ਖੁ਼ਦ ਦਾ ਖ਼ੁਦ ਨੂੰ ਮਿਲਣਾ

ਡਾ ਗੁਰਬਖ਼ਸ਼ ਸਿੰਘ ਭੰਡਾਲ
ਬੰਦਾ ਹਮੇਸ਼ਾ ਭੱਜ-ਦੌੜ ਵਿਚ। ਕਦੇ ਨਹੀਂ ਲੈਂਦਾ ਆਪਣੀ ਸਾਰ। ਨਹੀਂ ਉਸਨੂੰ ਖ਼ੁਦ ਦੀ ਪ੍ਰਵਾਹ। ਆਪਣੀਆਂ ਮਾਨਸਿਕ ਤੇ ਭਾਵਨਾਤਮਿਕ ਲੋੜਾਂ ਤੋਂ ਸਦਾ ਅਣਦੇਖੀ। ਪਰਿਵਾਰਕ ਅਤੇ ਸਮਾਜਿਕ ਜਿੰ਼ਮੇਵਾਰੀਆਂ ਤੋਂ ਖੁਦ ਹੀ ਦੂਰੀ ਬਣਾਉਣ ਵਿਚ ਰੁਚਿਤ।

ਬੰਦੇ ਨੂੰ ਜੀਵਨ ਦੌੜ ਵਿਚ ਚਿੱਤ-ਚੇਤਾ ਵੀ ਨਹੀਂ ਕਿ ਉਹ ਕੀ ਹੈ? ਕਿਉਂ ਇਸ ਤਰ੍ਹਾਂ ਕਰਦਾ ਹੈ? ਕਿਸ ਲਈ ਕਰਦਾ ਹੈ ਅਤੇ ਕਿਹੜੀਆਂ ਜ਼ਰੂਰਤਾਂ ਵਿਚੋਂ ਜਿ਼ੰਦਗੀ ਨੂੰ ਸੁਖਨ ਮਿਲਦਾ? ਕਿਹੜੀ ਪੂਰਤੀ ਵਿਚੋਂ ਸੰਤੁਸ਼ਟੀ ਦਾ ਅਹਿਸਾਸ ਹੋਣਾ ਅਤੇ ਕਿਹੜੇ ਮਾਰਗ `ਤੇ ਜਾਂਦਿਆਂ ਮੰਜ਼ਲ਼ ਨੇ ਨਤਮਸਤਕ ਹੋਣਾ?
ਬੰਦਾ ਜਾਣਦਾ ਹੀ ਨਹੀਂ ਕਿ ਇਸ ਅੰਨ੍ਹੀ ਦੌੜ ਦਾ ਅੰਤ ਕੀ ਏ? ਕਿਹੜੇ ਖ਼ੂਹ-ਖਾਤੇ ਵਿਚ ਇਸ ਨੇ ਮਨੁੱਖ ਨੂੰ ਸੁੱਟਣਾ? ਕਿਹੜੀਆਂ ਹਾਬੜੀਆਂ ਭਾਵਨਾਵਾਂ ਨੇ ਉਸਨੂੰ ਨਿਗਲ ਜਾਣਾ? ਕਿਹੜੇ ਬੇਦਰਦ ਜ਼ਮਾਨੇ ਨੇ ਉਸਨੂੰ ਪੈਰਾਂ ਵਿਚ ਰੋਂਦ ਨੇ ਅੱਗੇ ਨਿਕਲ ਜਾਣਾ ਅਤੇ ਫਿਰ ਬੰਦੇ ਦੇ ਪੱਲੇ ਪਛਤਾਵੇ ਤੋਂ ਬਗੈਰ ਬਚਣਾ ਵੀ ਕੀ ਆ?
ਬੰਦੇ ਨੂੰ ਇਸਦੀ ਸਾਰ ਹੀ ਨਹੀਂ ਕਿ ਉਹ ਕਿਹੜੀਆਂ ਰਾਹਾਂ ਦਾ ਪਾਂਧੀ ਅਤੇ ਇਨ੍ਹਾਂ ਰਾਹਾਂ ਨੇ ਕਿਹੜੇ ਰੁਖ਼ਸਾਰਾਂ ਵੰਨੀਂ ਮੁਹਾਰ ਮੋੜਨਾ? ਇਨ੍ਹਾਂ ਰਾਹਾਂ ਵਿਚ ਉਗੀਆਂ ਵਾੜਾਂ, ਕੰਡਿਆਂ, ਖਾਈਆਂ ਅਤੇ ਖੱਡਾਂ ਨੇ ਮਨੁੱਖ ਨੂੰ ਉਸਦੀ ਔਕਾਤ ਦੇ ਰੂ-ਬ-ਰੂ ਕਰਨਾ? ਬੰਦੇ ਨੇ ਫਿਰ ਇਕ ਬਿੰਦੂ `ਤੇ ਖੜਿਆਂ ਹੀ ਸਾਹਾਂ ਦਾ ਭਵਜਲ ਤਰਨਾ।
ਬੰਦਾ ਮਹਿਲਾਂ-ਮੁਨਾਰਿਆਂ ਦੀ ਉਸਾਰੀ ਵਿਚ ਅਜਿਹਾ ਗਲ਼ਤਾਨ ਕਿ ਉਸਨੂੰ ਭੁੱਲ ਹੀ ਗਿਆ ਕਿ ਉਹ ਤਾਂ ਰਾਤ ਦਾ ਰਾਹੀ ਹੀ ਬਣਿਆ ਰਿਹਾ। ਰਾਤ ਨੂੰ ਸੌਣ ਲਈ ਇਕ ਛੱਤ ਦੀ ਲੋੜ। ਕਈ ਵਾਰ ਲੋਕ ਅੰਬਰ ਦੀ ਛੱਤ ਹੇਠ ਤਾਰਿਆਂ ਨਾਲ ਗੱਲਾਂ ਕਰਦਿਆਂ ਹੀ `ਨੇਰਿਆਂ ਦੀ ਸੰਗਤਾ ਨੂੰ ਮਾਣਦਿਆਂ ਆਪਣਾ ਜੀਵਨ-ਸਫ਼ਰ ਜਾਰੀ ਰੱਖਦੇ।
ਬੰਦੇ ਦੀ ਕੇਹੀ ਫਿਤਰਤ ਕਿ ਉਹ ਆਪਣੀਆਂ ਕਈ ਪੁਸ਼ਤਾਂ ਦੀ ਪਨਪ-ਪਨਾਹੀ ਲਈ ਧਨ ਜੋੜਨ ਦੀ ਅਜੇਹੀ ਲਾਲਸਾ ਦਾ ਸਿ਼ਕਾਰ ਹੋ ਜਾਂਦਾ ਕਿ ਉਸ ਦੀਆਂ ਸੱਤ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਨੇ। ਇਹ ਸੋਚ ਉਸ ਧਾਰਨਾ ਵਿਚੋਂ ਪੈਦਾ ਹੁੰਦੀ ਜਦ ਬੰਦੇ ਨੂੰ ਸੰ਼ਕਾ ਹੁੰਦੀ ਕਿ ਉਸਦੀ ਔਲਾਦ ਨਲਾਇਕ, ਹੋਛੀ ਅਤੇ ਅਪੰਗ ਹੋਵੇਗੀ। ਕੀ ਉਸਨੂੰ ਇੰਨਾ ਵਿਸ਼ਵਾਸ ਨਹੀਂ ਕਿ ਆਉਣ ਵਾਲੀਆਂ ਨਸਲਾਂ ਲਈ ਕੁਝ ਕਰਨ ਲਈ ਛੱਡ ਜਾਵੇ। ਕਿਧਰੇ ਉਹ ਤੁਹਾਡੀ ਅਮੀਰੀ ਤੇ ਅਯਾਸ਼ੀ ਵਿਚ ਉਲਝੀ ਤੁਹਾਡੇ ਲਈ ਸਮਾਜਿਕ ਨਮੋਸ਼ੀ ਨਾ ਬਣ ਜਾਵੇ।
ਬੰਦਾ ਆਪਣੀ ਅਲਮਾਰੀ ਨੂੰ ਵੱਖੋ-ਵੱਖ ਬਰਾਂਡਾਂ, ਸਟਾਈਲ ਅਤੇ ਰੰਗਾਂ ਦੇ ਕੱਪੜਿਆਂ ਨਾਲ ਭਰ ਲੈਂਦਾ। ਉਸਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਤਨ ਢੱਕਣ ਲਈ ਸਿਰਫ਼ ਇਕ ਹੀ ਕੁੜਤੇ-ਪਜਾਮੇ ਦੀ ਲੋੜ ਹੁੰਦੀ ਅਤੇ ਕੱਫ਼ਣ ਲਈ ਸਿਰਫ਼ ਢਾਈ ਮੀਟਰ ਦਾ ਚਿੱਟਾ ਲੱਠਾ ਹੁੰਦਾ। ਜਦ ਬੰਦਾ ਆਖ਼ਰੀ ਸਫ਼ਰ `ਤੇ ਤੁਰ ਜਾਂਦਾ ਤਾਂ ਅਲਮਾਰੀਆਂ ਵਿਚ ਪਏ ਕੱਪੜੇ ਅਣਵਰਤਿਆਂ ਹੋਣ `ਤੇ ਝੂਰਦੇ। ਉਹੀ ਕੱਪੜੇ ਫਿਰ ਦਾਨ ਦੇ ਰੂਪ ਵਿਚ ਕਿਸੇ ਮੰਗਤੇ ਦਾ ਪਿੰਡਾ ਢੱਕਦੇ। ਬੰਦੇ ਨੂੰ ਸ਼ਾਇਦ ਇਹ ਭੁੱਲ ਹੀ ਗਿਆ ਕਿ ਉਸਦੇ ਬਜ਼ੁਰਗਾਂ ਕੋਲ ਅਕਸਰ ਹੀ ਇਕ ਜਾਂ ਦੋ ਲੀੜੇ ਹੀ ਪਹਿਨਣ ਵਾਲੇ ਹੁੰਦੇ ਸਨ ਉਹ ਜਿ਼ੰਦਗੀ ਦੇ ਸੁਖਨ ਦਾ ਸਿਰਨਾਵਾਂ ਹੁੰਦੇ ਸਨ।
