ਸਿ਼ਕਾਗੋ: ਲੰਘੀ 30 ਅਪਰੈਲ ਨੂੰ ‘ਪੰਜਾਬ ਟਾਈਮਜ਼’ ਦੇ ਬਾਨੀ ਸੰਪਾਦਕ ਸ. ਅਮੋਲਕ ਸਿੰਘ ਜੰਮੂ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਪੈਲਾਟਾਈਨ ਵਿਖੇ ਕੀਰਤਨੀ ਜਥਿਆਂ, ਬੁਲਾਰਿਆਂ ਅਤੇ ਸੰਗਤਾਂ ਨੇ ਵਿਛੜੀ ਰੂਹ ਨੂੰ ਅਕੀਦਤ ਦੇ ਫੁਲ ਭੇਟ ਕੀਤੇ। ਜਿ਼ਕਰਯੋਗ ਹੈ ਕਿ ਸ. ਅਮੋਲਕ ਸਿੰਘ ਜੰਮੂ ਦਾ ਪਿਛਲੇ ਵਰ੍ਹੇ 20 ਅਪਰੈਲ, 2021 ਨੂੰ ਦੇਹਾਂਤ ਹੋ ਗਿਆ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜੂ਼ਰੀ ਰਾਗੀ ਅਤੇ ਵ੍ਹੀਟਨ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਭਾਈ ਮਹਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਰਸਭਿੰਨਾ ਤੇ ਵੈਰਾਗਮਈ ਕੀਰਤਨ ਕੀਤਾ, ਅਤੇ ਭਾਈ ਪ੍ਰਮਿੰਦਰਜੀਤ ਸਿੰਘ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਭਾਈ ਮਹਿੰਦਰ ਸਿੰਘ ਨੇ ਆਪਣੀ ਸਾਰੀ ਭੇਟਾ ‘ਪੰਜਾਬ ਟਾਈਮਜ਼’ ਨੇ ਨਾਮ ਕਰਦਿਆਂ ਅਖਬਾਰ ਪ੍ਰਤੀ ਆਪਣੇ ਸਨੇਹ ਦਾ ਇਜ਼ਹਾਰ ਵੀ ਕੀਤਾ। ਇਸ ਮੌਕੇ ‘ਪੰਜਾਬ ਟਾਈਮਜ’਼ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ. ਅਮੋਲਕ ਸਿੰਘ ਜੰਮੂ ਦੇ ਦੋਸਤਾਂ, ਸ਼ੁਭ ਚਿੰਤਕਾਂ ਅਤੇ ਅਖਬਾਰ ਦੇ ਵੱਡੀ ਗਿਣਤੀ ਚੇਤੰਨ ਪਾਠਕਾਂ ਨੇ ਹਾਜ਼ਰੀ ਭਰਦਿਆਂ ‘ਪੰਜਾਬ ਟਾਈਮਜ’਼ ਦੇ ਨਾਲ ਹਮੇਸ਼ਾ ਖੜ੍ਹਨ ਦਾ ਅਹਿਦ ਕੀਤਾ।
ਇਸ ਮੌਕੇ ਜਿੱਥੇ ਬੁਲਾਰਿਆਂ ਨੇ ਸ. ਅਮੋਲਕ ਸਿੰਘ ਜੰਮੂ ਨੂੰ ਪੰਜਾਬੀ ਪੱਤਰਕਾਰੀ ਦਾ ‘ਅਮੋਲਕ ਹੀਰਾ’ ਕਹਿ ਕੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ, ਉਥੇ ‘ਪੰਜਾਬ ਟਾਈਮਜ਼’ ਦੇ ਜ਼ਰੀਏ ਉਨ੍ਹਾਂ ਵਲੋਂ ਪੰਜਾਬੀ ਪੱਤਰਕਾਰੀ ਦੀਆਂ ਸਥਾਪਿਤ ਕੀਤੀਆਂ ਕਦਰਾਂ-ਕੀਮਤਾਂ ਅਤੇ ਉਚ ਮਿਆਰ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ‘ਪੰਜਾਬ ਟਾਈਮਜ਼’ ਦੇ ਸ਼ੁਰੂਆਤੀ ਦੌਰ ਵਿਚ ਸ. ਅਮੋਲਕ ਸਿੰਘ ਜੰਮੂ ਵਲੋਂ ਪਰਾਈ ਧਰਤੀ ‘ਤੇ ਆ ਕੇ ਪੰਜਾਬੀ ਪੱਤਰਕਾਰੀ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਕੀਤੀ ਘਾਲਣਾ ਅਤੇ ਸੰਘਰਸ਼ ਬਾਰੇ ਜਸ ਟੀ.ਵੀ. ਵਲੋਂ ਵਿਸਥਾਰਤ ਚਰਚਾ ਕਰਵਾਈ ਗਈ।
