ਭਲੇ ਲੋਕ

ਚਰਨਜੀਤ ਸਿੰਘ ਪੰਨੂ
ਅਮਰੀਕਾ ਵੱਸਦੇ ਚਰਨਜੀਤ ਸਿੰਘ ਪੰਨੂ ਦੀ ਕਹਾਣੀ ‘ਭਲੇ ਲੋਕ’ ਮਾਲ ਮਹਿਕਮੇ ਦੀ ਕਹਾਣੀ ਬਿਆਨ ਕਰਦੀ ਹੈ। ਮਹਿਕਮੇ ਅੰਦਰ ਕੰਮ ਕਰਦੇ ਮੁਲਾਜ਼ਮਾਂ ਦੀ ਕੜੀ ਕਿੰਝ ਕੁੜਿੱਕੀ ਵਿਚ ਬਦਲ ਜਾਂਦੀ ਹੈ, ਪਰਵਾਸੀ ਹੋਏ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਚਿਰ ਪਹਿਲਾਂ ਲਿਖੀ ਇਸ ਕਹਾਣੀ ਨੂੰ ਜੇ ਪਟਵਾਰੀਆਂ ਦੀ ਹਾਲੀਆ ਹੜਤਾਲ ਨਾਲ ਜੋੜ ਕੇ ਪੜ੍ਹੀਏ ਤਾਂ ਮਹਿਕਮੇ ਦੇ ਮੱਕੜ-ਜਾਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ।

ਪਹਿਲੀ ਸਾਮੀ ਨੂੰ ਭੁਗਤਾ ਕੇ ਭਿੰਦਾ ਪਟਵਾਰੀ ਬਹੁਤ ਪ੍ਰਸੰਨ ਹੋਇਆ। ਉਸ ਦੀ ਬੋਹਣੀ ਹੀ ਸ਼ੁਭ ਸ਼ਗਨਾਂ ਵਾਲੀ ਚੰਗੀ ਰਹੀ ਜਿਸ ਨੇ ਕਿਸੇ ਹੀਲ ਹੁੱਜਤ ਤੋਂ ਬਿਨਾਂ, ਖਿੜੇ ਮੱਥੇ ਮੂੰਹ ਮੰਗੇ ਪੰਜ ਸੌ ਰੁਪਏ ਮੇਜ਼ ‘ਤੇ ਢੇਰੀ ਕਰ ਦਿੱਤੇ। ਕੰਮ ਤਾਂ ਇੱਕ ਮਿੰਟ ਦਾ ਸੀ, ਤਸਦੀਕ ਹੀ ਤਾਂ ਕਰਨਾ ਸੀ ਕਿ ਉਸ ਦੀ ਲੜਕੀ ਜੋ ਵਿਆਹੁਣ ਯੋਗ ਹੈ, ਅਜੇ ਅਣਵਿਆਹੀ ਹੈ। ਪੰਚਾਂ ਸਰਪੰਚਾਂ ਨੇ ਪਹਿਲਾਂ ਹੀ ਤਸਦੀਕ ਕੀਤੀ ਹੋਈ ਸੀ, ਬੱਸ ਉਸ ਨੇ ਤਾਂ ਘੁੱਗੀ ਜਿਹੀ ਮਾਰਨੀ ਸੀ। ਅੱਜ ਦਾ ਉਸ ਦਾ ਟਾਰਗੈਟ, ਕੰਪਿਊਟਰ ਬਜਟ ਪੂਰਾ ਕਰਨ ਦਾ ਸੀ ਜੋ ਉਸ ਦੀ ਪਤਨੀ ਨੇ ਬੜੇ ਜ਼ੋਰ ਨਾਲ ਸਿਫਾਰਿਸ਼ ਕੀਤਾ ਸੀ। ਪਟਵਾਰੀ ਨੇ ਉਂਗਲ ‘ਚ ਪਾਏ ਚਮਕਦੇ ਪੁਖਰਾਜ ਨੂੰ ਚੁੰਮਿਆ ਤੇ ਨਾ-ਮੁਕੰਮਲ ਪਏ ਗਿਰਦਾਵਰੀ ਰਜਿਸਟਰ ਦੀ ਖਾਨਾਪੂਰੀ ਕਰਨ ਲੱਗਾ। ਸਫਾ-ਵਾਰ ਜੋੜ ਕਰਨ ਤੋਂ ਬਿਨਾਂ ਹੀ ਫਰਜ਼ੀ ਜਿਨਸ ਗੋਸ਼ਵਾਰਾ ਉਹ ਪਹਿਲਾਂ ਹੀ ਭੇਜ ਚੁੱਕਾ ਸੀ ਤੇ ਸਮੇਂ ਸਿਰ ਗੋਸ਼ਵਾਰਾ ਭੇਜਣ ਲਈ ਉਹ ਉਪਰਲੇ ਅਧਿਕਾਰੀਆਂ ਤੋਂ ਸ਼ਾਬਾਸ਼ ਵੀ ਲੈ ਚੁੱਕਾ ਸੀ।
ਘੁੱਗੀ ਰੰਗੀ ਮਰਸੀਡਜ਼-ਬੈਂਜ਼ ਕਾਰ ਪਟਵਾਰਖਾਨੇ ਸਾਹਮਣੇ ਆ ਖੜ੍ਹੀ ਹੋਈ ਵੇਖ ਭਿੰਦੇ ਪਟਵਾਰੀ ਦੀਆਂ ਰੀਝਾਂ ਅਸਮਾਨੀ ਉਡਾਰੀਆਂ ਮਾਰਨ ਲੱਗੀਆਂ… ਪਰ ਇਕਦਮ ਉਸ ਦਾ ਮੱਥਾ ਠਣਕਿਆ। ਉਸ ਦੇ ਹੱਥ ਦੀ ਕਲਮ ਥਿੜਕ ਗਈ। ਸਾਹ ਸੂਤ ਕੇ ਉਸ ਨੇ ਸ਼ਿਕਾਰੀ ਵਾਲੀ ਨਜ਼ਰ ਦੁੜਾਈ। ਉਹ ਜਰਕ ਗਿਆ, ਜ਼ਰੂਰ ਕੋਈ ਵੱਡਾ ਅਫਸਰ ਹੈ… ਕੋਈ ਵਿਜੀਲੈਂਸ ਵਾਲਾ ਹੋਵੇ, ਐਸ.ਡੀ.ਐਮ. ਹੋਵੇ। ਨਹੀਂ ਨਹੀਂ… ਡੀ.ਸੀ.! ਨਹੀਂ! ਉਨ੍ਹਾਂ ਕੋਲ ਅਜਿਹੀ ਕਾਰ ਕਿਵੇਂ ਆ ਸਕਦੀ ਹੈ। ਉਨ੍ਹਾਂ ਦੇ ਤਾਂ ਸਰਕਾਰੀ ਛਕੜੇ ਮਸਾਂ ਹੀ ਖੜ-ਖੜ ਕਰਦੇ ਖਿੱਚ-ਧੂਹ ਕੇ ਆਪਣੀ ਕਾਰਗੁਜ਼ਾਰੀ ਨਿਭਾਉਂਦੇ ਹਨ। ਚੌਕਸੀ ਵਿਭਾਗ ਦਾ ਛਾਪਾ ਵੀ ਅੱਜ ਕੱਲ੍ਹ ਹਰ ਸਰਕਾਰੀ ਦਫਤਰ ਵਿਚ ਹਊਆ ਬਣਿਆ ਪਿਆ ਹੈ। ਉਹ ਭੇਸ ਬਦਲ ਕੇ ਚੁੱਪ-ਚੁਪੀਤੇ ਆ ਢਾਉਂਦੇ ਹਨ। ਉਨ੍ਹਾਂ ਨੇ ਕਈ ਮੁਲਾਜ਼ਮ ਗੈਰਹਾਜ਼ਰ ਫੜ ਕੇ ਮੁਅੱਤਲ ਕਰਾਏ ਹਨ। ਕਈਆਂ ਨੂੰ ਰਿਸ਼ਵਤ, ਗਬਨ ਤੇ ਹੋਰ ਮਾਮਲਿਆਂ ਵਿਚ ਫੜਿਆ ਹੈ ਤੇ ਚਲਾਨ ਪੇਸ਼ ਕੀਤੇ ਹਨ। ਸਰਕਾਰੀ ਮਸ਼ੀਨਰੀ ਸਾਰੀ ਨਹੀਂ ਤਾਂ ਕੁਝ-ਕੁਝ ਇਨ੍ਹਾਂ ਦੇ ਡਰ ਤੋਂ ਆਪਣੇ ਕੰਮਾਂ ਵਿਚ ਚੌਕੰਨੀ ਹੋਈ ਹੈ। ਸਰਕਾਰੀ ਕਰਮਚਾਰੀ ਕੁਝ-ਕੁਝ ਨੇਕਨੀਤੀ ਨਾਲ ਕੰਮ ਕਰਨ ਲੱਗੇ ਹਨ। ਲੰਮੀ ਰੰਗ ਬਿਰੰਗੀ ਫਿਰਕੀ ਉਸ ਦੇ ਦਿਮਾਗ ਵਿਚ ਘੁੰਮ ਗਈ। ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਟੇਬਲ ਤੋਂ ਉਘੜ-ਦੁੱਗੜੇ ਨੋਟ ਚੁੱਕ ਕੇ ਪਿੱਛੇ ਚੁੱਲ੍ਹੇ ਦੀ ਚਿਮਨੀ ਵਿਚ ਤੁੰਨ ਦਿੱਤੇ। ਪਤਾ ਨਹੀਂ ਕੀ ਬਲਾਅ ਸੀ ਜੋ ਹੁਣੇ ਗਿਆ। ਕਿਸੇ ਦੇ ਦਿਲਾਂ ਦੀ ਬਦਨੀਤੀ ਦਾ ਕੀ ਪਤਾ! ਪੰਜ ਸੌ ਦੇ ਕੇ ਜਾ ਘੱਲਿਆ ਵਿਜੀਲੈਂਸ ਵਾਲਿਆਂ ਨੂੰ! ਉਨ੍ਹਾਂ ਕੁੱਟ-ਕੁੱਟ ਹੱਡ ਭੰਨ ਸੁੱਟਣੇ ਨੇ ਤੇ ਇਹ ਪੁਰਾਣੇ ਪੁਰਜ਼ੇ ਦੁਬਾਰਾ ਪੈਣੇ ਵੀ ਨਹੀਂ।
ਉਹ ਪਿਛਲੀ ਤਾਕੀ ਦੌੜਨ ਦੇ ਰੌਂ ਵਿਚ ਹੀ ਸੀ ਕਿ ਕਾਰ ਦੀ ਤਾਕੀ ਖੁੱਲ੍ਹਦੇ ਇੱਕ ਬਾਬੂ ਤੇ ਇੱਕ ਮੈਡਮ ਹੱਥ ਵਿਚ ਤਿਕੋਣਾ ਜਿਹਾ ਪਰਸ ਲਟਕਾਈ ਬਾਹਰ ਨਿਕਲੀ। ਉਸ ਦੇ ਸਾਹ ਵਿਚ ਸਾਹ ਆਇਆ। ਜ਼ਰੂਰ ਇਹ ਵਲੈਤੀਏ ਹਨ ਜਾਂ ਅਮਰੀਕੀ, ਉਸ ਨੇ ਆਪਣੇ ਪ੍ਰੋੜ ਤਜਰਬੇ ਨਾਲ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਮਿਣਿਆ। ਉਨ੍ਹਾਂ ਦੀ ਔਕਾਤ ਦਾ ਮੁਲੰਕਣ ਕੀਤਾ। ਉਹ ਅੰਦਰੇ-ਅੰਦਰ ਬਹੁਤ ਖੁਸ਼ ਹੋਇਆ।
‘ਨਮਸਕਾਰ… ਪਟਵਾਰੀ ਸਾਹਿਬ!’ ਦੋਹਾਂ ਨੇ ਇੱਕੋ ਆਵਾਜ਼ ਵਿਚ ਦੋਵੇਂ ਹੱਥ ਜੋੜ ਕੇ ਪ੍ਰਣਾਮ ਕੀਤਾ।
‘ਨਮਸਕਾਰ!…।’ ਪਟਵਾਰੀ ਨੇ ਵੀ ਉਤਨੇ ਸਲੀਕੇ ਨਾਲ ਹੀ ਉਠ ਕੇ ਉਨ੍ਹਾਂ ਨੂੰ ਹੱਥ ਜੋੜ ਕੇ ਜੀ ਆਇਆਂ ਕਿਹਾ। ਗੋਰੇ ਪਟਿਆਂ ਵਾਲੀ, ਖੁਸ਼ਬੂਆਂ ਲੱਦੀ ਮੇਮ ਆਪਣੇ ਕਮਰੇ ਵਿਚ ਵੇਖ ਕੇ ਉਹ ਪੈਰ ਦੇ ਪੋਟੇ ਤੋਂ ਸਿਰ ਦੇ ਗੰਜ ਤੱਕ ਨਸ਼ਿਆ ਗਿਆ। ਬੜੇ ਚਾਵਾਂ ਨਾਲ ਨੁੱਕਰ ‘ਚ ਪਈ ਠੰਢੇ ਪਾਣੀ ਵਾਲੀ ਝੱਜਰ ਵਿਚੋਂ ਗਿਲਾਸ ਭਰ ਕੇ ਚੰਗੇ ਮੇਜ਼ਬਾਨ ਵਾਲਾ ਸਬੂਤ ਦਿੰਦੇ ਨਿੱਘੇ ਆਦਰ ਨਾਲ ਪੇਸ਼ ਕੀਤੇ। ਉਨ੍ਹਾਂ ਨੇ ਗਿਲਾਸ ਇੱਕੋ ਸਾਹੇ ਖਾਲੀ ਕਰ ਕੇ ਵਾਪਸ ਮੋੜ ਦਿੱਤੇ।
‘ਥੈਂਕ ਯੂ।’ ਮੈਡਮ ਨੇ ਕਿਹਾ।
‘ਸ਼ੁਕਰੀਆ… ਬਹੁਤ ਧੰਨਵਾਦ।’ ਬਾਬੂ ਜੀ ਦੀ ਆਵਾਜ਼ ਸੀ। ਮੇਮ ਸਾਹਿਬ ਪਾਣੀ ਪੀ ਕੇ ਠੰਢੀ-ਠਾਰ ਹੋ ਗਈ। ਸ਼ਾਇਦ ਪੰਜਾਬੀ ਘੱਟ ਜਾਣਦੀ ਸੀ ਜਾਂ ਵਿਦੇਸ਼ੀ ਭਾਸ਼ਾ ਬੋਲ ਕੇ ਪਟਵਾਰੀ ‘ਤੇ ਧੌਂਸ ਜਮਾਉਣਾ ਚਾਹੁੰਦੀ ਸੀ। ‘ਥੈਂਕ ਯੂ ਪਲੀਜ਼।’ ਉਸ ਨੇ ਫਿਰ ਦੁਹਰਾ ਕੇ ਪਟਵਾਰੀ ਨੂੰ ਖੁਸ਼ ਕਰ ਦਿੱਤਾ।
‘ਮੈਂ ਸਾਹਿਬ ਜੀ! ਦਰੁਸਤੀ ਕਰਾਉਣੀ ਹੈ… ਆਪਣੀ ਜਮਾਂ-ਬੰਦੀ ਦੀ।’ ਬਾਬੂ ਨੇ ਆਪਣੇ ਆਉਣ ਦਾ ਮੰਤਵ ਦੱਸਿਆ। ਮੇਮ ਸਾਹਿਬ ਨੇ ਪੂਣੀ ਕੀਤੇ ਪੁਰਾਣੇ ਕਾਗਜ਼ ਕੱਢ ਕੇ ਮੇਜ਼ ‘ਤੇ ਰੱਖ ਦਿੱਤੇ।
‘ਕੋਈ ਨਾ! ਲਿਆਓ ਜੀ! ਹੁਣੇ ਹੀ ਕਰਦੇ ਹਾਂ, ਗੋਲੀ ਕੀਹਦੀ ਤੇ ਗਹਿਣੇ ਕੀਹਦੇ।’ ਪਟਵਾਰੀ ਨੇ ਕਾਗਜ਼ਾਂ ਦੀ ਤਹਿ ਖੋਲ੍ਹਦੇ ਸਿੱਧੇ ਕੀਤੇ।
‘ਹਾਂ ਜੀ ਠੀਕ ਹੈ… ਕੀ ਕਰਨਾ ਇਨ੍ਹਾਂ ਦਾ?’ ਪਟਵਾਰੀ ਹੁਣ ਆਪਣੇ ਪਟਵਾਰ ਲਹਿਜ਼ੇ ਵਿਚ ਆ ਗਿਆ।
‘ਇਹ ਜਨਾਬ ਤੁਹਾਡੇ ਪਟਵਾਰੀ ਦੀ ਹੀ ਮਿਹਰਬਾਨੀ ਹੋਈ ਸੀ ਕਿ ਮੇਰੀ ਵਾਈਫ ਦਾ ਨਾਮ ਦਿਲਜੀਤ ਕੌਰ ਦੀ ਥਾਂ ਮਨਜੀਤ ਕੌਰ ਲਿਖ ਦਿੱਤਾ। ਇਹ ਤਾਂ ਦਿਲਜੀਤ ਕੌਰ ਹੈ ਤੇ ਹੁਣ ਤੁਸੀਂ ਮਿਹਰਬਾਨੀ ਕਰ ਕੇ ਇਹਨੂੰ ਠੀਕ ਕਰ ਦਿਓ।’ ਬਾਬੂ ਨੇ ਧੌਂਸ ਜਿਹੀ ਨਾਲ ਪਟਵਾਰੀ ਨੂੰ ਨਿਹੋਰਾ ਮਾਰਿਆ।
‘ਤੁਸੀਂ ਪਛੜ ਗਏ ਜਨਾਬ। ਹੁਣ ਸਾਰੇ ਰਿਕਾਰਡ ਕਬੂਤਰ ਹੋ ਗਏ ਨੇ… ਮੁਆਫ ਕਰਨਾ, ਕੀ ਭਲਾ ਜਿਹਾ ਨਾਮ ਹੈ? ਮੈਨੂੰ ਲੈਣਾ ਨਹੀਂ ਆਉਂਦਾ।’
ਉਨ੍ਹਾਂ ਇੱਕ ਦੂਜੇ ਵੱਲ ਵੇਖਿਆ। ਕੁੜੀਆਂ-ਮੁੰਡੇ ਤਾਂ ਅਸਲੀ-ਨਕਲੀ ਤਰੀਕੇ ਵਿਦੇਸ਼ਾਂ ਵਿਚ ਲੁਕਦੇ-ਛਿਪਦੇ ਕਬੂਤਰ ਬਣਦੇ ਵੇਖੇ ਸੁਣੇ ਸਨ ਪਰ ਸਾਰੇ ਰਿਕਾਰਡ ਕਬੂਤਰ ਹੋਣੇ, ਉਨ੍ਹਾਂ ਵਾਸਤੇ ਅਚੰਭੇ ਵਾਲੀ ਗੱਲ ਸੀ। ‘ਕੀ ਮਤਲਬ? ਅਸੀਂ ਸਮਝਿਆ ਨਹੀਂ।’
‘ਆਹ ਜੀ ਡੱਬਾ ਜਿਹਾ! ਜੀਹਦੇ ਵਿਚ ਟਿਕ-ਟਿਕ ਕਰ ਕੇ ਸਾਰਾ ਮਾਲ ਮਹਿਕਮਾ ਤੁੰਨ ਦਿੱਤਾ ਸਰਕਾਰੀ ਪਾੜ੍ਹਿਆਂ ਨੇ।’
‘ਕੰਪਿਊਟਰ ਦੀ ਗੱਲ ਕਰਦੇ ਹੋ?’ ਮਹਿਮਾਨ ਹੱਥ ‘ਤੇ ਹੱਥ ਮਾਰ ਕੇ ਹੱਸੇ।
‘ਜੀ ਹਾਂ, ਤੁਹਾਡੇ ਬੱਚੇ ਜੀਣ। ਚੰਗੇ ਪੜ੍ਹੇ-ਲਿਖੇ ਜਾਪਦੇ ਓ।’
‘ਫਿਰ ਵੀ ਇਹ ਕੰਮ ਕਰਨ ਵਾਸਤੇ ਮੁੱਢਲਾ ਕਾਰਿੰਦਾ ਤਾਂ ਪਟਵਾਰੀ ਹੀ ਹੈ। ਇਹ ਤੁਹਾਡੀ ਹੀ ਜ਼ਿੰਮੇਵਾਰੀ ਹੈ।’
‘ਜਨਾਬ ਇਹ ਕੰਮ ਏਨਾ ਛੋਟਾ ਤੇ ਸੌਖਾ ਵੀ ਨਹੀਂ! ਇਸ ਤਰਮੀਮ ਵਾਸਤੇ ਤੁਹਾਨੂੰ ਅਖਬਾਰ ਵਿਚ ਇਸ਼ਤਿਹਾਰ ਕਢਾਉਣਾ ਪਵੇਗਾ, ਤਹਿਸੀਲਦਾਰ ਕੋਲ ਜਾਣਾ ਪਵੇਗਾ… ਐਸ.ਡੀ.ਐਮ. ਦੇ ਪੇਸ਼ ਹੋਣਾ ਪਵੇਗਾ ਤੇ ਹੋਰ ਉਪਰ ਡੀ.ਸੀ. ਤੱਕ ਵੀ ਪਹੁੰਚਣਾ ਪਵੇਗਾ। ਉਹ ਜੋ ਹੁਕਮ ਕਰਨਗੇ, ਮੈਂ ਉਹੀ ਕਰਾਂਗਾ।’ ਪਟਵਾਰੀ ਨੇ ਵੀ ਆਪਣੀ ਚਾਲ ਚੱਲਦੇ ਕੁਰਸੀ ਤੋਂ ਜ਼ਰਾ ਕੁ ਉਪਰ ਟੱਪਦੇ ਕਾਗਜ਼ਾਂ ਨੂੰ ਉਲਟੇ-ਸਿੱਧੇ ਕਰਦੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਚੱਕਰਾਂ ਵਿਚ ਪਾ ਦਿੱਤਾ।
ਪਟਵਾਰੀ ਹੋਵੇ ਸਿਫਾਰਸ਼ੀ, ਆਪਣੀ ਮਰਜ਼ੀ ਦੀ ਸੀਟ, ਧਨਾਢ ਵਿਦੇਸ਼ੀ ਲੋਕ ਉਸ ਦੀ ਸਾਮੀ! ਤੇ ਉਸ ਦੇ ਬੱਚਿਆਂ ਦੀ ਰੀਝ ਪੂਰੀ ਨਾ ਹੋਵੇ। ਲਾਹਨਤ ਹੈ। ਉਸ ਨੇ ਬੱਚਿਆਂ ਦੀ ਕੰਪਿਊਟਰ ਦੀ ਸਿਫਾਰਿਸ਼ ਮਹਿਸੂਸ ਕਰਦੇ ਹੋਏ ਪਹਿਲੀ ਤਰੀਕ ਤੋਂ ਸਾਰੀ ਆਮਦਨ ਅਲੱਗ ਇਕੱਠੀ ਕਰਨ ਦੀ ਠਾਣ ਲਈ ਸੀ। ਜਿੰਨਾ ਚਿਰ ਤੀਹ ਹਜ਼ਾਰ ਨਹੀਂ ਬਣ ਜਾਂਦਾ, ਉਤਨਾ ਚਿਰ ਉਹ ਦਰਾਜ਼ ਵਿਚੋਂ ਨਹੀਂ ਕੱਢੇਗਾ।
‘ਪਹਿਲਾਂ ਵਾਲਾ ਪੁਰਾਣਾ ਮੁਹਾਵਰਾ ‘ਤੂੰ ਕਾਹਦਾ ਪਟਵਾਰੀ ਮੁੰਡਾ ਮੇਰਾ ਰੋਵੇ ਅੰਬ ਨੂੰ’ ਹੁਣ ਹੰਢ ਚੁੱਕਿਆ ਹੈ। ਹੁਣ ਅੰਬ ਨਾਲ ਨਹੀਂ ਸਰਦਾ। ਅੱਜ ਦੇ ਜੁਆਕ ਇਸ ਤੋਂ ਅੱਗੇ ਨਿਕਲ ਗਏ ਨੇ… ਉਹ ਚੰਨ ਲੈਣ ਦੇ ਮਨਸੂਬੇ ਬਣਾ ਰਹੇ ਨੇ।’ ਉਸ ਨੇ ਮਨ ਹੀ ਮਨ ਵਿਚ ਘੁੜ-ਦੌੜ ਕੀਤੀ।
‘ਓ ਛੱਡੋ ਜਨਾਬ ਇਹ ਬੁਝਾਰਤਾਂ!… ਮੈਂ ਅਮਰੀਕਾ ਤੋਂ ਆਇਆ ਹਾਂ… ਤੁਸੀਂ ਆਪ ਹੀ ਮਿਹਰਬਾਨੀ ਕਰ ਦਿਓ।’
‘ਦੁਨੀਆ ਦੇ ਮੁਹਤਬਰ ਚੌਧਰੀ ਦੇਸ਼ ਤੋਂ ਆਏ ਹੋ! ਮੈਂ ਆਉਂਦੇ ਹੀ ਭਾਂਪ ਲਿਆ ਸੀ ਤੁਹਾਨੂੰ ਸਰ ਜੀ! ਤੁਸੀਂ ਮੇਰੀ ਗੱਲ ਸਮਝੋ ਚੰਗੀ ਤਰ੍ਹਾਂ! ਇਹ ਮੇਰੇ ਵਸੋਂ ਬਾਹਰੀ ਗੱਲ ਹੈ। ਮੈਂ ਤੁਹਾਡੇ ‘ਤੇ ਮਿਹਰਬਾਨੀ ਕਰ ਕੇ ਆਪਣੀ ਨੌਕਰੀ ਗਵਾਉਣੀ?’ ਪਟਵਾਰੀ ਦੇ ਬੋਲਾਂ ‘ਚ ਰੁੱਖਾਪਨ ਭਾਰੂ ਹੋ ਗਿਆ।
‘ਭਾਈ ਸਾਹਿਬ! ਜੇ ਪਟਵਾਰੀ ਦੀ ਗਲਤੀ ਨਾਲ ਦਿਲਜੀਤ ਕੌਰ ਮਨਜੀਤ ਕੌਰ ਬਣ ਸਕਦੀ ਹੈ ਤਾਂ ਹੁਣ ਮਨਜੀਤ ਕੌਰ ਦਿਲਜੀਤ ਕੌਰ ਵੀ ਤਾਂ ਬਣ ਹੀ ਸਕਦੀ ਹੈ। ਪਟਵਾਰੀ ਦੀ ਮਰਜ਼ੀ ਨਾਲ ਜਾਂ ਗਲਤੀ ਨਾਲ ਸਮਝ ਲਓ।’ ਬਾਬੂ ਨੇ ਆਪਣੇ ਹੰਢੇ ਵਰਤੇ ਤੇ ਗਿਆਨਵਾਨ ਹੋਣ ਦਾ ਸਬੂਤ ਦਿੰਦੇ ਹੱਸਦੇ ਹੋਏ ਪਟਵਾਰੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ।
‘ਇਹ ਤਾਂ ਤੁਹਾਡੀ ਗੱਲ ਠੀਕ ਹੈ ਜਨਾਬ! ਉਹ ਜ਼ਮਾਨਾ ਹੋਰ ਸੀ, ਹੁਣ ਹੋਰ ਹੈ… ਬੜਾ ਖਤਰਨਾਕ ਜ਼ਮਾਨਾ ਹੈ ਅੱਜ ਕੱਲ੍ਹ। ਉਪਰੋਂ ਬੜੀ ਸਖਤੀ ਹੈ… ਬੜੀ ਚੈਕਿੰਗ ਹੈ, ਚੌਕਸੀ ਵਾਲੇ ਕੰਧਾਂ ਨਾਲ ਕੰਨ ਲਾਈ ਸੁੰਘਦੇ ਫਿਰਦੇ ਨੇ। ਮੀਡੀਆ ਵਾਲੇ ਬਾਤ ਦਾ ਬਤੰਗੜ ਬਣਾਈ ਜਾ ਰਹੇ ਨੇ।’
‘ਤੁਹਾਡੇ ਮਹਿਕਮੇ ਦੀ ਕੀਤੀ ਹੋਈ ਇਸ ਬੱਜਰ ਗਲਤੀ ਨੇ ਸਾਥੋਂ ਕਿੰਨੇ ਅਣਚਾਹੇ ਜੁਰਮ ਕਰਾਏ, ਕਿੰਨੇ ਗੁਨਾਹ ਕਰਵਾਏ। ਉਨ੍ਹਾਂ ਦਿਨਾਂ ਵਿਚ ਕੁਝ ਸੋਕੇ ਦੀ ਮਾਰ ਤੇ ਫਿਰ ਇੱਕ ਸਾਲ ਹੜ੍ਹਾਂ ਦੀ ਤਬਾਹੀ ਨੇ ਕਿਸਾਨੀ ਆਰਥਿਕਤਾ ਦਾ ਲੱਕ ਤੋੜ ਦਿੱਤਾ। ਸਰਕਾਰ ਦੇ ਮਨ ਮਿਹਰ ਪੈ ਗਈ। ਖਰਾਬੇ ਦੇ ਆਰਡਰ ਹੋ ਗਏ। ਪਟਵਾਰੀ ਦੇ ਪਿੱਛੇ ਪੈ ਕੇ ਦੋ ਸੌ ਰੁਪਏ ਕਿੱਲੇ ਦੇ ਹਿਸਾਬ ਉਸ ਨੂੰ ਦੇ ਕੇ ਖਰਾਬਾ ਲਿਖਾਇਆ ਤੇ ਕਈ ਪਾਪੜ ਵੇਲ ਕੇ ਇੱਕ ਚੈਕ ਮਿਲਿਆ ਪੰਦਰਾਂ ਸੌ ਰੁਪਏ ਦਾ। ਉਹ ਵੀ ਵੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਚੈਕ ਦਿਲਜੀਤ ਕੌਰ ਦਾ ਨਾ ਹੋ ਕੇ ਮਨਜੀਤ ਕੌਰ ਦਾ ਸੀ। ਮੈਂ ਪਟਵਾਰੀ ਨੂੰ ਮੋੜਿਆ ਤੇ ਠੀਕ ਕਰਨ ਦੀ ਬੇਨਤੀ ਕੀਤੀ।
‘ਸਰਦਾਰ ਜੀ ਪੀ ਜਾਓ ਇਹ ਸਭ ਕੁਝ! ਜੇ ਕੁਝ ਹੋਰ ਬੋਲੇ ਤਾਂ ਫਿਰ ਕਊਆ ਕਾਟੇ।’ ਪਟਵਾਰੀ ਸ਼ੈਤਾਨਾਂ ਵਾਲੀ ਹਾਸੀ ਹੱਸਿਆ ਸੀ। ਮੈਂ ਸਮਝ ਗਿਆ ਕਿ ਇਹ ਜਾਦੂਗਰੀ ਸਾਡੇ ਪਟਵਾਰੀ ਦੀ ਹੀ ਹੈ।
‘ਇਹ ਖੇਤਾਂ ਦੀ ਮਾਲਕ ਮਨਜੀਤ ਕੌਰ ਹੈ, ਦਿਲਜੀਤ ਕੌਰ ਨਹੀਂ… ਤੇ ਜੇ ਤੁਸੀਂ ਦਰੁਸਤੀ ਦੇ ਚੱਕਰ ‘ਚ ਪੈ ਗਏ ਤਾਂ ਪਤਾ ਨਹੀਂ ਗੱਲ ਕਿੱਥੇ ਜਾ ਕੇ ਨਿੱਬੜੇ। ਇਹ ਚੈਕ ਵੀ ਨਹੀਂ ਮਿਲਣਾ ਤੁਹਾਨੂੰ, ਕੋਈ ਹੋਰ ਹੀ ਕੈਸ਼ ਕਰਾ ਕੇ ਰਾਹ ਪਊਗਾ।’
‘ਖੁਰਾਕ ਇੰਸਪੈਕਟਰ ਨੂੰ ਅਸਲੀਅਤ ਦੱਸ ਕੇ ਉਸ ਦੀ ਮੁੱਠੀ ਗਰਮ ਕਰ ਕੇ ਜਾਲੀ ਰਾਸ਼ਨ ਕਾਰਡ ਬਣਾਇਆ। ਬੈਂਕ ‘ਚ ਖਾਤਾ ਖੁਲ੍ਹਵਾਇਆ ਤੇ ਮਨਜੀਤ ਕੌਰ ਖਰਾਬੇ ਵਾਲੇ ਚੈਕ ਦੀ ਮਾਲਕ ਬਣੀ। ਇਸ ਮਨਜੀਤ ਕੌਰ ਦੇ ਦਸਤਖਤਾਂ ਨਾਲ ਪੰਦਰਾਂ ਸੌ ਰੁਪਏ, ਖਰਾਬਾ ਵਸੂਲ ਕੀਤਾ ਸਰਕਾਰ ਤੋਂ।’
‘ਬਹੁਤ ਖੂਬ… ਬਹੁਤ ਚੰਗਾ… ਸਰਦਾਰ ਜੀ! ਫਿਰ ਤਾਂ ਬਣ ਗਿਆ ਕੰਮ। ਉਹ ਪੰਦਰਾਂ ਸੌ ਤੁਹਾਨੂੰ ਨਾ ਹੀ ਮਿਲੇ ਸਮਝ ਲਓ। ਉਸੇ ਵਿਚ ਹੋਰ ਹੰਗਾਲ ਪਾ ਕੇ, ਇੱਕ ਬਿੰਦੀ ਲਾ ਕੇ ਬਾਹਰੇ-ਬਾਹਰ ਅੱਜ ਤੁਹਾਡਾ ਇਹ ਕੰਮ ਸਿੱਧਾ ਹੋ ਜਾਊ। ਨਾਇਬ ਸਾਹਿਬ ਬਹੁਤ ਦਇਆਵਾਨ ਦੇਵਤਾ ਸਰੂਪ ਹਨ।’ ਪਟਵਾਰੀ ਨੇ ਆਪਣੀ ਔਕਾਤ ਦੀ ਮਿਆਰੀ ਹੱਦ ਸੁੱਤੇ ਸਿੱਧ ਸਪਸ਼ਟ ਕਰ ਦਿੱਤੀ।
‘ਭਾਜੀ ਪਟਵਾਰੀ ਸਾਹਿਬ! ਜਿਹੜਾ ਸਾਡੇ ਮਨ ਦਾ ਖੌ, ਭੈ, ਧੁੜਕੂ, ਜੇਲ੍ਹ ਦੀ ਸਜ਼ਾ ਦਾ ਡਰ, ਇਹ ਸਾਰੇ ਪੰਦਰਾਂ ਸਾਲ ਸਾਨੂੰ ਵੱਢ ਵੱਢ ਖਾਂਦਾ ਰਿਹਾ ਹੈ… ਇਸ ਦਾ ਕੌਣ ਜ਼ੁੰਮੇਵਾਰ ਹੈ?’ ਗਾਹਕ ਆਪਣਾ ਮੁਆਵਜ਼ਾ ਵਸੂਲਣ ਦੇ ਚੱਕਰ ਵਿਚ ਸੀ। ਉਸ ਦੀ ਆਵਾਜ਼ ਤਲਖ ਹੋ ਗਈ।
‘ਸ਼ੁਕਰ ਕਰੋ! ਧੰਨਵਾਦ ਕਰੋ ਉਸ ਪਟਵਾਰੀ ਦਾ… ਪੈਰ ਧੋ ਧੋ ਪੀਓ ਜਿਸ ਨੇ ਮਨਜੀਤ ਕੌਰ ਦਾ ਨਾਮ ਹੀ ਲਿਖਿਆ ਹੈ। ਜੇ ਕਿਤੇ ਵਾਹੀਕਾਰ ਦਾ ਨਾਮ ਲਿਖ ਦਿੰਦਾ ਤਾਂ ਹੁਣ ਤਾਈਂ ਕਚਹਿਰੀਆਂ ਵਿਚ ਧੱਕੇ ਖਾਂਦੇ ਖੱਜਲ-ਖੁਆਰ ਹੁੰਦੇ ਆਪਣੀ ਮਲਕੀਅਤ ਲੱਭਦੇ ਫਿਰਦੇ।’ ਪਟਵਾਰੀ ਖਚਰੀ ਜਿਹੀ ਹਾਸੀ ਹੱਸਿਆ।
‘ਅੱਗੇ ਕਿਹੜੇ ਸੁਖੀ ਹਾਂ ਅਸੀਂ? ਮਕਾਨਾਂ ਦੇ ਕਿਰਾਏਦਾਰ ਅਤੇ ਦੇਖ-ਭਾਲ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਸੰਭਾਲ ਕੇ ਗਏ ਸੀ ਮਾਲਕ ਬਣੇ ਫਿਰਦੇ ਨੇ ਤੇ ਜ਼ਮੀਨ ਦੇ ਮਾਲਕ ਕਾਸ਼ਤਕਾਰ।’
‘ਠੀਕ ਆ… ਦਰੁਸਤ ਕਹਿੰਦੇ ਓ ਮੇਰੇ ਵੀਰ ਜੀਓ। ਮੇਰੀ ਤੁਹਾਡੇ ਨਾਲ ਹਮਦਰਦੀ ਹੈ। ਚਲੋ ਨਾਇਬ ਸਾਹਿਬ ਨੂੰ ਪੁੱਛ ਵੇਖਦੇ ਹਾਂ। ਤੁਸੀਂ ਬਾਹਰ ਜਾ ਕੇ ਏਨੀ ਮਿਹਨਤ ਕਰਦੇ ਹੋ… ਆਪਣੇ ਦੇਸ਼ ਦੀ ਸੇਵਾ ਕਰਦੇ ਹੋ… ਆਪਣੇ ਲੋਕਾਂ ਦਾ ਢਿੱਡ ਭਰਦੇ ਓ, ਟੂਰਨਾਮੈਂਟ ਕਰਾਉਂਦੇ ਹੋ, ਇੱਥੇ ਮੰਦਰਾਂ ਡੇਰਿਆਂ ਵਾਸਤੇ ਲੱਖਾਂ ਰੁਪਏ ਡੋਨੇਸ਼ਨ ਦਿੰਦੇ ਹੋ। ਸਾਡਾ ਵੀ ਤਾਂ ਫਰਜ਼ ਬਣਦਾ ਹੈ ਕਿ ਅਸੀਂ ਵੀ ਤੁਹਾਡੀ ਸੇਵਾ ਕਰੀਏ… ਤੁਹਾਡੇ ਕਿਸੇ ਕੰਮ ਆ ਸਕੀਏ। ਸਰਕਾਰ ਨੇ ਵੀ ਹੁਕਮ ਦਿੱਤੇ ਹਨ ਕਿ ਐਨ.ਆਰ.ਆਈ. ਮਹਿਮਾਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।’