ਬੰਦੇ ਦਾ ਖੁਦ ਨਾਲੋਂ ਟੁੱਟਣ ਦਾ ਇਹ ਕੇਹਾ ਵਿਕਰਾਲ ਰੂਪ ਕਿ ਉਸਨੂੰ ਆਪਣੇ ਸਫ਼ਰ ਦਾ ਖਿ਼ਆਲ ਹੀ ਨਹੀਂ ਰਿਹਾ ਕਿ ਉਹ ਕਿਥੋਂ ਆਇਆ? ਕਿਥੇ ਤੇ ਕਿਵੇਂ ਤੁਰਿਆ? ਕਿੰਨਾ ਪੈਂਡਾ ਤੈਅ ਕੀਤਾ? ਕਿਹੜੇ ਹੋਰ ਰਾਹਾਂ ਦੀ ਖਾਕ ਛਾਣ ਕੇ ਆਖ਼ਰੀ ਸਫ਼ਰੀ-ਅਲਵਿਦਾ ਦਾ ਅਲਾਪ ਆਪਣੀ ਰੂਹ ਦੇ ਨਾਮ ਲਾਉਣਾ? ਉਹ ਦੁਨਿਆਵੀ ਸਫ਼ਰ ਪੂਰੇ ਕਰਨ ਲਈ ਕੇਹਾ ਊਲਾਰ ਕਿ ਉਹ ਖੁਦ ਦੇ ਹਵਾਈ ਜਹਾਜ਼ ਤੇ ਮਹਿੰਗੀਆਂ ਕਾਰਾਂ ਦੇ ਕਾਫ਼ਲੇ ਨਾਲ ਵੀ ਸੰਤੁਸ਼ਟ ਨਹੀਂ। ਉਸਦੀ ਲਾਲਸਾ ਹਰ ਪ੍ਰਾਪਤੀ ਅਤੇ ਸੁੱਖ-ਸਾਧਨ ਨਾਲ ਹੋਰ ਉਲਾਰ ਹੋ ਜਾਂਦੀ। ਸਭ ਕੁਝ ਹੜੱਪਣ ਦੀ ਕੇਹੀ ਬਿਰਤੀ ਕਿ ਉਹ ਸਭ ਕੁਝ ਹੁੰਦਿਆਂ ਵੀ ਕੰਗਾਲ। ਜਦ ਕਿ ਖੁਦ ਨਾਲ ਜੁੜਿਆ ਬੰਦਾ ਕੁਝ ਨਾ ਹੁੰਦਿਆਂ ਵੀ ਖੁਸ਼ਹਾਲ। ਬੰਦੇ ਦੀ ਕੇਹੀ ਤਰਾਸਦੀ ਕਿ ਉਹ ਭੋਖੜੇ ਦਾ ਸਿ਼ਕਾਰ ਕਿਉਂਕਿ ਤ੍ਰਿਪਤੀ ਰੂਹ ਦੀ ਹੁੰਦੀ। ਤਨ ਦੀ ਭੁੱਖ ਦਾ ਕੋਈ ਅੰਤ ਨਹੀਂ ਹੁੰਦਾ।
ਬੰਦਾ ਖੁਦ ਨਾਲੋਂ ਕੇਹਾ ਤਿੜਕਿਆ ਕਿ ਉਹ ਰਸਾਤਲ ਵਿਚ ਡਿਗਦਾ ਹੀ ਜਾ ਰਿਹਾ। ਉਸਦਾ ਕੋਈ ਆਖਰੀ ਪੜਾਅ ਨਜ਼ਰ ਨਹੀਂ ਆ ਰਿਹਾ। ਇੰਦਰਾਵੀ ਲਾਲਸਾਵਾਂ ਵਿਚ ਕੇਹਾ ਜਕੜਿਆ ਕਿ ਉਹ ਅੱਖਾਂ ਨਾਲ ਦੇਖਣ ਤੇ ਕੰਨਾਂ ਨਾਲ ਸੁਣਨ ਤੋਂ ਆਤੁਰ, ਲੱਤਾਂ ਨਾਲ ਤੁਰਨ ਤੋਂ ਆਕੀ ਅਤੇ ਜ਼ੁਬਾਨ ਵੀ ਥਥਲਾਉਣ ਦੇ ਬਾਵਜੂਦ ਉਹ ਆਪਣੀਆਂ ਸਰੀਰਕ ਇੰਦਰੀਆਂ ਨੂੰ ਕਾਬੂ ਕਰਨ ਦੇ ਅਸਮਰੱਥ। ਇਸ ਅਸਮਰੱਥਾ ਵਿਚੋਂ ਹੀ ਮਨੁੱਖ ਦੀ ਸੰਕੀਰਨਤਾ ਜ਼ਾਹਰ ਹੁੰਦੀ ਕਿ ਉਹ ਉਮਰ ਬਿਤਾ ਕੇ ਵੀ ਅਤ੍ਰਿਪਤੀ ਦਾ ਹਉਕਾ ਬਣਿਆ ਰਿਹਾ। ਬਰਸਾਤਾਂ ਵਿਚ ਵੀ ਮਾਰੂਥਲ਼ਾਂ ਵਿਚ ਭਟਕਦਾ ਰਿਹਾ। ਦਰਿਆ ਵਰਗਾ ਹੁੰਦਾ ਵੀ ਬਰੇਤਿਆਂ ਦੀ ਜੂਨ ਹੰਢਾਉਣ ਲਈ ਮਜਬੂਰ। ਬਹਾਰਾਂ ਦਾ ਸਿਰਨਾਵਾਂ ਹੁੰਦਿਆਂ ਵੀ ਪੱਤਝੜਾਂ ਦਾ ਹਾਣੀ ਰਿਹਾ। ਅੰਬਰ ਜੇਡ ਪ੍ਰਵਾਜ਼ ਵਾਲਾ ਬੰਦਾ ਸਿਰਫ਼ ਰਸਾਤਲ ਗਰਕਣੀ ਦਾ ਨਾਮ ਹੀ ਬਣਿਆ ਰਿਹਾ।