ਗੁਰਦੁਆਰਾ ਪੈਲਾਟਾਈਨ ਦੇ ਸਕੱਤਰ ਸ. ਤਰਲੋਚਨ ਸਿੰਘ ਮੁਲਤਾਨੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਸ. ਜੰਮੂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਵਖ ਵਖ ਬੁਲਾਰਿਆਂ ਨੂੰ ਵਿਛੜੀ ਰੂਹ ਨੂੰ ਅਕੀਦਤ ਦੇ ਫੁਲ ਭੇਟ ਕਰਨ ਲਈ ਸੱਦਾ ਦਿੱਤਾ। ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਗੁਰਮੁਖ ਸਿੰਘ ਭੁੱਲਰ ਨੇ ਕਿਹਾ ਕਿ ਦੁਨੀਆ ਇਕ ਮੇਲਾ ਹੈ ਤੇ ਮੇਲੇ ਵਾਂਗ ਹੀ ਦੁਨੀਆ ‘ਚ ਵੱਡੀ ਭੀੜ ਹੁੰਦੀ ਹੈ, ਜਿਸ ਵਿਚ ਕੁਝ ਲੋਕ ਧੱਕੇ ਖਾਂਦੇ ਹਨ ਤੇ ਕੁਝ ਧੱਕੇ ਮਾਰਦੇ ਹਨ, ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜੋ ਇਸ ਦੁਨੀਆ ਰੂਪੀ ਮੇਲੇ ਵਿਚੋਂ ਜਦੋਂ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਅਜਿਹੀ ਹੀ ਵਿਲੱਖਣ ਸ਼ਖ਼ਸੀਅਤ ਸਨ ਸ. ਅਮੋਲਕ ਸਿੰਘ ਜੰਮੂ, ਜਿਨ੍ਹਾਂ ਨੂੰ ਇਸ ਫਾਨੀ ਸੰਸਾਰ ਤੋਂ ਗਿਆਂ ਭਾਵੇਂ ਸਾਲ ਬੀਤ ਗਿਆ ਹੈ ਪਰ ਅਜੇ ਵੀ ਉਨ੍ਹਾਂ ਦੇ ਕੀਤੇ ਕੰਮ ਤੇ ਸਿਧਾਂਤ ਸਾਡਾ ਮਾਰਗ ਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਕੁਤਾਵੱਢ ਤੋਂ ਅਮਰੀਕਾ ਦੀ ਧਰਤੀ ‘ਤੇ ਸਿ਼ਕਾਗੋ ਆ ਕੇ ਅਖਬਾਰ ਸ਼ੁਰੂ ਕੀਤਾ, ਜਿਸ ਸਦਕਾ ਹੀ ਇਕ ਪਰਿਵਾਰ ਦੇ ਰੂਪ ‘ਚ ਸੰਗਤ ਉਨ੍ਹਾਂ ਨੂੰ ਯਾਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿੰਜ ਸ. ਅਮੋਲਕ ਸਿੰਘ ਨੇ ‘ਪੰਜਾਬ ਟਾਈਮਜ਼’ ਦਾ ਬੂਟਾ ਲਾਇਆ, ਜਿਸ ਦੀ ਛਾਂ ਅੱਜ ਵੀ ਅਸੀਂ ਮਾਣ ਰਹੇ ਹਾਂ। ਉਨ੍ਹਾਂ ਦੀ ਪੰਜਾਬੀ ਭਾਸ਼ਾ ਨੂੰ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਭਾਈਚਾਰੇ ਨੂੰ ‘ਪੰਜਾਬ ਟਾਈਮਜ਼’ ਦੀ ਚੜ੍ਹਦੀ ਕਲਾ ਲਈ ਬਣਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਖਰਾਬ ਮੌਸਮ ਦੇ ਬਾਵਜੂਦ ਵਿਸ਼ੇਸ਼ ਤੌਰ ‘ਤੇ ਮਿਲਵਾਕੀ ਤੋਂ ਆਏ ਸ. ਹਰਵਿੰਦਰ ਸਿੰਘ ਆਹੂਜਾ ਨੇ ਸ. ਜੰਮੂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਸੱਤ ਸਮੁੰਦਰੋਂ ਪਾਰ ਮਾਂ ਬੋਲੀ ਦੀ ਸੇਵਾ ਕੀਤੀ। ਉਨ੍ਹਾਂ ਅਖਬਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਿਆ ਕਿ ਕਿੰਜ ਛੋਟੇ ਸਾਈਜ਼ ਤੋਂ ਸ਼ੁਰੂ ਹੋਇਆ ‘ਪੰਜਾਬ ਟਾਈਮਜ’਼ ਸ. ਜੰਮੂ ਦੀ ਯੋਗ ਅਗਵਾਈ ਹੇਠ ਹੁਣ 32 ਸਫਿਆਂ ਦਾ ਬਹੁਤ ਹੀ ਸ਼ਾਨਦਾਰ ਅਖਬਾਰ ਹੈ। ਅਖਬਾਰ ਨੂੰ ਭਰਪੂਰ ਪਿਆਰ ਦੇਣ ਲਈ ਉਨ੍ਹਾਂ ਪਾਠਕਾਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਅਖਬਾਰ ਚਲਾਉਣ ਲਈ ਬਜਟ ਬਹੁਤ ਜ਼ਰੂਰੀ ਹੈ, ਜਿਸ ਲਈ ਸਭਨਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹ ਵਧੀਆ ਪ੍ਰਬੰਧਕ ਸਨ, ਜਿਨ੍ਹਾਂ ਨੇ ਨਾਸਾਜ਼ ਸਿਹਤ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ। ਉਹ ਕਹਿੰਦੇ ਹੁੰਦੇ ਸਨ ਕਿ ਮੌਤ ਵੀ ਉਨ੍ਹਾਂ ਦਾ ਜਿਊਣ ਦਾ ਜਜ਼ਬਾ ਦੇਖ ਕੇ ਉਨ੍ਹਾਂ ਤੋਂ ਡਰਦੀ ਹੈ। ਉਨ੍ਹਾਂ ਵਿਸ਼ਵਾਸ ਤੇ ਆਸ ਨਾਲ ਕੰਮ ਜਾਰੀ ਰੱਖਿਆ।
ਸ. ਕੁਲਦੀਪ ਸਿੰਘ ਸਰਾਂ ਨੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੇ ਕਰਦਿਆਂ ਕਿਹਾ ਕਿ ਭਾਵੇਂ ਉਮਰ ਵਿਚ ਉਹ ਮੇਰੇ ਤੋਂ ਛੋਟੇ ਸਨ ਪਰ ਮੈਂ ਉਨ੍ਹਾਂ ਦੇ ਕਿਰਦਾਰ, ਸ਼ਖਸੀਅਤ ਤੇ ਜੱਦੋ-ਜਹਿਦ ਕਰ ਕੇ ਹਮੇਸ਼ਾ ਭਾਅ ਜੀ ਕਹਿ ਕੇ ਬੁਲਾਉਂਦਾ। ਉਨ੍ਹਾਂ ਨਾਲ ਮੁਲਾਕਾਤਾਂ ਦੌਰਾਨ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸ਼ਖਸੀਅਤ ‘ਤੇ ਗੁਰਬਾਣੀ ਉਨਾਂ ਨੇਗੁਰਬਾਣੀ ਦੇ ਸੰਦੇਸ਼ ਦਾ ਸਹੀ ਮਾਅਨਿਆਂ ਵਿਚ ਪ੍ਰਭਾਵ ਹੈ। ਨਾ ਕਦੇ ਰੱਬ ਕੋਲੋਂ ਕੁਛ ਮੰਗਿਆ ਤੇ ਨਾ ਹੀ ਕਦੇ ਕੋਈ ਸਿ਼ਕਾਇਤ ਕੀਤੀ। ਉਸ ਦੀ ਰਜ਼ਾ ਵਿਚ ਆਪਣੀ ਰਜ਼ਾ ਸਮਝ ਕੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ। ਨਾਮੁਰਾਦ ਬਿਮਾਰੀ ਦੇ ਬਾਵਜੂਦ ਸ. ਜੰਮੂ ਨੂੰ ਪੱਤਰਕਾਰੀ ਦਾ ਜਨੂੰਨ ਸੀ ਤੇ ਉਨ੍ਹਾਂ ਪੂਰੇ ਸਿਰੜ ਨਾਲ ਆਪਣਾ ਕੰਮ ਕੀਤਾ। ਸਾਨੂੰ ਪੰਜਾਬੀ ਮਾਂ ਬੋਲੀ ਤੇ ਸਾਹਿਤ ਨਾਲ ਜੋੜਿਆ ਤੇ ਸਾਡੇ ਤੱਕ ਦੁਨੀਆ ਭਰ ਦੀਆਂ ਖਬਰਾਂ ‘ਪੰਜਾਬ ਟਾਈਮਜ਼’ ਦੇ ਜ਼ਰੀਏ ਪਹੁੰਚਾਉਂਦੇ ਰਹੇ।