‘ਏਸੇ ਲਈ ਹੀ ਤਾਂ ਬਾਹਰਲਿਆਂ ਦੀ ਮਿੱਟੀ ਪਲੀਤ ਹੁੰਦੀ ਹੈ ਇੱਥੇ! ਦਿੱਲੀ ਏਅਰ ਪੋਰਟ ਤੋਂ ਲੈ ਕੇ ਰਸਤੇ ਦੀ ਪੁਲਿਸ ਤੇ ਹੋਰ ਮਹਿਕਮੇ ਸਭ ਵਿਦੇਸ਼ੀਆਂ ਦੇ ਖੀਸੇ ਟੋਹਣ ਲਈ ਬਾਹਾਂ ਚੜ੍ਹਾਈ ਖੜ੍ਹੇ ਹਨ।’ ਬੀਬੀ ਨੇ ਪਟਵਾਰੀ ਨੂੰ ਛਿੱਥਾ ਜਿਹਾ ਕਰ ਦਿੱਤਾ।
‘ਤੁਹਾਨੂੰ ਖੁਸ਼ਖਬਰੀ ਦੱਸਾਂ? ਹੁਣ ਤਾਂ ਸਰਕਾਰ ਨੇ ਐਨ.ਆਰ.ਆਈ. ਦੀਆਂ ਲਿਸਟਾਂ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਹਰ ਵਿਦੇਸ਼ੀ ਮਹਿਮਾਨ ਦਾ ਪੂਰਾ ਆਦਰ ਸਤਿਕਾਰ ਕੀਤਾ ਜਾਏ।’ ਪਟਵਾਰੀ ਨੇ ਫੀਲਰ ਸੁੱਟਿਆ।
‘ਉਨ੍ਹਾਂ ਨੂੰ ਲੁੱਟਣ ਲਈ… ਡਾਕੇ ਪਵਾਉਣ ਲਈ…। ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਜਬਰੀ ਕਬਜ਼ੇ ਕਰਨ-ਕਰਾਉਣ ਲਈ ਸਰਕਾਰੀ ਕਰਿੰਦਿਆਂ ਤੇ ਅਧਿਕਾਰੀਆਂ ਦੀ ਇਹ ਮਿਲਵੀਂ ਤਿਗੜਮਬਾਜ਼ੀ ਚੱਲ ਰਹੀ ਹੈ।’ ਪਹਿਲਾਂ ਹੀ ਅੱਕਿਆ ਪਿਆ ਗਾਹਕ ਗੜਿਆਂ ਵਾਂਗ ਵਰ੍ਹ ਪਿਆ।
‘ਮੁਆਫ ਕਰਨਾ ਸਰ! ਜਾਪਦਾ ਤੁਹਾਨੂੰ ਕਿਸੇ ਡਾਢੇ ਦੇ ਹੱਥ ਲੱਗੇ ਹੋਏ ਨੇ। ਮੈਂ ਇਹੋ ਜਿਹਾ ਨਹੀਂ (ਸੈਲ ਫੋਨ ਕੱਢ ਕੇ ਨੰਬਰ ਮਿਲਾਉਂਦਾ ਹੈ)।
‘ਨਾਇਬ ਸਾਹਿਬ! ਸਰ… ਇੱਕ ਸੱਜਣ ਆਏ ਬੈਠੇ ਨੇ ਮੇਰੇ ਕੋਲ ਅਮਰੀਕਾ ਤੋਂ… ਬੜੇ ਭਲੇ ਲੋਕ ਨੇ, ਉਹ ਕੁਝ ਸੋਧ ਕਰਾਉਣੀ ਚਾਹੁੰਦੇ ਨੇ ਜਮ੍ਹਾਬੰਦੀ ਦੀ… ਹਾਂ… ਹਾਂ… ਠੀਕ ਹੈ ਜਨਾਬ! ਹੁਣੇ ਹਾਜ਼ਰ ਹੁੰਦੇ ਹਾਂ।’
ਫੇਰ ਫੋਨ ਦੀ ਘੰਟੀ ਖੜਕੀ। ‘ਹਾਂ ਜੀ ਸਰ!… ਬਿਹਤਰ ਜਨਾਬ, ਠੀਕ… ਧੰਨਵਾਦ।’
‘ਲਓ ਜੀ ਤੁਹਾਡੀ ਕਿਸਮਤ ਬਹੁਤ ਚੰਗੀ ਹੈ। ਤੁਸੀਂ ਘਰੋਂ ਜ਼ਰੂਰ ਦਹੀਂ ਖਾ ਕੇ ਤੁਰੇ ਹੋ ਅੱਜ। ਨਾਇਬ ਸਾਹਿਬ ਆਪ ਹੀ ਆ ਰਹੇ ਨੇ।’
ਪਟਵਾਰੀ ਨੇ ਤੋਲਿਆ ਕਿ ਉਸ ਦੀ ਕੀਮਤ ਮਿਹਨਤਾਨਾ ਸ਼ੁਕਰਾਨਾ ਘੱਟੋ-ਘੱਟ ਦੋ ਸੌ ਡਾਲਰ ਤਾਂ ਉਹ ਹੱਸ ਕੇ ਦੇ ਦੇਣਗੇ। ਇਸ ਦਾ ਮਤਲਬ ਤੇਰਾਂ ਹਜ਼ਾਰ ਰੁਪਿਆ। ਬੱਸ! ਗਲਤੀ ਤਾਂ ਭਾਵੇਂ ਸਾਡੇ ਮਹਿਕਮੇ ਦੀ ਹੀ ਹੈ। ਸਾਡੀ ਗਲਤੀ ਦੀ ਦਰੁਸਤੀ ਹੋ ਜਾਏਗੀ, ਮੇਰੀ ਜੇਬ ਵਿਚ ਰੌਣਕ ਹੋ ਜਾਏਗੀ। ਟੈਲੀਫੋਨ, ਬਿਜਲੀ, ਪਾਣੀ ਦੇ ਲੱਕ ਤੋੜਵੇਂ ਬਿੱਲ ਭੁਗਤ ਜਾਣਗੇ ਤੇ ਨਾਲੇ ਨਾਇਬ ਸਾਹਿਬ ਵੀ ਖੁਸ਼ ਹੋ ਜਾਣਗੇ।
‘ਤੁਹਾਡੇ ਤਾਂ ਜਨਾਬ ਜੀ! ਦੋ ਸੌ ਡਾਲਰਾਂ ਦੀ ਕੋਈ ਪ੍ਰਵਾਹ ਨਹੀਂ ਉਧਰ। ਕਹਿੰਦੇ ਇੱਕ ਦਿਨ ਦੀ ਮਾਰ ਹੈ… ਪਰ ਅਸੀਂ ਤਾਂ ਇਨ੍ਹਾਂ ਨੂੰ ਬੜਾ ਪਿਆਰ ਕਰਦੇ ਹਾਂ, ਬੜੀ ਬਰਕਤ ਹੋ ਜਾਂਦੀ ਹੈ ਇਨ੍ਹਾਂ ਦੀ। ਬਾਹਰਲਾ ਜੋ ਵੀ ਆਉਂਦਾ ਹੈ, ਸੌ ਦੋ ਸੌ ਤਾਂ ਹੱਸ ਕੇ ਦੇ ਜਾਂਦਾ। ਕਈ ਭਲੇ ਲੋਕ ਤਾਂ ਪੰਜ ਸੌ ਤੱਕ ਖੁੱਲ੍ਹੇ ਗੱਫੇ ਵੰਡ ਜਾਂਦੇ ਨੇ। ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ… ਨਾ ਹੀ ਸਾਨੂੰ ਬਹੁਤਾ ਲਾਲਚ ਹੈ।’
‘ਨੋ ਪਲੀਜ਼ ਨੋ, ਐਸਾ ਨਹੀਂ। ਦੋ-ਦੋ ਤਿੰਨ-ਤਿੰਨ ਸ਼ਿਫਟਾਂ ਲਾ ਕੇ, ਰਾਤਾਂ ਉਨੀਂਦਰਾ ਝਾਕ ਕੇ, ਮਿਹਨਤ ਮਸ਼ੱਕਤ ਨਾਲ ਜਾਨ ਨੂੰ ਕਸ਼ਟ ਵਿਚ ਪਾ ਕੇ ਡਾਲਰ ਬਣਦੇ ਨੇ। ਉਥੇ ਡਾਲਰ ਦਰਖਤਾਂ ਨੂੰ ਨਹੀਂ ਲਗਦੇ।’ ਮੈਡਮ ਨੇ ਸਾਫ ਸ਼ਬਦਾਂ ਵਿਚ ਦੱਸ ਦਿੱਤਾ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ।
‘ਅਸੀਂ ਤੁਹਾਡੀ ਸੇਵਾ ਕਰਾਂਗੇ… ਪੂਰੀ ਫੀਸ ਦਿਆਂਗੇ… ਸਰਕਾਰੀ ਫੀਸ ਨਕਦ! ਜਾਂ ਜਿੱਥੇ ਕਹੋ ਬੈਂਕ ਵਿਚ ਜਮਾਂ ਕਰਾ ਦਿਆਂਗੇ।’ ਪਟਵਾਰਖਾਨੇ ਦੀ ਕੰਧ ‘ਤੇ ਲਿਖੀ ਫੀਸਾਂ ਦੀ ਲਿਸਟ ਵੱਲ ਇਸ਼ਾਰਾ ਕਰਦੇ ਉਸ ਨੇ ਸਿਰ ਹਿਲਾਇਆ।
‘ਕੰਧਾਂ ਤੇ ਉਜਰਤਾਂ ਦੀ ਫਹਿਰਿਸਤ ਚਿਪਕਾ ਕੇ ਵੀ ਸਰਕਾਰ ਨੇ ਨਵਾਂ ਕਜ਼ੀਆ ਖੜ੍ਹਾ ਕਰ ਦਿੱਤਾ।’ ਪਟਵਾਰੀ ਮਨ ਹੀ ਮਨ ਵਿਚ ਕਲਪ ਉਠਿਆ।
‘ਚਲੋ ਮੈਡਮ! ਨਾਇਬ ਸਾਹਿਬ ਨਾਲ ਮਸ਼ਵਰਾ ਕਰ ਲਿਓ। ਉਹ ਹੁਣੇ ਆਏ ਖੜ੍ਹੇ ਦਸਾਂ ਮਿੰਟਾਂ ਵਿਚ। ਅਸਲੀ ਤਾਂ ਉਹੀ ਮਾਲਕ ਹਨ, ਅਸੀਂ ਤਾਂ ਨੌਕਰ ਹਾਂ।’ ਪਟਵਾਰੀ ਰਜਿਸਟਰ, ਜਮਾਂਬੰਦੀ ਤੇ ਹੋਰ ਕਾਗਜ਼ ਪੱਤਰ ਸਾਂਭਣ ਲੱਗਾ।
‘ਤੁਹਾਡੇ ਡੀ.ਸੀ. ਸਾਹਿਬ ਨੇ ਨਾ!’ ਅਜਨਬੀ ਮਹਿਮਾਨ ਨੇ ਡੀ.ਸੀ. ਨਾਲ ਆਪਣੀ ਸਾਂਝ ਦਾ ਰੋਹਬ ਪਾ ਕੇ ਪਟਵਾਰੀ ਨੂੰ ਪ੍ਰਭਾਵਿਤ ਕਰਨ ਦੀ ਸੋਚੀ।
‘ਹਾਂ ਜੀ… ਹਾਂ ਹਜ਼ੂਰ!’ ਪਟਵਾਰੀ ਨੇ ਬੜੀਆਂ ਹਲੀਮੀ ਭਰੀਆਂ ਨਿਗਾਹਾਂ ਨਾਲ ਹੁੰਗਾਰਾ ਭਰਿਆ।
‘ਉਹ ਮੇਰੇ ਕਲਾਸ ਫੈਲੋ ਸਨ! ਮੈਂ ਕਿਹਾ, ਉਨ੍ਹਾਂ ਨੂੰ ਕੀ ਜ਼ਹਿਮਤ ਦੇਣੀ ਹੈ… ਪਹਿਲਾਂ ਤੁਹਾਨੂੰ ਹੀ ਪੁੱਛ ਲੈਂਦੇ ਹਾਂ।… ਤੁਹਾਡਾ ਮਾਲ ਮੰਤਰੀ ਵੀ ਮੇਰੀ ਭੂਆ ਦਾ ਪੁੱਤ ਭਰਾ ਹੈ।’ ਜਲਦੀ ਹੀ ਇਹ ਛਵ੍ਹੀਆਂ ਵਰਗੇ ਬੋਲ ਪਟਵਾਰੀ ਦੀਆਂ ਉਮੀਦਾਂ ਦੀ ਹਿੱਕ ਛਲਨੀ ਕਰ ਗਏ।