ਬੰਦੇ ਦੀ ਖੁਦ ਪ੍ਰਤੀ ਅਵੱਗਿਆ ਹੀ ਹੈ ਕਿ ਉਹ ਭੀੜ ਵਿਚ ਹੁੰਦਿਆਂ ਵੀ ਇਕੱਲਤਾ ਹੰਢਾਉਣ ਲਈ ਮਜਬੂਰ। ਘਰ ਵਿਚ ਹੁੰਦਆਂ ਵੀ ਕਮਰੇ ਦਾ ਕੈਦੀ। ਬਾਹਰ ਚਾਨਣ ਹੁੰਦਿਆਂ, ਤਾਕੀਆਂ ਤੇ ਰੌਸ਼ਨਦਾਨ ਬੰਦ ਕਰ ਕੇ ਹਨੇਰੇ ਦਾ ਸਾਥ ਮਾਨਣਾ ਲੋਚਦਾ। ਇਸ ਲੋਚਾ ਨੇ ਬੰਦੇ ਨੂੰ ਖੁਦ ਨਾਲੋਂ ਬਹੁਤ ਦੂਰ ਕਰ ਦਿਤਾ। ਇਸ ਦੂਰੀ ਨੂੰ ਤੈਅ ਕਰਨਾ ਹੁਣ ਉਸਦੇ ਵੱਸ ਹੀ ਨਹੀਂ ਰਿਹਾ ਅਤੇ ਹੁਣ ਉਹ ਬੇਵੱਸੀ ਦੇ ਆਲਮ ਵਿਚ ਖੁਦ ਦਾ ਸਿਵਾ ਸੇਕਣ ਲਈ ਮਜਬੂਰ।
ਬੰਦੇ ਦੇ ਮਨ ਵਿਚ ਆਪਣੇ ਆਲੇ-ਦੁਆਲੇ ਨੂੰ ਜਾਨਣ, ਕੁਦਰਤ ਨੂੰ ਸਮਝਣ ਅਤੇ ਸਮਾਜ ਵਿਚ ਵਾਪਰਦੀ ਹਰ ਘਟਨਾ ਨੂੰ ਨੀਝ ਨਾਲ ਦੇਖਣ ਅਤੇ ਸਮਝਣ ਦੀ ਉਤੇਜਨਾ ਹੀ ਪੈਦਾ ਨਹੀਂ ਹੋਈ ਸਗੋਂ ਬਾਹਰੀ ਦੌੜ ਵਿਚ ਹੀ ਉਲਝ ਕੇ ਰਹਿ ਗਿਆ। ਉਸਨੂੰ ਪਤਾ ਹੀ ਨਹੀਂ ਲੱਗਾ ਕਿ ਉਸਦੇ ਅੰਦਰ ਕੀ ਵਾਪਰ ਰਿਹਾ ਹੈ? ਉਸਦੀ ਅੰਦਰਲੀ ਟੁੱਟ ਭੱਜ ਨੇ ਉਸਨੂੰ ਕਿਵੇਂ ਲਾਚਾਰ ਅਤੇ ਮਜ਼ਲੂਮ ਬਣਾ ਦਿੱਤਾ? ਉਸਦੇ ਅੰਤਰੀਵ ਵਿਚ ਕਿਹੜੇ ਉਤਰਾਅ- ਚੜ੍ਹਾਅ ਆਏ? ਇਨ੍ਹਾਂ ਵਿਚ ਉਹ ਕਿਵੇਂ ਗੋਤੇ ਖਾ ਰਿਹਾ? ਇਨ੍ਹਾਂ ਮੂੰਹ ਜ਼ੋਰ ਛੱਲਾਂ ਸਾਹਵੇਂ ਉਹ ਕਿੰਨਾ ਨਿੰਮੋਝੂਣਾ ਹੈ? ਉਸਦੀ ਕਮਜ਼ੋਰੀ ਅਤੇ ਕਾਇਰਤਾ ਨੂੰ ਇਸ ਪੱਖੋਂ ਸਮਝਿਆ ਜਾ ਸਕਦਾ ਕਿ ਉਹ ਬੁਜ਼ਦਿਲ ਬਣ ਕੇ ਉਮਰ ਗੁਜ਼ਾਰਨ ਵਿਚ ਭਲਾ ਸਮਝਣ ਲੱਗ ਪਿਆ। ਉਸਦੇ ਮਨ ਵਿਚ ਖ਼ੌਫ ਪੈਦਾ ਹੋ ਗਿਆ ਕਿ ਖੁਦ ਦੇ ਅੰਤਰ ਝਾਤੀ ਮਾਰਨ ਦੇ ਉਹ ਕਾਬਲ ਹੀ ਨਹੀਂ। ਜੇਕਰ ਝਾਤੀ ਮਾਰੀ ਤਾਂ ਅੰਦਰਲੇ ਕੂੜ-ਕਬਾੜ ਅਤੇ ਇਸਦੀ ਬੂਅ ਮਾਰਦੀ ਗੰਦਗੀ ਦਾ ਸਾਹਮਣਾ ਕਿੰਝ ਕਰਾਂਗਾ?