ਇੰਡੀਆਨਾ ਤੋਂ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਆਏ ਸ. ਰਵਿੰਦਰ ਸਹਿਰਾਅ ਨੇ ਦੱਸਿਆ ਕਿ ਸ. ਅਮੋਲਕ ਸਿੰਘ ਜੰਮੂ ਦੀ ਜਿੰ਼ਦਗੀ ਬਹੁਤ ਹੀ ਸੰਘਰਸ਼ਸ਼ੀਲ ਸੀ। 1999-2000 ‘ਚ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ ਤਾਂ ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਰੂਸੀ ਨਾਵਲ ‘ਅਸਲੀ ਮਨੁਖ ਦੀ ਕਹਾਣੀ’ ਦੇ ਮੁੱਖ ਕਿਰਦਾਰ ਨਾਲ ਸ. ਜੰਮੂ ਦੀ ਤੁਲਨਾ ਕੀਤੀ। ‘ਪੰਜਾਬ ਟਾਈਮਜ’਼ ਦੇ ਵਡੇ ਮਦਾਹ ਸ. ਅਵਤਾਰ ਸਿੰਘ ਸਪਰਿੰਗਫੀਲਡ ਨੇ ਸ. ਅਮੋਲਕ ਸਿੰਘ ਜੰਮੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਖੂਬਸੂਰਤ ਯਾਦਾਂ ਤਾਜ਼ਾ ਕੀਤੀਆਂ ਅਤੇ ਕਿਹਾ ਕਿ ਕਿਵੇਂ ਹਰ ਸਾਲ ‘‘ਪੰਜਾਬ ਟਾਈਮਜ਼’ ਨਾਈਟ’ ‘ਤੇ ਸਿ਼ਕਾਗੋ ‘ਚ ਰੌਣਕਾਂ ਲੱਗਦੀਆਂ ਸਨ। ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਤੇ ਉਨ੍ਹਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮਿਡਵੈਸਟ ਦਾ ਸਾਰਾ ਪੰਜਾਬੀ ਭਾਈਚਾਰਾ ‘‘ਪੰਜਾਬ ਟਾਈਮਜ਼’ ਦੇ ਨਾਲ ਹੈ।
ਅਖੀਰ ਵਿਚ ਗੁਰਦੁਆਰਾ ਪੈਲਾਟਾਈਨ ਦੇ ਪ੍ਰਧਾਨ ਸ. ਜੈਰਾਮ ਸਿੰਘ ਕਾਹਲੋਂ, ਜੋ ਸ. ਜੰਮੂ ਦੇ ਕਾਫੀ ਕਰੀਬ ਸਨ, ਨੇ ਯਾਦ ਕਰਦਿਆਂ ਕਿਹਾ ਕਿ ਭਾਅ ਜੀ ਅਮੋਲਕ ਸਿੰਘ ਦਾ ਦੂਜਾ ਨਾਂ ‘ਪੰਜਾਬ ਟਾਈਮਜ਼’ ਹੈ। ਭਾਵੇਂ ਉਹ ਆਪ ਹੁਣ ਸਾਡੇ ਵਿਚ ਨਹੀਂ, ਪਰ ‘ਪੰਜਾਬ ਟਾਈਮਜ਼’ ਹਮੇਸ਼ਾ ਸਾਡੇ ਵਿਚਕਾਰ ਰਹੇਗਾ। ਉਨ੍ਹਾਂ ‘ਪੰਜਾਬ ਟਾਈਮਜ਼’ ਰਾਹੀਂ ਭਾਈਚਾਰੇ ਦੇ ਲੋਕਾਂ ਵਿਚ ਸਾਂਝ ਬਣਾਈ। ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਦੱਸਿਆ ਕਿ ‘ਪੰਜਾਬ ਟਾਈਮਜ’਼ ਸਿ਼ਕਾਗੋ ਵਿਚ ਗੁਰਮੁਖੀ ਲਿਪੀ ਦਾ ਪਹਿਲਾ ਅਖਬਾਰ ਹੈ, ਜਿਸ ਨੂੰ ਹਰ ਵਰਗ ਤੇ ਉਮਰ ਦੇ ਲੋਕ ਪੜ੍ਹਦੇ ਹਨ ਤੇ ਗੁਰਮੁਖੀ ਲਿਪੀ ਨਾਲ ਜੁੜਨਾ, ਗੁਰੂ ਨਾਲ ਜੁੜਨ ਦਾ ਪਹਿਲਾ ਕਦਮ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਜੀਵਨ ਸਾਡੇ ਲਈ ਚਾਨਣ-ਮੁਨਾਰਾ ਹੈ। ਉਹ ਮੁਸ਼ਕਲ ਤੋਂ ਘਬਰਾਉਂਦੇ ਨਹੀਂ ਸਨ, ਸਗੋਂ ਹਰ ਚੈਲੇਂਜ ਅੱਗੇ ਡਟ ਕੇ ਖੜ੍ਹ ਜਾਂਦੇ ਸਨ, ਜਿਸ ਤੋਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪਰਮਾਤਮਾ ਉਨ੍ਹਾਂ ਦੀ ਸੋਚ ਨੂੰ ਸਾਡੇ ਵਿਚ ਕਾਇਮ ਕਰੇ ਤੇ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਬਹੁਤ ਸਾਰੀਆਂ ਸੰਗਤਾਂ ਮਿਸ਼ੀਗਨ, ਓਹਾਇਓ, ਇੰਡੀਆਨਾ ਤੋਂ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਯਾਦ ਕਰਨਾ ਲੋਚਦੀਆਂ ਸਨ, ਜੋ ਖਰਾਬ ਮੌਸਮ ਕਰਕੇ ਨਾ ਪਹੁੰਚ ਸਕੀਆਂ, ਪਰ ਉਨ੍ਹਾਂ ਫੋਨ ਅਤੇ ਈਮੇਲਾਂ ਰਾਹੀਂ ਸ. ਅਮੋਲਕ ਸਿੰਘ ਨੂੰ ਯਾਦ ਕੀਤਾ।
ਜਸ ਟੀ-ਵੀ. ਵਲੋਂ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ। ਪੈਲਾਟਾਈਨ ਦੀਆਂ ਮੁੱਖ ਸ਼ਖਸੀਅਤਾਂ ਮੇਜਰ ਗੁਰਚਰਨ ਸਿੰਘ ਝੱਜ, ਰਛਪਾਲ ਸਿੰਘ ਬਾਜਵਾ, ਭੁਪਿੰਦਰ (ਬੌਬ) ਹੁੰਦਲ, ਡਾ. ਗੁਰਮੁਖਪਾਲ ਸਿੰਘ, ਗੁਰ ਸਿੰਘ, ਡਾ. ਪ੍ਰਦੀਪ ਗਿੱਲ, ਮਨਜੀਤ ਸਿੰਘ ਗਿੱਲ, ਲਖਬੀਰ ਸਿੰਘ ਸੰਧੂ, ਗੁਰਮੇਲ ਸਿੰਘ ਕੰਗ, ਸਤਨਾਮ ਸਿੰਘ ਔਲਖ ਨੇ ਸ. ਅਮੋਲਕ ਸਿੰਘ ਜੰਮੂ ਦੀ ਪੰਜਾਬੀ ਪੱਤਰਕਾਰੀ ਨੂੰ ਦੇਣ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਜਸ ਟੀਵੀ ਨਾਲ ਗੱਲਬਾਤ ਕਰਦਿਆਂ ਅਮੋਲਕ ਸਿੰਘ ਜੰਮੂ ਦੀ ਧਰਮ ਪਤਨੀ ਜਸਪ੍ਰੀਤ ਕੌਰ ਨੇ ‘ਪੰਜਾਬ ਟਾਈਮਜ਼’ ਨੂੰ ਕਰੋਨਾ ਮਗਰੋਂ ਮੁੜ ਬੁਲੰਦੀਆਂ `ਤੇ ਪਹੁੰਚਾਉਣ ਲਈ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਔਖੀ-ਸੌਖੀ ਘੜੀ `ਚ ਉਨ੍ਹਾਂ ਦਾ ਸਾਥ ਦਿੱਤਾ। ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਮਨਦੀਪ ਸਿੰਘ ਨੇ ਵੀ ਭਾਈਚਾਰੇ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅਖਬਾਰ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਭਾਰਤ ਤੋਂ ਵਿਸ਼ੇਸ਼ ਤੌਰ `ਤੇ ਆਏ ਸ. ਅਮੋਲਕ ਸਿੰਘ ਜੰਮੂ ਦੇ ਭਰਾ ਸ. ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸ. ਅਮੋਲਕ ਸਿੰਘ ਦੇ ਭਰਾ ਹਨ ਉਨ੍ਹਾਂ ਦੇ ਵੱਡੇ ਭਾਈ ਨੇ ਜੋ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਸਥਾਪਤ ਕੀਤੀਆਂ ਸਨ ,ਉਨ੍ਹਾਂ ਨੂੰ ਹਮੇਸ਼ਾ ਕਾਇਮ ਰੱਖਿਆ ਜਾਵੇਗਾ।
