‘ਇਪਟਾ’ ਦੀ ਚੜ੍ਹਤ ਵਾਲਾ ਦੌਰ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

‘ਜ਼ੁਬੈਦਾ’ ਦੀ ਕਾਮਯਾਬੀ ਪਿਛੋਂ ਇਪਟਾ (ਇੰਡੀਅਨ ਪੀਪਲ’ਜ਼ ਥੀਏਟਰ ਐਸੋਸੀਏਸ਼ਨ) ਦੇ ਸਾਥੀ ਮੇਰੀ ਹਰ ਗੱਲ ਮੰਨਣ ਲਈ ਤਿਆਰ ਸਨ। ਮੈਂ ਇਸ ਗੱਲ ਉਪਰ ਜ਼ੋਰ ਪਾਇਆ ਕਿ ਅਲੱਗ-ਅਲੱਗ ਭਾਸ਼ਾਵਾਂ ਦੀਆਂ ਅਲੱਗ-ਅਲੱਗ ਟੋਲੀਆਂ ਬਣਾਈਆਂ ਜਾਣ। ਸਿਧਾਂਤਕ ਤੌਰ ਉਤੇ ਇਹ ਅਸੂਲ ਇਪਟਾ ਵਿਚ ਪਹਿਲਾਂ ਤੋਂ ਹੀ ਪਰਵਾਨਿਤ ਸੀ ਪਰ ਹੁਣ ਇਸ ਉਪਰ ਅਮਲ ਵੀ ਜ਼ਿਆਦਾ ਮਿਹਨਤ ਨਾਲ ਕੀਤਾ ਜਾਣ ਲੱਗ ਪਿਆ। ਵੇਖਦਿਆਂ-ਵੇਖਦਿਆਂ ਗੁਜਰਾਤੀ, ਮਰਾਠੀ, ਅੰਗਰੇਜ਼ੀ ਭਾਸ਼ਾਵਾਂ ਦੇ ਵੀ ਉੱਤਮ ਸ਼ਰੇਣੀ ਦੇ ਗਰੁੱਪ ਤਿਆਰ ਹੋ ਗਏ। ਹੋਰ ਤਾਂ ਹੋਰ, ਤੈਲਗੂ ਭਾਸ਼ਾ ਦਾ ਵੀ ਨਾਟਕ-ਮੰਡਲ ਬਣ ਗਿਆ। ਨਾਟਕ-ਮੰਡਲਾਂ ਤੋਂ ਇਲਾਵਾ ਇਪਟਾ ਦਾ ਕੁੱਲ-ਹਿੰਦ ਨਰਿਤ-ਮੰਡਲ ਸੀ ਜੋ ਆਪਣੀ ਸ਼ਾਨ ਰੱਖਦਾ ਸੀ। ਉਦੇ ਸ਼ੰਕਰ ਦਾ ਕੇਂਦਰ ਟੁੱਟਣ ਪਿਛੋਂ ਉਸ ਦੇ ਲਗਭਗ ਸਾਰੇ ਹੀ ਪ੍ਰਮੁਖ ਕਲਾਕਾਰ ਇਸ ‘ਸੈਂਟਰਲ ਸਕਵਾਡ’ ਵਿਚ ਸ਼ਾਮਲ ਹੋ ਚੁੱਕੇ ਸਨ। ਉਸ ਵਿਚ ਕਿਤਨੀਆਂ ਮਹਾਨ ਹਸਤੀਆਂ ਸ਼ਾਮਲ ਸਨ, ਇਹਨਾਂ ਨਾਵਾਂ ਤੋਂ ਹੀ ਪਰਗਟ ਹੋ ਜਾਂਦਾ ਹੈ – ਰਵੀ ਸ਼ੰਕਰ, ਸਚੀਨ ਸ਼ੰਕਰ, ਸ਼ਾਂਤੀ ਬਰਧਨ, ਅਵਨੀ ਦਾਸ ਗੁਪਤਾ, ਪ੍ਰੇਮ ਧਵਨ, ਦੀਨਾ ਗਾਂਧੀ, ਗੁੱਲ ਬਰਧਨ, ਬਿਨਾਏ ਰਾਏ, ਉਸਤਾਦ ਅਲੀ ਅਕਬਰ ਖਾਨ, ਅਤੇ ਕਿਤਨੇ ਹੀ ਹੋਰ।
ਏਸੇ ਤਰ੍ਹਾਂ, ਨਾਟਕ ਦੇ ਵਿਭਾਗਾਂ ਨੂੰ ਵੀ ਮਾਮਾ ਵਾਰੇਰਕਰ (ਮਰਾਠੀ), ਚੰਦਰਵਦਨ ਮਹਿਤਾ (ਗੁਜਰਾਤੀ), ਗੁਣਵੰਤ ਰਾਓ ਆਚਾਰੀਆ (ਗੁਜਰਾਤੀ), ਪ੍ਰਿਥਵੀ ਰਾਜ ਕਪੂਰ, ਦੁਰਗਾ ਖੋਟੇ ਆਦਿਕ ਚੋਟੀ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਸਹਿਯੋਗ ਪ੍ਰਾਪਤ ਸੀ। ਇਹ ਲੋਕ ਕੇਵਲ ਦੂਰ ਬੈਠ ਕੇ ਸਰਪਰਸਤੀ ਨਹੀਂ ਸਨ ਕਰਦੇ ਸਗੋਂ ਇਪਟਾ ਦੇ ਬਾਕਾਇਦਾ ਮੈਂਬਰ ਸਨ, ਇਪਟਾ ਲਈ ਡਰਾਮੇ ਲਿਖਦੇ ਸਨ, ਉਹਨਾਂ ਵਿਚ ਪਾਰਟ ਕਰਦੇ ਸਨ। ਦੁਰਗਾ ਖੋਟੇ ਨੇ ਸਭ ਤੋਂ ਪਹਿਲਾਂ ਸਟੇਜ ਉੱਪਰ ਕੰਮ ਇਪਟਾ ਦੇ ਨਾਟਕ ਵਿਚ ਹੀ ਕੀਤਾ ਸੀ।
ਇਪਟਾ ਦੀ ਤਹਿਰੀਕ ਕੇਵਲ ਬੰਬਈ ਵਿਚ ਹੀ ਨਹੀਂ, ਸਾਰੇ ਹਿੰਦੁਸਤਾਨ ਵਿਚ ਤੇਜ਼ੀ ਨਾਲ ਫੈਲ ਰਹੀ ਸੀ, ਤੇ ਹਰ ਪ੍ਰਾਂਤ ਵਿਚ ਸਰਬ-ਉੱਚ ਲੇਖਕ ਤੇ ਕਲਾਕਾਰ ਉਸ ਦੇ ਘੇਰੇ ਵਿਚ ਖੁਸ਼ੀ ਨਾਲ ਆ ਰਹੇ ਸਨ। ਪ੍ਰਾਂਤ-ਪ੍ਰਾਂਤ ਦੇ ਕਲਾਕਾਰ ਉਸ ਦੇ ਘੇਰੇ ਵਿਚ ਖੁਸ਼ੀ ਨਾਲ ਆ ਰਹੇ ਸਨ। ਪ੍ਰਾਂਤ-ਪ੍ਰਾਂਤ ਦੇ ਕਲਾਕਾਰ ਇਕ-ਦੂਜੇ ਨਾਲ ਅਨੋਖੇ ਪ੍ਰੇਮ-ਸੂਤਰ ਵਿਚ ਪਰੁਤੇ ਜਾ ਰਹੇ ਸਨ। ਨਵੀਂ ਪੀੜ੍ਹੀ ਲਈ ਯਕੀਨ ਕਰਨਾ ਔਖਾ ਹੈ ਕਿ ਕਦੇ ਇੰਜ ਵੀ ਹੁੰਦਾ ਸੀ।
ਸਵਾਲ ਉਠਦਾ ਹੈ, ਇਪਟਾ ਦੀ ਇਤਨੀ ਸ਼ੀਘਰ ਤੇ ਜ਼ਬਰਦਸਤ ਲੋਕ-ਪ੍ਰੀਅਤਾ ਦਾ ਕਾਰਨ ਕੀ ਸੀ? ਇਤਨਾ ਵਡਾ ਅੰਦੋਲਨ ਆਪ-ਮੁਹਾਰੇ ਨਹੀਂ ਖੜ੍ਹਾ ਹੋ ਸਕਦਾ।
ਇਸ ਦਾ ਕਾਰਨ, ਮੈਂ ਸਮਝਦਾ ਹਾਂ, ਉਸ ਵੇਲੇ ਕਮਿਊਨਿਸਟ ਪਾਰਟੀ ਦੀਆਂ ਸਹੀ ਨੀਤੀਆਂ ਸਨ। ਉਹਨਾਂ ਨੀਤੀਆਂ ਦਾ ਲੋਕਾਂ ਦੇ ਦਿਲ ਉਤੇ ਝੱਟ ਅਸਰ ਪੈਂਦਾ ਸੀ। ਮੈਨੂੰ ਯਾਦ ਹੈ, ਜਿੱਥੇ ਵੀ ਖਲੋ ਕੇ ਅਸੀਂ ਪ੍ਰੇਮ ਧਵਨ ਦਾ ਕੋਈ ਗੀਤ ਗਾਉਂਦੇ, ਲੋਕੀਂ ਖਾਹ-ਮਖਾਹ ਖੜੇ ਹੋ ਕੇ ਸੁਣਨ ਲਗ ਪੈਂਦੇ ਸਨ, ਤੇ ਉਹਨਾਂ ਦੇ ਚਿਹਰਿਆਂ ਉਤੇ ਗੰਭੀਰ ਸੋਚ ਦਾ ਭਾਵ ਉੱਘੜ ਆਉਂਦਾ ਸੀ। ਇਹਨਾਂ ਨੀਤੀਆਂ ਵਿਚ ਸੱਚੀ ਰਾਸ਼ਟਰੀਅਤਾ ਸੀ, ਤੇ ਸੱਚੀ ਅੰਤਰ-ਰਾਸ਼ਟਰੀਅਤਾ ਵੀ। ਉਹ ਮਸਲਿਆਂ ਨੂੰ ਬੜੀ ਸਪੱਸ਼ਟਤਾ ਨਾਲ ਆਮ ਆਦਮੀ ਅੱਗੇ ਰੱਖਦੀਆਂ ਸਨ, ਉਹਨੂੰ ਬਰਤਾਨਵੀ ਸਾਮਰਾਜ ਦੇ ਖਿਲਾਫ ਸੰਗਠਿਤ ਹੋ ਕੇ ਲੜਨ ਲਈ ਪ੍ਰੇਰਦੀਆਂ ਸਨ। ਉਹ ਰਾਸ਼ਟਰੀ ਅੰਦੋਲਨ ਨਾਲ ਸੰਗਠਨ ਵੀ ਸਨ ਪਰ ਉਸ ਦੀਆਂ ਨੁਕਤਾਚੀਨ ਵੀ। ਕਮਿਊਨਿਸਟ ਪਾਰਟੀ ਦੇ ਕਾਮੇ ਇਪਟਾ ਵਿਚ ਇਤਨੇ ਆਪਾ ਵਾਰੂ ਢੰਗ ਨਾਲ ਕੰਮ ਕਰਦੇ ਸਨ ਕਿ ਹਰ ਕੋਈ ਉਹਨਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਣ ਲਗ ਜਾਂਦਾ ਸੀ। ਮਿਹਨਤਾਂ ਤਾਂ ਉਹ ਆਪ ਕਰਦੇ ਸਨ ਪਰ ਸ਼ੋਭਾ ਲੈਣ ਲਈ ਦੂਜਿਆਂ ਨੂੰ ਅੱਗੇ ਕਰ ਦੇਂਦੇ ਸਨ। ਕਮਿਊਨਿਸਟ ਕਾਮਿਆਂ ਦੇ ਡਸਿਪਲਿਨ ਦੀ ਤਾਰੀਫ ਤਾਂ ਉਹਨਾਂ ਦੇ ਦੁਸ਼ਮਨ ਵੀ ਕਰਦੇ ਨਹੀਂ ਸਨ ਥੱਕਦੇ।
