ਵਿਭੂਤੀ ਨਰਾੲਣਿ ਰਾਏ
ਅਨੁਵਾਦ: ਤਰਸੇਮ ਲਾਲ
ਵਿਭੂਤੀ ਨਰਾਇਣ ਰਾਏ ਪੁਲਿਸ ਅਫਸਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਲਿਖਾਰੀ ਵੀ ਹਨ। ਉਨ੍ਹਾਂ 5 ਨਾਵਲਾਂ ਤੋਂ ਇਲਾਵਾ ਭਾਰਤ ਵਿਚ ਫਿਰਕੂ ਸਿਆਸਤ ਨਾਲ ਸਬੰਧਤ ਦੋ ਪੁਸਤਕਾਂ ਲਿਖੀਆਂ ਹਨ। ‘ਫਿਰਕੂ ਦੰਗੇ ਅਤੇ ਭਾਰਤੀ ਪੁਲਿਸ’ ਨਾਂ ਦੀ ਪੁਸਤਕ ਵਿਚ ਉਨ੍ਹਾਂ ਫਿਰਕੂ ਦੰਗਿਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਛਾਣ-ਬੀਣ ਕੀਤੀ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਭਾਰਤ ਵਰਗੇ ਮੁਲਕ ਨੂੰ ਧਰਮ ਨਿਰਪੱਖ ਅਤੇ ਤਰੱਕੀ ਦੇ ਰਸਤੇ ‘ਤੇ ਅੱਗੇ ਵਧਾਉਣ ਲਈ ਧਾਰਮਿਕ ਕੱਟੜਤਾ, ਗੈਰ-ਵਿਗਿਆਨਕ ਸੋਚ, ਰੂੜ੍ਹੀਵਾਦੀ ਮਾਨਸਿਕਤਾ ਤੋਂ ਬਾਹਰ ਆਉਣਾ ਪਵੇਗਾ। ਇਸ ਲਿਖਤ ਦੀ ਦੀਜੀ ਕਿਸ਼ਤ ਹਾਜ਼ਰ ਹੈ। ਇਸ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਤਰਸੇਮ ਲਾਲ ਨੇ ਕੀਤਾ ਹੈ।
ਸਾਡਾ ਇਹ ਤਰਕ ਹੈ ਕਿ ਫਿਰਕਾਪ੍ਰਸਤੀ ਅਤੇ ਫਿਰਕੂ ਦੰਗੇ ਕੇਵਲ ਅੰਗਰੇਜ਼ ਸਾਮਰਾਜ ਦੀ ਉਪਜ ਹਨ, ਕਹਿਣਾ ਇਸ ਵਰਤਾਰੇ ਦਾ ਖਤਰਨਾਕ ਸਰਲੀਕਰਨ ਹੋਵੇਗਾ। ਭਾਰਤ ਵਰਗੇ ਬਹੁ-ਧਰਮੀ ਸਮਾਜ ਅੰਦਰ, ਕੀ ਧਾਰਮਿਕ ਆਧਾਰ ‘ਤੇ ਭਿੰਨ-ਭੇਦ ਦੇ ਮੁੱਦੇ ਕੇਵਲ ਅੰਗਰੇਜ਼ ਸਾਮਰਾਜ ਨੇ ਪੈਦਾ ਕੀਤੇ? ਮੱਧ ਯੁੱਧ ਵਿਚਲੇ ਇਤਿਹਾਸ ਦੀ ਇਸ ਵਿਚ ਕੀ ਭੂਮਿਕਾ ਹੈ? ਮੁਸਲਮਾਨਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ, ਕੀ ਬ੍ਰਾਹਮਣ-ਬੋਧ, ਸ਼ੈਵ, ਵੈਸ਼ਨਵ ਵਿਚਕਾਰ ਮੱਤਭੇਦ ਨਹੀਂ ਸਨ ਰਹੇ? ਸਾਨੂੰ ਇਨ੍ਹਾਂ ਸਾਰੇ ਪ੍ਰਸ਼ਨਾਂ ‘ਤੇ ਵਿਚਾਰ ਕਰਨ ਦੀ ਲੋੜ ਹੈ।
