ਸਾਕਾ ਜਲ੍ਹਿਆਂਵਾਲਾ ਬਾਗ ਦਾ ਕਾਵਿਕ ਚਿਤਰਨ

ਗੁਲਜ਼ਾਰ ਸਿੰਘ ਸੰਧੂ
ਅਖੰਡ ਹਿੰਦੁਸਤਾਨ ਦੇ ਸਾਰੇ ਵਸਨੀਕ ਇਸ ਤੱਥ ਤੋਂ ਜਾਣੂ ਹਨ ਕਿ ਮਹਾਤਮਾ ਗਾਂਧੀ ਦੇ ਸੁਤੰਤਰਤਾ ਸੰਗਰਾਮ ਵਿਚ ਜਾਨ ਪਾਉਣ ਵਾਲੇ ਬਰਤਾਨਵੀ ਹਾਕਮਾਂ ਵਲੋਂ ਪਾਸ ਕੀਤੇ ਡਿਫੈਂਸ ਆਫ ਇੰਡੀਆ ਐਕਟ ਤੇ ਰੌਲਟ ਐਕਟ ਸਨ, ਜਿਹੜੇ ਹਿੰਦ ਵਾਸੀਆਂ ਨੂੰ ਉੱਕਾ ਹੀ ਪਰਵਾਨ ਨਹੀਂ ਸਨ।

ਏਸ ਲਈ ਕਿ ਇਸ ਤੋਂ ਪਹਿਲਾਂ ਹਿੰਦੁਸਤਾਨ ਦੀ ਆਮ ਜਨਤਾ ਨੇ ਬਰਤਾਨੀਆ ਸਰਕਾਰ ਦੀ ਸੰਸਾਰ ਯੁੱਧ ਵਿਚ ਦਿਲ ਖੋਲ੍ਹ ਕੇ ਜਾਨੀ ਤੇ ਮਾਲੀ ਸਹਾਇਤਾ ਕੀਤੀ ਸੀ, ਜਿਸ ਬਦਲੇ ਉਹ ਗੋਰੇ ਹਾਕਮਾਂ ਤੋਂ ਵਡਮੁੱਲੇ ਤੋਹਫੇ ਦੀ ਆਸ ਲਾਈ ਬੈਠੇ ਸਨ। ਇਸਦਾ ਨੋਟਿਸ ਲੈਣ ਵਾਲੇ ਡਾਕਟਰ ਸੈਫੁਦੀਨ ਕਿਚਲੂ ਤੇ ਡਾ. ਸੱਤਿਆਪਾਲ ਸਨ ਜਿਨ੍ਹਾਂ ਨੂੰ 10 ਅਪਰੈਲ 1919 ਦੀ ਸਵੇਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇਰਵਿੰਗ ਨੇ ਜਲਾਵਤਨ ਕਰ ਕੇ ਧਰਮਸ਼ਾਲਾ ਪਹੰੁਚਾ ਦਿੱਤਾ ਸੀ। ਇਸ ਕਾਰਵਾਈ ਦਾ ਪਤਾ ਲਗਦੇ ਸਾਰ ਲੋਕਾਂ ਨੇ ਬੈਂਕਾਂ ਤੇ ਡਾਕਖਾਨਿਆਂ ਦੀ ਲੁੱਟਮਾਰ ਕਰਦਿਆਂ ਜਾਨਾਂ ਤਾਂ ਗਵਾਈਆਂ ਪਰ ਇਕ ਮਿਸ਼ਨਰੀ ਮਹਿਲਾ ਮਿਸ ਸ਼ੇਰਵੁੱਡ ਸਮੇਤ ਅੱਧੀ ਦਰਜਨ ਨੂੰ ਵੀ ਨਹੀਂ ਬਖਸ਼ਿਆ। ਨਤੀਜੇ ਵਜੋਂ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਦੇ ਸੱਤ ਏਕੜ ਦੇ ਮੈਦਾਨ ਦੀ ਚਾਰਦੀਵਾਰੀ ਦੇ ਇਕ ਤੋਂ ਬਿਨਾ ਸਾਰੇ ਲਾਂਘੇ ਬੰਦ ਕਰਵਾ ਕੇ ਜਨਰਲ ਡਾਇਰ ਨੇ ਜਿਹੜਾ ਨਿਹੱਥੇ ਲੋਕਾਂ ਦਾ ਕਤਲ-ਏ-ਆਮ ਕੀਤਾ ਉਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ ਤੇ ਨਾ ਹੀ ਪੰਜਾਬੀ ਸੂਰਮੇ ਊਧਮ ਸਿੰਘ ਵਲੋਂ ਦੋ ਦਹਾਕੇ ਪਿਛੋਂ ਵਲਾਇਤ ਜਾ ਕੇ ਇਸ ਕਤਲ-ਏ-ਆਮ ਦਾ ਹੁਕਮ ਦੇਣ ਵਾਲੇ ਮਾਈਕਲ ਓ’ਡਵਾਇਰ ਦੀ ਹੱਤਿਆ ਕਰ ਕੇ ਇਸਦਾ ਬਦਲਾ ਲੈਣਾ ਭੁੱਲਿਆ ਹੈ। ਪਰ ਜਿਹੜੀ ਗੱਲ ਦਾ ਬਝਵੇਂ ਰੂਪ ਵਿਚ ਕਿਸੇ ਨੂੰ ਪੂਰਾ ਇਲਮ ਨਹੀਂ ਉਹ ਇਸ ਸਾਕੇ ਦੇ ਪ੍ਰਤੀਕਰਮ ਵਜੋਂ ਕਵੀਆਂ ਦੇ ਬੋਲ ਹਨ, ਜਿਹੜੇ ਅੰਮ੍ਰਿਤਸਰ ਵਿਖੇ 23-24 ਅਪਰੈਲ 2022 ਨੂੰ ਰਚਾਈ ਗਈ ‘ਜਲ੍ਹਿਆਂਵਾਲਾ ਬਾਗ-ਅਤੀਤ ਤੇ ਵਰਤਮਾਨ’ ਨਾਮੀ ਕਾਨਫਰੰਸ ਵਿਚ ਉਜਾਗਰ ਹੋਏ। ਇਹ ਕਾਨਫਰੰਸ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਵਲੋਂ ਪੰਜਾਬ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਈ ਗਈ ਸੀ ਜਿਸਦੇ ਪ੍ਰਮੱੁਖ ਪ੍ਰਬੰਧਕ ਸੁਖਦੇਵ ਸਿੰਘ ਸਿਰਸਾ ਤੇ ਸਰਬਜੀਤ ਸਿੰਘ ਸਨ। ਸੋ ਪੇਸ਼ ਹਨ ਕਵੀਆਂ ਦੀਆਂ ਰਚਨਾਵਾਂ:
ਨੌਕਰਸ਼ਾਹੀ ਬਖਸ਼ਿਆ ਰੌਲਟ ਬਿੱਲ ਭਾਰਾ
ਨਾਲੇ ਹੁਕਮ ਸੁਣਾਇਆ ਕਰਕੇ ਹੰਕਾਰਾ
ਬੋਲੇਗਾ/ਸੋ ਬਚੇ ਨਾ,
ਹੋ ਮਰੇ ਖੁਆਰਾ
ਪਏ ਮੰਨਣਾ ਸਾਰਿਆਂ
ਇਹ ਗੈਬੀ ਤਾਰਾ
ਜਿੳਂੁ ਜਿਉਂ ਖਬਰਾਂ ਪਹੰੁਚੀਆਂ
ਮੱਚ ਹਾਹਾ ਕਾਰਾ
ਹਿੰਦੁਸਤਾਨ ਵਿਚ ਪੈ ਗਿਆ ਧੰੁਦ ਗੁਬਾਰਾ
-ਸੂਰਜ ਸਿੰਘ

ਕਲਗੀ ਵਾਲਿਆ ਦੇਸ਼ ਪੰਜਾਬ ਤਾਈਂ
ਜ਼ਾਲਮ ਮਾਰ ਕੇ ਵੇਖ ਮੁਕਾਣ ਲੱਗੇ
ਵਿਚ ਜਲ੍ਹਿਆਂ ਬਾਗ ਦੇ ਆਣ ਕਰਕੇ
ਵੇਖ ਜ਼ੁਲਮ ਦੇ ਤੀਰ ਚਲਾਣ ਲੱਗੇ।
-ਵਿਧਾਤਾ ਸਿੰਘ ਤੀਰ

ਗੰੁਚੇ ਮੁੱਖ ਵਾਲੇ
ਨੌਨਿਹਾਲ ਕਿਧਰੇ
ਵਾਂਗ ਦਾਣਿਆਂ ਦੇ
ਧੁੱਪੇ ਸੁੱਕਦੇ ਸਨ
ਬੇੜੀ ਵਾਂਗ ਪਿਆ
ਅੰਬਰ ਡੋਲਦਾ ਸੀ
ਆਇਆ ਜ਼ੁਲਮ ਦਾ
ਜੇਹਾ ਤੂਫ਼ਾਨ ਏਥੇ
ਜ਼ਖਮੀ, ਪਾਣੀ ਬਿਨ
ਮੱਛੀ ਵਾਂਗ ਤੜਪੇ
ਨਾਲ ਖ਼ੂਨ ਦੇ
ਹੋਏ ਰਵਾਨ ਏਥੇ
ਇਕੋ ਰੂਪ ਅੰਦਰ
ਡਿੱਠਾ ਸਾਰਿਆਂ ਨੇ
ਉਹ ਰਹੀਮ, ਕਰਤਾਰ,
ਭਗਵਾਨ ਏਥੇ
ਹੋਏ ਜ਼ਮਜ਼ਮ ਤੇ ਗੰਗਾ
ਇਕ ਥਾਂ ‘ਕੱਠ’
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
-ਫੀਰੋਜ਼ਦੀਨ ਸ਼ਰਫ

ਸਾਰੇ ਹਿੰਦ ਨੇ ਕਿਹਾ
ਇਕ ਜਾਨ ਹੋ ਕੇ
ਰੌਲਟ ਬਿੱਲ ਨਾ
ਮਨਜ਼ੂਰ ਕਰਨਾ
ਅਸਾਂ ਵਾਰਿਆ ਸਭ ਕੁਝ
ਤੁਸਾਂ ਉਤੋਂ
ਸਾਡਾ ਪਿਆਰ ਨਾ
ਦਿਲਾਂ ਥੀਂ ਦੂਰ ਕਰਨਾ
-ਨਾਨਕ ਸਿੰਘ

ਬੀਬੀਆਂ ਨੂੰ ਸੈਨਿਕ ਭਰਤੀ ਲਈ ਤਿਆਰ ਕਰਦੀ ਮਾਈ ਭਾਗੋ ਸੰਸਥਾ
ਪਿਛਲੇ ਮਹੀਨੇ ਮੈਨੂੰ ਮੋਹਾਲੀ ਸਥਿਤ ‘ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਆਫ ਗਰਲਜ਼’ ਜਾਣ ਦਾ ਮੌਕਾ ਮਿਲਿਆ। ਨੌਜਵਾਨ ਮੁਟਿਆਰਾਂ ਨੂੰ ਫ਼ੌਜੀ ਭਰਤੀ ਲਈ ਤਿਆਰ ਕਰਨ ਵਾਲੀ ਇਸ ਸੰਸਥਾ ਨੂੰ ਸੰਸਾਰ ਦੀ ਸਭ ਤੋਂ ਪਹਿਲੀ ਸੰਸਥਾ ਹੋਣ ਦਾ ਮਾਣ ਹੈ। ਪੰਜਾਬ ਸਰਕਾਰ ਵਲੋਂ 25 ਜੁਲਾਈ, 2015 ਤੋਂ ਹੋਂਦ ਵਿਚ ਲਿਆਂਦੀ ਇਹ ਸੰਸਥਾ ਹਰ ਸਾਲ 10 ਤੋਂ 25 ਬੀਬੀਆਂ ਨੂੰ ਸਿਖਲਾਈ ਦਿੰਦੀ ਹੈ। ਦਾਖਲਾ ਲੈਣ ਵਾਲੀਆਂ ਬੀਬੀਆਂ ਕਿਸੇ ਵੀ ਧਰਮ ਦੀਆਂ ਹੋ ਸਕਦੀਆਂ ਹਨ, ਜੇ ਉਹ ਪੰਜਾਬ ਦੀਆਂ ਵਸਨੀਕ ਹੋਣ। ਵਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਮੇਜਰ ਜਨਰਲ ਆਈ ਪੀ ਸਿੰਘ (ਸੇਵਾ ਮੁਕਤ) ਇਸਦੇ ਡਾਇਰਕੈਟਰ ਹਨ। ਉਨ੍ਹਾਂ ਬੜੇ ਮਾਣ ਨਾਲ ਦੱਸਿਆ ਕਿ ਅੱਜ ਦੇ ਦਿਨ ਭਾਰਤੀ ਸੈਨਾ ਵਿਚ ਸੇਵਾ ਨਿਭਾ ਰਹੀਆਂ ਲੈਫਟੀਨੈਂਟ ਨਿਹਾਰਿਕਾ ਸ਼ਰਮਾ, ਸਬ ਲੈਫਟੀਨੈਂਟ ਅਮਨਪ੍ਰੀਤ ਕੌਰ ਤੇ ਫਲਾਈਂਗ ਅਫਸਰ ਤਬਸੁੱਮ ਖਾਨ ਉਨ੍ਹਾਂ 18 ਅਫ਼ਸਰਾਂ ਵਿਚੋਂ ਹਨ ਜਿਹੜੀਆਂ ਏਥੋਂ ਦੀਆਂ ਸਿਖਲਾਈ ਸ਼ੁਦਾ ਹਨ।