ਉਸ ਦਾ ਜੀਅ ਕੀਤਾ ਕੋਈ ਬਹਾਨਾ ਲਾ ਕੇ ਅੱਜ ਟਰਕਾਈ ਕੀਤੀ ਜਾਏ। ਅਜਿਹੇ ਵੱਡੇ ਸ਼ਾਹਾਨਾ ਠਾਠ ਵਾਲੇ ਭਲੇ ਲੋਕ ਰੂਹ ਦੇ ਏਨੇ ਕੰਜੂਸ, ਕਮਜ਼ੋਰ, ਕਠੋਰ ਤੇ ਗੁਸਤਾਖ ਹੋਣਗੇ ਕਿ ਕੰਡਿਆਂ ਵਰਗੇ ਚੁੱਭਵੇਂ ਬੋਲ ਉਚਾਰਨਗੇ, ਉਸ ਨੇ ਕਦੇ ਤਵੱਕੋ ਨਹੀਂ ਸੀ ਕੀਤੀ।
‘ਇਹ ਤਾਂ ਟੇਢੀ ਖੀਰ ਟੱਕਰ ਗਈ।’ ਉਸ ਦੇ ਸੁਪਨੇ ਅਸਮਾਨੀ ਤਾਰਿਆਂ ਵਾਂਗ ਟੁੱਟਣ ਲੱਗੇ।
‘ਹਾਏ ਹੁਣ ਕੀ ਬਣੂ! ਉਹ ਨਾਇਬ ਸਾਹਿਬ ਦੇ ਕਿੱਦਾਂ ਮੱਥੇ ਲੱਗੇਗਾ, ਉਸ ਨੂੰ ਕੀ ਮੂੰਹ ਦਿਖਾਏਗਾ। ਉਸ ਨੂੰ ਤਾਂ ਗੁੱਝੇ ਸੰਕੇਤਾਂ ਵਿਚ ਦੱਸਿਆ ਸੀ, ਪਈ ਚੰਗੀ ਮੋਟੀ ਬਰਾਇਲਰ ਮੁਰਗੀ ਐ ਬਾਹਰਲੀ… ਅਮਰੀਕੀ।’ ਉਹ ਗੰਭੀਰ ਸੰਕਟਮਈ ਸੋਚਾਂ ਵਿਚ ਡੁੱਬ ਗਿਆ।
‘ਇਹ ਵੀ ਕੀ ਸਮਝੇਗਾ… ਵੱਡਾ ਆਇਆ ਭਰਾ ਮਨਿਸਟਰ ਦਾ! ਮੈਂ ਤਾਂ ਸੋਚਿਆ ਸੀ, ਇਸ ਦਾ ਕੰਮ ਕਰ ਦਿਆਂਗੇ ਪਹਿਲੀ ਮੁਲਾਕਾਤੇ ਪਰ ਇਹ ਖੀਰ ਸਿੱਧੀ ਉਂਗਲੀ ਨਾਲ ਨਹੀਂ ਨਿਕਲਣ ਵਾਲੀ। ਇਸ ਲਈ ਟੇਢੀ ਉਂਗਲ ਦਾ ਸਹਾਰਾ ਲੈਣਾ ਪਵੇਗਾ।’ ਉਸ ਨੇ ਨਵੀਂ ਸਕੀਮ ਘੜ ਲਈ।
‘ਬਹੁਤ ਚੰਗਾ ਹੈ ਸਰ! ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨ ਹੋ, ਨਾਲੇ ਸਾਡੇ ਡੀ.ਸੀ. ਤੇ ਮਨਿਸਟਰ ਦੇ ਕਰੀਬੀ ਖਾਸ ਬੰਦੇ ਹੋ। ਬੱਸ ਤੁਹਾਡਾ ਕੰਮ ਤਾਂ ਹੋਇਆ ਹੀ ਪਿਆ।’ ਨਖਰੇਲੋ ਜਿਹੀ ਹਾਸੀ ਹੱਸਦੇ ਉਸ ਨੇ ਉਨ੍ਹਾਂ ਨੂੰ ਤਸੱਲੀ ਦਿਵਾ ਦਿੱਤੀ।
‘ਚੰਗਾ ਹੋਇਆ ਵੀਰ ਜੀ! ਤੁਸੀਂ ਮੇਰੀ ਚੰਗੀ ਕਿਸਮਤ ਨੂੰ ਵੇਲੇ ਸਿਰ ਟੱਕਰ ਗਏ। ਮੇਰੀ ਬਦਲੀ ਦੇ ਆਰਡਰ ਹੋਏ ਪਏ ਨੇ। ਭਲਾ ਹੋਵੇ ਤੁਹਾਡਾ, ਮੇਰੀ ਬਦਲੀ ਰੁਕਵਾ ਦਿਓ। ਇੱਥੋਂ ਦੇ ਬਾਸ਼ਿੰਦੇ ਬੜੇ ਰੱਜੇ-ਪੁੱਜੇ ਭਲੇ ਲੋਕ ਨੇ… ਇਹ ਜਲਵਾਯੂ ਮੇਰੀ ਸਿਹਤ ਨੂੰ ਚੰਗਾ ਖੁਸ਼ਗਵਾਰ ਹੋ ਕੇ ਲੱਗਾ ਹੈ।’ ਪਟਵਾਰੀ ਨੇ ਆਪਣਾ ਪੈਮਾਨਾ ਲਗਾ ਕੇ ਉਨ੍ਹਾਂ ਦੀ ਵਜ਼ੀਰ ਤੇ ਡੀ.ਸੀ. ਨਾਲ ਸਾਂਝ ਦੀ ਤੰਦ ਨਾਪਣੀ ਚਾਹੀ।
‘ਹਾਂ ਹਾਂ ਕਿਉਂ ਨਹੀਂ! ਪੁੱਛ ਵੇਖਾਂਗੇ… ਪਰ ਉਨ੍ਹਾਂ ਨੂੰ ਕਈ ਸਾਲ ਹੋ ਗਏ ਮਿਲੇ-ਵਰਤੇ ਹੀ ਨਹੀਂ। ਇੱਕ ਵੇਰਾਂ ਗਏ ਸਨ ਸਾਡੇ ਕੋਲ। ਅਸੀਂ ਉਥੇ ਚੰਦਾ ਇਕੱਠਾ ਕਰ ਕੇ ਉਨ੍ਹਾਂ ਦੀ ਧੰਨ-ਧੰਨ ਕਰਵਾ ਦਿੱਤੀ ਸੀ। ਉਸ ਦੀ ਪਿੰਕੀ ਦਾ ਰਿਸ਼ਤਾ ਵੀ ਉਦੋਂ ਹੀ ਕਰਵਾਇਆ ਸੀ ਅਮਰੀਕਾ ਵਿਚ ਜੋ ਬਾਅਦ ਵਿਚ ਠੁੱਸ ਹੋ ਗਿਆ। ਸਾਕ ਤਾਂ ਮਿਲੇ-ਵਰਤੇ ਦੇ ਹੀ ਹੁੰਦੇ ਨੇ ਪਰ ਹਾਂ! ਤੁਹਾਡੇ ਬਹਾਨੇ ਉਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ।’
‘ਵਾਹ ਜੀ ਵਾਹ ਸਰਕਾਰ ਜੀ! ਮੈਂ ਉਨ੍ਹਾਂ ਨੂੰ ਤੁਹਾਡੇ ਬਹਾਨੇ ਮਿਲਨਾ ਸੋਚਿਆ ਸੀ ਤੇ ਤੁਸੀਂ ਮੇਰਾ ਬਹਾਨਾ ਭਾਲਦੇ ਹੋ।’ ਪਟਵਾਰੀ ਖੁੱਲ੍ਹ ਕੇ ਹੱਸਿਆ। ਉਹ ਦੋਨੋਂ ਤੀਵੀਂ ਆਦਮੀ ਝੇਪ ਗਏ।
‘ਤੁਸੀਂ ਜ਼ਰਾ ਬਾਹਰ ਬੈਠੋ! ਆ ਗਏ ਨੇ ਸਾਹਿਬ!’ ਜੀਪ ਆਉਂਦੀ ਵੇਖ ਕੇ ਉਨ੍ਹਾਂ ਨੂੰ ਬੈਂਚ ਵੱਲ ਇਸ਼ਾਰਾ ਕਰਦੇ ਉਹ ਬਾਹਰ ਨਿਕਲ ਗਿਆ।
ਨਾਇਬ ਸਾਹਿਬ ਦਾ ਅਰਦਲੀ ਉਨ੍ਹਾਂ ਦਾ ਬੈਗ ਲੈ ਕੇ ਅੰਦਰ ਆ ਗਿਆ। ਪਟਵਾਰੀ ਨਾਇਬ ਸਾਹਿਬ ਨੂੰ ਪਾਸੇ ਲਿਜਾ ਕੇ ਘੁਸਰ-ਮੁਸਰ ਕਰਦਾ ਆਪਣਾ ਕੋਡ ਵਰਡ ਸਮਝਾਉਣ ਲੱਗ ਪਿਆ। ਚਪੜਾਸੀ ਨੇ ਨਾਲ ਪਈ ਦੂਸਰੀ ਕੁਰਸੀ ਦਾ ਘੱਟਾ ਮਿੱਟੀ ਝਾੜਿਆ ਤੇ ਉਹ ਆ ਕੇ ਕੁਰਸੀ ‘ਤੇ ਸਜ ਗਏ। ਇੱਕ ਦੋ ਮਿੰਟ ਵਿਚ ਹੀ ਮਹਿਮਾਨਾਂ ਨੂੰ ਬੁਲਾਵਾ ਆ ਗਿਆ।
ਛੋਟੀ ਉਮਰੇ ਬਣੇ ਸਿਫਾਰਸ਼ੀ ਨਾਇਬ ਸਾਹਿਬ ਨੇ ਚਪੜਾਸੀ ਨੂੰ, ‘ਪਹਿਲਾਂ ਪਾਣੀ ਤੇ ਫਿਰ ਫਸਟ ਕਲਾਸ ਚਾਹ’ ਹੁਕਮ ਦੇ ਕੇ ਦੋਹਾਂ ਮਹਿਮਾਨਾਂ ਨੂੰ ਬਾਗੋ-ਬਾਗ ਕਰ ਦਿੱਤਾ। ਉਨ੍ਹਾਂ ਵੱਲ ਵੇਖਣ ਤੋਂ ਬਿਨਾਂ ਹੀ ਕਿਸੇ ਫਾਈਲ ਵਿਚ ਸਿਰ ਗੱਡੀ ਕਲਮ ਘਸਾਉਣ ਲੱਗਾ।
‘ਮੁਆਫ ਕਰਨਾ! ਦੋ ਮਿੰਟ।’ ਉਸ ਨੇ ਚੰਗੇ ਸੁੰਦਰ ਸ਼ਿਸ਼ਟਾਚਾਰ ਦਾ ਵਿਖਾਵਾ ਕੀਤਾ।
‘ਨੋ ਮੈਟਰ! ਗੋ ਆਨ ਇਜ਼ੀਲੀ।’ ਉਨ੍ਹਾਂ ਘੜੀ ਵੱਲ ਝਾਤੀ ਮਾਰੀ। ਕੁਝ ਦੇਰ ਉਹ ਦੋਨੋਂ ਜੀਅ ਇੱਕ ਦੂਜੇ ਦੇ ਕੰਨ ਵਿਚ ਕਾਨਾ-ਫੂਸੀ ਕਰਦੇ ਰਹੇ।
‘ਹਾਂ ਜੀ! ਫਰਮਾਓ! ਹੁਕਮ ਕਰੋ!’ ਬੜੀ ਮਿੱਠੀ ਬੋਲੀ ਨਾਲ ਉਹ ਕਲਮ ਛੱਡ ਕੇ ਉਨ੍ਹਾਂ ਵੱਲ ਸਿੱਧਾ ਹੋਇਆ।
‘ਜਮਾਬੰਦੀ ਦੀ ਸੋਧ ਕਰਾਉਣੀ ਹੈ ਜੀ… ਅਸੀਂ ਪਿਛਲੇ ਪੰਦਰਾਂ ਸਾਲ ਤੋਂ ਬੜੇ ਪਰੇਸ਼ਾਨ ਹੋਏ ਪਏ ਹਾਂ। ਸਾਡੇ ‘ਤੇ ਮਿਹਰਬਾਨੀ ਕਰੋ।… ਪਟਵਾਰੀ ਸਾਹਿਬ ਤਾਂ ਕੁਝ ਨਾਂਹ-ਨਿੰਮ ਕਰਦੇ ਨੇ।’