ਜੇ ਅਸੀਂ ਫਿਰਕੂ ਦੰਗਿਆਂ ਨੂੰ ਅੰਗਰੇਜ਼ ਸਾਮਰਾਜ ਦੀ ਉਪਜ ਸਮਝਦੇ ਹਾਂ ਤਾਂ ਕੀ ਅੰਗਰੇਜ਼ਾਂ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਭਾਰਤੀ ਸਮਾਜ ਵਿਚ ਫਿਰਕਾਪ੍ਰਸਤੀ ਦੀ ਭਾਵਨਾ ਨਹੀਂ ਸੀ? ਉਹ ਪਹਿਲਾਂ ਵੀ ਦੰਗਿਆਂ ਬਾਰੇ ਜਾਣਦੇ ਸਨ ਅਤੇ ਇਤਿਹਾਸ ਵਿਚ ਪਹਿਲਾਂ ਵੀ ਉਨ੍ਹਾਂ ਦੇ ਪੂਰਵਜ਼ਾਂ ਨੇ ਇਨ੍ਹਾਂ ਨੂੰ ਹੰਢਾਇਆ ਸੀ। ਦੂਜਾ, ਜੇ ਇਹ ਅੰਗਰੇਜ਼ਾਂ ਦੀ ਹੀ ਉਪਜ ਸਨ ਤਾਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਮਾਪਤ ਹੋ ਜਾਣਾ ਚਾਹੀਦਾ ਸੀ। ਉਸ ਤੋਂ ਬਾਅਦ ਉਹ ਹੋਰ ਵੀ ਗੰਭੀਰ ਰੂਪ ਵਿਚ ਜਾਰੀ ਰਹੇ ਅਤੇ ਅੱਜ ਵੀ ਜਾਰੀ ਹਨ।
ਅੰਗਰੇਜ਼ ਕਾਲ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਇਤਿਹਾਸਕਾਰ ਕ੍ਰਿਸਟੋਫਰ ਬੇਲੀ ਅਨੁਸਾਰ ਬਨਾਰਸ ਵਿਚ 1809 ਵਿਚ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਪਹਿਲਾਂ ਤੋਂ ਚੱਲ ਰਹੇ ਵਿਰੋਧ ਕਾਰਨ ਫਿਰਕੂ ਦੰਗੇ ਹੋਏ। ਉਹ ਇਸ ਸਬੰਧੀ ਜ਼ਿਆਦਾ ਵਿਸਥਾਰ ਨਹੀਂ ਦਿੰਦੇ। ਉਹ 18ਵੀਂ ਸ਼ਤਾਬਦੀ ਵਿਚ ਮੁਸਲਿਮ ਜ਼ਿਮੀਦਾਰਾਂ ਖਿਲਾਫ ਹਿੰਦੂ ਸਿੱਖ ਕਿਸਾਨੀ ਵਿਦਰੋਹ ਨੂੰ ਵੀ ਫਿਰਕੂ ਦੰਗਿਆਂ ਦੇ ਰੂਪ ਵਿਚ ਪੇਸ਼ ਕਰਦੇ ਹਨ। ਇਹ, ਖਿੱਚ ਧੂਹ ਕਰਕੇ ਕਿਸੇ ਵੀ ਸਮਾਜ ਵਿਚ ਹੋਣ ਵਾਲੇ ਆਮ ਸੰਘਰਸ਼ ਨੂੰ ਫਿਰਕੂ ਦੰਗਿਆਂ ਦੀ ਸਮਾਨਤਾ ਦੇ ਕੇ ਉਨ੍ਹਾਂ ਨੂੰ ਫਿਰਕੂ ਸਿੱਧ ਕਰਨ ਦੀ ਕੋਸ਼ਿਸ਼ ਜਾਪਦੀ ਹੈ।
1713 ਵਿਚ ਅਹਿਮਦਾਬਾਦ ਵਿਚ ਹੋਇਆ ਦੰਗਾ ਬਿਨਾਂ ਸ਼ੱਕ ਫਿਰਕੂ ਸੀ। ਅੱਖੀਂ ਦੇਖੀ ਘਟਨਾ ਦੀ ਵਿਆਖਿਆ ਕਰਦੇ ਹੋਏ ਖਾਫੀ ਖਾਨ ਅਨੁਸਾਰ ਇਕ ਹਿੰਦੂ ਨੇ ਆਪਣੇ ਗੁਆਂਢੀ ਮੁਸਲਮਾਨ ਅਤੇ ਆਪਣੇ ਘਰ ਦੇ ਸਾਹਮਣੇ ਸਾਂਝੇ ਵਿਹੜੇ ਵਿਚ ਹੋਲੀ ਜਲਾਉਣ ਦੀ ਤਿਆਰੀ ਕਰ ਲਈ। ਝਗੜੇ ਤੋਂ ਬਾਅਦ ਮਾਮਲਾ ਮੁਸਲਮਾਨ ਅਫਸਰ ਕੋਲ ਗਿਆ ਜਿਸ ਨੇ ਹਿੰਦੂ ਨੂੰ ਹੋਲੀ ਜਲਾਉਣ ਦੀ ਆਗਿਆ ਦੇ ਦਿੱਤੀ। ਉਸ ਨੇ ਹੋਲੀ ਜਲਾ ਦਿੱਤੀ। ਦੂਜੇ ਦਿਨ ਮੁਸਲਮਾਨ ਪਰਿਵਾਰ ਨੇ ਪੈਗੰਬਰ ਸਾਹਿਬ ਦੇ ਸਨਮਾਨ ਵਿਚ ਆਪਣੇ ਘਰ ਦੇ ਸਾਹਮਣੇ ਗਊ ਦੀ ਕੁਰਬਾਨੀ ਦੇ ਦਿੱਤੀ। ਭੜਕੇ ਹੋਏ ਹਿੰਦੂ ਇਕੱਠੇ ਹੋ ਗਏ ਅਤੇ ਉਨ੍ਹਾਂ ਮੁਸਲਮਾਨਾਂ ‘ਤੇ ਹਮਲਾ ਬੋਲ ਦਿੱਤਾ। ਹਮਲੇ ਵਿਚ ਕੁਰਬਾਨੀ ਦੇਣ ਵਾਲਾ ਮੁਸਲਮਾਨਾਂ ਦਾ 14 ਸਾਲਾਂ ਦਾ ਪੁੱਤਰ ਮਾਰਿਆ ਗਿਆ। ਦੋਹਾਂ ਪੱਖਾਂ ਨੇ ਬਾਦਸ਼ਾਹ ਨੂੰ ਸ਼ਾਂਤੀ ਸਥਾਪਤ ਕਰਨ ਦੀ ਅਪੀਲ ਕੀਤੀ।
