ਇੰਗਲੈਂਡ ਦੇ ਖੇਡ ਮੇਲੇ: ਮਨਪ੍ਰੀਤ ਬੱਧਨੀ ਕਲਾਂ

ਪ੍ਰਿੰ. ਸਰਵਣ ਸਿੰਘ
ਮਨਪ੍ਰੀਤ ਸਿੰਘ ਬੱਧਨੀ ਕਲਾਂ ਯੂਕੇ ਦਾ ਸਰਗਰਮ ਪੰਜਾਬੀ ਪੱਤਰਕਾਰ ਹੈ। ਉਹ 2002 ਤੋਂ ਇੰਗਲੈਂਡ ਤੇ ਯੂਰਪ ਦੇ ਪੰਜਾਬੀ ਖੇਡ ਮੇਲੇ ਕਵਰ ਕਰਦਾ ਆ ਰਿਹੈ। ਉਸ ਨੇ ਲੰਡਨ ਦੀਆਂ ਓਲੰਪਿਕ ਖੇਡਾਂ-2012 ਵੀ ਕਵਰ ਕੀਤੀਆਂ ਤੇ ਬਰਮਿੰਘਮ ਦੀਆਂ ਕਾਮਨਵੈਲਥ ਖੇਡਾਂ-2022 ਵੀ ਕਵਰ ਕਰੇਗਾ। ਉਹਦੀ ਪੁਸਤਕ ‘ਇੰਗਲੈਂਡ ਦੇ ਕਬੱਡੀ ਮੇਲੇ’ ਛਪਣ ਲਈ ਤਿਆਰ ਹੈ। ਮਨਪ੍ਰੀਤ ਬੱਧਨੀ ਦੀ ਵੈੱਬਸਾਈਟ ‘ਬੱਧਨੀ ਡਾਟ ਕਾਮ’ ਪੰਜਾਬੀ ਦੀਆਂ ਮੁੱਢਲੀਆਂ ਵੈਬਸਾਈਟਾਂ ਵਿਚ ਗਿਣੀ ਜਾਂਦੀ ਹੈ, ਜੋ ਅਪ੍ਰੈਲ 2002 ਤੋਂ 2017 ਤਕ ਚਲਦੀ ਰਹੀ।

ਬੱਧਨੀ ਕਲਾਂ ਮੋਗਾ-ਬਰਨਾਲਾ ਸ਼ਾਹਰਾਹ ਉਪਰ ਘੁੱਗ ਵਸਦਾ ਕਸਬਾ ਹੈ ਤੇ ਹੁਣ ਜਿ਼ਲ੍ਹਾ ਮੋਗਾ ਦੀ ਉਪ ਤਹਿਸੀਲ ਹੈ। ਉਹਦੇ ਗੁਆਂਢੀ ਪਿੰਡ ਰਾਊਕੇ ਦੀ ਧੀ ਸਰਦਾਰਨੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ਜੋ ਕਨੱ੍ਹਈਆ ਮਿਸਲ ਦੀ ਮੁਖੀ ਸੀ। ਬੱਧਨੀ ਵੱਲ ਉਸ ਦੇ ਨਾਂ ਦਾ ਯਾਦਗਾਰੀ ਗੇਟ ਸੁਭਾਏਮਾਨ ਹੈ।
ਸਦਾ ਕੌਰ ਦਾ ਪਤੀ ਮਿਸਲਦਾਰ ਗੁਰਬਖ਼ਸ਼ ਸਿੰਘ ਲੜਾਈ ਵਿਚ ਸ਼ੁਕਰਚੱਕੀਆ ਮਿਸਲ ਹੱਥੋਂ ਮਾਰਿਆ ਗਿਆ ਸੀ। ਫਿਰ ਵੀ ਰਾਣੀ ਸਦਾ ਕੌਰ ਨੇ ਦੂਰ ਦੀ ਸੋਚ ਕੇ ਆਪਣੀ ਧੀ ਮਹਿਤਾਬ ਕੌਰ ਸ਼ੁਕਰਚੱਕੀਆ ਮਿਸਲ ਦੇ ਹੀ ਮਿਸਲਦਾਰ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਵਿਆਹ ਦਿੱਤੀ ਸੀ। ਇੰਜ ਦੋ ਤਕੜੀਆਂ ਮਿਸਲਾਂ ਕਨੱ੍ਹਈਆ ਤੇ ਸ਼ੁਕਰਚੱਕੀਆ ਦੀ ਤਾਕਤ `ਕੱਠੀ ਹੋ ਗਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਦਾ ਆਧਾਰ ਬਣੀ। ਮਹਾਂ ਸਿੰਘ ਦੀ ਅਧੇੜ ਉਮਰ ਵਿਚ ਹੋਈ ਮੌਤ ਮਗਰੋਂ ਉਸ ਦੀ ਪਤਨੀ ਰਾਜ ਕੌਰ ਤੇ ਗੁਰਬਖ਼ਸ਼ ਸਿੰਘ ਦੀ ਪਤਨੀ ਸਦਾ ਕੌਰ ਰਣਜੀਤ ਸਿੰਘ ਦੀਆਂ ਸਰਪ੍ਰਸਤ ਬਣੀਆਂ ਸਨ। ਬਾਅਦ ਵਿਚ ਰਾਣੀ ਸਦਾ ਕੌਰ ਦੀ ਫੌਜ ਨੇ ਹੀ ਆਪਣੇ ਜੁਆਈ ਰਣਜੀਤ ਸਿੰਘ ਨੂੰ ਲਾਹੌਰ ਦਾ ਮਹਾਰਾਜਾ ਬਣਵਾਇਆ ਸੀ ਜਿਸ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ, ਕੋਟ ਨਿਵਾਇ ਗਿਆ।
ਤਿੱਬਤ ਦੇਸ਼, ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਮਨਪ੍ਰੀਤ ਸਿੰਘ ਦਾ ਜਨਮ 12 ਮਈ, 1971 ਨੂੰ ਮਾਸਟਰ ਹਰਨੇਕ ਸਿੰਘ ਸਿੱਧੂ ਦੇ ਘਰ ਅਧਿਆਪਕਾ ਬਲਜੀਤ ਕੌਰ ਦੀ ਕੁੱਖੋਂ ਨਾਨਕੇ ਪਿੰਡ ਕੋਕਰੀ ਕਲਾਂ ਜਿ਼ਲ੍ਹਾ ਮੋਗਾ ਵਿਚ ਹੋਇਆ ਸੀ। ਉਸ ਨੇ ਬੱਧਨੀ ਕਲਾਂ ਦੇ ਹਾਈ ਸਕੂਲ ਤੋਂ ਮੈਟ੍ਰਿਕ ਤੇ ਬਾਰ੍ਹਵੀਂ ਪ੍ਰਾਈਵੇਟ ਪਾਸ ਕੀਤੀ। ਪ੍ਰਿੰਸੀਪਲ ਬਹਾਦਰ ਡਾਲਵੀ ਦੀ ਪ੍ਰੇਰਨਾ ਨਾਲ ਉਸ ਨੂੰ ਕਵਿਤਾ ਤੇ ਵਾਰਤਕ ਲਿਖਣ ਦੀ ਚੇਟਕ ਲੱਗੀ ਤੇ ਉਸ ਨੇ ਨਾਟਕ ਖੇਡਣ ਵਿਚ ਵੀ ਭਾਗ ਲਿਆ। ਨਾਲ ਬੱਧਨੀ ਦਾ ਕਵੀ ਅਮਰਜੀਤ ਸਿੰਘ ਵੀ ਹੁੰਦਾ ਸੀ ਜੋ ਅੱਜ-ਕੱਲ੍ਹ ਜਰਮਨੀ ਦਾ ਆਵਾਸੀ ਹੈ। 