ਏਸ ਤੋਂ ਇਲਾਵਾ, ਦੇਸ਼ ਵਿਚ ਉਸ ਵੇਲੇ ਮਾਰਕਸਵਾਦੀ ਵਿਚਾਰਾਂ ਦਾ ਹੜ੍ਹ ਜਿਹਾ ਆਇਆ ਹੋਇਆ ਸੀ।
ਧਨਵਾਨਾਂ ਦੀ ਸੁਸਾਇਟੀ ਵਿਚ ਵੀ ਮਾਰਕਸਵਾਦ ਦਾ ਇਕ ਤਰ੍ਹਾਂ ਨਾਲ ਫੈਸ਼ਨ ਜਿਹਾ ਬਣ ਗਿਆ ਸੀ। ਸ਼ਾਇਦ ਇਸ ਲਈ ਵੀ ਕਿ ਕਮਿਊਨਿਸਟ ਬਰਤਾਨਵੀ ਸਾਮਰਾਜ ਵਿਰੋਧੀ ਹੁੰਦਿਆਂ ਵੀ ਜੰਗ ਨੂੰ ਜਨਤਕ ਜੰਗ ਆਖਦੇ ਸਨ, ਤੇ ਉਸ ਵੇਲੇ ਧਨਵਾਨਾਂ ਲਈ ਇਹ ਨਾਹਰਾ ਲਾਹੇਵੰਦਾ ਸੀ।
ਜਸਵੰਤ ਠੱਕਰ ਨਾਲ ਮੇਰੀ ਦੋਸਤੀ ਡੂੰਘੀ ਸੀ। ਹੌਲੀ-ਹੌਲੀ ਮੈਂ ਪਾਰਟੀ ਤੇ ਦੂਜੇ ਵਰਕਰਾਂ ਦਾ ਵੀ ਵਾਕਫ ਬਣ ਗਿਆ। ਸੈਂਡਹਰਸਟ ਰੋਡ ਉਤੇ ‘ਰਾਜ ਭਵਨ’ ਨਾਂ ਦੀ ਬਿਲਡਿੰਗ ਵਿਚ ਕੇਂਦਰੀ ਦਫਤਰ ਸੀ। ਬੜੀ ਗਹਿਮਾ-ਗਹਿਮੀ ਰਹਿੰਦੀ ਸੀ ਓਥੇ। ਬੜਾ ਪਿਆਰਾ ਤੇ ਪਵਿੱਤਰ ਮਾਹੌਲ ਸੀ ਓਥੋਂ ਦਾ। ਪਾਰਟੀ ਦੇ ਲੰਗਰ ਵਿਚ ਰੋਟੀ ਖਾਣ ਦਾ ਓਹੀ ਸੁਆਦ ਸੀ ਜੋ ਸਿੱਖਾਂ ਲਈ ਗੁਰੂ ਕੇ ਲੰਗਰ ਦਾ ਹੈ। ਰਾਜ ਭਵਨ ਵਿਚ ਹੀ ਮੇਰੀ ਜਾਣ ਪਛਾਣ ਪੀ.ਸੀ. ਜੋਸ਼ੀ ਨਾਲ ਹੋਈ, ਤੇ ਉਸ ਨਾਲ ਸਾਡਾ ਡੂੰਘਾ ਪਿਆਰ ਪੈ ਗਿਆ ਜੋ ਹੁਣ ਤਕ ਚੱਲਿਆ ਆਉਂਦਾ ਹੈ। ਇਕ ਸੱਚੇ ਇਨਕਲਾਬੀ ਵਾਂਗ ‘ਪੀ.ਸੀ.’ ਜੀਵਨ ਨੂੰ ਹਰ ਪਹਿਲੂ ਤੋਂ ਪਿਆਰ ਕਰਦਾ ਹੈ। ਉਹ ਪਲ-ਪਲ ਜਿਊਂਦਾ ਹੈ, ਤੇ ਪਲ-ਪਲ ਆਪਣੇ ਗਿਆਨ ਤੇ ਕਰਮ ਦਾ ਦਾਇਰਾ ਵਸੀਹ ਕਰਨ ਵਿਚ ਵਿਸ਼ਵਾਸ ਕਰਦਾ ਹੈ। ਉਸ ਦੀ ਨਿਗਾਹ ਵਿਚ ਕਲਾ ਕੇਵਲ ਰਾਜਨੀਤਕ ਆਗੂਆਂ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲੀ ਚੀਜ਼ ਨਹੀਂ ਹੈ, ਉਹ ਆਪ ਉਸ (ਕਲਾ) ਦਾ ਸ਼ੈਦਾਈ ਤੇ ਜਿਗਿਆਸੂ ਹੈ। ਇਕ ਵਾਰੀ ਨਹੀਂ ਅਨੇਕਾਂ ਵਾਰੀ ਉਸ ਦੀਆਂ ਦਿੱਤੀਆਂ ਤਜਵੀਜ਼ਾਂ ਸਾਨੂੰ ਇਪਟਾ ਦੇ ਕੰਮ ਵਿਚ ਭਰਪੂਰ ਸਹਾਇਕ ਹੋਈਆਂ। ਹਰ ਕੋਈ ਸਲਾਹ ਲੈਣ ‘ਪੀ. ਸੀ.‘ ਵਲ ਦੌੜਦਾ ਜਾਂਦਾ। ਛੋਟੇ ਤੋਂ ਛੋਟੇ ਕਾਰਕੁਨ ਨਾਲ ਵੀ ਪੀ.ਸੀ. ਪਿਆਰ ਭਰਿਆ ਸਲੂਕ ਕਰਦਾ, ਉਸ ਦੇ ਜੀਵਨ ਵਿਚ ਉਮੰਗ ਜਿਹੀ ਲੈ ਆਉਂਦਾ। ਇਕ ਅਜੀਬ ਮਿਕਨਾਤੀਸੀ ਕਸ਼ਸ਼ ਸੀ ਪੀ.ਸੀ. ਦੀ ਸ਼ਖਸੀਅਤ ਵਿਚ। ਜਿਸ ਨੂੰ ਉਹ ਇਕ ਵਾਰੀ ਮਿਲ ਪਏ, ਸਾਰੀ ਉਮਰ ਭੁੱਲਦਾ ਨਹੀਂ ਸੀ। ਤੇ ਅਸਚਰਜ ਦੀ ਗੱਲ ਇਹ ਕਿ ਪੀ.ਸੀ. ਦੇ ਮਿੱਤਰ ਇਕ-ਦੋ ਪ੍ਰਾਤਾਂ ਵਿਚ ਨਹੀਂ, ਸਾਰੇ ਹਿੰਦੁਸਤਾਨ ਵਿਚ ਫੈਲੇ ਹੋਏ ਸਨ। ਤਾਮਿਲ ਤੇ ਮਾਲਾਬਾਰੀ ਵੀ ਉਹਨੂੰ ਉਤਨਾ ਹੀ ਆਪਣਾ ਸਮਝਦੇ ਸਨ, ਜਿੰਨਾ ਉਹਦੇ ਆਪਣੇ ਯੂ.ਪੀ. ਦੇ ਲੋਕ।
