ਪਟਿਆਲਾ: ਪੰਜਾਬ ਵਿਚ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਸਾਫ ਆਖ ਦਿੱਤਾ ਹੈ ਕਿ ਹੁਣ ਕਿਸੇ ਨਾਲ ਗੱਠਜੋੜ ਨਹੀਂ ਹੋਵੇਗਾ ਸਗੋਂ ਪਾਰਟੀ ਇਕੱਲੇ ਹੀ ਚੋਣ ਮੈਦਾਨ ਵਿਚ ਨਿੱਤਰੇਗੀ।
ਭਾਜਪਾ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਕੈਪਟਨ ਦਾਅਵਾ ਕਰ ਰਹੇ ਸਨ ਕਿ ਪੰਜਾਬ ਲੋਕ ਕਾਂਗਰਸ ਵਿਧਾਨ ਸਭਾ ਚੋਣਾਂ ਵਾਂਗ ਹੀ ਨਗਰ ਨਿਗਮ ਚੋਣਾਂ ਵੀ ਭਾਜਪਾ ਨਾਲ ਰਲ ਕੇ ਲੜੇਗੀ ਪਰ ਇਸ ਦੇ ਅਗਲੇ ਹੀ ਦਿਨ ਭਾਜਪਾ ਦੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਾਫ ਆਖ ਦਿੱਤਾ ਹੈ ਕਿ ਭਾਜਪਾ ਇਸ ਵਾਰ ਨਿਗਮ ਚੋਣਾਂ ਆਪਣੇ ਬਲਬੂਤੇ ਲੜੇਗੀ। ਉਨ੍ਹਾਂ ਸਪੱਸ਼ਟ ਆਖਿਆ ਕਿ ਇਨ੍ਹਾਂ ਚੋਣਾਂ ‘ਚ ਭਾਜਪਾ ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰੇਗੀ। ਹਰਜੀਤ ਗਰੇਵਾਲ ਨਿਗਮ ਚੋਣਾਂ ਸਬੰਧੀ ਪਟਿਆਲਾ ਦੇ ਚੋਣ ਇੰਚਾਰਜ ਹਨ ਤੇ ਇਨ੍ਹਾਂ ਚੋਣਾਂ ਸਬੰਧੀ ਭਾਜਪਾ ਦੀ ਪਟਿਆਲਾ ਇਕਾਈ ਵੱਲੋਂ ਸੱਦੀ ਮੀਟਿੰਗ ਨੂੰ ਉਹ ਸੰਬੋਧਨ ਕਰ ਰਹੇ ਸਨ।
ਇਸ ਤਰ੍ਹਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਤੋਂ ਪਹਿਲਾਂ ਹੀ ਵਖਰੇਵੇਂ ਪੈਦਾ ਹੋ ਗਏ ਹਨ। ਭਾਜਪਾ ਆਗੂ ਦਾ ਕਹਿਣਾ ਸੀ ਕਿ ਜਿਵੇਂ ਹੁਣ ‘ਆਪ’ ਸਰਕਾਰ ਭਾਜਪਾ ਕਾਰਕੁਨਾਂ ਨਾਲ ਵਧੀਕੀਆਂ ਕਰਨ ‘ਤੇ ਉਤਰੀ ਹੈ, ਪਹਿਲਾਂ ਇਸੇ ਤਰ੍ਹਾਂ ਕੈਪਟਨ ਸਰਕਾਰ ‘ਚ ਵੀ ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀ ਹੁੰਦੀ ਰਹੀ ਹੈ ਤੇ ਪੰਜਾਬ ਦੇ ਹਾਲਾਤ ਵਿਗਾੜਨ ਲਈ ਕੈਪਟਨ ਅਮਰਿੰਦਰ ਸਿੰਘ ਵੀ ਜ਼ਿੰਮੇਵਾਰ ਰਹੇ ਹਨ।