ਹਰ ਸਾਲ ਅਪਰੈਲ ਮਹੀਨੇ ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਤੇ ਆਮ ਜਾਣਕਾਰੀ ਵਿਚ ਪ੍ਰਵੀਨਤਾ ਵੇਖ ਕੇ ਮਨੋਵਿਗਿਆਨਕ ਤੇ ਸਰੀਰਕ ਯੋਗਤਾ ਟੈਸਟ ਲੈਣ ਪਿਛੋਂ ਉਨ੍ਹਾਂ ਨੂੰ ਮੈਡੀਕਲੀ ਯੋਗ ਪਾਉਣ ਉਪਰੰਤ ਦਾਖਲਾ ਦੇ ਦਿੱਤਾ ਜਾਂਦਾ ਹੈ। ਇਸ ਤਿੰਨ ਸਾਲਾ ਕੋਰਸ ਦੀ ਪੜ੍ਹਾਈ, ਲਿਖਾਈ ਤੇ ਰਹਿਣ-ਸਹਿਣ ਦਾ ਖਰਚਾ ਪੰਜਾਬ ਸਰਕਾਰ ਕਰਦੀ ਹੈ।
ਏਥੇ ਦਿੱਤੀ ਜਾ ਰਹੀ ਟਰੇਨਿੰਗ ਵਿਚ ਐਨ ਸੀ ਸੀ, ਖੇਡਾਂ, ਯੋਗਾਸਨ, ਜਿਮਨੇਜੀਅਮ, ਘੋੜ ਸਵਾਰੀ, ਤੈਰਾਕੀ ਤੇ ਪੀ ਟੀ ਆਦਿ ਬਹੁਤ ਕੁਝ ਸ਼ਾਮਲ ਹੈ। ਸਿਖਲਾਈ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਹੰੁਦਾ ਹੈ। ਖੂਬੀ ਇਹ ਕਿ ਏਥੇ ਰਿਹਾਇਸ਼, ਖਾਣ-ਪੀਣ ਤੇ ਖੇਡਣ-ਮਲਣ ਲਈ ਖੇਡ ਦੇ ਮੈਦਾਨ ਅਤੇ ਬਾਸਕਟਬਾਲ ਜਾਂ ਵਾਲੀਬਾਲ ਦੇ ਪੂਰਨ ਵਸੀਲੇ ਪ੍ਰਾਪਤ ਹਨ। ਇਹ ਵੀ ਕਿ ਏਥੇ ਤਿੰਨ ਸਾਲਾ ਸਿਖਲਾਈ ਤੋਂ ਬਿਨਾਂ ਥੋੜ੍ਹ ਚਿਰੇ ਕੈਪਸੂਲ ਕੋਰਸ ਵੀ ਹਨ ਜਿਨ੍ਹਾਂ ਦਾ ਦਾਖਲਾ ਮਾਰਚ-ਅਪਰੈਲ ਤੇ ਸਤੰਬਰ-ਅਕਤੂਬਰ ਵਿਚ ਹੰੁਦਾ ਹੈ।
ਪ੍ਰਬੰਧਕਾਂ ਵਲੋਂ ਹਰ ਸਾਲ ਸ਼ਾਮ-ਏ-ਪੰਜਾਬ ਨਾਂ ਦਾ ਮਿਨੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਏਥੋਂ ਦੇ ਸ਼ਿਸ਼ ਹੁਮਹੁਮਾ ਕੇ ਭਾਗ ਲੈਂਦੇ ਹਨ। ਇਸ ਵਾਰ ਦੇ ਸਮਾਗਮ ਵਿਚ ਏਥੋਂ ਦੇ ਸਿਖਿਆਰਥੀਆਂ ਵਲੋਂ ਇਕ ਦੂਜੇ ਨਾਲ ਬਿੰਦ ਬਦ ਕੇ ਨਿਭਣ ਦੇ ਕਰਤੱਵ ਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ। ਖਾਸ ਕਰਕੇ ਮੇਰੀ ਪਤਨੀ ਨੂੰ ਜਿਹੜੀ ਖੁਦ ਕਾਨਵੈਂਟ ਸਕੂਲਾਂ ਦੀ ਵਿਦਿਆਰਥਣ ਰਹਿ ਚੁੱਕੀ ਹੈ।
ਚੇਤੇ ਰਹੇ ਕਿ ‘ਸ਼ੁਭ ਕਰਮਨ ਤੇ ਕਬਹੂੰ ਨਾ ਟਰੋ’ ਵਾਲੀ ਮਾਈ ਭਾਗੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝੂਬਾਲ ਦੀ ਜੰਮਪਲ ਸੀ। ਓਹੀ ਸੀ ਜਿਸਨੇ ਆਨੰਦਪੁਰ ਦੀ ਮੁਗਲਾਂ ਨਾਲ ਜੰਗ ਸਮੇਂ ਬੇਦਾਵਾ ਦੇਣ ਵਾਲੇ ਸਿੰਘਾਂ ਨੂੰ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ਵਿਚ ਇਹ ਬੇਦਾਵਾ ਪਾੜ ਕੇ ਕੁਰਬਾਨੀਆਂ ਦੇਣ ਲਈ ਮਜਬੂਰ ਕੀਤਾ। ਉਸਨੇ ਮਰਦਾਵੇਂ ਵੇਸ ਵਿਚ ਖ਼ੁਦ ਏਨੀ ਬਹਾਦਰੀ ਵਿਖਾਈ ਕਿ ਸਿੰਘਾਂ ਨੇ ਵੈਰੀਆਂ ਨੂੰ ਭਾਜੜਾਂ ਪੁਆ ਦਿੲਤੀਆਂ।
ਉਸਦੀ ਇਸ ਬਹਾਦਰੀ ਤੋਂ ਖ਼ੁਸ਼ ਹੋ ਕੇ ਕਲਗੀਧਰ ਨੇ ਉਸਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਵੀ ਸਾਜਿਆ। ਉਸ ਦੇ ਜ਼ਖ਼ਮਾਂ ਦੀ ਤੀਮਾਰਦਾਰੀ ਕਰਵਾਈ। ਉਸਨੇ ਵੀ ਮਰਦਾਵਾਂ ਵੇਸ ਧਾਰ ਕੇ ਗੁਰੂ ਸਾਹਿਬ ਦਾ ਅਬਚਲ ਨਗਰ ਤਕ ਸਾਥ ਦਿੱਤਾ, ਜਿੱਥੇ ਉਸਦੇ ਨਾਂ ਦਾ ਬੰੁਗਾ ਅੱਜ ਵੀ ਉਸਦੀ ਯਾਦ ਦਿਵਾਉਂਦਾ ਹੈ। ਹੁਣ ਪੰਜਾਬੀਆਂ ਨੇ ਮੋਹਾਲੀ ਵਾਲੀ ਸੰਸਥਾ ਸਥਾਪਤ ਕਰ ਕੇ ਹੋਰ ਸ਼ਲਾਘਾਯੋਗ ਕੰਮ ਕੀਤਾ ਹੈ।

ਅੰਤਿਕਾ
ਸੁਰਿੰਦਰ ਸੀਹਰਾ
ਬੇਦਾਵਾ ਸ਼ਾਮ ਨੂੰ ਲਿਖਦਾਂ,
ਸਵੇਰੇ ਮਾਫੀਆਂ ਮੰਗਦਾਂ
ਤੇਰਾ ਇਹ ਨੂਰ ਹੀ ਐਸਾ,
ਸ਼ਹਾਦਤ ਟਾਲ ਨਹੀਂ ਹੰੁਦੀ।