ਚੰਡੀਗੜ੍ਹ: ਪੰਜਾਬ ਦੀ ਜੰਮਪਲ ਕਮਲਪ੍ਰੀਤ ਕੌਰ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਹਲਕੇ ਵਿਚ ਉਸ ਦੇ ਹਮਾਇਤੀ ਨੂੰ ਕਰਾਰੀ ਹਾਰ ਦੇ ਕੇ ਪਹਿਲੀ ਵਾਰ ਦਸਤਾਰਧਾਰੀ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।
ਮੋਗਾ ਜ਼ਿਲ੍ਹੇ ਨਾਲ ਸਬੰਧਤ ਕਮਲਪ੍ਰੀਤ ਕੌਰ ਦੋ ਦਹਾਕਿਆਂ ਤੋਂ ਹਿਲਿੰਗਡੌਨ ਬਰੋ ਵਿਚ ਰਹਿ ਰਹੀ ਹੈ। ਕੋਲਮਪ੍ਰੀਤ ਨੇ ਵੁੱਡ ਐਂਡ ਵਾਰਡ ਤੋਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਮਰਥਕ ਨੂੰ 1100 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਚੋਣ ਵਿਚ ਕਮਲਪ੍ਰੀਤ ਸਮੇਤ ਲੇਬਰ ਪਾਰਟੀ ਦੇ ਚਾਰ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਇਤਿਹਾਸ ਸਿਰਜਿਆ ਹੈ।
ਲੰਡਨ ਵਿਚ ਪਹਿਲੀ ਦਸਤਾਰਧਾਰੀ ਕੌਂਸਲਰ ਬਣਨ ਦਾ ਮਾਣ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਿੱਖਿਆ ਹਾਸਲ ਕਰਨ ਮਗਰੋਂ ਇੰਗਲੈਂਡ ਚਲੀ ਗਈ ਸੀ, ਜਿੱਥੇ ਉਸ ਨੇ ਯੂਨੀਵਰਸਿਟੀ ਕਾਲਜ ਲੰਡਨ ਅਤੇ ਕੁਈਨਮੈਰੀ ਯੂਨੀਵਰਸਿਟੀ, ਲੰਡਨ ਤੋਂ ਉੱਚ ਸਿੱਖਿਆ ਹਾਸਲ ਕੀਤੀ। ਪੱਤਰਕਾਰ ਤੇ ਲੇਖਿਕਾ ਕਮਲਪ੍ਰੀਤ ਕੌਰ ਦਾ ਆਪਣੇ ਹਲਕੇ ਵਿਚ ਕਾਫੀ ਮਾਣ-ਸਤਿਕਾਰ ਹੈ। ਉਹ ਟਾਈਮਜ਼ ਆਫ ਇੰਡੀਆ ‘ਚ ਨਿਊਜ਼ ਐਡੀਟਰ ਰਹੀ ਹੈ ਤੇ ਹੁਣ ਆਕਾਸ਼ ਰੇਡੀਓ ਤੇ ਟੀਵੀ ਇੰਗਲੈਂਡ ਦੀ ਮੁੱਖ ਪ੍ਰਬੰਧਕ ਵਜੋਂ ਕਾਰਜਸ਼ੀਲ ਹੈ। ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਕੋਮਲਪ੍ਰੀਤ ਨੂੰ ਸਿੱਖ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਲੋਕਾਂ ਦੀ ਹਮਾਇਤ ਮਿਲੀ ਹੈ। ਉਸ ਦੀ ਜਿੱਤ ‘ਤੇ ਇੰਗਲੈਂਡ ਵਸਦੇ ਭਾਰਤੀ ਭਾਈਚਾਰੇ ਨੇ ਖੁਸ਼ੀ ਮਨਾਈ ਹੈ।