ਜੱਟ ਬਿਜ਼ਨਸਮੈਨ !

ਸ਼ਾਮ ਦਾ ਸਮਾਂ। ਗੂੜ੍ਹੇ ਯਾਰ ਜੈਲਾ ਤੇ ਗਾਮਾ, ਜੈਲੇ ਦੇ ਖੇਤਾਂ `ਚ ਲੱਗੀ ਮੋਟਰ `ਤੇ ਬੋਤਲ ਖੋਲ੍ਹੀ ਬੈਠੇ ਹਨ। ਪਹਿਲੇ ਤੋੜ ਦੀ ਗਲਾਸੀ ਲਾਉਣ ਮਗਰੋਂ ਜੈਲਾ ਤਰਾਰੇ ਵਿਚ ਆ ਕਹਿਣ ਲੱਗਾ ‘ਗਾਮਿਆ ਆਪਣੀ ਵੀ ਕੀ ਜਿ਼ੰਦਗੀ ਹੈ, ਮਿੱਟੀ `ਚ ਮਿੱਟੀ ਹੋਏ ਰਹਿਨੇ ਆਂ ਪਰ ਬਣਦਾ ਕੁਝ ਨਹੀਂ’। ਗਾਮੇ ਨੇ ਤੱਤ ਕੱਢਿਆ ‘ਗੱਲ ਇਹ ਹੈ ਭਰਾਵਾ ਕਿ ਪੈਸਾ ਬਣਦੈ ਵਪਾਰ ਵਿਚ।

ਪਿੰਡ ਦੇ ਬਾਣੀਏ ਹਰੀ ਨੂੰ ਹੀ ਲੈ, ਦੇਖਦੇ ਦੇਖਦੇ ਵਧੀਆ ਮਕਾਨ ਬਣਾ ਐਸ਼ ਕਰ ਰਿਹੈ’। ਜੈਲੇ ਹੋਰ ਦੱਸਿਆ ‘ਮੈਂ ਤਾਂ ਸੁਣਿਐ ਪਈ ਅਡਾਣੀ ਅੰਬਾਨੀ ਵੀ ਮਾਮੂਲੀ ਬਿਜ਼ਨਸ ਤੋਂ ਸ਼ੁਰੂ ਕਰ ਕੇ ਅੱਜ ਅਰਬਾਂਪਤੀ ਹੋਏ ਫਿਰਦੇ ਆ’।
ਅੱਧੀ ਕੁ ਬੋਤਲ ਮੁਕਾਉਂਦਿਆਂ ਦੋਵਾਂ ਮਤਾ ਪਕਾਇਆ ਕਿ ਭਾਵੇਂ ਥੋੜ੍ਹੇ ਤੋਂ ਹੀ ਸਹੀ ਕਰਨਾ ਬਿਜ਼ਨਸ ਹੀ ਹੈ। ਅਗਲੇ ਦਿਨ ਜੈਲੇ ਟੋਕਰਾ ਸਮੋਸਿਆਂ ਦਾ ਬਣਾ ਲਿਆ ਤੇ ਗਾਮੇ ਲੱਡੂਆਂ ਦਾ ਅਤੇ ਸਵਖਤੇ ਹੀ ਟੋਕਰੇ ਸਿਰਾਂ `ਤੇ ਰੱਖ ਸ਼ਹਿਰ ਵੇਚਣ ਤੁਰ ਪਏ। ਅੱਧ ਰਸਤੇ ਇੱਕ ਛਾਂਦਾਰ ਰੁਖ ਦੇਖ ਸੁਸਤਾਉਣ ਬਹਿ ਗਏ। ਭੁੱਖ ਲੱਗ ਆਈ ਸੀ ਪਰ ਮੁਫਤ ਵਿਚ ਆਪਣਾ ਹੀ ਸੌਦਾ ਖਾ ਜਾਣ ਨਾਲ ਘਾਟਾ ਪੈ ਜਾਣਾ ਸੀ, ਸੋ ਜੈਲੇ ਨੇ ਜੇਬ ਵਿਚ ਪਏ ਇੱਕੋ ਇੱਕ ਦੋ ਰੁਪਏ ਦਾ ਨੋਟ ਗਾਮੇ ਨੂੰ ਦੇ ਉਸ ਤੋਂ ਇੱਕ ਲੱਡੂ ਮੁੱਲ ਲੈ ਖਾ ਲਿਆ। ਗਾਮੇ ਨੂੰ ਵੀ ਰਾਹ ਮਿਲ ਗਿਆ। ਉਸ ਉਹੀ ਨੋਟ ਜੈਲੇ ਨੂੰ ਦੇ ਸਮੋਸਾ ਲੈ ਖਾ ਲਿਆ। ਰਸਤੇ ਵਿਚ ਜਿੱਥੇ ਵੀ ਉਹ ਦਮ ਲੈਣ ਰੁਕਦੇ ਆਪਣਾ ਸੌਦਾ ਵੇਚ ਆਪਣੀ ਭੁੱਖ ਮਿਟਾ ਲੈਂਦੇ। ਸ਼ਹਿਰ ਅਪੜਦਿਆਂ ਟੋਕਰੇ ਖਾਲੀ ਹੋ ਚੁੱਕੇ ਸਨ। ਪਰ ਇਹ ਕੀ? ਸਾਰਾ ਸੌਦਾ ਵੇਚਣ ਉਪਰੰਤ ਵੀ ਵੱਟਤ ਕਿੱਥੇ ਗਈ? ਦੋ ਰੁਪਏ ਉਹ ਵੀ ਇੱਕ ਕੋਲ! ਘੁੰਡੀ ਉਨ੍ਹਾਂ ਦੀ ਸਮਝ ਵਿਚ ਨਹੀਂ ਆਈ। ਨਿਰਾਸ਼ ਹੋ ਘਰ ਮੁੜ ਆਏ। ਇਸ ਵਪਾਰਕ ਗੁੰਝਲ ਬਾਰੇ ਪਿੰਡ ਦੇ ਬਾਣੀਏ ਹਰੀ ਤੋਂ ਮਸ਼ਵਰਾ ਲਿਆ ਗਿਆ। ਹਰੀ ਮਨ ਵਿਚ ਬੜਾ ਹੱਸਿਆ ਪਰ ਜੱਟ ਨੂੰ ਨਰਾਜ਼ ਕਰਨਾ ਉਸ ਦੀ ਫਿਤਰਤ ਵਿਚ ਨਹੀਂ। ਉਸ ਮਸ਼ਵਰਾ ਦਿੱਤਾ ਕਿ ਅਗਲੀ ਵਾਰ ਉਹ ਬਿਲਕੁਲ ਖਾਲੀ ਜੇਬ ਹੀ ਸ਼ਹਿਰ ਜਾਣ ਮੁਨਾਫਾ ਜ਼ਰੂਰ ਹੋਵੇਗਾ। ਇਵੇਂ ਹੀ ਕੀਤਾ ਗਿਆ। ਰਸਤੇ ਵਿਚ ਭੁੱਖ ਲੱਗਣ `ਤੇ ਵੀ ਕੁਝ ਨਹੀਂ ਖਾਧਾ ਗਿਆ। ਸ਼ਹਿਰ ਅੱਪੜ ਸੌਦਾ ਵੇਚਿਆ ਗਿਆ ਤਾਂ ਬੜੇ ਖੁਸ਼ ਹੋਏ ਕਿਉਂਕਿ ਦੋਵਾਂ ਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਸਨ। ਬਾਣੀਏ ਦੀ ਜੁਗਤ ਕੰਮ ਕਰ ਗਈ ਸੀ। ਸ਼ਾਮੀ ਪਿੰਡ ਮੁੜਨ ਲੱਗੇ। ਸ਼ਹਿਰੋਂ ਬਾਹਰ ਨਹਿਰ ਵਾਲੇ ਮੋੜ `ਤੇ ਸ਼ਰਾਬ ਦਾ ਠੇਕਾ ਸੀ। ਉਨ੍ਹਾਂ ਇੱਕ ਦੂਜੇ ਵੱਲ ਅਰਥ ਭਰਪੂਰ ਨਜ਼ਰਾਂ ਨਾਲ ਦੇਖਿਆ ਅਤੇ ਠੇਕੇ ਵਿਚ ਜਾ ਵੜੇ। ਬੋਤਲ ਲਈ ਗਈ ਅਤੇ ਬਿਜ਼ਨਸ ਦੇ ਮਹੂਰਤ ਦੀ ਖੁਸ਼ੀ ਮਨਾਉਣ ਲੱਗੇ। ਇਤਨੇ ਨੂੰ ਉੱਥੇ ਇੱਕ ਮੱਛੀ ਵਾਲੇ ਦੀ ਰੇਹੜੀ ਆ ਖੜ੍ਹੀ ਹੋਈ ਅਤੇ ਮੱਛੀ ਤਲਣ ਦੀਆਂ ਮਹਿਕਾਂ ਛੱਡਣ ਲੱਗੀ। ਮੱਛੀ ਬਿਨਾ ਕਾਹਦਾ ਜਸ਼ਨ? ਰੋਜ਼ ਗੱਠੇ ਜਾਂ ਮੂਲੀ ਦੇ ਟੋਟੇ ਨਾਲ ਪੀਣ ਵਾਲੇ ਅੱਜ ਫਿਸ਼ ਕਿਉਂ ਨਾ ਖਾਣ ਆਖਰ ਉਨ੍ਹਾਂ ਵਪਾਰ ਕਰ ਅਡਾਨੀ ਅੰਬਾਨੀ ਜੋ ਬਣਨਾ ਹੈ। ਮੱਛੀ ਨਾਲ ਬੋਤਲ ਵੀ ਹੋਰ ਲੈਣੀ ਪੈ ਗਈ। ਦੋਵੇਂ ਅਨੰਦ ਪ੍ਰਸੰਨ ਹੋ ਖੁਸ਼ੀ ਵਿਚ ਖੀਵੇ ਹੋਏ ਖਾਲੀ ਜੇਬਾਂ ਘਰ ਪਰਤ ਆਏ। ਅਗਲੇ ਦਿਨ ਦੋਵੇਂ ਮਿੱਤਰਾਂ ਇਸ ਵਰਤਾਰੇ `ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਪਰ ਵਪਾਰ `ਚ ਹੋਈ ਅਸਫਲਤਾ ਦੀ ਰਮਜ਼ ਸਮਝ ਨਾ ਆਈ। ਆਖਰ ਤੈਅ ਹੋਇਆ ਕਿ ਜੱਟ ਨੂੰ ਖੇਤੀ ਹੀ ਕਰਨੀ ਚਾਹੀਦੀ ਹੈ ਕਿਉਂਕਿ ਜੱਟ ਦੇ ਖੇਤੀ ਛੱਡਿਆਂ ਲੋਕੀਂ ਭੁੱਖੇ ਮਰ ਜਾਣਗੇ। ‘ਨੋ ਫਾਰਮਰ ਨੋ ਫੂਡ’। ਬਿਜ਼ਨਸ ਮੁਬਾਰਕ ਹੋਣ ਅਡਾਨੀ ਅੰਬਾਨੀਆਂ ਨੂੰ। ਅੰਨਦਾਤਾ ਕਹਾਉਣਾ ਕੋਈ ਘੱਟ ਮਾਣ ਵਾਲੀ ਗੱਲ ਹੈ?
ਹਰਜੀਤ ਦਿਉਲ, ਬਰੈਂਪਟਨ