ਪੀ.ਸੀ. ਤੇ ਉਹਦੀ ਪਤਨੀ, ਕਲਪਨਾ ਨਾਲ, ਜਿਸ ਨੇ ਸੋਲ੍ਹਾਂ ਵਰ੍ਹਿਆਂ ਦੀ ਉਮਰ ਵਿਚ ਬੰਗਾਲ ਦੇ ਅੰਗਰੇਜ਼ ਗਵਰਨਰ ਉਪਰ ਗੋਲੀ ਚਲਾਈ ਸੀ ਤੇ ਪਿਛੋਂ ਉਮਰ-ਕੈਦ ਭੁਗਤੀ ਸੀ, ਸਾਡੇ ਪਰਿਵਾਰ ਦੀ ਮਿੱਤਰਤਾ ਉਹਨਾਂ ਦਿਨਾਂ ਤੋਂ ਅਟੁੱਟ ਚੱਲੀ ਆ ਰਹੀ ਹੈ। ਪੀ.ਸੀ. ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਹੀ ਦਮੋ (ਦਮਯੰਤੀ, ਬਲਰਾਜ ਦੀ ਪਤਨੀ) ਅਤੇ ਮੈਂ ਦੋਵੇਂ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਬਣ ਗਏ।
ਪਰ ਇਹ ਸੋਚ ਲੈਣਾ ਗਲਤ ਹੋਵੇਗਾ ਕਿ ਕੇਵਲ ਯਥਾਰਥਵਾਦੀ ਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਅਪਣਾ ਲੈਣ ਨਾਲ ਹੀ ਕਲਾਕਾਰ ਆਪਣੀ ਮੰਜ਼ਲ ਉਤੇ ਪਹੁੰਚ ਜਾਂਦਾ ਹੈ। ਪਹਿਲਾਂ ਕਲਾਕਾਰ ਲਈ ਆਪਣੇ ਦ੍ਰਿਸ਼ਟੀਕੋਣਾਂ ਅਨੁਸਾਰ ਘਾਲਣਾ ਕਰਨੀ ਲੋੜੀਂਦੀ ਹੈ। ਪੁਰਾਣੇ ਸੰਸਕਾਰ ਅੰਦਰੋਂ ਕਢਣੇ ਤੇ ਨਵੇਂ ਪਾਉਣੇ ਪੈਂਦੇ ਹਨ। ਇਹ ਕੋਈ ਆਸਾਨ ਕੰਮ ਨਹੀਂ। ਸਨਅਤੀ ਦੇਸ਼ਾਂ ਦੇ ਲੋਕਾਂ ਲਈ, ਭਾਵੇਂ ਉਹ ਸਰਮਾਏਦਾਰੀ ਦੇਸ਼ ਹੀ ਕਿਉਂ ਨਾ ਹੋਣ, ਯਥਾਰਥਵਾਦੀ ਦ੍ਰਿਸ਼ਟੀਕੋਣ ਅਪਣਾਨਾ ਆਸਾਨ ਹੈ, ਕਿਉਂਕਿ ਸਾਇੰਸ ਅਤੇ ਮਸ਼ੀਨ ਉਹਨਾਂ ਦੇ ਜੀਵਨ ਦੇ ਹਰ ਅੰਗ ਵਿਚ ਪ੍ਰਵੇਸ਼ ਕਰ ਚੁੱਕੀ ਹੁੰਦੀ ਹੈ ਪਰ ਮੇਰੀ ਪੀੜ੍ਹੀ ਦੇ ਭਾਰਤੀ ਕਲਾਕਾਰਾਂ ਦੇ ਸੰਸਕਾਰ ਧੁਰੋਂ ਸਨਾਤਨੀ ਤੇ ਜਗੀਰਦਾਰੀ ਯੁਗ ਦੇ ਹਨ। ਉਹਨਾਂ ਉਪਰ ਮਾਰਕਸਵਾਦੀ ਵਿਚਾਰਧਾਰਾ ਦਾ ਮੁਲੰਮਾ ਉਤਨਾ ਹੀ ਕੁਢੱਬਾ ਹੋ ਜਾਂਦਾ ਹੈ, ਜਿਤਨਾ ਇਕ ਕੁਰੂਪ ਔਰਤ ਦਾ ਪੌਡਰ-ਸੁਰਖੀ ਦੀ ਬਹੁਲਤਾ ਵਰਤ ਕੇ ਆਪਣੇ ਆਪ ਨੂੰ ਸੁਹਣਾ ਬਣਾਨ ਦੀ ਕੋਸ਼ਿਸ਼ ਕਰਨਾ। ਉਸ ਦੀ ਕੁਰੂਪਤਾ ਹੋਰ ਵੀ ਜ਼ਿਆਦਾ ਉੱਘੜ ਕੇ ਸਾਹਮਣੇ ਆ ਜਾਂਦੀ ਹੈ।