ਇਸ ਬਾਰੇ ਅਧਿਐਨ ਕਰਨ ਲਈ ਸਾਨੂੰ ਮੱਧ ਯੁੱਗ ਦੇ ਨਾਗਰਿਕ ਰਿਸ਼ਤਿਆਂ ਅਤੇ ਰਾਜ ਦੇ ਬੁਨਿਆਦੀ ਚਰਿੱਤਰ ‘ਤੇ ਧਿਆਨ ਦੇਣ ਦੀ ਲੋੜ ਹੈ। ਇਤਿਹਾਸਕਾਰਾਂ ਦੀਆਂ ਵੀ ਦੋ ਸ਼੍ਰੇਣੀਆਂ ਹਨ। ਇਕ ਸ਼੍ਰੇਣੀ ਮੁਹੰਮਦ ਯਾਸੀਨ ਵਰਗੇ ਇਤਿਹਾਸਕਾਰ ਹਨ ਜੋ ਮੁਗਲ ਕਾਲ ਨੂੰ ਹਿੰਦੂ ਮੁਸਲਿਮ ਸਦਭਾਵ, ਆਪਸੀ ਪ੍ਰੇਮ ਅਤੇ ਸਹਿਣਸ਼ੀਲਤਾ ਦੀ ਮਿਸਾਲ ਸਮਝਦੇ ਹਨ। ਦੂਜੇ ਵਰਗ ਦੇ ਇਤਿਹਾਸਕਾਰ ਮੁਗਲ ਕਾਲ ਨੂੰ ਜ਼ਿਆਦਤੀਆਂ, ਮੂਰਤੀਆਂ ਤੋੜਨ, ਧਰਮ ਬਦਲੀ, ਜ਼ਜੀਆ, ਜ਼ੁਲਮ, ਲੁੱਟਮਾਰ ਕਤਲੇਆਮ ਅਤੇ ਅਸਹਿਣਸ਼ੀਲਤਾ ਦਾ ਭਿਅੰਕਰ ਦੌਰ ਸਮਝਦੇ ਹਨ। ਸਾਨੂੰ ਇਸ ਬਾਰੇ ਫਿਰਕਾਪ੍ਰਸਤੀ ਨੂੰ ਸਮਝਣ ਲਈ ਅਧਿਐਨ ਦੀ ਲੋੜ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਸਲਿਮ ਰਾਜਿਆਂ ਨੇ ਹਿੰਦੂ ਮੰਦਿਰ ਤੋੜੇ ਪਰ ਇਸ ਪਿੱਛੇ ਧਾਰਮਿਕ ਕੱਟੜਤਾ ਜਾਂ ਅਸਹਿਣਸ਼ੀਲਤਾ ਇਕੋ-ਇਕ ਕਾਰਨ ਨਹੀਂ ਸੀ। ਹਿੰਦੂ ਮੰਦਿਰਾਂ ਵਿਚ ਬਹੁਤ ਸਾਰਾ ਸੋਨਾ, ਚਾਂਦੀ, ਜ਼ੇਵਰ, ਅਤੇ ਹੋਰ ਕੀਮਤੀ ਧਨ-ਦੌਲਤ ਮੌਜੂਦ ਸੀ। ਇਹ ਮੰਦਿਰਾਂ ਨੂੰ ਤੋੜਨ ਪਿੱਛੇ ਵੱਡਾ ਕਾਰਨ ਸੀ। ਮਹਿਮੂਦ ਗਜ਼ਨਵੀ ਭਾਰਤ ਵਿਚ ਦਾਖਲ ਹੋਣ ਤੋਂ ਬਾਅਦ ਹਜ਼ਾਰਾਂ ਮੰਦਿਰ ਛੱਡ ਕੇ ਸੈਂਕੜੇ ਮੀਲਾਂ ਦਾ ਸਫਰ ਕਰਕੇ ਸੋਮਨਾਥ ਮੰਦਿਰ ਲੁੱਟਣ ਲਈ ਪਹੁੰਚਿਆ ਕਿਉਂਕਿ ਉਸ ਵਿਚ ਕੀਮਤੀ ਦੌਲਤ ਮੌਜੂਦ ਸੀ। ਬਹੁਤ ਸਾਰੇ ਹਿੰਦੂ ਰਾਜਿਆਂ ਨੇ ਵੀ ਇਸ ਲਾਲਚ ਵਿਚ ਮੰਦਿਰ ਤੋੜੇ। ਕਸ਼ਮੀਰ ਦੇ ਰਾਜੇ ਹਰਸ਼ ਨੇ ਮੰਦਿਰਾਂ ਦੇ ਸੋਨਾ ਚਾਂਦੀ ਲੁੱਟਣ ਲਈ ਬਕਾਇਦਾ ਵਿਭਾਗ ਬਣਾਇਆ ਹੋਇਆ ਸੀ। ਧਾਰਮਿਕ ਅਤੇ ਆਰਥਕ ਤੋਂ ਬਿਨਾਂ ਸਿਆਸੀ ਕਾਰਨ ਵੀ ਇਸ ਪਿੱਛੇ ਕੰਮ ਕਰਦਾ ਸੀ- ‘ਹਾਰੀ ਹੋਈ ਜਨਤਾ ਤੋਂ ਆਪਣੀ ਅਧੀਨਤਾ ਸਵੀਕਾਰ ਕਰਵਾਉਣ ਦਾ ਯਤਨ।’ ਭਾਰਤ ਵਿਚ ਬ੍ਰਾਹਮਣ ਰਾਜਿਆਂ ਨੇ ਜਿੰਨੇ ਵੀ ਬੁੱਧ ਮੱਤ ਅਤੇ ਜੈਨੀਆਂ ਦੇ ਮੰਦਿਰ ਤੋੜੇ, ਉਹ ਸ਼ਾਇਦ ਹੀ ਮੁਸਲਮਾਨਾਂ ਨਾਲੋਂ ਤੋੜੇ ਮੰਦਿਰਾਂ ਨਾਲੋਂ ਘੱਟ ਹੋਣ। ਇਕ ਵਾਰ ਪੂਰੀ ਤਰ੍ਹਾਂ ਪੈਰ ਜਮਾਉਣ ਤੋਂ ਬਾਅਦ ਮੁਸਲਿਮ ਰਾਜਿਆਂ ਦੀ ਮੰਦਿਰ ਤੋੜਨ ਦੀ ਰਫਤਾਰ ਹੌਲੀ-ਹੌਲੀ ਘਟਦੀ ਗਈ; ਭਾਵ, ਜਦ ਅਧੀਨਗੀ ਪੂਰੀ ਤਰ੍ਹਾਂ ਸਵੀਕਾਰ ਕਰ ਲਈ ਤਾਂ ਮੰਦਿਰ ਤੋੜਨ ਦੀ ਜ਼ਰੂਰਤ ਨਾ ਰਹੀ।
ਮੁਸਲਮਾਨ ਸ਼ਾਸਕਾਂ ਦਾ ਵਰਤਾਓ ਆਪਣੀ ਪਰਜਾ ਨਾਲ ਉਹੋ ਜਿਹਾ ਸੀ ਜਿਹੋ-ਜਿਹਾ ਕਿਸੇ ਰਾਜੇ ਦਾ ਹੁੰਦਾ ਹੈ। ਉਨ੍ਹਾਂ ਦੀ ਚਿੰਤਾ ਧਰਮ ਪ੍ਰਚਾਰ ਨਾਲੋਂ ਆਪਣੇ ਰਾਜ ਦੀ ਸੁਰੱਖਿਆ ਵਧੇਰੇ ਸੀ। ਇਸ ਲਈ ਜ਼ਿਆਦਾਤਰ ਟੈਕਸ ਵਸੂਲੀ ਅਤੇ ਸੈਨਾ ਪ੍ਰਬੰਧ ਲਈ ਉੱਚੇ ਅਹੁਦਿਆਂ ‘ਤੇ ਹਿੰਦੂਆਂ ਨੂੰ ਲਗਾਇਆ ਗਿਆ ਸੀ। ਮੁਗਲ ਕਾਲ ਆਉਂਦੇ-ਆਉਂਦੇ ਇਹ ਘਟਦਾ ਗਿਆ। ਉਸ ਵੇਲੇ ਤੱਕ ਉਨ੍ਹਾਂ ਨੂੰ ਮਿਲਣ ਵਾਲੀ ਚੁਣੌਤੀ ਲਗਭਗ ਖਤਮ ਹੋ ਚੁੱਕੀ ਸੀ। ਇਹ ਕੇਵਲ ਸੰਜੋਗ ਨਹੀਂ ਸੀ ਕਿ ਮੁਸਲਿਮ ਸੱਤਾ ਲਈ ਚੁਣੌਤੀ ਵਜੋਂ ਪੇਸ਼ ਦੋ ਪ੍ਰਤੀਕ- ਰਾਣਾ ਪ੍ਰਤਾਪ ਅਤੇ ਸ਼ਿਵਾਜੀ, ਵਿਰੁੱਧ ਲੜਨ ਵਾਲੀ ਮੁਗਲ ਸੈਨਾ ਦੀ ਅਗਵਾਈ ਰਾਜਪੂਤਾਂ ਦੇ ਹੱਥ ਸੀ।
ਮੱਧ ਕਾਲ ਵਿਚ ਸ਼ਾਸਕ ਮੁਸਲਿਮ ਸਨ ਪਰ ਪਰਜਾ ਮੁੱਖ ਤੌਰ ‘ਤੇ ਹਿੰਦੂ ਸੀ। ਭਾਰਤ ਦੀ ਰਾਸ਼ਟਰ ਵਜੋਂ ਕਲਪਨਾ 1850 ਤੋਂ ਬਾਅਦ ਸ਼ੁਰੂ ਹੋਈ। ਉਸ ਵੇਲੇ ਤੱਕ ਹਰ ਸ਼ਕਤੀਸ਼ਾਲੀ ਸੱਤਾ ਕੇਂਦਰ ਆਪਣਾ ਭੂਗੋਲਿਕ ਖੇਤਰ ਵਧਾਉਣ ਲਈ ਯਤਨ ਕਰਦਾ ਰਹਿੰਦਾ ਸੀ। ਅਜਿਹਾ ਕਰਦੇ ਸਮੇਂ ਉਸ ਦਾ ਵੱਖ-ਵੱਖ ਸ਼ਕਤੀਆਂ ਨਾਲ ਮੁਕਾਬਲਾ ਹੁੰਦਾ। ਇਹ ਮੁਕਾਬਲਾ ਦੋ ਰਾਜਾਂ ਵਿਚਕਾਰ ਹੁੰਦਾ। ਇਨ੍ਹਾਂ ਵਿਚੋਂ ਇਕ ਮੁਸਲਿਮ ਅਤੇ ਦੂਜਾ ਹਿੰਦੂ ਹੁੰਦਾ ਜਾਂ ਦੋਨੋਂ ਮੁਸਲਿਮ ਰਾਜ ਹੁੰਦੇ। ਇਹ ਸੰਘਰਸ਼ ਮੁੱਖ ਰੂਪ ਵਿਚ ਉਨ੍ਹਾਂ ਸੱਤਾ ਕੇਂਦਰਾਂ ਤੱਕ ਹੀ ਸੀਮਤ ਰਹਿੰਦਾ। ਜਨਤਾ ਦੀ ਉਸ ਵਿਚ ਬਹੁਤੀ ਭਾਗੀਦਾਰੀ ਨਹੀਂ ਸੀ ਹੁੰਦੀ। ਇਸ ਲਈ ਉਸ ਖੇਤਰ ਵਿਚ ਰਹਿਣ ਵਾਲੀ ਹਿੰਦੂ ਮੁਸਲਿਮ ਜਨਤਾ ਦੇ ਆਪਸੀ ਸਬੰਧਾਂ ‘ਤੇ ਬਹੁਤਾ ਅਸਰ ਨਹੀਂ ਸੀ ਪੈਂਦਾ।
ਮੁਗਲ ਕਾਲ ਸਮੇਂ ਅਤੇ ਅੰਗਰੇਜ਼ ਕਾਲ ਸਮੇਂ ਦੇ ਰਾਜ ਪ੍ਰਬੰਧ ਵਿਚ ਵੱਡੇ ਅੰਤਰ ਸਨ। ਮੁਗਲ ਕਾਲ ਸਮੇਂ ਦੇ ਰਾਜ ਤੰਤਰ ਵਿਚ ਸ਼ਾਸਕਾਂ ਦਾ ਮਨੋਰਥ ਭੂਗੋਲਿਕ ਤੌਰ ‘ਤੇ ਵੱਡੇ ਰਾਜਾਂ ਵਿਚ ਦੂਰ ਦੇ ਹਿੱਸਿਆਂ ਤੋਂ ਕੇਵਲ ਲਗਾਨ/ਟੈਕਸ ਵਸੂਲੀ ਅਤੇ ਅਧੀਨਤਾ ਸਵੀਕਾਰ ਕਰਵਾਉਣਾ ਹੁੰਦਾ ਸੀ। ਯੁੱਧ ਸਮੇਂ ਉਹ ਸ਼ਾਸਕਾਂ ਦੀ ਮਦਦ ਕਰਨ ਤੋਂ ਕੰਨੀਂ ਨਹੀਂ ਸੀ ਕਤਰਾਉਂਦੇ ਤਾਂ ਉਨ੍ਹਾਂ ਵਿਚਕਾਰ ਚੰਗੇ ਸਬੰਧ ਬਣੇ ਰਹਿੰਦੇ ਸਨ ਪਰ ਅੰਗਰੇਜ਼ ਸਾਮਰਾਜ, ਸ਼ਕਤੀਸ਼ਾਲੀ, ਆਧੁਨਿਕ, ਕੇਂਦਰੀਕ੍ਰਿਤ ਅਤੇ ਲੋਕਾਂ ਦੀ ਜ਼ਿੰਦਗੀ ਦੇ ਹਰ ਮਸਲੇ ਵਿਚ ਦਖਲ-ਅੰਦਾਜ਼ੀ ਕਰਨ ਰਾਜ ਵਾਲਾ ਸੀ। ਉਹ ਬਾਰੀਕੀ ਨਾਲ ਲੋਕਾਂ ਦੀ ਸਮਾਜਕ, ਸਿਆਸੀ ਅਤੇ ਆਰਥਕ ਬਣਤਰ ਵਿਚ ਪੂਰੀ ਦਖਲ-ਅੰਦਾਜ਼ੀ ਕਰਨ ਵਾਲਾ ਰਾਜ ਸੀ।
1757 ਵਿਚ ਪਲਾਸੀ ਦੀ ਲੜਾਈ ਤੋਂ ਬਾਅਦ ਭਾਰਤ ਵਿਚ ਅੰਗਰੇਜ਼ਾਂ ਦੀ ਹਾਜ਼ਰੀ ਨਜ਼ਰ ਆਉਣ ਲੱਗ ਪਈ ਸੀ। 1857 ਤੱਕ ਤਾਂ ਉਹ ਲੋਕਾਂ ਦੀ ਜ਼ਿੰਦਗੀ ਦੇ ਹਰ ਕਾਰਜ ਵਿਚ ਦਖਲ-ਅੰਦਾਜ਼ੀ ਕਰਨ ਲੱਗ ਪਏ ਸਨ। ਬੰਗਾਲ, ਮਦਰਾਸ ਅਤੇ ਬੰਬਈ ਪ੍ਰੈਜੀਡੈਂਸੀ ਦੀਆਂ ਪਲਟਣਾਂ ਦੀਆਂ ਛਾਉਣੀਆਂ ਪੂਰੇ ਦੇਸ਼ ਵਿਚ ਅਲੱਗ-ਅਲੱਗ ਕਾਇਮ ਹੋਈਆਂ।
ਈਸਟ ਇੰਡੀਆ ਕੰਪਨੀ ਨੇ ਰੇਲਵੇ ਕੰਪਨੀ ਦੇ ਤੌਰ ‘ਤੇ ਰਜਿਸਟ੍ਰੇਸ਼ਨ ਕਰਵਾਈ ਅਤੇ ਰੇਲ ਪਟੜੀਆਂ ਦਾ ਪੱਕਾ ਜਾਲ ਵਿਛਾਇਆ। ਇਹ ਕਪਾਹ ਭਾਰਤ ਤੋਂ ਇੰਗਲੈਂਡ ਭੇਜਣ ਅਤੇ ਕੱਪੜਾ ਇੰਗਲੈਂਡ ਤੋਂ ਭਾਰਤ ਲਿਆਉਣ ਲਈ ਮੁੱਖ ਤੌਰ ‘ਤੇ ਕੀਤਾ ਗਿਆ। ਫੌਜੀ ਪਲਟਣਾਂ ਨੂੰ ਵੀ ਇਕ ਥਾਂ ਤੋਂ ਦੂਜੇ ਥਾਂ ਪਹੁੰਚਾਉਣ ਲਈ ਇਸ ਦੀ ਜ਼ਰੂਰਤ ਸੀ। 