1986-88 ਵਿਚ ਮਨਪ੍ਰੀਤ ਨੇ ਕਰਨਾਟਕ ਦੇ ਸ਼ਹਿਰ ਬਿਦਰ ਤੋਂ ਫਾਰਮੇਸੀ ਦਾ ਡਿਪਲੋਮਾ ਕੀਤਾ ਅਤੇ 1996 ਵਿਚ ਇੰਗਲੈਂਡ ਚਲਾ ਗਿਆ। ਸ਼ੁਰੂ ਵਿਚ ਸਲਾਦ ਚੀਰਨ ਵਾਲੀ ਕੰਪਨੀ ਤੋਂ ਲੈ ਕੇ ਕਾਰਾਂ ਦਾ ਸਪੇਅਰ ਪਾਰਟਸ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕੀਤਾ। ਫਿਰ 18 ਸਾਲ ਹੀਥਰੋ ਹਵਾਈ ਅੱਡੇ `ਤੇ ਟਰੱਕ ਚਲਾਇਆ। ਹੁਣ ਵੀ ਉਹ ਟਰੱਕ ਡਰਾਈਵਰ ਅਤੇ ਆਪਣਾ ਕੋਰੀਅਰ ਦਾ ਕੰਮ ਕਰਦਾ ਹੈ। ਪੱਤਰਕਾਰੀ ਉਹ ਸ਼ੌਕ ਵਜੋਂ ਕਰ ਰਿਹੈ। ਪਿਛਲੇ ਸਾਲਾਂ ਦੌਰਾਨ ਉਹ ਆਕਾਸ਼ ਰੇਡੀਓ ਸਾਊਥਾਲ ਵੀ ਚਲਾਈ ਗਿਆ ਅਤੇ ਅੱਧੀ ਦਰਜਨ ਅਖ਼ਬਾਰਾਂ ਦਾ ਪੱਤਰ-ਪ੍ਰੇਰਕ ਵੀ ਬਣਿਆ ਰਿਹਾ।
1998 ਵਿਚ ਉਸ ਨੇ ਪਹਿਲੀ ਵਾਰ ਗ੍ਰੇਵਜ਼ੈਂਡ ਕਬੱਡੀ ਮੇਲੇ ਦੀ ਰਿਪੋਰਟ ਅਖ਼ਬਾਰਾਂ ਨੂੰ ਭੇਜੀ ਸੀ। ਫਿਰ ਲੰਡਨ ਦੀ ਮੈਰਾਥਨ, ਬਾਬਾ ਫੌਜਾ ਸਿੰਘ ਦੀ ਚੜ੍ਹਤ ਤੇ ਇੰਗਲੈਂਡ ਵਿਚ ਹੁੰਦੇ ਕ੍ਰਿਕਟ ਮੈਚਾਂ ਦੀਆਂ ਰਿਪੋਰਟਾਂ ਲਿਖੀਆਂ। ਉੱਘੀ ਫਿਲਮ ਅਭਿਨੇਤਰੀ ਸੋਨਾਕਸ਼ੀ ਸਿਨਹਾ ਤੋਂ ਲੈ ਕੇ ਕਈ ਹਿੰਦੀ ਤੇ ਪੰਜਾਬੀ ਫਿਲਮੀ ਹਸਤੀਆਂ ਅਤੇ ਪੰਜਾਬ ਤੇ ਯੂਕੇ ਦੇ ਸਿਆਸਤਦਾਨਾਂ ਨਾਲ ਅਖ਼ਬਾਰੀ ਮੁਲਾਕਾਤਾਂ ਕੀਤੀਆਂ। ਸਮੇਂ-ਸਮੇਂ ਬਰਤਾਨਵੀ ਸੰਸਦ ਵਿਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਦੀ ਕਵਰੇਜ ਕੀਤੀ। ਭਾਰਤ ਤੋਂ ਆਉਣ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਡੈਲੀਗੇਟਾਂ ਦੀ ਕਵਰੇਜ ਤੋਂ ਇਲਾਵਾ ਬਰਤਾਨੀਆ ਦੀ ਸਿਆਸਤ ਬਾਰੇ ਨਿੱਠ ਕੇ ਲਿਖਿਆ। ਪ੍ਰਧਾਨ ਮੰਤਰੀ ਨਿਵਾਸ `ਚ ਹੋਣ ਵਾਲੇ ਸਮਾਗਮ ਵਿਚ ਬਤੌਰ ਸਰਕਾਰੀ ਮਹਿਮਾਨ ਬਣ ਕੇ ਜਾਂਦਾ ਰਿਹਾ। ਉਹ ਪੰਜਾਬੀ ਬੋਲੀ ਦੇ ਵਿਕਾਸ ਅਤੇ ਪ੍ਰਸਾਰ ਲਈ ਸਾਹਿਤਕ ਸਭਾਵਾਂ `ਚ ਪੱਤਰਕਾਰ ਹੋਣ ਦੇ ਨਾਲ-ਨਾਲ ਕਵੀ ਤੇ ਲੇਖਕ ਵਜੋਂ ਵੀ ਵਿਚਰਦਾ ਰਹਿੰਦਾ ਹੈ। 2005 ਵਿਚ ਉਸ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਬੱਧਨੀ ਡਾਟ ਕਾਮ’ ਵਾਸਤੇ ਕੀਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਸੀ। 2007 `ਚ ਪੰਜਾਬ ਯੂਨਾਈਟਿਡ ਟੈਲਫੋਰਡ ਕਬੱਡੀ ਕਲੱਬ ਅਤੇ 2014 ਵਿਚ ਜਗਰਾਓਂ ਗੋਲਡ ਕੱਪ ਯੂਕੇ ਨੇ ਉਸ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ। 2015 `ਚ ਉਸ ਨੂੰ ਬ੍ਰਿਟਿਸ਼ ਪਾਰਲੀਮੈਂਟ ਵਿਚ ‘ਇੰਟਰਨੈਸ਼ਨਲ ਰਿਪੋਰਟਰ ਆਫ ਦਾ ਯੀਅਰ’ ਅਤੇ ‘ਅੰਤਰਰਾਸ਼ਟਰੀ ਰਿਪੋਰਟਰ’ ਦੇ ਖਿ਼ਤਾਬ ਨਾਲ ਸਨਮਾਨਿਤ ਕੀਤਾ ਗਿਆ। ਉਹ ਪੱਤਰਕਾਰੀ ਕਰਨ ਨਾਲ ਕਵਿਤਾਵਾਂ ਤੇ ਗੀਤ ਵੀ ਲਿਖਦਾ ਹੈ ਤੇ ਉਸ ਦੇ ਕੁਝ ਗੀਤ ਰਿਕਾਰਡ ਵੀ ਹੋਏ ਹਨ। ਉਸ ਦਾ ਕਬੱਡੀ ਬਾਰੇ ਲਿਖਿਆ ਇਹ ਗੀਤ ਖੇਡ ਮੇਲਿਆਂ ਵਿਚ ਅਕਸਰ ਗੂੰਜਦਾ ਹੈ:
ਖੇਡਣੀ ਜੇ ਔਖੀ ਤਾਂ ਖਿਡਾਉਣੀ
ਕਿਹੜਾ ਸੌਖੀ ਐ…
ਕੋਈ ਆਖੇ ਛੋਟੀ ਗੱਲ
ਕੋਈ ਆਖੇ ਵੱਡੀ
ਪੰਜਾਬੀਆਂ ਦੀ ਖੇਡ,
ਜਿਹਨੂੰ ਕਹਿੰਦੇ ਆ ਕਬੱਡੀ
ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ,
ਸ਼ਾਨ ਵੀ ਬਣਾਉਣੀ ਔਖੀ ਐ
ਖੇਡਣੀ ਜੇ ਔਖੀ ਤਾਂ …