ਬੰਦੇ ਦਾ ਖ਼ੁਦ ਨਾਲੋਂ ਟੁੱਟਣਾ ਬਹੁਤ ਕਸ਼ਟਮਈ। ਦਰਦ ਦਾ ਵਹਿੰਦਾ ਦਰਿਆ। ਇਸਦੀ ਤਾਸੀਰ ਵਿਚ ਖੁਰ ਜਾਂਦੀਆਂ ਨੇ ਤਦਬੀਰਾਂ ਅਤੇ ਰੁੱਸ ਜਾਂਦੀਆਂ ਨੇ ਤਕਦੀਰਾਂ। ਇਹ ਅਜੇਹੀ ਦਰਦ ਕਿ ਇਸਦੀ ਪੀੜਾ ਤੋਂ ਅਸੀਂ ਸਦਾ ਅਵੇਸਲੇ ਰਹਿੰਦੇ। ਪਰ ਜਦ ਇਹ ਪੀੜਾ ਆਪਣੀ ਪਰਮ ਸੀਮਾ `ਤੇ ਹੁੰਦੀ ਤਾਂ ਉਸ ਵਕਤ ਜੀਵਨ ਦਾ ਪੜਾਅ ਅਜੇਹਾ ਹੁੰਦਾ ਕਿ ਖੁ਼ਦ ਨੂੰ ਖੋਜਣ ਅਤੇ ਖੁਦ ਦੀ ਨੇੜਤਾ ਦਾ ਮੌਕਾ ਹੀ ਨਹੀਂ ਹੁੰਦਾ।
ਬੰਦੇ ਦਾ ਖੁਦ ਲਈ ਜੁੜਨ ਵਾਸਤੇ ਜ਼ਰੂਰੀ ਹੁੰਦਾ ਏ ਬੰਦੇ ਦਾ ਖੁਦ ਨੂੰ ਪੜ੍ਹਨਾ, ਸਮਝਣਾ ਅਤੇ ਇਸ ਸਮਝ ਵਿਚੋਂ ਆਪਣੀਆਂ ਜੀਵਨ ਤਰਜੀਹਾਂ ਨੂੰ ਵਿਉਂਤਣਾ। ਇਸਦੀ ਤਰਕੀਬ ਨਾਲ ਅੰਤਰੀਵੀ ਖੁਸ਼ੀ ਅਤੇ ਸਕੂਨ ਨੂੰ ਮਿਲੀ ਤਰਜੀਹ ਹੀ ਹੁੰਦੀ ਕਿ ਬੰਦਾ ਸਮਾਜ ਵਿਚ ਵਿਚਰਦਿਆਂ ਵੀ ਹਮੇਸ਼ਾ ਖੁ਼ਦ ਨਾਲ ਜੁੜਿਆ ਰਹਿੰਦਾ।
ਬੰਦਾ ਜਦ ਖ਼ੁਦ ਨਾਲ ਜੁੜਦਾ ਤਾਂ ਉਹ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ, ਕਮੀਨਗੀਆਂ ਅਤੇ ਕਰਤੂਤਾ ਦੇ ਰੂਬਰੂ ਹੁੰਦਾ। ਇਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਖੁ਼ਦ ਨੂੰ ਅੰਦਰੋਂ ਬਦਲਦਾ ਕਿਉਂਕਿ ਬਾਹਰੀ ਬਦਲਾਅ ਸਿਰਫ਼ ਮਖੌਟਾ ਜਦ ਕਿ ਅੰਤਰੀਵੀ ਬਦਲਾਅ ਪਾਕੀਜ਼ਗੀ ਦਾ ਪ੍ਰਮਾਣ।
ਬੰਦੇ ਦੇ ਖੁਦ ਨਾਲ ਜੁੜਨ ਲਈ ਜ਼ਰੂਰੀ ਹੈ ਕਿ ਉਹ ਪਾਰਦਰਸ਼ੀ ਹੋਵੇ, ਕੂੜ ਕਪਟ ਤੋਂ ਨਿਰਲੇਪ, ਨਿੱਜੀ ਮੁਫ਼ਾਦ ਤੋਂ ਅਲੂਫ਼ ਹੋਵੇ। ਸਿਰਫ਼ ਸਰਬੱਤ ਦੇ ਭਲੇ ਦੀ ਕਾਮਨਾ ਦਾ ਤਲਬਗਾਰ ਹੋਵੇ।
ਖੁਦ ਨਾਲ ਜੁੜਨ ਦਾ ਸਭ ਤੋਂ ਵੱਡਾ ਹਾਸਲ ਹੁੰਦਾ ਕਿ ਮਨੁੱਖ ਖ਼਼ੁਦ ਹੀ ਖੁਦ ਦਾ ਸਾਥ ਮਾਣਦਾ। ਆਪਣੇ ਹਿੱਸੇ ਦੀ ਜਿ਼ੰਦਗੀ ਖ਼ੁਦ ਨਾਲ ਜਿਉਂਦਾ ਅਤੇ ਖ਼ੁਦ ਵਿਚੋਂ ਖੁਦਾਈ ਦਾ ਦੀਦਾਰ ਕਰਦਾ ਹੈ।
