ਮੁਹਾਲੀ ਧਮਾਕੇ ਪਿੱਛੋਂ ਏਕਤਾ ਅਤੇ ਅਖੰਡਤਾ ਦਾ ਰਾਗ ਸ਼ੁਰੂ
ਮੁਹਾਲੀ: ਪੰਜਾਬ ਵਿਚ ਇਕ ਵਾਰ ਫਿਰ ਮੁਲਕ ਦੀ ਏਕਤਾ ਅਤੇ ਅਖੰਡਤਾ ਦਾ ਰਾਗ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫਤਰ ਦੀ ਇਮਾਰਤ ‘ਤੇ ਰਾਕੇਟ ਲਾਂਚਰ ਨਾਲ ਹਮਲੇ ਨੇ ਸੂਬੇ ਨੂੰ ਨਵੀਂ ਚੁਣੌਤੀ ਦੇ ਸੰਕੇਤ ਦਿੱਤੇ ਹਨ।
ਮੁਹਾਲੀ ਸਥਿਤ ਇਸ ਦਫਤਰ ਵਿਚ ਪੰਜਾਬ ਦੇ ਚੋਟੀ ਦੇ ਅਫਸਰ ਬੈਠਦੇ ਹਨ। ਇਸ ਹਮਲੇ ਪਿੱਛੋਂ ਜਿਥੇ ਸੂਬੇ ਦੇ ਆਮ ਲੋਕਾਂ ਵਿਚ ਸਹਿਮ ਹੈ, ਉਥੇ ਪੰਜਾਬ ਦੀਆਂ ਸਿਆਸੀ ਧਿਰਾਂ ਖਾੜਕੂਵਾਦ ਦਾ ਹਊਆ ਖੜ੍ਹਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਵਿਚ ਜੁਟੀਆਂ ਹੋਈਆਂ ਹਨ। ਰਾਕੇਟ ਲਾਂਚਰ ਹਮਲੇ ਤੋਂ ਬਾਅਦ ਪੰਜਾਬ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜ ਦੀਆਂ ਸਰਹੱਦਾਂ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਦੋ ਮਸ਼ਕੂਕ ਨੂੰ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ ਹੈ। ਦਿੱਲੀ ਤੋਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਵੀ ਮੌਕੇ ‘ਤੇ ਪੁੱਜ ਗਈ ਹੈ।
ਪੰਜਾਬ ਸਰਕਾਰ ਤੇ ਪੁਲਿਸ ਲਈ ਇਹ ਹਮਲਾ ਇਸ ਲਈ ਵੀ ਵੱਡੀ ਚੁਣੌਤੀ ਦੱਸਿਆ ਜਾ ਰਿਹਾ ਹੈ ਕਿਉਂਕਿ 80ਵਿਆਂ ਤੋਂ ਲੈ ਕੇ 90ਵਿਆਂ ਦੇ ਅੱਧ ਤੱਕ ਚੱਲੇ ਖਾੜਕੂਵਾਦ ਦੌਰਾਨ ਵੀ ਕੋਈ ਅਤਿਵਾਦੀ ਜਥੇਬੰਦੀ ਰਾਕੇਟ ਲਾਂਚਰ ਨਾਲ ਪੁਲਿਸ ਇਮਾਰਤ ਜਾਂ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਨਹੀਂ ਸੀ ਬਣਾ ਸਕੀ। ਪੰਜਾਬ ਦੇ ਇਤਿਹਾਸ ਵਿਚ ਵਾਪਰੀ ਇਹ ਪਹਿਲੀ ਘਟਨਾ ਹੈ ਜਿਸ ਨੇ ਪੁਲਿਸ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੂਬੇ ਦੇ ਡੀ.ਜੀ.ਪੀ. ਸ੍ਰੀ ਵੀ.ਕੇ.ਭਾਵਰਾ ਨੇ ਮੰਨਿਆ ਹੈ ਕਿ ਹਮਲਾਵਰਾਂ ਨੇ ‘ਸਾਨੂੰ ਚੁਣੌਤੀ ਦਿੱਤੀ ਹੈ’ ਤੇ ਪੰਜਾਬ ਪੁਲਿਸ ਇਸ ਚੁਣੌਤੀ ਦਾ ਤਕੜੇ ਹੋ ਕੇ ਟਾਕਰਾ ਕਰੇਗੀ।
ਮੁਢਲੀ ਜਾਂਚ ਵਿਚ ਇਸ ਹਮਲੇ ਦੇ ਤਾਰ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੁੜੇ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਸਰਹੱਦ ਪਾਰ ਬੈਠੇ ਗੈਂਗਸਟਰ ਰਿੰਦਾ ਸੰਧੂ ਦਾ ਹਮਲੇ ਪਿੱਛੇ ਹੱਥ ਹੋਣ ਦੀ ਵੀ ਸੂਹ ਹੈ। ਇੰਟੈਲੀਜੈਂਸ ਵਿੰਗ ਵਿਚ ਤਾਇਨਾਤ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਮਾਮੂਲੀ ਧਮਾਕਾ ਨਹੀਂ ਸੀ। ਫੋਰੈਂਸਿਕ ਮਾਹਿਰਾਂ ਦੀ ਮੁਢਲੀ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਧਮਾਕੇ ਲਈ ਵਰਤਿਆ ਗਿਆ ਬੰਬ ਕਿਸੇ ਆਰਡੀਨੈਂਸ ਫੈਕਟਰੀ ਦਾ ਬਣਾਇਆ ਹੋਇਆ ਹਾਈ ਗਰੇਡ ਬੰਬ ਸੀ। ਜਿਸ ਰਾਕੇਟ ਰਾਹੀਂ ਇਹ ਦਾਗਿਆ ਗਿਆ ਹੈ, ਉਸ ਦੀ ਮਾਰ ਵੀ 300 ਤੋਂ 500 ਮੀਟਰ ਤੱਕ ਕਿਆਸੀ ਗਈ ਹੈ। ਅਧਿਕਾਰੀਆਂ ਮੁਤਾਬਕ ਬੰਬ ਦੇ ਨਿਸ਼ਾਨੇ ਤੋਂ ਖੁੰਝਣ ਕਰ ਕੇ ਵੱਡੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸ ਇਮਾਰਤ ਵਿਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਅਤੇ ਅਤਿਵਾਦ ਵਿਰੋਧੀ ਦਸਤੇ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਦੇ ਦਫਤਰ ਮੌਜੂਦ ਹਨ। ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਹਮਲੇ ਵਾਲੇ ਹਿੱਸੇ ਵਿਚ ਅਹਿਮ ਅਫਸਰਾਂ ਦੇ ਦਫਤਰ ਹੀ ਨਹੀਂ ਸਗੋਂ ਇੰਟੈਲੀਜੈਂਸ ਨਾਲ ਸਬੰਧਤ ਸਾਜ਼ੋ-ਸਾਮਾਨ ਵੀ ਸਥਾਪਤ ਕੀਤਾ ਹੋਇਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਹੱਦ ਪਾਰ ਤੋਂ ਵਿਸਫੋਟਕ ਸਮੱਗਰੀ ਦੇ ਲਗਾਤਾਰ ਪੰਜਾਬ ਵਿਚ ਆਉਣ ਕਾਰਨ ਅਤਿਵਾਦੀ ਘਟਨਾ ਸਬੰਧੀ ਖ਼ਦਸ਼ਾ ਤਾਂ ਪ੍ਰਗਟਾਇਆ ਜਾ ਰਿਹਾ ਸੀ ਪਰ ਇਸ ਤਰ੍ਹਾਂ ਦੀ ਘਟਨਾ ਬਾਰੇ ਪੁਲਿਸ ਨੂੰ ਚਿੱਤ-ਚੇਤਾ ਵੀ ਨਹੀਂ ਸੀ।
ਮੌਜੂਦਾ ਹਾਲਾਤ ਇਹ ਹਨ ਕਿ ਜਿਥੇ ਜਾਂਚ ਏਜੰਸੀਆਂ ਵੱਲੋਂ ਇਸ ਹਮਲੇ ਨੂੰ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀਆਂ ਨਾਲ ਜੋੜਿਆ ਜਾ ਰਿਹਾ ਹੈ, ਉਥੇ ਸੂਬੇ ਦੀਆਂ ਸਿਆਸੀ ਧਿਰਾਂ ਇਸ ਗੰਭੀਰ ਮਸਲੇ ਦੇ ਟਾਕਰੇ ਲਈ ਸਾਂਝੀ ਸੋਚ ਬਣਾ ਕੇ ਚੱਲਣ ਦੀ ਥਾਂ ਸਾਰਾ ਜੋਰ ਮੌਜੂਦਾ ਸਰਕਾਰ ਨੂੰ ਗੈਰ-ਤਜਰਬੇਕਾਰ ਸਾਬਤ ਕਰਨ ਉਤੇ ਲਾ ਰਹੀਆਂ ਹਨ। ਯਾਦ ਰਹੇ ਕਿ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੇ ਇਸ ਦੀਆਂ ਹਮਾਇਤੀ ਧਿਰਾਂ ਨੇ ਰਾਸ਼ਟਰੀ ਸੁਰੱਖਿਆ ਦਾ ਖੂਬ ਰੌਲਾ ਪਾਇਆ ਸੀ ਤੇ ਦਾਅਵਾ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਸੂਬੇ ਵਿਚ ਅਤਿਵਾਦ ਦਾ ਦੌਰ ਮੁੜ ਸ਼ੁਰੂ ਹੋ ਸਕਦਾ ਹੈ। ਤਾਜ਼ਾ ਘਟਨਾ ਪਿੱਛੋਂ ਭਾਜਪਾ ਆਪਣੇ ਇਸ ਦਾਅਵੇ ਨੂੰ ਅੱਗੇ ਰੱਖ ਕੇ ਆਪ ਸਰਕਾਰ ਨੂੰ ਘੇਰ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਆਪ ਸਰਕਾਰ ਦੀ ਦੇਸ਼ ਵਿਰੋਧੀ ਸੰਗਠਨਾਂ ਪ੍ਰਤੀ ਅਪਣਾਈ ਗਈ ਢਿੱਲ-ਮੱਠ ਨੇ ਸੂਬੇ ‘ਚ ਦੇਸ਼ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਇਸੇ ਤਰ੍ਹਾਂ ਦੇ ਬਿਆਨ ਬਾਕੀ ਵਿਰੋਧੀ ਧਿਰਾਂ ਦੇ ਰਹੀਆਂ ਹਨ। ਅਸਲ ਵਿਚ, ਪਾਕਿਸਤਾਨ ਵਾਲੇ ਪਾਸਿਉਂ ਡਰੋਨਾਂ ਰਾਹੀਂ ਹਥਿਆਰ ਤੇ ਨਸ਼ੇ ਭੇਜੇ ਜਾਣ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣ ਰਹੀਆਂ ਹਨ। ਪੰਜਾਬ ਵਿਚ ਡਰੋਨਾ ਰਾਹੀਂ ਨਸ਼ੇ ਭੇਜਣਾ ਕੋਈ ਨਵੀਂ ਘਟਨਾ ਨਹੀਂ, ਪਰ ਜਿਸ ਤਰ੍ਹਾਂ ਪਿਛਲੇ ਕੁਝ ਹਫਤਿਆਂ ਤੋਂ ਖਤਰਨਾਕ ਹਥਿਆਰਾਂ ਨਾਲ ਲੱਦੇ ਡਰੋਨ ਕਾਬੂ ਕੀਤੇ ਗਏ ਹਨ, ਉਹ ਅਜਿਹੇ ਹਮਲੇ ਦੇ ਸੰਕੇਤ ਦੇ ਰਹੇ ਸਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਥੋੜ੍ਹਾ ਕੁ ਪਹਿਲਾਂ ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਬੀ.ਐਸ.ਐਫ. ਦਾ ਅਧਿਕਾਰੀ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਇਹ ਆਖ ਕੇ ਕਰ ਦਿੱਤਾ ਸੀ ਕਿ ਸਰਹੱਦ ਪਾਰੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਰੋਕਣਾ ਇਕੱਲੇ ਪੁਲਿਸ ਦੇ ਵੱਸ ਦੀ ਗੱਲ ਨਹੀਂ ਹਨ। ਪਰ ਬੀ.ਐਸ.ਐਫ. ਦਾ ਅਧਿਕਾਰੀ ਖੇਤਰ ਵਧਣ ਪਿੱਛੋਂ ਹਥਿਆਰ ਤੇ ਨਸ਼ਿਆਂ ਦੀ ਇਕਦਮ ਵਧੀ ਆਮਦ ਕਈ ਸਵਾਲ ਖੜ੍ਹੇ ਕਰਦੀ ਹੈ। ਇਸੇ ਦੌਰਾਨ ਪਾਬੰਦੀਸ਼ੁਦਾ ਵੱਖਵਾਦੀ ਸਮੂਹ ‘ਸਿੱਖਸ ਫਾਰ ਜਸਟਿਸ’ (ਐਸ.ਐਫ.ਜੇ.) ਨੇ ਆਡੀਓ ਸੰਦੇਸ਼ ਵਿਚ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਮੁਹਾਲੀ ਹਮਲੇ ਤੋਂ ਸਬਕ ਲੈਣ ਅਤੇ ਖਾਲਿਸਤਾਨ ਪੱਖੀ ਗਰੁੱਪ ਨਾਲ ਨਾ ਉਲਝਣ ਦੀ ਚਿਤਾਵਨੀ ਦਿੱਤੀ ਹੈ। ਰਾਜ ਦੇ ਕੁਝ ਪੱਤਰਕਾਰਾਂ ਨੂੰ ਭੇਜੇ ਆਡੀਓ ਸੰਦੇਸ ਵਿਚ ਜਥੇਬੰਦੀ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਠਾਕੁਰ ਨੂੰ ਧਮਕੀ ਦਿੱਤੀ ਕਿ ਜੇ ਉਹ ਧਰਮਸ਼ਾਲਾ ਵਿਚ ਖਾਲਿਸਤਾਨੀ ਝੰਡਾ ਲਹਿਰਾਉਣ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਤਾਂ ਇਸ ਦਾ ਜਵਾਬ ਹਿੰਸਾ ਵਿਚ ਦਿੱਤਾ ਜਾਵੇਗਾ। ਮੁਹਾਲੀ ਵਿਚ ਪੰਜਾਬ ਪੁਲਿਸ ਖੁਫੀਆ ਵਿਭਾਗ ਹੈੱਡਕੁਆਰਟਰ ਉਤੇ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਇਹ ਸ਼ਿਮਲਾ ਵੀ ਹੋ ਸਕਦਾ ਸੀ।’