ਇਸ ਮਗਰੋਂ ਫਰੈਂਡਜ਼ ਆਫ ਪੰਜਾਬ ਆਰਗੇਨਾਈਜ਼ੇਸ਼ਨ ਦੇ ਕਰਤਾ-ਧਰਤਾ ਭੁਪਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਸ. ਅਮੋਲਕ ਸਿੰਘ ਦੀ ਵਿਚਾਰਧਾਰਾ, ਮਜ਼ਬੂਤ ਦਿਮਾਗ, ਕਦਰਾਂ-ਕੀਮਤਾਂ ਵਿਲੱਖਣ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਸੰਸਥਾ ਦਾ ਬਹੁਤ ਸਾਥ ਦਿੱਤਾ ਤੇ ਸੰਸਥਾ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਦੇਖਦਿਆਂ ਬਿਨਾ ਕੋਈ ਪੈਸਾ ਲਏ ਉਨ੍ਹਾਂ ਦਾ ਇਸ਼ਤਿਹਾਰ ਕਈ ਵਾਰ ਅਖਬਾਰ ‘ਚ ਛਾਪਦੇ ਰਹੇ। ਉਨ੍ਹਾਂ ‘ਪੰਜਾਬ ਟਾਈਮਜ਼’ ਦੀ ਭਾਈਚਾਰੇ ਨੂੰ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
‘ਪੰਜਾਬ ਟਾਈਮਜ਼’ ਦੇ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਹਰਗੁਰਮੁਖਪਾਲ ਸਿੰਘ ਨੇ ਕਿਹਾ ਕਿ ਜਦੋਂ ਤੋਂ ਸ. ਅਮੋਲਕ ਸਿੰਘ ਜੰਮੂ ਪੈਲਾਟਾਈਨ ਆਏ ਸਨ, ਉਦੋਂ ਤੋਂ ਹੀ ਉਨ੍ਹਾਂ ਦਾ ਉਨ੍ਹਾਂ ਨਾਲ ਪਿਆਰ ਬਣ ਗਿਆ ਸੀ ਤੇ ਹਰ ਹਫਤੇ ਉਨ੍ਹਾਂ ਨੂੰ ਮਿਲਣਾ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਸੀ। ਸ. ਜੰਮੂ ਸਰੀਰਕ ਤੌਰ `ਤੇ ਬਿਮਾਰ ਹੋਣ ਦੇ ਬਾਵਜੂਦ ਮਾਨਸਿਕ ਤੌਰ `ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਉਨ੍ਹਾਂ ਵਲੋਂ ਸ਼ੁਰੂ ਕੀਤਾ ‘ਪੰਜਾਬ ਟਾਈਮਜ਼’ ਨਾਰਥ ਅਮਰੀਕਾ ਦਾ ਸਭ ਤੋਂ ਵਧੀਆ ਅਖਬਾਰ ਹੈ। ਇਸ ਦੀ ਸਮੱਗਰੀ, ਕਦਰਾਂ-ਕੀਮਤਾਂ ਦੇ ਕੋਈ ਅਖਬਾਰ ਨੇੜੇ ਨਹੀਂ ਢੁਕਦਾ।
ਡਾ. ਰਸ਼ਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਸ. ਜੰਮੂ ਨਾਲ ਉਨ੍ਹਾਂ (ਸ. ਬਾਜਵਾ) ਦੇ ਦਫਤਰ ਵਿਚ ਹੀ ਹੋਈ ਸੀ। ਉਨ੍ਹਾਂ ਪੈਲਾਟਾਈਨ ਵਾਸੀਆਂ ਨੂੰ ਅਖਬਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਕਿ ਇਸ ਨੂੰ ਲੰਮੇ ਸਮੇਂ ਤਕ ਜਾਰੀ ਰੱਖਿਆ ਜਾ ਸਕੇ।