ਸਨਅਤੀ ਪੱਖ ਤੋਂ ਤਰੱਕੀ ਕਰ ਚੁੱਕੇ ਦੇਸ਼ਾਂ ਵਿਚ, ਭਾਵੇਂ ਉਹ ਸਰਮਾਏਦਾਰੀ ਹੋਣ ਤੇ ਭਾਵੇਂ ਸਮਾਜਵਾਦੀ, ਮਿਲ ਕੇ ਤੇ ਤਨਜ਼ੀਮ ਨਾਲ ਕੰਮ ਕਰਨ ਦੀ ਰੁਚੀ ਸਪਸ਼ਟ ਹੁੰਦੀ ਹੈ। ਨਾਲੇ, ਉਹ ਕੱਟੜਵਾਦੀ ਨਹੀਂ ਹੁੰਦੇ। ਅਗਲੇ ਦੀ ਗੱਲ ਨੂੰ ਸੰਜੀਦਗੀ ਨਾਲ ਸੁਣਨ ਤੇ ਆਪਣੇ ਜੀਵਨ-ਅਨੁਭਵ ਦੀ ਕਸਵੱਟੀ ਉਤੇ ਪਰਖਣ ਦੀ ਸਮਰਥਾਂ ਰਖਦੇ ਹਨ। ਉਹ ‘ਵਾਦ’ ਵਿਚ ਸ਼ਖਸੀਅਤ ਨੂੰ ਨਹੀਂ ਵਾੜਦੇ। ਉਹ ਆਖੀ ਜਾ ਰਹੀ ਗੱਲ ਵਲ ਧਿਆਨ ਦੇਂਦੇ ਹਨ, ਆਖਣ ਵਾਲੇ ਦੇ ਵਿਅਕਤਿਤਵ ਵਲ ਨਹੀਂ।
ਪਰ ਸਾਡੇ ਸੰਸਕਾਰ ਕੁਝ ਹੋਰ ਹਨ, ਅਸੀਂ ਮਾਰਕਸਵਾਦ ਨੂੰ ਅਪਣਾ ਕੇ ਉਸ ਉੱਪਰ ਵੀ ਉਤਨੇ ਹੀ ਕੱਟੜ ਹੋ ਜਾਂਦੇ ਹਾਂ, ਜਿਤਨੇ ਪਹਿਲਾਂ ਕਿਸੇ ਅਧਿਆਤਮਵਾਦੀ ਮਤ-ਮਤਾਂਤਰ ਜਾਂ ਧਰਮ-ਮਜ਼ਹਬ ਬਾਰੇ ਸਾਂ। ਅਸਹਿਨਸ਼ੀਲਤਾ ਸਾਡੇ ਵਿਚ ਉਤਨੀ ਹੀ ਬਣੀ ਰਹਿੰਦੀ ਹੈ। ਜ਼ਰਾ ਵੀ ਕਿਸੇ ਨਾਲ ਸਾਡਾ ਮਤਭੇਦ ਹੋਵੇ, ਉਹ ਆਦਮੀ ‘ਬੁਰਯਵਾ, ਪਿਛਾਂਹ-ਖਿੱਚੂ, ਚਿਕਨ-ਹਾਰਟਿਡ’ ਅਤੇ ਖੌਰੇ ਹੋਰ ਕੀ-ਕੀ ਬਣ ਜਾਂਦਾ ਹੈ। ਲੀਡਰਾਂ ਨੂੰ ਅਸੀਂ ਓਵੇਂ ਹੀ ਪੂਜਣ ਲਗ ਜਾਂਦੇ ਹਾਂ, ਜਿਵੇਂ ਪਹਿਲਾਂ ਪੈਗੰਬਰਾਂ ਨੂੰ ਪੂਜਦੇ ਸਾਂ। ਸੱਚ ਨਾਲੋਂ ਸਾਨੂੰ ਆਪਣਾ ਧੜਾ ਜ਼ਿਆਦਾ ਪਿਆਰਾ ਹੋ ਜਾਂਦਾ ਹੈ। ਜੋ ਆਪਣੇ ਧੜੇ ਦਾ ਹੈ, ਉਹ ਦੋਸਤ; ਜੋ ਨਹੀਂ, ਉਹ ਦੁਸ਼ਮਣ। ਮਾਰਕਸਵਾਦ ਸਾਨੂੰ ਹਉਮੈਵਾਦ ਤੋਂ ਮੁਕਤ ਹੋਣ ਲਈ ਪਰੇਰਦਾ ਹੈ ਪਰ ਅਸਲ ਵਿਚ ਅਸੀਂ ਦਿਨੋ-ਦਿਨ ਹੰਕਾਰੀ ਬਣਦੇ ਜਾਂਦੇ ਹਾਂ।
ਇਹੋ ਹਾਲ ਮੇਰਾ ਹੁੰਦਾ ਜਾ ਰਿਹਾ ਸੀ। ਪਾਰਟੀ ਦਾ ਮੈਂਬਰ ਬਣਦਿਆਂ ਸਾਰ ਮੇਰੇ ਗੁਣ ਔਗੁਣਾਂ ਵਿਚ ਤਬਦੀਲ ਹੋਣੇ ਸ਼ੁਰੂ ਹੋ ਗਏ। ਆਰਟ ਨੂੰ ਮੈਂ ਉੱਕਾ ਹੀ ਰਾਜਨੀਤੀ ਦੇ ਪੱਖ ਤੋਂ ਪਰਖਣਾ ਸ਼ੁਰੂ ਕਰ ਦਿੱਤਾ। ਇਪਟਾ ਨੂੰ ਇੰਜ ਵੇਖਣਾ ਸ਼ੁਰੂ ਕਰ ਦਿੱਤਾ, ਜਿਵੇਂ ਪਾਰਟੀ ਦੇ ਹਿੱਤਾਂ ਨੂੰ ਸਾਧਣਾ ਹੀ ਉਸ ਦਾ ਇਕ-ਮਾਤਰ ਆਦਰਸ਼ ਹੋਵੇ। ਮੈਂ ਨਿੱਕਾ ਜਿਹਾ ਡਿਕਟੇਟਰ ਬਣਨ ਲੱਗ ਪਿਆ। ਪਾਰਟੀ ਦੇ ਸਾਥੀਆਂ ਦੀ ਮਦਦ ਨਾਲ ਮੈਂ ਆਪਣੀ ਕੋਈ ਵੀ ਈਨ ਮੰਨਵਾ ਸਕਦਾ ਸਾਂ। ਗੈਰ ਪਾਰਟੀ ਸਾਥੀ ਮੈਨੂੰ ਆਪਣੀ ਸਲਾਹ ਦੇਂਦੇ ਪਰ ਉਹਨੂੰ ਮੰਨਣਾ ਜਾਂ ਨਾ ਮੰਨਣਾ ਮੇਰੀ ਮਰਜ਼ੀ ਉੱਤੇ ਨਿਰਭਰ ਸੀ। ਇਪਟਾ ਦੇ ਦੇਸ਼-ਭਗਤ ਤੇ ਸਮਾਜਵਾਦੀ ਆਦਰਸ਼ਾਂ ਨਾਲ ਇਪਟਾ ਦੇ ਹਰ ਮੈਂਬਰ ਨੂੰ ਇਤਫਾਕ ਸੀ ਪਰ ਇਸ ਦੇ ਬਾਵਜੂਦ ਉਹ ਨਾਟਕ ਕਲਾ ਨੂੰ ਨਿਰਾ-ਪੁਰਾ ਪ੍ਰਾਪੇਗੰਡਾ ਬਣਾਉਣਾ ਨਹੀਂ ਸਨ ਚਾਹੁੰਦੇ। ਉਹ ਨਾਟਕ ਦੇ ਕਲਾਤਮਿਕ ਤੇ ਰੌਚਕ ਪਹਿਲੂ ਨੂੰ ਵੀ ਸੁਆਰਨਾ ਚਾਹੁੰਦੇ ਸਨ ਪਰ ਜਿਹੜਾ ਵੀ ਤਕਨੀਕ ਦੀ ਗੱਲ ਉਠਾਉਂਦਾ, ਮੈਂ ਹੱਥ ਧੋ ਕੇ ਉਹਦੇ ਮਗਰ ਪੈ ਜਾਂਦਾ। ਫੇਰ ਵੀ, ਉਹ ਦਿਨ ਬੜੇ ਹੁਲਾਰੇ ਵਾਲੇ ਸਨ। ਸਾਨੂੰ ਹਰ ਸਮੇਂ ਮਜ਼ਦੂਰ ਬਸਤੀਆਂ, ਚਾਲਾਂ ਤੇ ਗਲੀ-ਮਹੱਲਿਆਂ ਵਿਚ ਨਾਟਕ ਖੇਡਣ ਦਾ ਚਾਅ ਚੜ੍ਹਿਆ ਰਹਿੰਦਾ। ਇਸ ਤਰ੍ਹਾਂ ਸਾਨੂੰ ਬੰਬਈ ਦੇ ਨਾਗਰਿਕ ਜੀਵਨ ਨੂੰ ਬਹੁਤ ਨੇੜਿਓਂ ਵੇਖਣ ਦੇ ਚੰਗੇ ਮੌਕੇ ਮਿਲੇ ਜਿਨ੍ਹਾਂ ਦਾ ਅਗੇ ਜਾ ਕੇ ਫਿਲਮਾਂ ਦੇ ਕੰਮ ਵਿਚ ਮੈਨੂੰ ਬਹੁਤ ਲਾਭ ਪਹੁੰਚਿਆ।
ਇਕ ਦਿਨ ਫਨੀ-ਦਾ (ਫਿਲਮ ਡਾਇਰੈਕਟਰ ਫਨੀ ਮਜੂਮਦਾਰ) ਨੇ ‘ਜਸਟਿਸ’ ਫਿਲਮ ਦਾ ਪ੍ਰਾਈਵੇਟ ਸ਼ੋਅ ਕੀਤਾ। ਮੈਂ ਆਪਣਾ ਉਹ ਮੁਰਗੇ ਵਾਲਾ ਕਲੋਜ਼ਅਪ ਵੇਖਿਆ। ਵੇਖ ਕੇ ਇੰਜ ਲਗਾ, ਜਿਵੇਂ ਛੱਤ ਤੋਂ ਪੰਜ ਮਣ ਦੀ ਸਿਲ ਮੇਰੇ ਉੱਪਰ ਆ ਡਿੱਗੀ ਹੋਵੇ। ਬਿਲਕੁਲ ਜਿਵੇਂ ਮੁਰਦੇ ਦਾ ਚਿਹਰਾ ਹੁੰਦਾ ਹੈ। ਮੇਕ-ਅੱਪ ਕਾਰਨ ਉਹ ਹੋਰ ਵੀ ਭੱਦਾ ਲੱਗਾ। ਮੈਨੂੰ ਕ੍ਰੀਝ ਆਈ। ਕੀ ਮੇਰੀ ਸ਼ਕਲ ਇਤਨੀ ਹੀ ਭਿਆਨਕ ਹੈ? ਪਰ ਮੈਂ ਬਹੁਤੀ ਚਿੰਤਾ ਨਾ ਕੀਤੀ। ਫਨੀ-ਦਾ ਨੇ ਆਪਣੇ ਇਕਰਾਰ ਅਨੁਸਾਰ ਮੈਨੂੰ ਆਪਣੀ ਅਗਲੀ ਫਿਲਮ ‘ਦੂਰ ਚਲੋ’ ਵਿਚ ਇਹ ਪ੍ਰਮੁਖ ਕਿਰਦਾਰ ਦੇ ਦਿੱਤਾ ਸੀ। ਇਤਨਾ ਹੀ ਨਹੀਂ, ਦਮੋ ਨੂੰ ਵੀ ਲੈ ਲਿਆ ਸੀ। ਫਿਲਮ ਵਿਚ ਵੀ ਉਹ ਮੇਰੀ ਪਤਨੀ ਦਾ ਰੋਲ ਕਰ ਰਹੀ ਸੀ। ਕਮਲ ਕਪੂਰ ਉਸ ਫਿਲਮ ਦਾ ਹੀਰੋ ਸੀ, ਤੇ ਨਸੀਮ (ਜੂਨੀਅਰ) ਹੀਰੋਇਨ। ਸਾਥੀ ਕਲਾਕਾਰ ਸਨ – ਆਗਾ, ਸਾਹੂ, (ਕਿਸ਼ੋਰ ਸਾਹੂ ਦਾ ਛੋਟਾ ਵੀਰ), ਘੋਸ਼ (ਵਚਿੱਤਰ ਪ੍ਰਕਿਰਤੀ ਦਾ ਨੌਜਵਾਨ ਜਿਸ ਦੀ ਮੌਤ ਵੀ ਬੜੇ ਵਚਿੱਤਰ ਢੰਗ ਨਾਲ ਹੋਈ), ਕੇ.ਸੀ.ਡੇ. ਨੂੰ ਨੇੜਿਓਂ ਵੇਖਣ ਤੇ ਮਿਲਣ ਦੀ ਸਾਨੂੰ ਅਪਾਰ ਖੁਸ਼ੀ ਸੀ। ਉਹ ਵੀ ਦਮੋ ਨੂੰ ਧੀਆਂ ਵਾਂਗ ਪਿਆਰ ਕਰਨ ਲਗ ਪਏ ਸਨ।