ਪਟਵਾਰੀ ਨੇ ਦਖਲਅੰਦਾਜ਼ੀ ਕਰਦੇ ਉਹੀ ਕਾਗਜ਼ ਖੋਲ੍ਹ ਕੇ ਸਾਹਿਬ ਦੇ ਸਾਹਮਣੇ ਰੱਖ ਦਿੱਤੇ। ‘ਮੈਂ ਨਾਂਹ ਨਹੀਂ ਕਰਦਾ ਜਨਾਬ! ਇਹ ਬਹੁਤ ਪੇਚੀਦਾ ਪੁਰਾਣਾ ਮਾਮਲਾ ਹੈ।… ਪਰ ਵੇਖੋ ਸਰ, ਇਹ ਵੀ ਸੱਜਣ ਬੜੀ ਆਸਾਂ ਉਮੀਦਾਂ ਨਾਲ ਆਏ ਨੇ!’ ਉਸ ਦੇ ਕੰਨ ਲਾਗੇ ਹੋ ਕੇ ਕੁਝ ਛੁਪਾ ਕੇ, ਕੁਝ ਉਨ੍ਹਾਂ ਨੂੰ ਸੁਣਾ ਕੇ ਪਟਵਾਰੀ ਨੇ ਭਰਵੱਟੇ ਝਟਕਾਏ।
‘ਹਾਂ… ਅੱਛਾ… ਇਹ ਉਹ ਕੇਸ ਹੈ! ਸਮਝ ਗਏ।’ ਕਾਗਜ਼ ਹੱਥਾਂ ਵਿਚ ਮਸਲਦੇ ਨਾਇਬ ਸਾਹਿਬ ਨੇ ਸੰਜੀਦਗੀ ਜਿਹੀ ਜਤਾਈ। ਉਹ ਅੱਖਾਂ ਮੀਟ ਕੇ ਮੱਥੇ ਨੂੰ ਫੜ ਬੈਠਾ ਜਿਵੇਂ ਕੋਈ ਬੜੀ ਗੰਭੀਰ ਸਮੱਸਿਆ ਨੂੰ ਸੁਲਝਾਉਣ ਦਾ ਤਰੀਕਾ ਢੂੰਡ ਰਿਹਾ ਹੋਵੇ।
‘ਤੁਸੀਂ ਜ਼ਰਾ ਬਾਹਰ ਜਾਓ ਬੈਠੋ!’ ਉਸ ਨੇ ਪਟਵਾਰੀ ਨੂੰ ਇਸ਼ਾਰਾ ਕੀਤਾ, ਜਿਵੇਂ ਉਹ ਉਨ੍ਹਾਂ ਇਕੱਲਿਆਂ ਨਾਲ ਹੀ ਭਰੋਸੇ ਵਿਚ ਲੈ ਕੇ ਕੋਈ ਗੁਪਤ ਗੱਲ ਕਰਨੀ ਚਾਹੁੰਦਾ ਹੋਵੇ। ਪਟਵਾਰੀ ਬਾਹਰ ਚਲਾ ਗਿਆ।
‘ਵੀਰ ਜੀ! ਭੈਣ ਜੀ! ਮੈਂ ਉਚੇਚਾ ਤੁਹਾਡੇ ਵਾਸਤੇ ਹੀ ਇਸ ਦਫਤਰ ਆਇਆ ਹਾਂ ਅੱਜ। ਸਾਨੂੰ ਉਪਰੋਂ ਹਦਾਇਤ ਹੈ ਕਿ ਵਿਦੇਸ਼ੀ ਮਹਿਮਾਨਾਂ ਦਾ ਵੀ.ਆਈ.ਪੀ. ਵਾਂਗ ਸੇਵਾ ਕੀਤੀ ਜਾਵੇ ਤੇ ਹਰ ਸਹੂਲਤ ਦਾ ਖਿਆਲ ਰੱਖਿਆ ਜਾਵੇ।’ ਉਹ ਦੋਹਾਂ ਨੂੰ ਮੁਖਾਤਬ ਸੀ।
‘ਅੱਛਾ ਜੀ! ਧੰਨਵਾਦ… ਵੀਰ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡੀ ਸਰਕਾਰ ਦਾ ਵੀ।’
‘ਤੁਸੀਂ ਪੜ੍ਹੇ ਲਿਖੇ ਜਾਪਦੇ ਓ! ਤੁਹਾਨੂੰ ਪਤਾ ਹੈ, ਆਪਣੀ ਗਲਤ ਸ਼ਨਾਖਤ ਤੇ ਗਲਤ ਬਿਆਨੀ ਕਿੰਨਾ ਵੱਡਾ ਜੁਰਮ ਹੈ ਤੇ ਇਸ ਦੀ ਘੱਟੋ-ਘੱਟ ਪੰਜ ਸਾਲ ਕੈਦ ਦੀ ਸਜ਼ਾ ਹੈ। ਕਾਨੂੰਨ ਤਾਂ ਸਭਨਾਂ ਲਈ ਬਰਾਬਰ ਹਨ।’ ਸ਼ਹਿਦ ਲਿੱਬੜੇ ਬੋਲਾਂ ਨੇ ਪਹਿਲੀ ਸੱਟੇ ਉਨ੍ਹਾਂ ਦੇ ਕਾਲਜੇ ਹੱਥ ਪਾ ਲਿਆ।
‘ਸਰ! ਅਸੀਂ ਤੁਹਾਡੀ ਗੱਲ ਸਮਝ ਗਏ ਹਾਂ… ਪਰ ਇਹ ਗਲਤ ਕੰਮ ਅਸੀਂ ਮਜਬੂਰੀ ਤਹਿਤ ਕੀਤਾ ਸੀ। ਸਾਨੂੰ ਕਰਨਾ ਪਿਆ ਸੀ।’
‘ਸਜ਼ਾ ਭੁਗਤੋ ਫਿਰ, ਕੀਤਾ ਤਾਂ ਹੈ ਨਾ! ਬੜਾ ਵੱਡਾ ਗਬਨ! ਫੌਜਦਾਰੀ ਕੇਸ ਹੈ ਇਹ।’ ਨਾਇਬ ਦੀਆਂ ਅੱਖਾਂ ‘ਚ ਡੋਰੇ ਉਤਰ ਆਏ।
‘ਸਰਕਾਰ ਇਹੋ ਜਿਹੇ ਕੇਸਾਂ ਦੀ ਪੁਨਰ-ਪੜਤਾਲ ਕਰ ਰਹੀ ਹੈ। ਬਹੁਤੇ ਕੇਸ ਵਿਜੀਲੈਂਸ ਮਹਿਕਮੇ ਕੋਲ ਜਾ ਚੁੱਕੇ ਨੇ… ਤੇ ਚੰਗਾ ਹੋਇਆ! ਤੁਹਾਡੀ ਕਿਸਮਤ ਚੰਗੀ! ਤੁਸੀਂ ਆ ਗਏ… ਨਹੀਂ ਤੇ ਇਹ ਕੇਸ ਵੀ ਤਾਂ ਜਾਣ ਹੀ ਵਾਲਾ ਸੀ।’ ਨਮਾਜ਼ ਬਖਸ਼ਾਉਣ ਗਏ ਰੋਜ਼ੇ ਗਲ ਪੈ ਗਏ। ਉਨ੍ਹਾਂ ਇੱਕ ਦੂਸਰੇ ਵੱਲ ਦੇਖਿਆ। ਦੋਹਾਂ ਦੀਆਂ ਡਰੀਆਂ ਹੋਈਆਂ ਨਜ਼ਰਾਂ ਵਿਚ ਭੂਤਕਾਲ ਦੀ ਭਿਆਨਕ ਬੱਜਰ ਗਲਤੀ ਦੇ ਫਲਸਰੂਪ ਭਵਿੱਖ ਵਿਚ ਹੋਣ ਵਾਲਾ ਹਸ਼ਰ ਸਾਹਮਣੇ ਆ ਗਿਆ।
‘ਜਨਾਬ ਅਸੀਂ ਤਾਂ ਆਪ ਹੀ ਆਏ ਹਾਂ… ਸਾਨੂੰ ਪਤਾ ਅਸੀਂ ਮੁਜਰਮ ਹਾਂ… ਬਣੇ ਹਾਂ… ਪਰ ਸਾਨੂੰ ਇਸ ਗਧੀਗੇੜ ‘ਚੋਂ ਕੱਢੋ। ਸਾਡੀ ਤਾਂ ਵਾਪਸੀ ਟਿਕਟ ਵੀ ਇੱਕ ਹਫਤੇ ਦੀ ਹੈ।’
‘ਨਹੀਂ! ਤੁਸੀਂ ਵਾਪਸ ਕਿੱਦਾਂ ਜਾ ਸਕਦੇ ਹੋ! ਜਦ ਇਹ ਗਬਨ, ਹੇਰਾ-ਫੇਰੀਆਂ ਤੇ ਧੋਖਾ-ਧੜੀਆਂ ਦੇ ਫੌਜਦਾਰੀ ਕੇਸ ਚੱਲਣਗੇ ਤੇ ਤੁਹਾਡੇ ਪਾਸਪੋਰਟ ਵੀ ਤਾਂ ਜ਼ਬਤ ਹੋ ਜਾਣਗੇ। ਅਸੀਂ ਤੁਹਾਡੇ ਲੰਬੜਦਾਰ ਕੋਲੋਂ ਵੀ ਸਭ ਦਰਿਆਫਤ ਕਰ ਲਿਆ ਹੈ।’ ਅਧਿਕਾਰੀ ਧਮਕੀਆਂ ‘ਤੇ ਉਤਰ ਆਇਆ।
‘ਪਲੀਜ਼! ਇਹ ਪਾਪ ਨਾ ਕਰਿਓ! ਅਸੀਂ ਤਾਂ ਆਪਣਾ ਕੰਮ ਛੱਡ ਕੇ ਆਏ ਹਾਂ… ਇੱਕ ਵੀਕ ਦੀ ਛੁੱਟੀ ਐ ਸਿਰਫ।’
‘ਭਾਅ ਜੀ ਤੁਸੀਂ ਸਰਕਾਰੀ ਰਿਸਕ ਫਾਹੀਆਂ ਤੋਂ ਅਣਜਾਣ ਹੋ। ਮੈਨੂੰ ਭਲੇ ਲੋਕ ਲਗਦੇ ਹੋ, ਇਸ ਲਈ ਮੈਂ ਤੁਹਾਡੀ ਸ਼ਰਾਫਤ ਦੀ ਕਦਰ ਕਰਦਾ ਹਾਂ, ਨਹੀਂ ਤੇ ਪੁਲਿਸ, ਬੈਂਕ ਵਾਲੇ, ਖੁਰਾਕ ਸਪਲਾਈ ਮਹਿਕਮਾ ਤੇ ਵਿਜੀਲੈਂਸ ਵਾਲੇ ਤੁਹਾਡੇ ਪਿੱਛੇ ਪੁਆ ਦਿੰਦਾ, ਮੈਂ ਬਲੈਕ-ਮੇਲਿੰਗ ਦੇ ਬਹੁਤ ਖਿਲਾਫ ਹਾਂ।… ਵੀਰ ਜੀ! ਇਹ ਰਿਵਾਲਵਰ ਕਿਹੜਾ ਜੇ? ਕਦੋਂ ਲਿਆ? ਲਾਇਸੈਂਸ ਕਿੱਥੋਂ ਲਿਆ? ਤੁਹਾਨੂੰ ਪਤਾ, ਇਸ ਰਿਵਾਲਵਰ ਨੇ ਕਿੰਨੇ ਬੰਦੇ ਮਾਰੇ ਨੇ?’ ਸੂਹੀਆ ਏਜੰਸੀ ਤਾਂ ਅਜਿਹੇ ਰਿਵਾਲਵਰ ਲੱਭਦੀ ਫਿਰਦੀ ਹੈ ਤੇ ਇਨ੍ਹਾਂ ਦੇ ਮਾਲਕਾਂ ਨੂੰ ਵੀ। ਸਾਰੇ ਸਵਾਲ ਲਗਾਤਾਰ ਅਗਨ-ਬਾਣ ਵਾਂਗ ਅਜਨਬੀਆਂ ਦੇ ਕਪਾਟ ਛਲਨੀ-ਛਲਨੀ ਕਰਦੇ ਰਹੇ।
‘ਮੈਨੂੰ ਪਤਾ ਹੈ ਕਿ ਤੁਹਾਡੀ ਅਮੀਰਾਂ ਵਜ਼ੀਰਾਂ ਤੇ ਵੱਡੇ-ਵੱਡੇ ਅਧਿਕਾਰੀਆਂ ਨਾਲ ਰਿਸ਼ਤੇਦਾਰੀ ਤੇ ਮੁਲਾਹਜ਼ੇਦਾਰੀ ਹੈ… ਤੇ ਇਹ ਲਾਇਸੈਂਸ ਵੀ ਤਾਂ ਏਦਾਂ ਹੀ ਮਿਲੇ ਹਨ… ਫੋਕਟ ਦੇ ਪਰਤਵੇਂ ਇਵਜ਼ਾਨੇ ਵਿਚ। ਮੇਰਾ ਖਿਆਲ ਹੈ ਕਿ ਇਸ ਤੋਂ ਪਹਿਲਾਂ ਇਹ ਹਥਿਆਰ ਲਸ਼ਕਰ ਖਾੜਕੂ ਕੋਲ ਸੀ ਜਿਸ ਨੇ ਮਰਨ ਤੋਂ ਪਹਿਲਾਂ ਇਸ ਨਾਲ ਵੀਹ ਬੰਦੇ ਮਾਰੇ ਸਨ। ਪਤਾ ਤੁਹਾਨੂੰ?’