‘ਪੰਜਾਬ ਟਾਈਮਜ਼’ ਦੇ ਵਡੇ ਮੱਦਾਹ ਮੇਜਰ ਗੁਰਚਰਨ ਸਿੰਘ ਝੱਜ ਨੇ ਦੱਸਿਆ ਕਿ ਉਹ 2001 ਵਿਚ ਸ. ਅਮੋਲਕ ਸਿੰਘ ਨੂੰ ਮਿਲੇ ਸਨ, ਜਦੋਂ ਉਹ ਉਨ੍ਹਾਂ ਦੀ ਵਰਕਸ਼ਾਪ `ਤੇ ਆਏ ਸਨ। ਉਨ੍ਹਾਂ ਸ. ਜੰਮੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਨਾਲ ਅਖਬਾਰ ਦੋ ਸਫਿਆਂ ਤੋਂ ਸ਼ੁਰੂ ਕਰਕੇ 32 ਸਫਿਆਂ ਦਾ ਗਿਆ ਹੈ ਤੇ ਵਧੀਆ ਅਖਬਾਰਾਂ ਵਿਚੋਂ ਇਕ ਹੈ। ਭਾਵੇਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਪਰ ਅਖਬਾਰ ਲਈ ਉਹ ਮਿਹਨਤ ਕਰਦੇ ਰਹੇ ਤੇ ਇਸ ਨੂੰ ਸਿਖਰ `ਤੇ ਪਹੁੰਚਾਇਆ। ਉਨ੍ਹਾਂ ਆਖਿਆ ਕਿ ਸਾਰੇ ਭਾਈਚਾਰੇ ਨੂੰ ‘ਪੰਜਾਬ ਟਾਈਮਜ਼’ ਦਾ ਸਾਥ ਦੇਣਾ ਚਾਹੀਦਾ ਹੈ ਤੇ ਇਸ ਦੀ ਹਰ ਮਦਦ ਕਰਨੀ ਚਾਹੀਦੀ ਹੈ।
ਸ. ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਪਹਿਲੀ ਵਾਰ ਸ. ਜੰਮੂ ਨੂੰ ਚੰਡੀਗੜ੍ਹ ਮਿਲੇ ਸਨ, ਜਦੋਂ ਉਹ ਪੰਜਾਬੀ ਟ੍ਰਿਬਿਊਨ ‘ਚ ਕੰਮ ਕਰਦੇ ਸਨ। ਸਿ਼ਕਾਗੋ ਆ ਕੇ ਉਨ੍ਹਾਂ ਇੰਡੀਆ ਟ੍ਰਿਬਿਊਨ ‘ਚ ਕੰਮ ਕੀਤਾ ਤਾਂ ਮੈਂ ਉਨ੍ਹਾਂ ਨੂੰ ਅਖਬਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ। ਇਸ ਮਗਰੋਂ ਸ਼ੁਰੂ ਹੋਈ ਅਖਬਾਰ ਹੁਣ ਤਕ ਭਾਈਚਾਰੇ ਦੀ ਸੇਵਾ ਕਰ ਰਹੀ ਹੈ। ਸ. ਅਮੋਲਕ ਸਿੰਘ ਦੀ ਸ਼ਖਸੀਅਤ ਮੁਹੱਬਤ ਨਾਲ ਭਰੀ ਹੋਈ ਸੀ। ਉਨ੍ਹਾਂ ਬਿਨਾ ਖਲਾਅ ਜ਼ਰੂਰ ਪੈਦਾ ਹੋਇਆ ਹੈ ਪਰ ਅਖਬਾਰ ਰਾਹੀਂ ਉਨ੍ਹਾਂ ਦੀ ਹੋਂਦ ਹਮੇਸ਼ਾ ਕਾਇਮ ਰਹੇਗੀ।
ਵਰਜੀਨੀਆ ਤੋਂ ਉਚੇਚੇ ਤੌਰ ‘ਤੇ ਆਏ ਸ. ਅਮੋਲਕ ਸਿੰਘ ਦੇ ਦੋਸਤ ਤੇ ਰਿਸ਼ਤੇਦਾਰ ਗੁਰਮੇਲ ਸਿੰਘ ਕੰਗ ਨੇ ਕਿਹਾ ਕਿ ਅਖਬਾਰ ਕਾਰਨ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਸ. ਅਮੋਲਕ ਸਿੰਘ ਸਾਡੇ ਨਾਲ ਹੀ ਹਨ। ਸ. ਜੰਮੂ ਦੇ ਪੁਰਾਣੇ ਸਾਥੀ ਗੁਰ ਸਿੰਘ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ ਤੇ ਅਖਬਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਿਆ। ਉਨ੍ਹਾਂ ਦੇ ਸ. ਜੰਮੂ ਦੀ ਬਿਮਾਰੀ, ਉਨ੍ਹਾਂ ਦੀ ਚੜ੍ਹਦੀ ਕਲਾ ਤੇ ਅਖਬਾਰ ਬਾਰੇ ਵਿਚਾਰ ਸਾਂਝੇ ਕੀਤੇ।