ਇਸ ਫਿਲਮ ਦੀ ਸ਼ੂਟਿੰਗ ਜ਼ਿਆਦਾ ਕਰਕੇ ਆਊਟ-ਡੋਰ ਸੀ। ਘੋੜ-ਬੰਦਰ ਰੋਡ ਉੱਤੇ ਅਸੀਂ ਕਿਤਨੇ ਹੀ ਦਿਨ ਸਾਈਕਲ ਚਲਾਉਂਦੇ ਫਿਰੇ। ਸ਼ਾਟ ਤੋਂ ਪਹਿਲਾਂ, ਮੈਂ ਵੇਖਿਆ, ਆਗਾ ਸਾਡੇ ਨਾਲ ਸਾਧਾਰਨ ਢੰਗ ਨਾਲ ਗੱਲਾਂ ਕਰ ਰਿਹਾ ਹੁੰਦਾ ਪਰ ਕੈਮਰਾ ਚਾਲੂ ਹੁੰਦਿਆਂ ਹੀ ਉਹਨੂੰ ਜਿਵੇਂ ਕੁਝ ਹੋ ਜਾਂਦਾ। ਜਿਵੇਂ ਉਸ ਉਪਰ ਕੋਈ ਭੂਤ ਸਵਾਰ ਹੋ ਜਾਂਦਾ। ਬੜੀਆਂ ਤੇਜ਼-ਤੇਜ਼ ਤੇ ਅਜੀਬ-ਅਜੀਬ ਹਰਕਤਾਂ ਕਰਨ ਲੱਗ ਜਾਂਦਾ। ਉਹ ਮੈਨੂੰ ਇੰਜ ਲਗਦਾ, ਜਿਵੇਂ ਉਹ ਜ਼ਬਰਦਸਤੀ ਮੈਨੂੰ ਆਪਣੇ ਨਾਲ ਧੂਹੀ ਜਾ ਰਿਹਾ ਹੈ, ਜਿਵੇਂ ਉਹਨੇ ਮੇਰੇ ਉਪਰ ਕੋਈ ਜਾਦੂ ਕਰ ਦਿੱਤਾ ਹੈ। ਜਦੋਂ ਵੀ ਉਹਦੇ ਨਾਲ ਮੇਰਾ ਸ਼ਾਟ ਹੁੰਦਾ, ਮੈਨੂੰ ਆਪਣਾ ਅੰਗ-ਅੰਗ ਸਿੱਥਲ ਹੁੰਦਾ ਤੇ ਸੁੰਗੜਦਾ ਪਰਤੀਤ ਹੁੰਦਾ ਪਰ ਆਗਾ ਦੀਆਂ ਹਰਕਤਾਂ ਨੂੰ ਮੈਂ ਮੂਰਖਤਾ ਭਰੀ ਦਿਖਾਵੇਬਾਜ਼ੀ ਕਹਿ ਕੇ ਮਨੋਂ ਵਿਸਾਰ ਛੱਡਦਾ। ਓਵਰ-ਐਕਟਿੰਗ ਕਰਦਾ ਹੈ, ਮੈਂ ਸੋਚਦਾ। ਹਿੰਦੁਸਤਾਨੀ ਫਿਲਮਾਂ ਦੀ ਇਹੋ ਤਾਂ ਖਰਾਬੀ ਹੈ। ਸਾਰੇ ਓਵਰ-ਐਕਟਿੰਗ ਕਰਦੇ ਹਨ ਪਰ ਜਦ ਸ਼ਾਟ ਤੋਂ ਬਾਅਦ ਸਾਰੇ ਉਸ ਦੀਆਂ ਹਰਕਤਾਂ ਉਪਰ ਲੋਟ-ਪੋਟ ਹੁੰਦੇ ਤਾਂ ਮੈਨੂੰ ਅੰਦਰੇ-ਅੰਦਰ ਖਿੱਝ ਆਉਂਦੀ। ਤਾਰੀਫ ਤਾਂ ਉਹਨਾਂ ਨੂੰ ਦਰਅਸਲ ਮੇਰੀ ਕਰਨੀ ਚਾਹੀਦੀ ਸੀ, ਜਦ ਕਿ ਮੈਂ ਇਤਨੀ ਕੁਦਰਤੀ ਤੇ ਸੰਜਮੀ ਐਕਟਿੰਗ ਕਰ ਰਿਹਾ ਸਾਂ। ਅਨਾੜੀ ਐਕਟਰ ਦੇ ਇਹੋ ਤਾਂ ਲੱਛਣ ਹੁੰਦੇ ਹਨ। ਉਹ ਸਭ ਕੁਝ ਗਲਤ ਕਰਦਿਆਂ ਵੀ ਸੋਚਦਾ ਹੈ ਕਿ ਮੈਂ ਸਭ ਕੁਝ ਠੀਕ ਕਰ ਰਿਹਾ ਹਾਂ। ਸ਼ਾਟ ਤੋਂ ਪਹਿਲਾਂ ਦੇ ਤੇ ਸ਼ਾਟ ਵੇਲੇ ਦੇ ਆਗਾ ਵਿਚ ਫਰਕ ਇਹ ਸੀ ਕਿ ਉਹ ਆਪਣੇ ਕਿਰਦਾਰ ਵਿਚ ਦਾਖਲ ਹੋ ਜਾਂਦਾ ਸੀ। ਸ਼ਾਟ ਖਤਮ ਹੁੰਦਿਆਂ ਹੀ ਉਹ ਆਪਣੀ ਆਤਮਾ ਤੋਂ ਕਿਰਦਾਰ ਨੂੰ ਉਤਾਰ ਕੇ ਫੇਰ ਆਗਾ ਬਣ ਜਾਂਦਾ ਸੀ। ਤੇ ਮੈਨੂੰ ਇਹਨਾਂ ਗੱਲਾਂ ਦਾ ਅਜੇ ਕੇਵਲ ਗਿਆਨ ਹੀ ਸੀ, ਅਭਿਆਸਿਕ ਅਨੁਭਵ ਨਹੀਂ। ਤੇ ਮੈਂ ਜੋ ਕੁਝ ਕੈਮਰੇ ਅੱਗੇ ਕਰ ਰਿਹਾ ਸਾਂ, ਉਸ ਨੂੰ ਐਕਟਿੰਗ ਦਾ ਨਾਂ ਦੇਣਾ ਵੀ ਉਸ ਸ਼ਬਦ ਨਾਲ ਘੋਰ ਅਨਿਆਂ ਸੀ।
ਮੈਂ ਵੇਖਿਆ ਹੈ ਕਿ ਔਰਤਾਂ ਵਿਚ ਐਕਟਿੰਗ ਦੀ ਪ੍ਰਤਿਭਾ ਮਰਦਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਬਾਹੂ-ਬਲ ਦੀ ਘਾਟ ਔਰਤ ਨੂੰ ਚਲਿੱਤਰ ਨਾਲ ਕੰਮ ਸਾਰਨ ਉਤੇ ਮਜਬੂਰ ਕਰਦੀ ਹੈ। ਏਸ ਲਈ ਨਿੱਕਿਆਂ ਹੁੰਦਿਆਂ ਤੋਂ ਨਾਰੀ-ਸੁਭਾਅ ਵਿਚ ਚੰਚਲਤਾ ਅਤੇ ਚਪਲਤਾ ਉਭਰ ਆਉਂਦੀ ਹੈ। ਸੰਗਾਊਪੁਣਾ ਮਰਦ ਵਿਚ ਜ਼ਿਆਦਾ ਹੁੰਦਾ ਹੈ। ਮੈਂ ਦਮੋ ਨੂੰ ਕੈਮਰੇ ਅੱਗੇ ਲਾਪਰਵਾਹੀ ਨਾਲ ਹੱਸਦਿਆਂ, ਗਾਉਂਦਿਆਂ, ਨੱਚਦਿਆਂ, ਟੱਪਦਿਆਂ ਵੇਖ ਕੇ ਕਾਫੀ ਹੈਰਾਨ ਹੁੰਦਾ ਸਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦਾ ਸੁਭਾਅ ਐਕਟਿੰਗ ਕਲਾ ਦੇ ਬਹੁਤ ਜ਼ਿਆਦਾ ਅਨੁਕੂਲ ਸੀ।
ਤੇ ਫੇਰ, ਇਕ ਦਿਨ ਪ੍ਰਿਥਵੀ ਥੀਏਟਰ ਦੇ ਨਾਟਕ ‘ਦੀਵਾਰ’ ਦਾ ਪਰਦਾ ਉੱਠਿਆ। ਪਹਿਲੇ ਸ਼ੋਅ ਵਿਚ ਦਮੋ ਪ੍ਰਿਥਵੀ ਜੀ ਤੋਂ ਰਤਾ ਕੁ ਝਕ ਕੇ ਕੰਮ ਕਰ ਰਹੀ ਸੀ। ਮੇਕ-ਅਪ ਵੀ ਬਹੁਤਾ ਚੰਗਾ ਨਹੀਂ ਸੀ ਹੋਇਆ। ਲਾਲੀ ਜ਼ਿਆਦਾ ਮਲ ਦਿੱਤੀ ਗਈ ਸੀ। ਸ਼ੋਅ ਦੇ ਖਾਤਮੇ ਉਤੇ ਮੈਂ ਦਮੋ ਨੂੰ ਮੇਕ-ਅਪ ਰੂਮ ਵਿਚ ਜਾ ਕੇ ਖੂਬ ਹੌਸਲਾ ਦਿੱਤਾ ਤੇ ਨਿਡਰ ਹੋ ਕੇ ਕੰਮ ਕਰਨ ਲਈ ਪ੍ਰੇਰਿਆ। ਮੇਕ-ਅੱਪ ਵੀ ਠੀਕ ਕਰਾਇਆ। ਅੱਧੇ ਕੁ ਘੰਟੇ ਪਿਛੋਂ ਪਰਦਾ ਦੂਜੇ ਸ਼ੋਅ ਉੱਤੇ ਉੱਠਿਆ। ਦਮੋ ਜਿਵੇਂ ਬਦਲ ਕੇ ਕੁਝ ਹੋਰ ਹੋ ਗਈ ਸੀ। ਇਹ ਕਹਿਣ ਵਿਚ ਅਤਿਕਥਨੀ ਨਹੀਂ ਕਿ ਉਹਦੇ ਨਾਲ ਬੰਬਈ ਸ਼ਹਿਰ ਵਿਚ ਤਹਿਲਕਾ ਮੱਚ ਗਿਆ। ‘ਦੀਵਾਰ’ ਨਾਟਕ ਤੇ ਦਮੋ ਦੇ ਕੰਮ ਦੀਆਂ ਧੁੰਮਾਂ ਪੈ ਗਈਆਂ। ਅਜ ਤਕ ਇਤਨੀ ਕਾਮਯਾਬੀ ਕਿਸੇ ਨਾਟਕ ਨੂੰ ਮਿਲਦੀ ਨਹੀਂ ਸੀ ਵੇਖੀ ਗਈ। ਟਿਕਟਾਂ ਲਈ ਇਤਨੀਆਂ ਲੰਮੀਆਂ ਲਾਈਨਾਂ ਕਿਸੇ ਸਿਨੇਮੇ ਅੱਗੇ ਵੀ ਨਹੀਂ ਸਨ ਵੇਖੀਆਂ ਗਈਆਂ।
ਦਮੋ ‘ਸਟਾਰ’ ਬਣ ਚੁੱਕੀ ਸੀ। ਅਗਲੇ ਦਿਨ ਤੋਂ ਹੀ ਫਿਲਮ ਪ੍ਰੋਡਿਊਸਰਾਂ ਨੇ ਸਾਡੇ ਘਰ ਨੂੰ ਘੇਰਾ ਪਾ ਲਿਆ ਜੋ ਸਾਡੇ ਲਈ ਅਨੋਖੀ ਤੇ ਅਣਕਿਆਸੀ ਹਾਲਤ ਸੀ। (ਚੱਲਦਾ)