ਰੱਖਦੇ ਖਿਡਾਰੀ ਪੁੱਤਾਂ ਵਾਗੂੰ ਪਾਲ ਕੇ
ਲਿਆਉਂਦੇ ਨੇ ਪੰਜਾਬ ਵਿਚੋਂ
ਭਾਲ ਭਾਲ ਕੇ
ਲਹਿੰਬਰ ਲੱਧੜ, ਮਾਨ,
ਕੰਗ ਮੇਲਾ ਨੇ ਸੰਭਾਲਦੇ
ਮਿਲਦੇ ਨਈਂ ਸ਼ੌਂਕੀ
ਮਨਜੀਤ ਲਿੱਟ ਨਾਲ ਦੇ
ਸ਼ੀਰੇ, ਘੁੱਦੇ, ਗੋਲਡੀ ਤੇ ਮੌੜ ਵਾਂਗੂੰ
ਵਾਹ ਪੂਰੀ ਲਾਉਣੀ ਔਖੀ ਐ
ਖੇਡਣੀ ਜੇ ਔਖੀ ਤਾਂ…
ਪੰਮੀ, ਮੋਨਾ, ਬਿੱਲੂ ਬਾਈ ਹਿੱਕਾਂ ਤਣੀਆਂ
ਕੰਮਾਂ, ਬਿੱਟੂ, ਬੱਲ, ਬਲਬੀਰ ਰਣੀਆਂ
ਮੱਲ੍ਹੀ ਬਲਜੀਤ, ਜੰਡੀ ਬੂਈਏ ਦੀ ਤਰ੍ਹਾਂ
ਗੱਲ ਸ਼ੇਰਗਿੱਲ, ਪਾਲੀ ਚੱਠੇ ਦੀ ਕਰਾਂ
ਸੱਤਾ, ਜੱਗਾ, ਬਿੰਦਰ, ਥਿਆੜਾ,
ਢੰਡੇ, ਅੜੀ ਵੀ ਪਗਾਉਣੀ ਔਖੀ ਐ
ਖੇਡਣੀ ਜੇ ਔਖੀ ਤਾਂ…
ਪੱਪੂ, ਸੋਖਾ, ਪਾਲਾ, ਛਿੰਦੀ,
ਮਾਣਕ ਨੇ ਜੱਗਦੇ
ਲੱਖ ਲੱਖ ਪੌਂਡ ਕਹਿੰਦੇ
ਟੀਮਾਂ `ਤੇ ਨੇ ਲੱਗਦੇ
ਭਿੰਦਾ, ਸੋਖਾ, ਕੋਛੜ,
ਦਵਿੰਦਰ ਪਤਾਰਾ ਬਈ
ਲਿਆਉਂਦੇ ਨੇ ਗਰਾਊਂਡਾਂ `ਚ
ਪੂਰਾ ਈ ਨਜ਼ਾਰਾ ਬਈ
ਸਤਨਾਮ ਕਹਿੰਦਾ ਏ ਸਵਰਨੇ ਤੋਂ
ਚਰਨ ਬਾਂਹ ਛੁਡਾਉਣੀ ਔਖੀ ਐ
ਖੇਡਣੀ ਜੇ ਔਖੀ ਤਾਂ…
ਕੁਲਵੰਤ ਚੱਠੇ, ਭਜੀ ਨੂੰ
ਹਰੇਕ ਈ ਪਛਾਣਦਾ
ਟਹਿਲੇ ਜਿਹੀ ਕੈਂਚੀ ਦੱਸੋ
ਕੌਣ ਲਾਉਣ ਜਾਣਦਾ
ਨਿੰਨੀ, ਖੈੜਾ, ਜੈਲਾ, ਚੁੰਨੀ,
ਭਾਊ ਵੀ ਤਾਂ ਹੀਰੇ ਨੇ
ਮਨਪ੍ਰੀਤ ਬੱਧਨੀ ਦੇ ਸਾਰੇ ਈ
ਵੱਡੇ ਵੀਰੇ ਨੇ
ਰੱਬ ਕਰੇ ਉਹ ਬਣਾਈ ਰੱਖੇ ਇੱਜ਼ਤ
ਜੋ ਸਭ ਤੋਂ ਬਣਾਉਣੀ ਔਖੀ ਐ
ਖੇਡਣੀ ਜੇ ਔਖੀ ਤਾਂ
ਖਿਡਾਉਣੀ ਕਿਹੜਾ ਸੌਖੀ ਐ

ਇੰਗਲੈਂਡ ਕਬੱਡੀ ਵਰਲਡ ਕੱਪ-2007