‘ਹਾਂ ਜੀ ਹਾਂ… ਤੁਸੀਂ ਤਾਂ ਜਾਣਦੇ ਹੀ ਹੋ… ਆਪਣਾ ਮਿੱਤਰ ਲੱਗਾ ਸੀ ਕਿਸੇ ਵੇਲੇ ਡੀ.ਸੀ.। ਕਹਿੰਦਾ ਜੋ ਮਰਜ਼ੀ ਕਰਾ ਲਓ, ਜੋ ਮਰਜ਼ੀ ਲੈ ਲਓ। ਉਸ ਦੀ ਹੀ ਮਿਹਰਬਾਨੀ ਹੋਈ ਹੈ ਕਿ ਇਹ ਦੁਰਲੱਭ ਪੁਰਜ਼ਾ ਮੇਰੇ ਹੱਥ ਲੱਗਾ। ਛਿੱਤਰ ਨਾਲ ਸਹਿਆ… ਲਾਇਸੈਂਸ ਵੀ ਮੁਫਤ ਤੇ ਇਹ ਵੀ ਕੌਡੀਆਂ ਦੇ ਭਾਅ, ਸਰਕਾਰੀ ਨੀਲਾਮੀ ਵਿਚ। ਮੈਨੂੰ ਕੀ ਪਤਾ ਇਸ ਦੀ ਪੁਰਾਣੀ ਹਿਸਟਰੀ ਦਾ! ਮੈਂ ਜ਼ਿੰਮੇਵਾਰ ਨਹੀਂ।’ ਉਸ ਨੇ ਡੱਬ ਨੂੰ ਹੱਥ ਪਾਉਂਦਿਆਂ ਬੜੇ ਮਾਣ ਨਾਲ ਦੱਸਿਆ।
‘ਮੈਂ ਵੀ ਤਾਂ ਇਸੇ ਕਰ ਕੇ ਤੁਹਾਨੂੰ ਪੁੱਛਿਆ। ਵੀਰ ਜੀ ਕਿਸੇ ਹੋਰ ਕੋਲ ਨਾ ਗੱਲ ਕਰ ਬੈਠਿਓ! ਇਸ ਪਿੱਛੇ ਵੀ ਬੜੀ ਲੰਮੀ ਚੌੜੀ ਇਨਕੁਆਰੀ ਚੱਲ ਰਹੀ ਹੈ। ਕਈ ਅਫਸਰ ਫਸੇ ਹਨ। ਕਈ ਬੇਨਾਮੀ ਲਾਇਸੈਂਸ ਧਾਰੀ ਅੜਿੱਕੇ ਆ ਰਹੇ ਹਨ। ਅਜਿਹੇ ਲੋਕਾਂ ਨੂੰ ਲਾਇਸੈਂਸ ਮਨਜ਼ੂਰ ਹੋਏ ਜਿਨ੍ਹਾਂ ਦਾ ਕੋਈ ਨਾਂ, ਪਤਾ, ਥਾਂ ਟਿਕਣਾ ਨਹੀਂ ਮਿਲਦਾ। ਜ਼ਾਹਿਰ ਹੈ ਤੁਹਾਡਾ ਵੀ ਅਜਿਹਾ ਹੀ ਕੇਸ ਹੋਵੇਗਾ। ਤੁਹਾਨੂੰ ਬਾਹਰ ਬੈਠੇ ਬਿਠਾਏ ਹੀ ਇੱਥੋਂ ਲਾਇਸੈਂਸ ਵੀ ਮਿਲ ਗਿਆ ਤੇ ਪੁਰਜ਼ਾ ਵੀ।’ ਹੌਲੀ-ਹੌਲੀ ਲੋਹਾ ਗਰਮ ਕਰ ਕੇ ਨਾਇਬ ਨੇ ਆਖਰੀ ਸੱਟ ਮਾਰੀ। ਨਾਇਬ ਸਾਹਿਬ ਦੀ ਇੱਕ-ਇੱਕ ਮਿੱਠੀ ਕਾਟ ਕਸਾਈ ਵਾਂਗ ਉਨ੍ਹਾਂ ਦਾ ਇੱਕ-ਇੱਕ ਪੁਰਜ਼ਾ ਬੋਟੀ-ਬੋਟੀ ਕੀਮਾ ਕਰ ਰਹੀ ਸੀ। ਹੁਣ ਉਹ ਪਿੱਛਾ ਛੁਡਾਉਣ ਦੀ ਤਾਕ ਵਿਚ ਸਨ। ਪਸੀਨੇ ਨਾਲ ਗੜੁੱਚ ਦੋਹਾਂ ਨੇ ਇੱਕ ਦੂਸਰੇ ਦੀਆਂ ਡਰੀਆਂ ਘਬਰਾਈਆਂ ਅੱਖਾਂ ‘ਚੋਂ ਹਾਲਾਤ ਦੀ ਭਿਆਨਕ ਗਹਿਰਾਈ ਨਾਪੀ।
‘ਚਲੋ ਜੀ! ਸਰ! ਇਕੇਰਾਂ ਸਾਡਾ ਛੁਟਕਾਰਾ ਕਰਾ ਦਿਓ।’ ਉਹ ਦੋਵੇਂ ਝੁਕੇ ਪਏ ਸਨ।
‘ਤੁਸੀਂ ਤਾਂ ਮੈਨੂੰ ਵੀ ਫਸਾ ਲਿਆ ਵਿਚ ਆ ਕੇ। ਮੇਰੇ ਸਾਹਮਣੇ ਏਨੇ ਵੱਡੇ ਘਿਨਾਉਣੇ ਅਪਰਾਧੀ ਪਿਛੋਕੜ ਵਾਲੇ ਮੁਜਰਮ ਬੈਠੇ ਹੋਣ, ਪਟਵਾਰੀ ਨੂੰ ਇਸ ਦੀ ਭਿਣਕ ਹੋਵੇ, ਮੈਂ ਤੁਹਾਨੂੰ ਛੱਡ ਦੇਵਾਂ!… ਤੇ ਫਿਰ ਪਤਾ ਕਿਵੇਂ ਕਿੰਨਾ ਅਨਰਥ ਹੋਊ? ਮੇਰੀ ਨੌਕਰੀ! ਪਟਵਾਰੀ ਦੀ… ਤੇ ਮੇਰੇ ਬਾਲ ਬੱਚੇ ਦਾ ਭਵਿੱਖ? ਇਹ ਤਾਂ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਬਣ ਗਈ।’
‘ਚਲੋ ਜਿਵੇਂ ਤੁਹਾਡੀ ਮਰਜ਼ੀ! ਸਾਨੂੰ ਹੱਥਕੜੀ ਲਗਵਾਓ।’ ਅੱਖਾਂ ਤੇ ਜ਼ਬਾਨ ਦੋਹਾਂ ‘ਚੋਂ ਤਰਲ ਹੋਈ ਮਨਜੀਤ ਕੌਰ ਨੇ ਆਪਣੀਆਂ ਸੋਨੇ ਭਰੀਆਂ ਦੋਨੋਂ ਕਲਾਈਆਂ ਉਸ ਅੱਗੇ ਕਰ ਦਿੱਤੀਆਂ।
‘ਨਹੀਂ! ਨਹੀਂ! ਮੁਆਫ ਕਰਨਾ ਭੈਣ ਜੀ! ਤੁਸੀਂ ਜਿੱਦਾਂ ਪਹਿਲਾਂ ਕਹਿ ਰਹੇ ਸੋ, ਕਿ ਇੰਡੀਆ ਵਿਚ ਸਭ ਘਪਲੇਬਾਜ਼ੀ, ਰਿਸ਼ਵਤਖੋਰੀ ਤੇ ਜੰਗਲੀ ਰਾਜ ਚੱਲ ਰਿਹਾ ਹੈ, ਇਸ ਪਿੱਛੇ ਅਤੇ ਇਸ ਦੇ ਨਾਲ ਤੁਹਾਡੀ ਵੀ ਗਹਿਰੀ ਸਾਂਝ ਹੈ… ਤੁਹਾਡਾ ਵੀ ਹਿੱਸਾ ਹੈ… ਤੁਸੀਂ ਜ਼ਿੰਮੇਵਾਰ ਹੋ ਇਸ ਦੇ।’
‘ਹਾਂ… ਹਾਂ… ਹੈ… ਇਸ ਹਮਾਮ ਮੇਂ ਸਾਰੇ ਨੰਗੇ, ਅਸੀਂ ਮੰਨਦੇ ਹਾਂ, ਤੁਸੀਂ ਸਾਨੂੰ ਤਾਵਾਨ ਪਾਓ। ਅਸੀਂ ਹਰ ਚੱਟੀ ਭਰਨ ਨੂੰ ਤਿਆਰ ਹਾਂ… ਪਰ ਆਪ ਸਿੱਧੀ ਗੱਲ ਕਰੋ। ਸਾਨੂੰ ਧਮਕੀਆਂ ਤੇ ਜ਼ਲਾਲਤ ਨਾਲ ਜ਼ਲੀਲ ਨਾ ਕਰੋ… ਅਸੀਂ ਅਪਰਾਧੀ ਬਿਲਕੁਲ ਨਹੀਂ… ਤੁਸੀਂ ਜਾਣਦੇ ਹੋ।… ਪਾਣੀ ਪਲੀਜ਼!’