ਬੰਦਾ ਖ਼ੁਦ ਨਾਲ ਜੁੜ ਕੇ ਹੀ ਖ਼ੁਦ ਨਾਲ ਸੰਵਾਦ ਰਚਾਉਂਦਾ। ਖੁਦ ਨੂੰ ਪ੍ਰਸ਼ਨ ਵੀ ਕਰਦਾ ਅਤੇ ਉਤਰ ਵੀ ਬਣਦਾ। ਖੁਦ ਵਿਚੋਂ ਆਪਣੀ ਖੁਦਦਾਰੀ ਨੂੰ ਵੀ ਪਛਾਣਦਾ ਅਤੇ ਖੁਦਾਈ ਨੂੰ ਵੀ ਰਹਿਮਤੀ ਨਜ਼ਰ ਦੀ ਆਬਸ਼ਾਰ ਬਣਾਉਂਦਾ। ਖ਼ੁਦ ਹੀ ਖ਼ਾਮੋਸ਼ ਵੀ ਹੁੰਦਾ ਅਤੇ ਖ਼ੁਦ ਖ਼ੌਰੂ ਵੀ ਪਾਉਂਦਾ। ਖ਼ੁਦ ਨੱਚਦਾ ਵੀ ਅਤੇ ਖ਼ੁਦ ਨੂੰ ਨਚਾਉਂਦਾ ਵੀ। ਖੁ਼ਦ ਨੂੰ ਰੁਸਾਉਂਦਾ ਵੀ ਅਤੇ ਮਨਾਉਂਦਾ ਵੀ। ਖ਼ੁਦ ਨੂੰ ਨਫਰਤ ਵੀ ਕਰਦਾ ਅਤੇ ਖੁਦ ਨੂੰ ਭਾਉਂਦਾ ਵੀ। ਖ਼ੁਦ ਨਾਲ ਝਗੜਦਾ ਵੀ ਤੇ ਖ਼ੁਦ ਹੀ ਖੁ਼ਦ ਨਾਲ ਜੰਗਬੰਦੀ ਦਾ ਐਲਾਨ ਵੀ ਕਰਦਾ।
ਬੰਦੇ ਦੇ ਖੁ਼ਦ ਦਾ ਖੁਦ ਨਾਲ ਜੁੜਨਾ ਅਸਾਨ ਨਹੀਂ ਹੁੰਦਾ। ਖੁ਼ਦ ਤੋਂ ਖ਼ੁਦ ਦੀ ਦੂਰੀ ਬਹੁਤ ਘੱਟ ਵੀ ਅਤੇ ਬਹੁਤ ਲੰਮੇਰੀ ਵੀ। ਇਸਨੂੰ ਪੂਰਾ ਕਰਨ ਲਈ ਬੰਦੇ ਦੇ ਮਜ਼ਬੂਤ ਮਾਨਸਿਕ ਧਰਾਤਲ ਦੀ ਲੋੜ। ਇਹ ਮਨ ਹੀ ਹੁੰਦਾ ਜਿਹੜਾ ਕਿਸੇ ਵੀ ਕਾਰਜ ਨੂੰ ਅਸਾਨ ਜਾਂ ਔਖਾ ਬਣਾਉਂਦਾ। ਕਿਸੇ ਕੰਮ ਨੂੰ ਅਵੱਗਿਆ ਵੀ ਸਮਝਦਾ ਪਰ ਉਹੀ ਕੰਮ ਨੂੰ ਅਰਪਿਤ ਵੀ ਹੋ ਜਾਂਦਾ। ਮਨ ਦੀਆਂ ਮੁਹਾਰਾਂ ਚੜ੍ਹਦੇ ਸੂਰਜ ਵੰਨੀਂ ਮੋੜਨ ਵਾਲਿਆਂ ਦੇ ਹਰ ਕਦਮ ਵਿਚ ਸੂਰਜ ਦੀ ਵਿਛਾਈ ਹੁੰਦੀ ਅਤੇ ਉਹ ਚਾਨਣ-ਰਾਹਾਂ ਦਾ ਦਸਤਾਵੇਜ਼ ਹੁੰਦੇ। ਕਦੇ ਚੰਨ ਦੀ ਕਾਤਰ ਤੋਂ ਰੌਂਸ਼ਨੀ ਦੇ ਭਰ ਵਗਦੇ ਦਰਿਆ ਦਾ ਮੁਹਾਣ ਬਣਨਾ, ਦੇਖਣਾ ਜਿ਼ੰਦਗੀ ਦੇ ਅਰਥ ਹੀ ਬਦਲ ਜਾਣਗੇ।
ਖ਼ੁਦ ਨਾਲ ਖੁ਼ਦ ਦਾ ਜੁੜਨਾ ਇਵੇਂ ਹੀ ਹੁੰਦਾ ਜਿਵੇਂ ਦੁਨਿਆਵੀ ਕਾਰਜ ਕਰਦਿਆਂ, ਖੁ਼ਦ ਨਾਲ ਸੰਵਾਦ ਰਚਾਉਂਦੇ ਰਹਿਣਾ। ਮਨ ਦੀ ਬੀਹੀ ਵਿਚ ਗਾਉਂਦੇ ਰਹਿਣਾ। ਕਦਮਾਂ ਵਿਚ ਤਾਲ ਉਪਜਾਉਂਦੇ ਰਹਿਣਾ ਅਤੇ ਇਨਾਇਤਾਂ ਵਿਚੋਂ ਬਖ਼ਸਿ਼ਸਾਂ ਦਾ ਭੰਡਾਰ ਆਪਣੇ ਨਾਮ ਲਾਉਂਦੇ ਰਹਿਣਾ।
ਖੁ਼ਦ ਦਾ ਖੁ਼ਦ ਨਾਲ ਜੁੜਨਾ, ਸਿਰਫ਼ ਬੰਦਾ ਹੀ ਕਰ ਸਕਦਾ। ਇਹ ਬੰਦੇ ਦੇ ਖ਼ੁਦ ਲਈ ਹੀ ਹੁੰਦਾ ਕਿਉਂਕਿ ਖੁ਼ਦ ਵਿਚੋਂ ਹੀ ਬੰਦੇ ਦੇ ਅਸਲੀ ਵਿਅਕਤੀਤਵ ਨੇ ਪ੍ਰਗਟਣਾ ਹੁੰਦਾ ਅਤੇ ਇਸ ਵਿਚੋਂ ਹੀ ਪਤਾ ਲੱਗਦਾ ਕਿ ਬੰਦਾ ਸਮਾਜ ਲਈ ਕੀ ਹੈ? ਸਮਾਜ ਨੂੰ ਕੀ ਦੇ ਰਿਹਾ ਹੈ? ਉਸਦੀ ਦੇਣ ਰਾਹੀਂ ਸਮਾਜ ਉਸਨੂੰ ਕਿਸ ਅੱਖ ਨਾਲ ਦੇਖ ਰਿਹਾ ਹੈ? ਇਹ ਸਮਾਜ ਦੇ ਦੀਦਿਆਂ ਵਿਚ ਤੁਹਾਡਾ ਬਿੰਬ ਹੀ ਹੁੰਦਾ ਜਿਸਨੇ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਚੇਤਿਆਂ ਵਿਚ ਵੱਸਦੇ ਰਹਿਣਾ ਹੁੰਦਾ। ਦੁਨਿਆਵੀ ਕਾਰਜ ਕਰਦਿਆਂ, ਸਮਾਜ ਸੇਵਾ ਨੂੰ ਅਰਪਿਤ ਜਿਊੜੇ ਉਹ ਹੁੰਦੇ ਜਿਹੜੇ ਖੁ਼ਦ ਨਾਲ ਜੁੜੇ ਹੁੰਦੇ ਜਿਨ੍ਹਾਂ ਨੂੰ ਆਪਣੇ ਮੂਲ ਦੀ ਪਛਾਣ ਹੋ ਗਈ ਹੁੰਦੀ ਹੈ।
ਖੂਦ ਨਾਲੋਂ ਖੁ਼ਦ ਦੀ ਦੂਰੀ ਦੀ ਤੜਫ਼ ਵਿਚੋਂ ਹੀ ਕਲਮ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈਂਦਾ ;
ਮੈਂਥੋਂ ਮੇਰੇ ਕੋਲੋਂ
ਮੇਰੀ ਦੂਰੀ ਜਰੀ ਨਹੀਉਂ ਜਾਂਦੀ।
ਖ਼ੁਦ ਹੀ ਅੰਦਰਲੀ ਖ਼ਾਲੀ ਥਾਂ
ਭਰੀ ਨਹੀਉਂ ਜਾਂਦੀ।
ਜਦ ਖ਼ੁਦ ਹੀ ਖੁ਼ਦ ਦਾ
ਹੁੰਗਾਰਾ ਹੀ ਨਾ ਭਰੇ,
ਫਿਰ ਚੁੱਪ ਦੀ ਨਦੀ
ਰੂਹ ਨਾਲ ਤਰੀ ਨਹੀਂਉਂ ਜਾਂਦੀ।
ਹੋਵੇ ਖੁ਼ਦ ਦਾ ਤੁਸੱਵਰ ਜਾਂ
ਨੈਣਾਂ ਵਿਚ ਤਾਰੀ,
ਤਦ ਖੁ਼ਦ ਨਾਲ ਖੁ਼ਦ ਜੰਗ
ਲੜੀ ਨਹੀਉਂ ਜਾਂਦੀ।
ਜਿਹੜਾ ਸੱਜਣ ਸੁਨੇਹਾ ਧਰੇ
ਫਿ਼ਜ਼ਾ ਵਿਚ ਹਉਕਾ,
ਲਿਖੀ ਪੌਣਾਂ ਤੇ ਇਬਾਰਤ ਉਦੋਂ
ਪੜ੍ਹੀ ਨਹੀਉਂ ਜਾਂਦੀ।
ਜੀਹਨੇ ਪਾਣੀ `ਚ ਹੰਘਾਲੀ
ਪਾਣੀ ਜਹੀ ਤਸ਼ਬੀਹ,
ਆਈ ਸੁਪਨੇ `ਚ ਯਾਦ ਯਾਰੋ
ਪੜ੍ਹੀ ਨਹੀਉਂ ਜਾਂਦੀ।
ਜੀਹਦਾ ਤਿੱਖੜ ਦੁਪਿਹਰੀਂ
ਸੜੇ ਲੂਆਂ ਵਿਚ ਪਿੰਡਾ,
ਉਹਨੂੰ ਸਾਵਣ ਦੀ ਰੁੱਤ ਕਾਹਤੋਂ
ਵਰੀ ਨਹੀਂਉਂ ਜਾਂਦੀ।
ਹੁੰਦੀ ਖੁਦ ਤੋਂ ਬੇਨਿਆਜ਼ੀ
ਸਦਾ ਕਬਰਾਂ ਦਾ ਵਾਸ,
ਉਦੀਂ ਖੁਦ ਦੀ ਜਿ਼ਆਰਤ ਕਦੇ
ਕਰੀ ਨਹੀਉਂ ਜਾਂਦੀ।
ਖੁ਼ਦ ਨਾਲ ਖ਼ੁਦ ਦਾ ਜੁੜਨਾ ਹੀ ਕ੍ਰਿਸ਼ਮੇ ਕਰਦਾ। ਭਾਵੇਂ ਇਹ ਅਲੋਕਾਰੀਆਂ ਕਲਾਂ-ਕਿਰਤਾਂ ਹੋਣ। ਨਵੀਆਂ ਖੋਜਾਂ ਨਾਲ ਸੰਸਾਰ ਵਿਚ ਨਵੀਆਂ ਸੰਭਾਵਨਾਵਾਂ ਅਤੇ ਸੁਪਨਿਆਂ ਦੀ ਤਾਮੀਰਦਾਰੀ ਕਰਨੀ ਹੋਵੇ। ਕੋਈ ਵਿਲੱਖਣ ਲਿਖਤ ਹੋਵੇ ਜਾਂ ਕਲਮ ਵਿਚੋਂ ਉਕਰੀ ਕੋਈ ਅਗਾਮੀ ਅਜੂਨੀ ਕਾਵਿ-ਕਿਰਤ ਹੋਵੇ ਜੋ ਸਮਾਂ ਸੀਮਾ ਨੂੰ ਸਦੀਵੀ ਤੌਰ `ਤੇ ਵਿਸਾਰ ਦੇਵੇ। ਯਾਦ ਰੱਖਣਾ ਕਿ ਆਵੇਸ਼ ਵਿਚੋਂ ਨਿਕਲੀਆਂ ਕਲਾਂ-ਕਿਰਤਾਂ ਸਿਰਫ਼ ਖ਼ੁਦ ਨਾਲ ਖੁ਼ਦ ਦੇ ਸੰਵਾਦ ਵਿਚੋਂ ਹੀ ਸਿਰਜੀਆਂ ਜਾਂਦੀਆਂ। ਸਮੁੱਚੀ ਗੁਰਬਾਣੀ, ਬੁੱਲੇ ਸ਼ਾਹ, ਵਾਰਸ਼ ਸਾਹ ਜਾਂ ਬਾਬਾ ਫਰੀਦ ਦੇ ਸਲੋਕ ਆਦਿ ਆਵੇਸ਼ ਵਿਚੋਂ ਰੂਹ ਦੀਆਂ ਰਮਜ਼ਾਂ ਦੀ ਰੰਗਰੇਜ਼ਤਾ ਹੈ ਜਿਸਨੇ ਸਮੁੱਚੀ ਖ਼ੁਦਾਈ ਨੂੰ ਆਪਣੇ ਰੰਗ ਵਿਚ ਰੰਗਿਆ।