1857 ਦੇ ਵਿਦਰੋਹ ਸਮੇਂ ਜੇ ਕਲਕੱਤਾ ਤੋਂ ਰਾਣੀਗੰਜ ਤੱਕ (120 ਕਿਲੋਮੀਟਰ) ਰੇਲ ਪਟੜੀ ਨਾ ਬਣੀ ਹੁੰਦੀ ਤਾਂ ਕਰਨਲ ਨੀਲ ਆਪਣੀ ਪਲਟਣ ਨਾਲ ਰਾਣੀ ਗੰਜ ਸਮੇਂ ਸਿਰ ਨਾ ਪਹੁੰਚਦਾ, ਤਾਂ ਬਨਾਰਸ, ਅਲਾਹਾਬਾਦ ਅਤੇ ਕਾਨਪੁਰ ਦੀਆਂ ਛਾਉਣੀਆਂ ਵਿਚ ਅੰਗਰੇਜ਼ਾਂ ਨੂੰ ਵੱਡਾ ਨੁਕਸਾਨ ਪਹੁੰਚਦਾ।
ਪੂਰੇ ਅੰਗਰੇਜ਼ ਸਾਮਰਾਜ ਸ਼ਾਸਤ ਭਾਰਤ ਵਿਚ ਇਕੋ ਜਿਹੀ ਪੁਲਿਸ, ਕਾਨੂੰਨ, ਦੰਡ ਪ੍ਰਕਿਰਿਆ ਬਣਾਉਣ ਲਈ 1861 ਵਿਚ ਪੁਲਿਸ ਐਕਟ, ਇੰਡੀਅਨ ਪੀਨਲ ਕੋਡ, ਕਰਿਮੀਨਲ ਪ੍ਰੋਸੀਜ਼ਰ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਲਿਆ ਕੇ ਰਾਸ਼ਟਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਰਾਜ ਨੂੰ ਨਾਗਰਿਕ ਦੇ ਦਰਵਾਜ਼ੇ ‘ਤੇ ਭੇਜ ਦਿੱਤਾ। ਟੈਕਸ ਵਸੂਲੀ ਲਈ ਖਾਸ ਅਫਸਰ ਨਿਯੁਕਤ ਕੀਤੇ ਗਏ ਜੋ ਹਰ ਪਿੰਡ/ਸ਼ਹਿਰ ਵਿਚ ਰਾਜ ਦੇ ਪ੍ਰਤੀਨਿਧੀ ਸਨ।
ਇਹ ਰਾਜ ਪ੍ਰਬੰਧ ਮੁਗਲ ਪ੍ਰਬੰਧ ਦੇ ਮੁਕਾਬਲੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਵਧੇਰੇ ਦਖਲ-ਅੰਦਾਜ਼ੀ ਕਰਨ ਵਾਲਾ ਹੀ ਨਹੀਂ ਬਲਕਿ ਸੰਵੇਦਨਹੀਣ ਵੀ ਸੀ। ਮੁਸਲਮਾਨ ਸ਼ਾਸਕਾਂ ਨੇ (ਕੁਝ ਮੁਢਲੇ ਸਮੇਂ ਨੂੰ ਛੱਡ ਦਿਓ) ਭਾਰਤ ਨੂੰ ਆਪਣਾ ਘਰ ਬਣਾ ਲਿਆ ਸੀ। ਉਹ ਨਾਂ ਤਾਂ ਭਾਰਤ ਦਾ ਧਨ ਮਾਲ ਲੁੱਟ ਕੇ ਬਾਹਰ ਹਜ਼ਾਰਾਂ ਮੀਲ ਦੂਰ ਲੈ ਕੇ ਜਾਂਦੇ ਸਨ ਅਤੇ ਨਾ ਹੀ ਦੂਰ ਬੈਠੇ ਹਾਕਮਾਂ ਦੇ ਇਸ਼ਾਰਿਆਂ ‘ਤੇ ਹਕੂਮਤ ਚਲਾਉਂਦੇ ਸਨ। ਇਸੇ ਦੇਸ਼ ਵਿਚ ਰਹਿੰਦੇ ਹੋਏ ਇਥੇ ਹੀ ਜਨਮ ਮਰਨ ਅਤੇ ਜਨਤਾ ਨਾਲ ਮਿਲ ਕੇ ਚੱਲਣ ਦੀ ਭਾਵਨਾ ਕਾਰਨ ਨਾ ਤਾਂ ਇਥੋਂ ਦੀ ਦਸਤਕਾਰ ਜਾਂ ਉਦਯੋਗਿਕ ਧੰਦਿਆਂ ਨੂੰ ਨਸ਼ਟ ਕਰਨ ਦੀ ਉਨ੍ਹਾਂ ਦੀ ਕੋਈ ਮਨਸ਼ਾ ਸੀ, ਨਾ ਹੀ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਬੇਲੋੜੀ ਦਖਲ-ਅੰਦਾਜ਼ੀ ਕਰਕੇ ਉਨ੍ਹਾਂ ਦੀ ਗੁਲਾਮ ਮਾਨਸਿਕਤਾ ਬਣਾਉਣ ਦਾ ਟੀਚਾ ਸੀ। ਦੋਵਾਂ ਰਾਜ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਐਡਮੰਡ ਬਰਕ ਲਿਖਦੇ ਹਨ, “ਤੁਰਕ ਹਮਲਾ ਦੁਸ਼ਟਤਾ ਪੂਰਨ ਸੀ ਪਰ ਸਾਡੀ ਸੰਭਾਲ ਭਾਰਤ ਦਾ ਸਰਬਨਾਸ਼ ਕਰ ਰਹੀ ਹੈ। ਉਹ ਉਨ੍ਹਾਂ ਦੇ ਦੁਸ਼ਮਣ ਸਨ। ਅਸੀਂ ਦੋਸਤ ਹਾਂ। ਸਾਡੀ ਜਿੱਤ ਤੋਂ 20 ਸਾਲ ਬਾਅਦ ਕੋਈ ਤਬਦੀਲੀ ਨਹੀਂ ਆਈ। ਨੌਜਵਾਨ ਅੰਗਰੇਜ਼ ਹਕੂਮਤ ਕਰਦੇ ਹਨ, ਉਨ੍ਹਾਂ ਨੂੰ ਭਾਰਤ, ਭਾਰਤੀ ਲੋਕਾਂ ਨਾਲ ਭੋਰਾ ਵੀ ਹਮਦਰਦੀ ਨਹੀਂ। ਭਾਰਤੀ ਲੋਕਾਂ ਨਾਲ ਉਨ੍ਹਾਂ ਦਾ ਇੰਨਾ ਹੀ ਸਬੰਧ ਹੈ, ਜਿੰਨਾ ਧਨ-ਦੌਲਤ ਬਟੋਰਨ ਲਈ ਜ਼ਰੂਰੀ ਹੈ। ਜ਼ਮਾਨੇ ਦੀ ਹਵਸ ਅਤੇ ਜਵਾਨੀ ਦਾ ਜੋਸ਼। ਉਨ੍ਹਾਂ ਦੀ ਭੁੱਖ ਕਦੇ ਸ਼ਾਂਤ ਨਹੀਂ ਹੁੰਦੀ। ਮੁਨਾਫੇ ਦਾ ਇਕ ਰੁਪਇਆ ਜੋ ਅੰਗਰੇਜ਼ ਲੈਂਦਾ ਹੈ, ਉਹ ਭਾਰਤੀਆਂ ਦੇ ਹੱਥੋਂ ਹਮੇਸ਼ਾ ਲਈ ਨਿਕਲ ਜਾਂਦਾ ਹੈ। ਦੂਜੇ ਜੇਤੂ ਆਪਣੇ ਪਿਛੇ ਕਈ ਐਸੀਆਂ ਯਾਦਾਂ ਛੱਡ ਗਏ ਹਨ ਜਿਨ੍ਹਾਂ ਨਾਲ ਜਨਤਾ ਨੂੰ ਲਾਭ ਹੋਵੇ ਅਤੇ ਉਨ੍ਹਾਂ ਦਾ ਗੌਰਵ ਵਧੇ।”
ਮੁਸਲਿਮ ਅਤੇ ਅੰਗਰੇਜ਼ ਸ਼ਾਸਨ ਵਿਚ ਇਹੀ ਅੰਤਰ ਸੀ ਕਿ ਅੰਗਰੇਜ਼ ਪੁਰਾਣੇ ਰੋਮਨ ਅਖਾਣ ‘ਫੁੱਟ ਪਾਓ ਅਤੇ ਰਾਜ ਕਰੋ’ ਤੋਂ ਸੰਦੇਸ਼ ਲੈਂਦੇ ਰਹੇ ਅਤੇ ਮੁਸਲਮਾਨ ਸ਼ਾਸਕਾਂ ਨੂੰ ਫੁੱਟ ਪਾਉਣ ਦੀ ਲੋੜ ਨਹੀਂ ਸੀ। ਉਸ ਸਮੇਂ ਹਿੰਦੂ ਰਾਜਾ ਅਤੇ ਮੁਸਲਮਾਨ ਰਾਜਾ ਆਪਸ ਵਿਚ ਟਕਰਾਉਂਦੇ ਸਨ ਪਰ ਦੋਨਾਂ ਦੀਆਂ ਫੌਜਾਂ ਵਿਚ ਹਿੰਦੂ ਅਤੇ ਮੁਸਲਮਾਨ, ਮਿਲੇ ਜੁਲੇ ਸੈਨਿਕ ਅਤੇ ਸੈਨਾਪਤੀ ਹੁੰਦੇ ਸਨ। ਹਿੰਦੂ ਅਤੇ ਮੁਸਲਮਾਨ ਆਮ ਆਬਾਦੀ ‘ਤੇ ਕੋਈ ਅਸਰ ਨਹੀਂ ਪੈਂਦਾ ਸੀ ਪਰ ਹੁਣ ਰਾਜ ਸੱਤਾ ਵਪਾਰੀ ਬਣ ਗਈ ਸੀ। ਉਨ੍ਹਾਂ ਦੀਆਂ ਨੀਤੀਆਂ ਕਾਰਨ ਹਿੰਦੂ ਮੁਸਲਿਮ ਜਨਤਾ ਆਪਸ ਵਿਚ ਲੜਨ ਲੱਗੀ।
ਅੰਗਰੇਜ਼ ਸਾਮਰਾਜ ਨੇ ਸੋਚੀ ਸਮਝੀ ਨੀਤੀ ਤਹਿਤ ਫਿਰਕੂ ਦੰਗਿਆਂ ਨੂੰ ਭੜਕਾਉਣ ਵਿਚ ਸਹਿਯੋਗ ਦਿੱਤਾ ਪਰ ਸਾਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਇਹ ਕਿਉਂ ਜਾਰੀ ਹਨ?
ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਭਾਰਤ ਦੀ ਆਜ਼ਾਦੀ ਦੁਖਦਾਈ ਫਿਰਕੂ ਪ੍ਰਕਿਰਿਆ ਦੇ ਰੂਪ ਵਿਚ ਪ੍ਰਾਪਤ ਹੋਈ ਹੈ। ਰਾਸ਼ਟਰੀ ਅੰਦੋਲਨ ਨੂੰ ‘ਹਿੰਦੂ ਅੰਦੋਲਨ’ ਬਣਾਉਣ ਦੀ ਭੁੱਲ, ਅਲੱਗ-ਅਲੱਗ ਚੋਣ ਸਮੂਹ ਬਣਾਉਣਾ, ‘ਮੁਸਲਿਮ ਲੀਗ’ ਅਤੇ ‘ਹਿੰਦੂ ਮਹਾਂ ਸਭਾ’ ਵਰਗੇ ਫਿਰਕੂ ਸੰਗਠਨ, ਭਾਰਤੀ ਸਮਾਜ ਵਿਚ ਤਾਕਤਵਰ ਹੁੰਦੇ ਗਏ ਅਤੇ ਇਸ ਕਾਰਨ ਭਿਆਨਕ ਫਿਰਕੂ ਦੰਗਿਆਂ ਦਾ ਜ਼ਹਿਰ ਪੂਰੇ ਦੇਸ਼ ਵਿਚ ਫੈਲ ਗਿਆ ਜਿਸ ਦਾ ਨਤੀਜਾ ਮੁਲਕ ਦੀ ਵੰਡ ਸਾਬਤ ਹੋਇਆ। ਵੰਡ ਸਮੇਂ ਹੋਏ ਫਿਰਕੂ ਦੰਗਿਆਂ ਵਿਚ ਲੱਖਾਂ ਲੋਕ ਮਾਰੇ ਗਏ, ਕਰੋੜਾਂ ਬੇਘਰ ਹੋਏ ਅਤੇ ਉੱਜੜ ਗਏ। ਇਨ੍ਹਾਂ ਹਾਲਾਤ ਵਿਚ ਫਿਰਕਾਪ੍ਰਸਤੀ ਲੋਕਾਂ ਦੇ ਮਨਾਂ ਅੰਦਰ ਡੂੰਘਾ ਘਰ ਕਰ ਗਈ। ਇਸ ਤੋਂ ਛੁਟਕਾਰਾ ਪਾਉਣ ਲਈ ਵੱਡੇ ਪੈਮਾਨੇ ਤੇ ਯਤਨ ਕਰਨ ਦੀ ਲੋੜ ਸੀ। ਸੰਵਿਧਾਨ ਵਿਚ ਮੁਲਕ ਨੂੰ ਧਰਮ ਨਿਰਪੱਖ ਐਲਾਨ ਕੇ ਰਾਜ ਦੀ ਭੂਮਿਕਾ ਖਤਮ ਨਹੀਂ ਹੋ ਜਾਂਦੀ। ਵਿਦਿਅਕ, ਸਮਾਜਕ ਅਤੇ ਆਰਥਕ ਪੱਧਰ ‘ਤੇ ਇਹੋ ਜਿਹੇ ਯਤਨ ਕਰਨੇ ਜ਼ਰੂਰੀ ਸਨ ਤਾਂ ਜੋ ਜਨਤਾ ਨੂੰ ਫਿਰਕੂ ਅਤੇ ਫਾਸ਼ੀਵਾਦੀ ਸ਼ਕਤੀਆਂ ਦੇ ਪ੍ਰਚਾਰ ਤੋਂ ਬਚਾਉਂਦੇ ਹੋਏ, ਵਿਗਿਆਨਕ ਅਤੇ ਵਿਕਾਸ ਪੱਖੀ ਸੋਚ ਮੁਹੱਈਆ ਕੀਤੀ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਅੱਜ ਵੀ ਧਰਮ ਨਿਰਪੱਖ ਸ਼ਕਤੀਆਂ ਦੇ ਯਤਨ ਫਿਰਕੂ ਸ਼ਕਤੀਆਂ ਅੱਗੇ ਬੌਣੇ ਪੈ ਜਾਂਦੇ ਹਨ। ਮੁਲਕ ਫਿਰਕਾਪ੍ਰਸਤੀ ਦੇ ਜਾਲ ਵਿਚ ਫਸ ਰਿਹਾ ਹੈ। ਸਾਨੂੰ ਫਿਰਕਾਪ੍ਰਸਤੀ ਦੇ ਇਸ ਜ਼ਹਿਰ ਨੂੰ ਜੜ੍ਹੋਂ ਉਖਾੜਨਾ ਹੋਵੇਗਾ। (ਚੱਲਦਾ)