ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਪਲੇਠੀ ਮੁਲਾਕਾਤ ਵਿਚ ‘ਨਵਾਂ ਪੰਜਾਬ’ ਬਣਾਉਣ ਲਈ ਸਿਆਸੀ ਮਸ਼ਵਰੇ ਹੋਏ। ਪੰਜਾਹ ਮਿੰਟ ਦੀ ਮਿਲਣੀ ਵਿਚ ਨਵਜੋਤ ਸਿੱਧੂ ਨੇ ਭਗਵੰਤ ਮਾਨ ਅੱਗੇ ਆਪਣਾ ‘ਪੰਜਾਬ ਮਾਡਲ’ ਰੱਖਿਆ ਤਾਂ ਜੋ ਮੁੱਖ ਮੰਤਰੀ ਨੂੰ ਪੰਜਾਬ ਦੀ ਮੁੜ ਉਸਾਰੀ ਵਿਚ ਮਦਦ ਮਿਲ ਸਕੇ।
ਯਾਦ ਰਹੇ ਕਿ ਨਵਜੋਤ ਸਿੱਧੂ ਇਸ ਵੇਲੇ ਨਾ ਕਾਂਗਰਸ ਦੇ ਪ੍ਰਧਾਨ ਹਨ ਅਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ। ਸਿਰਫ ਕਾਂਗਰਸ ਦੇ ਇਕ ਆਗੂ ਹਨ ਜਿਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣੀ ਤੋਂ ਸਿਆਸਤ ਵਿਚ ਹਲਚਲ ਪੈਦਾ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਸਿਵਲ ਸਕੱਤਰੇਤ ਵਿਚਲੇ ਮੁੱਖ ਮੰਤਰੀ ਦਫਤਰ ਵਿਚ ਮਿਲੇ ਅਤੇ ਇਸ ਮੀਟਿੰਗ ਨੂੰ ਪੰਜਾਬ ਦੀ ਸਿਆਸਤ ਵਿਚ ਨਵੇਂ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਜਿੱਥੇ ਹਾਕਮ ਤੇ ਵਿਰੋਧੀ ਧਿਰ ਪੰਜਾਬ ਦੀ ਮੁੜ ਸਿਰਜਣਾ ਲਈ ਰਲ-ਮਿਲ ਕੇ ਵਧੀਆ ਕੰਮ ਕਰ ਸਕਦੀ ਹੈ।
ਮੁੱਖ ਮੰਤਰੀ ਦਫਤਰ ਬੇਸ਼ੱਕ ਇਸ ਮੀਟਿੰਗ ਬਾਰੇ ਚੁੱਪ ਹੈ ਪਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਮੀਟਿੰਗ ਦੌਰਾਨ ਆਇਆ ਬਿਆਨ ਆਮ ਆਦਮੀ ਪਾਰਟੀ ਦੇ ਨਜ਼ਰੀਏ ਨੂੰ ਪੇਸ਼ ਕਰਨ ਵਾਲਾ ਹੈ।
ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਦਿਲ ਦੇ ਇਨਸਾਨ ਹਨ ਜੋ ਨਵਜੋਤ ਸਿੱਧੂ ਨੂੰ ਵੀ ਮਿਲਣ ਲਈ ਰਾਜ਼ੀ ਹੋ ਗਏ ਹਨ ਜਦੋਂ ਕਿ ਸਿੱਧੂ ਹਾਰੇ ਤੇ ਨਕਾਰੇ ਹੋਏ ਆਦਮੀ ਹਨ, ਉਹ ਤਾਂ ਵਿਧਾਇਕ ਜਾਂ ਐਮ.ਪੀ ਵੀ ਨਹੀਂ ਹਨ।
ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਅਸ਼ਵਨੀ ਸੇਖੜੀ ਆਖਦੇ ਹਨ ਕਿ ਨਵਜੋਤ ਸਿੱਧੂ ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਨੂੰ ਮਿਲੇ ਸਨ ਅਤੇ ਗਵਰਨਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਮਗਰੋਂ ਸਰਕਾਰ ਨੇ ਸਿੱਧੂ ਨੂੰ ਬੁਲਾਇਆ ਹੈ। ਮੁੱਖ ਮੰਤਰੀ ਦਫਤਰ ਦੇ ਸੂਤਰ ਆਖਦੇ ਹਨ ਕਿ ਨਵਜੋਤ ਸਿੱਧੂ ਕਈ ਦਿਨਾਂ ਤੋਂ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਹੇ ਸਨ।