ਇੰਗਲੈਂਡ ਦੀ ਕਬੱਡੀ ਦੀਆਂ ਧੁੰਮਾਂ ਦੁਨੀਆ ਦੇ ਹਰ ਕੋਨੇ ਵਿਚ ਪਈਆਂ ਹੋਈਆਂ ਹਨ। ਇਥੇ 1963 ਤੋਂ ਕਬੱਡੀ ਟੂਰਨਾਮੈਂਟਾਂ ਦੀ ਸ਼ੁਰੂਆਤ ਹੋ ਗਈ ਸੀ। ਪਹਿਲਾ ਕਬੱਡੀ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਹੋਇਆ ਜੋ ਫਿਰ ਹਰ ਸਾਲ ਹੋਣ ਲੱਗਾ। 1973 ਤੋਂ ਕਬੱਡੀ ਟੀਮਾਂ ਦਾ ਇੰਡੀਆ ਆਉਣਾ ਜਾਣਾ ਸ਼ੁਰੂ ਹੋ ਗਿਆ। ਹੁਣ ਇੰਗਲੈਂਡ ਦੇ ਕਬੱਡੀ ਖੇਡ ਮੇਲਿਆਂ ਦੀ ਗੱਲ ਪੂਰੇ ਸੰਸਾਰ ਵਿਚ ਵੱਸਦੇ ਕਬੱਡੀ ਪ੍ਰੇਮੀਆਂ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ। ਵਿਸ਼ਵ ਮਾਸਟਰ ਗੇਮਾਂ ਵਿਚ ਕਬੱਡੀ ਨੇ ਸ਼ਮੂਲੀਅਤ ਕਰ ਕੇ ਕਬੱਡੀ ਦਾ ਓਲੰਪਿਕ ਖੇਡਾਂ `ਚ ਜਾਣ ਦਾ ਰਾਹ ਕੁਝ ਪੱਧਰਾ ਕੀਤਾ ਹੈ। ਹੋਰਨਾਂ ਦੇਸ਼ਾਂ ਵਿਚ ਕਬੱਡੀ ਦੇ ਵਰਲਡ ਕੱਪ ਕਾਫੀ ਦੇਰ ਪਹਿਲਾਂ ਤੋਂ ਸ਼ੁਰੂ ਹੋ ਗਏ ਸਨ ਪਰ ਇੰਗਲੈਂਡ ਦੇ ਦਰਸ਼ਕਾਂ, ਪ੍ਰਬੰਧਕਾਂ ਤੇ ਕਬੱਡੀ ਕਲੱਬਾਂ ਦੇ ਦਿਲ ਦੀ ਹਸਰਤ ਇਸ ਵਰ੍ਹੇ ਪੂਰੀ ਹੋਈ ਜਦ ਇੰਗਲੈਂਡ ਕਬੱਡੀ ਵਰਲਡ ਕੱਪ ਦੇ ਪ੍ਰਬੰਧਕਾਂ ਨੇ ਇੰਗਲੈਂਡ, ਇੰਡੀਆ, ਕੈਨੇਡਾ ਬੀਸੀ, ਕੈਨੇਡਾ ਓਂਟਾਰੀਓ, ਅਮਰੀਕਾ ਤੇ ਜਰਮਨੀ ਦੀਆਂ ਟੀਮਾਂ ਵਿਚਕਾਰ ਪਹਿਲਾ ਇੰਗਲੈਂਡ ਕਬੱਡੀ ਵਰਲਡ ਕੱਪ-2007 ਈਰਥ ਦੇ ਖੁੱਲ੍ਹੇ-ਡੁੱਲੇ ਸਟੇਡੀਅਮ ਵਿਚ ਕਰਵਾ ਕੇ ਨਵੀਂ ਸ਼ੁਰੂਆਤ ਕੀਤੀ।
