ ਨਹੀਂ ਹੈ, ਸਮੇਂ ਨਾਲ ਸਾਡੀ ਸੋਚ ਅਤੇ ਇਸ ਦਾ ਇਜ਼ਹਾਰ ਵੀ ਬਦਲ ਜਾਂਦਾ ਹੈ।”
ਆਰ.ਐਸ.ਐਸ. ਦੀ ਤਾਜ਼ਾ ਸਾਲਾਨਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਕਦੇ ਵੀ ਆਪਣੇ ਆਪ ਨੂੰ ‘ਅਸੀਂ ਅਤੇ ਸਾਡੀ ਰਾਸ਼ਟਰੀਅਤਾ ਦੀ ਪਰਿਭਾਸ਼ਾ’ ਤੋਂ ਦੂਰ ਨਹੀਂ ਕੀਤਾ। ਜਦੋਂ ਤੋਂ ਮੋਦੀ ਸੱਤਾ ਵਿਚ ਆਇਆ ਹੈ, ਗੋਲਵਲਕਰ ਦੀ ਯੋਜਨਾ ਪੂਰੇ ਭਾਰਤ ਵਿਚ ਫੈਲ ਗਈ ਹੈ। ਮੁਸਲਮਾਨਾਂ ਦੀ ਲਿੰਚਿੰਗ, ਹਿਜਾਬ ‘ਤੇ ਹਮਲੇ, ਮੁਸਲਿਮ ਕਾਰਕੁਨਾਂ ਦੀਆਂ ਗ੍ਰਿਫਤਾਰੀਆਂ ਅਤੇ ਨਾਗਰਿਕਤਾ (ਸੋਧ) ਐਕਟ-2019 ਦਾ ਵਿਰੋਧ ਕਰਨ ਵਾਲਿਆਂ ਨੂੰ ਫਸਾਉਣ ਤੋਂ ਇਹ ਸਪਸ਼ਟ ਹੈ। ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਜ਼ਬਰਦਸਤ ਜਿੱਤ ਤੋਂ ਤਕਰੀਬਨ ਤਿੰਨ ਸਾਲ ਬਾਅਦ, ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਇਸ ਦੀ ਸ਼ਾਨਦਾਰ ਜਿੱਤ ਨੇ ਆਰ.ਐਸ.ਐਸ. ਨੂੰ ਆਪਣੀ ਤਾਕਤ ਬਾਰੇ ਸਵੈ-ਵਿਸ਼ਵਾਸ ਨਾਲ ਭਰ ਦਿੱਤਾ ਹੈ। ਸੰਘ ਨੇ ਹੁਣ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਲੁਕ-ਛਿਪ ਕੇ ਕੰਮ ਕਰਨ ਦੇ ਦਿਨ ਲੱਦ ਗਏ, ਹੁਣ ਸਪਸ਼ਟਤਾ ਦੇ ਦਿਨ ਹਨ। ਅਜਿਹੇ ਸਮੇਂ ‘ਚ ਜਦੋਂ ਆਰ.ਐਸ.ਐਸ. ਅਧਿਕਾਰਕ ਤੌਰ ‘ਤੇ ਗੋਲਵਲਕਰ ਦੀ ਯੋਜਨਾ ਦੀ ਗੜਗੱਜ ਪਾ ਰਿਹਾ ਹੈ, ਮੋਦੀ ਦੀ ਅਹਿਮਦਾਬਾਦ ਵਿਚ ਮੌਜੂਦਗੀ ਇਤਫਾਕ ਨਹੀਂ ਹੋ ਸਕਦੀ। ਇਹ ਸਥਿਤੀ ਸਮੁੱਚੇ ਹਾਲਾਤ ਨੂੰ ਹੋਰ ਭਿਆਨਕ ਬਣਾ ਦਿੰਦੀ ਹੈ।