‘ਪੰਜਾਬ ਟਾਈਮਜ਼’ (24 ਅਗਸਤ, 2013) ਦੇ ਪਹਿਲੇ ਹੀ ਸਫੇ ਉਤੇ ਮੋਟੇ ਅੱਖਰਾਂ ਵਿਚ ‘ਮਨਮੋਹਨ ਸਿੰਘ ਦਾ ਆਰਥਿਕ ਸੁਪਨ-ਸੰਸਾਰ ਟੋਟੇ ਟੋਟੇ’ ਦਿਸਿਆ। ਡਾæ ਮਨਮੋਹਨ ਸਿੰਘ ਸੰਸਾਰ ਭਰ ਵਿਚ ਮਸ਼ਹੂਰ ਅਰਥ-ਸ਼ਾਸਤਰੀ ਹਨ। ਕੌਮਾਂਤਰੀ ਪੱਧਰ ਦੀਆਂ ਆਰਥਿਕ ਸੰਸਥਾਵਾਂ ਵਿਚ ਉਨ੍ਹਾਂ ਨੇ ਕੰਮ ਕੀਤਾ ਹੈ। ਖਬਰ ਦਾ ਇਹ ਵਿਸ਼ਲੇਸ਼ਣ ਬਿਲਕੁਲ ਸਹੀ ਹੈ ਕਿ ਤਕਰੀਬਨ ਢਾਈ ਦਹਾਕਿਆਂ ਤੋਂ ਭਾਰਤ ਵਿਚ ਉਨ੍ਹਾਂ ਦੀਆਂ ਨੀਤੀਆਂ ਹੀ ਚੱਲ ਰਹੀਆਂ ਹਨ ਫਿਰ ਵੀ ਆਰਥਿਕਤਾ ਦਾ ਕੋਈ ਮੂੰਹ-ਮੱਥਾ ਨਹੀਂ ਬਣ ਰਿਹਾ। ਇਹੀ ਨਹੀਂ, ਉਨ੍ਹਾਂ ਦਾ ਵਿਤ ਮੰਤਰੀ ਪੀæ ਚਿਦੰਬਰਮ ਜੋ ਖੁਦ ਆਰਥਿਕ ਮਾਹਿਰ ਹੋਣ ਦਾ ਦਾਅਵੇਦਾਰ ਹੈ, ਫੇਲ੍ਹ ਸਾਬਤ ਹੋ ਰਿਹਾ ਹੈ। ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ ਮੌਨਟੇਕ ਸਿੰਘ ਜਿਸ ਨੇ ਆਪਣੀ ਚਤੁਰਾਈ ਨਾਲ ਅੰਕਿੜਆਂ ਵਿਚ ਗਰੀਬਾਂ ਦੀ ਗਿਣਤੀ ਹੀ ਘਟਾ ਦਿੱਤੀ ਹੈ, ਇਸ ਮਾਮਲੇ ਵਿਚ ਚੌਫਾਲ ਡਿਗਿਆ ਦਿਸਦਾ ਹੈ। ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਵੀ ਆਰਥਿਕ ਮਾਹਿਰ ਹੀ ਹੈ। ਇਨ੍ਹਾਂ ਨਾਲ ਆਰਥਿਕ ਮਾਹਿਰਾਂ ਦੀ ਹੋਰ ਟੀਮ ਵੀ ਜ਼ਰੂਰ ਹੋਵੇਗੀ, ਪਰ ਕੀ ਕਾਰਨ ਹੈ ਕਿ ਇਨ੍ਹਾਂ ਸਾਰਿਆਂ ਤੋਂ ਭਾਰਤ ਦੀ ਨਿੱਘਰ ਰਹੀ ਆਰਥਿਕਤਾ ਸਾਂਭੀ ਨਹੀਂ ਜਾ ਰਹੀ? ਆਪਣੀਆਂ ਨੀਤੀਆਂ ਬਾਰੇ ਮੁੜ ਵਿਚਾਰ ਕਰਨ ਦਾ ਇਹ ਨਾਂ ਤੱਕ ਨਹੀਂ ਲੈਂਦੇ। ਲੋਕਾਂ ਦਾ ਸਾਹ ਤਾਂ ਹੋਰ ਬਥੇਰੇ ਮਸਲਿਆਂ ਕਰ ਕੇ ਨਿਕਲਿਆ ਪਿਆ ਹੈ। ਉਤੋਂ ਹੁਣ ਮਾਇਆ ਦੀ ਇਹ ਮਾਰ ਪੈ ਰਹੀ ਹੈ। ਕੀ ਇਹ ਕਿਸੇ ਅੱਗੇ ਜਵਾਬਦੇਹ ਨਹੀਂ ਹਨ? ਭਾਰਤ ਦੀ ਜਨਤਾ ਦਾ ਤਾਂ ਹੁਣ ਰੱਬ ਹੀ ਰਾਖਾ ਹੈ।
-ਜਗਜੀਤ ਸਿੰਘ ਸੇਖੋਂ, ਹਿਊਸਟਨ
__________________________
ਫਿਲਮਸਾਜ਼ ਜਤਿੰਦਰ ਮੌਹਰ ਦਾ ਕਾਲਮ
ਫਿਲਮਸਾਜ਼ ਜਤਿੰਦਰ ਮੌਹਰ ਦਾ ਕਾਲਮ ਮੁੜ ਸ਼ੁਰੂ ਹੋਣ ‘ਤੇ ਬੜੀ ਖੁਸ਼ੀ ਹੋਈ ਹੈ। ਮੈਂ ‘ਪੰਜਾਬ ਟਾਈਮਜ਼’ ਵਿਚ ਪਹਿਲਾਂ ਛਪਦਾ ਇਹਦਾ ਕਾਲਮ ‘ਪਹਿਲੀ ਗੱਲ’ ਪੜ੍ਹਦਾ ਰਿਹਾ ਹਾਂ। ਮੈਂ ਕੋਈ ਤਾਰੀਫ ਨਹੀਂ ਕਰ ਰਿਹਾ, ਉਹ ਕਾਲਮ ਪੜ੍ਹ ਕੇ ਹੀ ਮੈਨੂੰ ਫਿਲਮਾਂ ਦੇਖਣ ਦੀ ਜਾਚ ਆਈ। ਇਹ ਛੋਟਾ ਮੂੰਹ ਵੱਡੀ ਗੱਲ ਹੈ, ਪਰ ਹੈ ਸੱਚੀ। ਜਤਿੰਦਰ ਨੇ ਆਪਣੇ ਕਾਲਮ ਵਿਚ ਜਿਹੜੀਆਂ ਫਿਲਮਾਂ ਬਾਰੇ ਚਰਚਾ ਕੀਤੀ ਸੀ, ਮੈਂ ਉਨ੍ਹਾਂ ਵਿਚੋਂ ਇਕ-ਦੋ ਹੀ ਦੇਖੀਆ ਸਨ, ਪਰ ਜਿਸ ਤਰ੍ਹਾਂ ਜਤਿੰਦਰ ਫਿਲਮ ਦੀ ਕਹਾਣੀ ਨੂੰ ਜ਼ਿੰਦਗੀ ਨਾਲ ਜੋੜਦਾ ਹੈ, ਉਸ ਨਾਲ ਫਿਲਮ ਦੇ ਅਰਥ ਹੀ ਬਦਲ ਜਾਂਦੇ ਹਨ। ਜਿਨ੍ਹਾਂ ਸਾਧਾਰਨ ਦਿਸਦੀਆਂ ਚੀਜ਼ਾਂ ਨੂੰ ਅਸੀਂ ਬਹੁਤੀ ਵਾਰ ਅਣਗੌਲਿਆ ਕਰ ਦਿੰਦੇ ਹਾਂ, ਜਤਿੰਦਰ ਉਨ੍ਹਾਂ ਦੀਆਂ ਜੜ੍ਹਾਂ ਫਰੋਲਦਾ-ਫਰੋਲਦਾ ਸੱਚ ਉਜਾਗਰ ਕਰਦਾ ਹੈ। ਮੈਨੂੰ ਭਾਵੇਂ ਕੰਪਿਊਟਰ ਚਲਾਉਣ ਦੀ ਬਹੁਤੀ ਜਾਣਕਾਰੀ ਨਹੀਂ ਪਰ ਮੈਂ ਜਤਿੰਦਰ ਮੌਹਰ ਦੇ ਕਾਲਮ ‘ਕਲਾ ਤੇ ਜ਼ਿੰਦਗੀ’ ਵਿਚ ਜਿਨ੍ਹਾਂ ਫਿਲਮਾਂ ਦਾ ਜ਼ਿਕਰ ਆਇਆ ਹੈ, ਉਨ੍ਹਾਂ ਵਿਚੋਂ ਦੋ ਤਾਂ ਮੈਂ ਆਪਣੀ ਧੀ ਨੂੰ ਕਹਿ ਕੇ ਡਾਊਨਲੋਡ ਵੀ ਕਰਵਾ ਲਈਆਂ ਹਨ।
-ਗੁਰਬਖਸ਼ ਸਿੰਘ ਸੋਢੀ
ਇੰਡੀਅਨਐਪੋਲਿਸ, ਇੰਡੀਆਨਾ।
Leave a Reply