ਸ. ਸਤਨਾਮ ਸਿੰਘ ਔਲਖ ਨੇ ਕਿਹਾ ਕਿ ਸ. ਜੰਮੂ ਨਿਧੜਕ, ਨਿਡਰ ਤੇ ਬੇਬਾਕ ਇਨਸਾਨ ਸਨ, ਜੋ ਕਿਸੇ ਤੋਂ ਡਰਦੇ ਨਹੀਂ ਸਨ। ਉਨ੍ਹਾਂ ਵਲੋਂ ਪੰਜਾਬੀ ਤੇ ਪੰਜਾਬੀਅਤ ਦੀ ਕੀਤੀ ਸੇਵਾ ਸ਼ਲਾਘਾਯੋਗ ਹੈ। ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ‘ਪੰਜਾਬ ਟਾਈਮਜ਼’ ਪੜ੍ਹ ਕੇ ਅਸੀਂ ਆਪਣੀ ਮਾਂ ਬੋਲੀ ਨਾਲ ਜੁੜਦੇ ਹਾਂ। ਭਾਵੇਂ ਸ. ਜੰਮੂ ਸਾਡੇ ਵਿਚੋਂ ਚਲੇ ਗਏ ਹਨ ਪਰ ਉਨ੍ਹਾਂ ਦੀ ‘ਪੰਜਾਬ ਟਾਈਮਜ਼’ ਦੇ ਰੂਪ ਵਿਚ ਜੋ ਦੇਣ ਹੈ, ਉਹ ਅਜੇ ਵੀ ਸਾਡੇ ਨਾਲ ਹੈ। ਹਰਵਿੰਦਰ ਸਿੰਘ ਆਹੂਜਾ ਨੇ ਵੀ ਵਿਚਾਰ ਸਾਂਝੇ ਕੀਤੇ।
ਪਗੜੀ ਆਰਗੇਨਾਈਜ਼ੇਸ਼ਨ ਦੇ ਸ. ਲਾਲ ਸਿੰਘ ਨੇ ਕਿਹਾ ਕਿ ‘ਪੰਜਾਬ ਟਾਈਮਜ਼’ `ਚ ਛਪਦੀ ਮਿਆਰੀ ਸਾਮਗ੍ਰੀ ਤੋਂ ਪ੍ਰਭਾਵਿਤ ਹੋ ਕੇ ਜਦੋਂ ਉਹ ਅਮੋਲਕ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਦੀ ਸ਼ਖਸੀਅਤ ਤੋਂ ਵੀ ਬਹੁਤ ਪ੍ਰਭਾਵਿਤ ਹੋਏ। ‘ਪੰਜਾਬ ਟਾਈਮਜ਼’ ਭਾਈਚਾਰੇ ਲਈ ਬਹੁਤ ਵਧੀਆ ਸੇਵਾ ਨਿਭਾ ਰਿਹਾ ਹੈ।
ਗੁਰਦੁਆਰਾ ਪੈਲਾਟਾਈਨ ਦੇ ਪ੍ਰਧਾਨ ਸ. ਜੈਰਾਮ ਸਿੰਘ ਕਾਹਲੋਂ ਨੇ ਜਸ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਜੰਮੂ ਸਾਡੇ ਦਿਲਾਂ ‘ਚ ਵਸਦੇ ਨੇ ਤੇ ਹਮੇਸ਼ਾ ਵਸਦੇ ਰਹਿਣਗੇ। ਸਨੀ ਸਿੰਘ ਕੁਲਾਰ ਨੇ ਕਿਹਾ ਕਿ ‘ਪੰਜਾਬ ਟਾਈਮਜ਼’ ਸਭ ਤੋਂ ਵਧੀਆ ਅਖਬਾਰ ਹੈ, ਜਿਸ ਨੂੰ ਸਾਰਾ ਪਰਿਵਾਰ ਪੜ੍ਹਦਾ ਹੈ। ਸ. ਓਂਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਸਾਰੇ ‘ਪੰਜਾਬ ਟਾਈਮਜ਼’ ਪੜ੍ਹਦੇ ਹਨ। ਇਸ ਵਿਚ ਛਪਦੇ ਲੇਖ ਬਹੁਤ ਵਧੀਆ ਤੇ ਖਬਰਾਂ ਤੱਥਾਂ ‘ਤੇ ਆਧਾਰਤ ਹੁੰਦੀਆਂ ਹਨ। ਸ. ਅੱਛਰ ਸਿੰਘ ਨੇ ਸ. ਅਮੋਲਕ ਸਿੰਘ ਦੀ ਸਕਾਰਾਤਮਕ ਸੋਚ ਤੇ ਜਜ਼ਬੇ ਨੂੰ ਸਲਾਮ ਕੀਤਾ। ਸ. ਮਨਦੀਪ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਪੰਜਾਬੀ ਅਖਬਾਰ ਚਲਾਉਣਾ ਸ. ਜੰਮੂ ਦੀ ਵੱਡੀ ਪ੍ਰਾਪਤੀ ਹੈ। ਸ. ਲਖਵਿੰਦਰ ਸਿੰਘ, ਸ. ਇੰਦਰਬੀਰ ਸਿੰਘ ਗਿੱਲ ਤੇ ਸ. ਯਾਦਵਿੰਦਰ ਸਿੰਘ ਗਰੇਵਾਲ ਨੇ ਵੀ ਵਿਚਾਰ ਸਾਂਝੇ ਕੀਤੇ।
ਜਸ ਟੀਵੀ ਦੀ ਟੀਮ ਵਲੋਂ ਵਧੀਆ ਤਰੀਕੇ ਨਾਲ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ, ਜਿਸ ਲਈ ਪਰਿਵਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ।