ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਮਹੂਰੀਅਤ ਬਹਾਲੀ ਕਨਵੈਨਸ਼ਨ ਵਿਚ ਕੇਂਦਰ ਦੀ ਮੋਦੀ ਸਰਕਾਰ ‘ਤੇ ਸਿੱਖਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੀਆਂ ਚੋਣਾਂ ਤਾਂ ਨਿਰਧਾਰਤ ਪੰਜ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ ਪਰ ਸਿੱਖਾਂ ਦੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਸਾਲਾਂ ਤੋਂ ਲਟਕੀਆਂ ਹੋਈਆਂ ਹਨ।
ਇਥੇ ਸਿਟੀ ਸੈਂਟਰ ਵਿਖੇ ਗੁਰੂ ਨਾਨਕ ਭਵਨ ਵਿਚ ਕਰਵਾਈ ਗਈ ਜਮਹੂਰੀਅਤ ਬਹਾਲੀ ਕਨਵੈਨਸ਼ਨ ਵਿਚ ਮਾਨ ਦਲ ਤੋਂ ਇਲਾਵਾ ਕਈ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਬੁਲਾਰਿਆਂ ਨੇ ਸਿੱਖਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 11 ਸਾਲ ਪਹਿਲਾਂ ਹੋਈਆਂ ਸਨ ਅਤੇ ਨਿਰਧਾਰਤ ਸਮਾਂ ਲੰਘ ਜਾਣ ਮਗਰੋਂ ਵੀ ਸਰਕਾਰਾਂ ਵੱਲੋਂ ਇਹ ਚੋਣਾਂ ਕਰਾਉਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਸਿੱਖਾਂ ਪ੍ਰਤੀ ਤੰਗਦਿਲੀ ਦਾ ਵਤੀਰਾ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ 15 ਸਤੰਬਰ ਨੂੰ ਵਿਸ਼ਵ ਜਮਹੂਰੀਅਤ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਚ ਇਕੱਠ ਕਰਨ ਦਾ ਐਲਾਨ ਕੀਤਾ। ਉਨ੍ਹਾਂ 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਵਿਖੇ ਪੁੱਜਣ ਦਾ ਸੱਦਾ ਦਿੱਤਾ। ਕਨਵੈਨਸ਼ਨ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ।