ਫੂਲਕਾ ਨੇ ਪਾਣੀ ਬਚਾਉਣ ਲਈ ਅਕਾਲ ਤਖਤ ਤੋਂ ਮਦਦ ਮੰਗੀ

ਅੰਮ੍ਰਿਤਸਰ: ਐਡਵੋਕੇਟ ਐਚ.ਐਸ. ਫੂਲਕਾ ਦੀ ਅਗਵਾਈ ਹੇਠ ਇਕ ਵਫ਼ਦ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਿਲਿਆ। ਵਫ਼ਦ ਨੇ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਪੰਜਾਬ ਵਿਚ ਝੋਨੇ ਦੀ ਫਸਲ ਦੀ ਬਿਜਾਈ ਕੁਦਰਤੀ ਤਰੀਕੇ ਨਾਲ ਕਰਵਾਉਣ ਲਈ ਲੋਕਾਂ ਨੂੰ ਧਾਰਮਿਕ ਸਥਾਨਾਂ ਰਾਹੀਂ ਜਾਗਰੂਕ ਕੀਤਾ ਜਾਵੇ।

ਇਸ ਸਬੰਧੀ ਗੁਰਦੁਆਰਿਆਂ ਵਿਚ ਖੇਤੀ ਸਤਿਸੰਗ ਕਰਵਾਏ ਜਾਣ, ਜਿਨ੍ਹਾਂ ਵਿਚ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਕੁਦਰਤੀ ਵਿਧੀ ਬਾਰੇ ਦੱਸਿਆ ਜਾਵੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾਵੇ। ਸ੍ਰੀ ਫੂਲਕਾ ਨੇ ਦਾਅਵਾ ਕੀਤਾ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ` ਯੋਜਨਾ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਜਾਣਗੇ।
ਇਸ ਸਬੰਧ ਵਿਚ 21 ਮਈ ਤੱਕ ਵੱਖ-ਵੱਖ ਹਲਕਿਆਂ ਵਿਚ ਗੁਰਦੁਆਰਿਆਂ ਤੇ ਹੋਰ ਧਰਮ ਅਸਥਾਨਾਂ ‘ਤੇ ਜਾਗਰੂਕ ਕੈਂਪ ਲੱਗਣਗੇ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਚ ਦਿੱਤੇ ਗਏ ਪੱਤਰ ਵਿਚ ਆਖਿਆ ਗਿਆ ਕਿ, ਜਿਸ ਤਰੀਕੇ ਨਾਲ ਇਸ ਵੇਲੇ ਝੋਨੇ ਦੀ ਬਿਜਾਈ ਹੋ ਰਹੀ ਹੈ, ਉਸ ਨਾਲ ਆਉਣ ਵਾਲੇ 25 ਸਾਲਾਂ ਵਿਚ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਵੇਗਾ ਅਤੇ ਜ਼ਮੀਨ ਬੰਜਰ ਹੋ ਜਾਵੇਗੀ। ਉਨ੍ਹਾਂ ਨੇ ਪੱਤਰ ਵਿਚ ਝੋਨਾ ਬੀਜਣ ਦੀਆਂ ਨਵੀਆਂ ਵਿਧੀਆਂ ਦਾ ਹਵਾਲਾ ਦਿੱਤਾ ਹੈ।