ਸਰਕਾਰੀ ਤਿਗੜਮਬਾਜ਼ੀ ਤੇ ਪੇਚਿਆਂ ਦੇ ਦੋ-ਚਾਰ ਟੁਣਕਿਆਂ ‘ਤੇ ਹੀ ਉਨ੍ਹਾਂ ਸਿਰ ਨਿਵਾ ਕੇ ਹਥਿਆਰ ਸੁੱਟ ਦਿੱਤੇ। ਸੱਚਮੁੱਚ ਹੀ ਪਾਣੀ ਪਾਣੀ ਹੋਈ ਮਨਜੀਤ ਕੌਰ ਨੇ ਪਾਣੀ ਦੇ ਗਿਲਾਸ ਦੀ ਤਲਬ ਜ਼ਾਹਿਰ ਕੀਤੀ ਤੇ ਪੂਰੀ ਦੀ ਪੂਰੀ ਨਾਇਬ ਸਾਹਿਬ ਨੂੰ ਅਰਪਣ ਹੋ ਗਈ।
‘ਸਾਨੂੰ ਇਹ ਵੀ ਪਤਾ ਹੈ ਕਿ ਤੁਸਾਂ ਸਿੱਧੇ-ਅਸਿੱਧੇ ਤਰੀਕੇ ਨਾਲ ਕਈ ਲੜਕੇ ਲੜਕੀਆਂ ਨੂੰ ਵਰਗਲਾ ਕੇ ਵਿਦੇਸ਼ ਭੇਜਣ ਦੇ ਬਹਾਨੇ ਲੱਖਾਂ ਕਰੋੜਾਂ ਰੁਪਏ ਬਟੋਰੇ ਹਨ। ਤੁਸੀਂ ਹਾਕੀ… ਕਬੱਡੀ ਦੇ ਖਿਡਾਰੀ ਲਿਜਾਂਦੇ ਹੋ… ਗਾਇਕ ਕਲਾਕਾਰ ਤੇ ਪਤਾ ਨਹੀਂ ਕੀ ਕੀ ਬਣਾ ਕੇ ਲੋਕਾਂ ਨੂੰ ਬਾਹਰ ਦੀ ਚਾਟ ਖਿਲਾਰਦੇ ਹੋ। ਮੈਂ ਹੋਰ ਨਵਾਂ ਚੈਪਟਰ ਨਹੀਂ ਖੋਲ੍ਹਣਾ ਚਾਹੁੰਦਾ। ਮੈਂ ਸੱਚ ਕਹਿੰਦਾ ਹਾਂ… ਤੁਹਾਨੂੰ ਸਪਸ਼ਟ ਕਰਦਾ ਹਾਂ ਕਿ ਅਗਰ ਤੁਸੀਂ ਕਿਸੇ ਇੱਕ ਕੇਸ ਵਿਚ ਵੀ ਜਕੜੇ ਗਏ ਤਾਂ ਸਾਰੀ ਉਮਰ ਇੱਥੇ ਹੀ ਮੁਕੱਦਮੇ ਭੁਗਤਦੇ-ਭੁਗਤਦੇ ਨਿਕਲ ਜਾਏਗੀ ਤੁਹਾਡੀ।’
‘ਅਸੀਂ ਬਾਰ-ਬਾਰ ਦੁਹਾਈ ਪਾ ਰਹੇ ਹਾਂ ਜਨਾਬ! ਤੁਸੀਂ ਜੋ ਹੁਕਮ ਕਰੋ, ਅਸੀਂ ਮੰਨਣ ਨੂੰ ਤਿਆਰ ਹਾਂ। ਅਸੀਂ ਤੁਹਾਨੂੰ ਵੀ ਬੁਲਾਵਾਂਗੇ, ਰਾਹਦਾਰੀ ਭੇਜਾਂਗੇ, ਟਿਕਟਾਂ ਭੇਜਾਂਗੇ। ਸਾਨੂੰ ਖਿਦਮਤ ਦਾ ਮੌਕਾ ਬਖਸ਼ੋ।’
‘ਤਾਂ ਫਿਰ ਪਲੀਜ਼ ਤੁਸੀਂ ਮੇਰੇ ਕੋਲ ਨਾ ਆਓ। ਇਸ ਸਭ ਕੁਝ ਦੀ ਦਵਾ ਪਟਵਾਰੀ ਹੀ ਹੈ ਸਭ ਕੁਝ। ਉਹੋ ਹੀ ਖੇਤਾਂ ਦਾ ਮਾਲਕ ਹੈ ਤੇ ਨਾਲ ਤੁਹਾਡਾ ਵੀ ਤੇ ਸਾਡਾ ਵੀ… ਅਸੀਂ ਵੀ ਪਟਵਾਰੀ ਤੋਂ ਚਾਲੂ ਹਾਂ। ਤੁਸੀਂ ਸੁਣਿਆ ਨਹੀਂ! ਪਟਵਾਰੀ ਤੋਂ ਤਾਂ ਰੱਬ ਵੀ ਡਰਦਾ ਹੈ ਕਿ ਕਿਤੇ ਉਸ ਦਾ ਸਿੰਘਾਸਣ ਅਰਸ਼ੋਂ ਲਾਹ ਕੇ ਫਰਸ਼ ‘ਤੇ ਨਾ ਪਟਕ ਦੇਵੇ ਜਾਂ ਇਹ ਖੁਦਾ ਦੇ ਨਾਮ ਨਾ ਕਰ ਦੇਵੇ ਜਿਵੇਂ ਤੁਹਾਡਾ ਕੀਤਾ ਹੈ। ਇਹ ਇਸੇ ਦੀ ਹੀ ਕਲਮ ਦਾ ਕ੍ਰਿਸ਼ਮਾ ਹੈ ਜਨਾਬ।’ ਨਾਇਬ ਸਾਹਿਬ ਦੀ ਮੁਸਕਰਾਹਟ ਨਾਲ ਉਨ੍ਹਾਂ ਦੇ ਬੁੱਲ੍ਹਾਂ ਦੀ ਜੰਮੀ ਪਿਛੀ ਕੁਝ ਕੁਝ ਮੱਠੀ ਹੋਈ।
‘ਲਓ ਚਾਹ ਪੀਓ ਸਰ।’ ਸੇਵਾਦਾਰ ਚਾਹ ਤੇ ਨਮਕੀਨ ਭੁਜੀਆ ਰੱਖ ਗਿਆ।
‘ਇਹ ਚਾਹ ਸਾਨੂੰ ਕਿਵੇਂ ਲੰਘੇਗੀ? ਤੁਸੀਂ ਤਾਂ ਸਾਨੂੰ ਨੜ੍ਹਿਨਵੇਂ ਦੇ ਚੱਕਰ ‘ਚ ਪਾ ਦਿੱਤਾ।’
‘ਮੁਆਫ ਕਰਨਾ ਸਰ! ਇਹ ਤਾਂ ਸਰਕਾਰੀ ਫਾਰਮੈਲਿਟੀ ਸੀ। ਤੁਸੀਂ ਆਪਣੇ ਪਟਵਾਰੀ ਨਾਲ ਗੱਲ ਕਰ ਲਓ, ਬਹੁਤ ਨੇਕ ਤੇ ਸ਼ਰੀਫ ਇਨਸਾਨ ਹੈ ਇਹ। ਇਹ ਹੀ ਸਾਰੇ ਮਾਲ ਮਹਿਕਮੇ ਦੀ ਕੰਗਰੋੜ ਦੀ ਹੱਡੀ ਹੈ। ਇਹ ਚਾਹੇ ਤਾਂ ਮੋਦੀ ਸਾਹਿਬ ਦੀ ਚਾਹ ਦੁਕਾਨ ਸਮੇਤ ਕੋਠੀ ਵੀ ਵੇਚ ਦੇਵੇ। ਉਸ ਨੇ ਵੀ ਏਸੇ ਕੋਲ ਹੀ ਆਉਣਾ ਹੈ’ (ਹੱਸਦਾ ਹੈ)।
‘ਹੋ ਜਾਏਗਾ… ਜਿਵੇਂ ਕਹੋ ਕਰ ਦਿਆਂਗੇ। ਚਿੰਤਾ ਨਾ ਕਰੋ! ਚਾਹ ਲਓ ਪਲੀਜ਼। ਸਾਡੀ ਕੋਈ ਮੰਗ ਨਹੀਂ ਹੁੰਦੀ, ਸਿਰਫ ਉਪਰਲੇ ਅਫਸਰਾਂ ਵਜ਼ੀਰਾਂ ਦੀ ਸੇਵਾ ਪਾਣੀ ਲਈ ਸਾਨੂੰ ਜ਼ਹਿਰ ਫੱਕਣਾ ਪੈਂਦਾ ਹੈ। ਤੁਸੀਂ ਆਪਣੀ ਵਿੱਤ ਅਨੁਸਾਰ ਜੋ ਮਰਜ਼ੀ ਤਿਲ ਫੁਲ ਹਿੱਸਾ ਪਾ ਜਾਇਓ।’
‘ਧੰਨਵਾਦ ਤੁਹਾਡਾ, ਅਸੀਂ ਹਰ ਸੇਵਾ ਲਈ ਹਾਜ਼ਰ ਹਾਂ।’ ਦੋਹਾਂ ਨੇ ਹੱਥ ਜੋੜੇ।
‘ਪਟਵਾਰੀ ਸਾਹਿਬ! ਇਹ ਸ਼ਰੀਫ ਬੰਦੇ ਸੱਚਮੁੱਚ ਭਲੇ ਲੋਕ ਨੇ। ਇਨ੍ਹਾਂ ਦਾ ਕੰਮ ਕਰ ਦਿਓ, ਜੇ ਕਰ ਸਕਦੇ ਹੋ ਤਾਂ।’ ਨਾਇਬ ਸਾਹਿਬ ਨੇ ਪਟਵਾਰੀ ਨੂੰ ਸੈਨਤ ਮਾਰੀ।
ਪਟਵਾਰੀ ਜੋ ਓਹਲੇ ਬੈਠਾ ਸਭ ਗੁਫਤਗੂ ਸੁਣ ਰਿਹਾ ਸੀ, ਸਾਹਮਣੇ ਆਇਆ। ‘ਸਰ ਕੰਪਿਊਟਰ ਲੈਣਾ! ਮੇਰੇ ਤਾਂ ਬੱਚਿਆਂ ਨੇ ਘਰ ਨਹੀਂ ਵੜਨ ਦੇਣਾ ਇਸ ਤੋਂ ਬਿਨਾਂ।’
‘ਹਾਂ ਲਓ! ਇਹ ਕਿਹੜਾ ਨਾਂਹ ਕਰਦੇ ਨੇ! ਬੜੇ ਸੁਹਿਰਦ ਰੱਜੇ ਪੁੱਜੇ ਸੇਵਾਦਾਰ ਨੇ। ਤੁਸੀਂ ਕੰਪਿਊਟਰ ਲਓ ਤੇ ਇੱਕ ਮੇਰੇ ਵਾਸਤੇ ਵੀ… ਲੈਪਟਾਪ… ਪਰ ਇਨ੍ਹਾਂ ਦਾ ਕੰਮ ਪੂਰਾ ਤਸੱਲੀ-ਬਖਸ਼ ਕਰ ਦਿਓ। ਕੋਈ ਸ਼ਿਕਾਇਤ ਦੀ ਗੁੰਜਾਇਸ਼ ਨਾ ਰਹੇ।’ ਸਾਹਿਬ ਨੇ ਅੱਖ ਦਾ ਕੋਨਾ ਨੱਪਿਆ।
‘ਕਿਉਂ ਜੀ! ਠੀਕ ਹੈ ਨਾ? ਨਾਇਬ ਸਾਹਿਬ ਨੇ ਆਦਮੀ ਵੱਲ ਹੱਥ ਵਧਾਇਆ।
‘ਹਾਂ ਜੀ ਠੀਕ! ਬਿਲਕੁਲ ਠੀਕ।’ ਭਲੇ ਲੋਕ ਨੇ ਵੀ ਅੱਗੋਂ ਮੁਸਕਰਾਉਂਦੇ ਹੋਏ ਤਹਿਸੀਲਦਾਰ ਨਾਲ ਹੱਥ ਮਿਲਾ ਦਿੱਤਾ।