ਖੁ਼ਦ ਨਾਲ ਖੁਦ ਦੇ ਜੁੜਨ ਲਈ ਮਨ ਵਿਚ ਚਾਹਨਾ ਦਾ ਪੈਦਾ ਹੋਣਾ ਜ਼ਰੂਰੀ। ਫਿਰ ਚਾਹਤ ਦੀ ਪੂਰਤੀ ਲਈ ਬੰਦੇ ਕੋਲ ਬਹੁਤ ਸਾਰੀਆਂ ਤਜਵੀਜ਼ਾਂ ਵੀ ਦਸਤਕ ਬਣਨ ਲਈ ਕਾਹਲੀਆਂ। ਇਹ ਤਜਵੀਜ਼ਾਂ ਤਨ ਦੀ ਲੋੜ ਨਹੀਂ ਸਗੋਂ ਮਨ ਦੀ ਤੀਬਰਤਾ ਅਤੇ ਤੀਰਬਤਾ ਨੇ ਹੀ ਤਾਂਘ ਬਣ ਕੇ ਮਨ ਦੀਆਂ ਬਾਹਰੀ ਮੁਹਾਰਾਂ ਨੂੰ ਅੰਤਰੀਵ ਵੱਲ ਮੋੜਨਾ ਹੁੰਦਾ। ਫਿਰ ਬੰਦਾ ਦੁਨਿਆਵੀ ਦੁੱਖ-ਸੁੱਖ ਤੋਂ ਬੇਨਿਆਜ਼, ਭੁੱਖ-ਪਿਆਸ ਤੋਂ ਅਵੇਸਲਾ ਹੁੰਦਾ। ਖ਼ੁਦ ਨਾਲ ਜੁੜ ਕੇ ਕਿਥੇ ਰਹਿੰਦੀ ਏ ਖੁ਼ਦ ਦੀ ਸੁੱਧ-ਬੁੱਧ। ਇਕ ਅਲਹਾਮੀ ਆਵੇਸ਼ਤਾ ਮਨੁੱਖ ਤੇ ਤਾਰੀ ਹੁੰਦੀ। ਇਸਦੀ ਲੋਰ ਵਿਚ ਮਨੁੱਖ ਲਈ ਜੀਵਨ-ਸਫ਼ਰ ਵਿਚ ਸੁੰਨਤਾ, ਸਹਿਜਤਾ ਸੰੁਦਰਤਾ ਅਤੇ ਸੰਵੇਦਨਾ ਦਾ ਅਜੇਹਾ ਅਹਿਸਾਸ ਹੁੰਦਾ ਕਿ ਉਹ ਖੁ਼ਦ ਵਿਚ ਹੀ ਸੰਤੁਸ਼ਟ ਤੇ ਸਹਿਜ ਦਾ ਸਿਰਨਾਵਾਂ ਹੋ ਜਾਂਦਾ।
ਖੁ਼ਦ ਦਾ ਖੁ਼ਦ ਨਾਲ ਜੁੜਨਾ ਹਰ ਮਨੁੱਖ ਦੀ ਲੋੜ। ਪਰ ਬਹੁਤ ਵਿਰਲੇ ਹੀ ਹੁੰਦੇ ਜਿਹੜੇ ਇਸ ਅਹਿਸਾਸ ਨੂੰ ਜਿਉਣ ਲਈ ਆਪਣੇ ਆਪ ਨੂੰ ਨਿਵੇਕਲੇ ਅਤੇ ਨਰੋਏ ਰਾਹਾਂ ਦੀ ਪ੍ਰਦਰਖ਼ਣਾ ਕਰਨ ਲਈ ਤਿਆਰ ਕਰਦੇ। ਫਿਰ ਇਨ੍ਹਾਂ ਰਾਹਾਂ ਵਿਚੋਂ ਜੀਵਨ ਦੀਆਂ ਸੁਗੰਧਿਤ ਸੁਗਾਤਾਂ ਨਾਲ ਝੋਲੀਆਂ ਭਰ ਕੇ, ਗਲੀਆਂ ਵਿਚ ਵਿਚਰਦੇ ਦਰਵੇਸ਼ਾਂ ਵਾਂਗ ਉਚੇ ਹੋਕਰੇ ਲਾਉਂਦੇ। ਜੀਵਨ-ਅਕਾਰਥਾ ਵਿਚੋਂ ਜੀਵਨੀ ਸੁੱਚਤਾ ਨੂੰ ਸੁੱਤੀਆਂ ਸੋਚਾਂ ਦੇ ਨਾਮ ਲਾਉਂਦੇ ਅਤੇ ਫਿ਼ਜ਼ਾ ਵਿਚ ਪੈਰਾ ਪਾਉਂਦੇ ਇਸਨੂੰ ਆਪਣੇ ਬੋਲਾਂ ਨਾਲ ਜਿਊਣ ਜੋਗੀ ਕਰਦੇ।
ਕਦੇ ਕਦਾਈਂ ਮਨ ਵਿਚ ਅਜੇਹੇ ਦਰਵੇਸ਼ਾਂ ਵਰਗੀ ਬਿਰਤੀ ਪੈਦਾ ਕਰਨ ਦੀ ਲੋਚਾ ਪੈਦਾ ਕਰਨੀ। ਤੁਸੀਂ ਖ਼ੁਦ ਨਾਲ ਖੁ਼ਦ ਦੇ ਜੁੜਨ ਦੀ ਪ੍ਰਕਿਰਿਆ ਦੀ ਪ੍ਰਤਿੱਗਿਆ ਬਣ ਜਾਵੋਗੇ।