ਅਸੀਂ ਗਰਾਊਂਡ `ਚ ਵੜੇ ਤਾਂ ਵੇਖਿਆ ਕਿ ਦੁਲਹਨ ਵਾਂਗ ਸਿ਼ੰਗਾਰੇ ਸਟੇਡੀਅਮ ਵਿਚ ਇੱਕੋ ਜਿਹੇ ਕੋਟ ਪੈਂਟਾਂ `ਚ ਸਜੇ ਧਜੇ ਪ੍ਰਬੰਧਕ ਖੁਸ਼ੀ ਨਾਲ ਫੁੱਲੇ ਨਹੀਂ ਸਨ ਸਮਾ ਰਹੇ। ਵੱਡੇ-ਵੱਡੇ ਬੈਨਰਾਂ `ਤੇ ਕਬੱਡੀ ਵਰਲਡ ਕੱਪ-2007 ਬੜਾ ਸੋਹਣਾ ਕਰਕੇ, ਇੱਕ ਪਾਸੇ ਖੰਡਾ ਤੇ ਦੂਜੇ ਪਾਸੇ ਦੁਨੀਆ ਦਾ ਨਕਸ਼ਾ ਬਣਾਇਆ ਹੋਇਆ ਸੀ। ਗਰਾਊਂਡ ਵਿਚ ਲੱਗੀਆਂ ਇੱਕੋ ਰੰਗ ਦੀਆਂ ਝੰਡੀਆਂ ਅਤੇ ਆਸੇ-ਪਾਸੇ ਬੰਨੇ੍ਹ ਗੁਬਾਰਿਆਂ ਦਾ ਨੀਲਾ ਤੇ ਕੇਸਰੀ ਰੰਗ ਮਨਾਂ ਨੂੰ ਮੋਂਹਦਾ ਸੀ। ਇਸ ਵਰਲਡ ਕੱਪ ਦੇ ਮੇਨ ਸਪਾਂਸਰ ਲਹਿੰਬਰ ਸਿੰਘ ਕੰਗ ਦੇ ਬੇਟੇ ਬਲਜੀਤ ਸਿੰਘ ਕੰਗ ਨੇ ਸਟੇਡੀਅਮ ਦੀ ਸਜਾਵਟ ਦਾ ਸੋਹਣਾ ਪ੍ਰਬੰਧ ਕੀਤਾ ਸੀ। ਵਰਲਡ ਕੱਪ ਦੀ ਪ੍ਰਬੰਧਕ ਕਮੇਟੀ ਦੇ 24 ਮੈਂਬਰ ਪਹਿਲਾ ਵਰਲਡ ਕੱਪ ਕਰਵਾ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਸਨ।
ਅਰਦਾਸ ਉਪਰੰਤ ਲਹਿੰਬਰ ਸਿੰਘ ਕੰਗ ਨੇ ਟੂਰਨਾਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਕਬੱਡੀ ਖਿਡਾਰੀ ਜਰਨੈਲ ਸਿੰਘ ਜੈਲੇ ਨੇ ਨਿਯਮਾਂ ਮੁਤਾਬਿਕ ਖੇਡਣ ਅਤੇ ਕਬੱਡੀ ਦੇ ਚੰਗੇ ਭਵਿੱਖ ਲਈ ਕੰਮ ਕਰਨ ਦੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਅਰਵਿੰਦਰ ਕੋਛੜ ਨੇ ਮਾਈਕ ਸੰਭਾਲਿਆ ਹੋਇਆ ਸੀ ਅਤੇ ਸਾਰੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਦੀ ਭੂਮਿਕਾ ਦਵਿੰਦਰ ਸਿੰਘ ਪਤਾਰਾ ਨੇ ਨਿਭਾਈ। ਮੈਚਾਂ ਦੀ ਕੁਮੈਂਟਰੀ ਭਿੰਦਾ ਮੁਠੱਡਾ, ਸੋਖਾ ਢੇਸੀ ਅਤੇ ਅਰਵਿੰਦਰ ਕੋਛੜ ਨੇ ਕੀਤੀ।
ਪਹਿਲਾ ਮੈਚ ਜਰਮਨੀ ਤੇ ਕੈਨੇਡਾ ਬੀਸੀ ਦੀਆਂ ਟੀਮਾਂ ਵਿਚਕਾਰ ਹੋਇਆ। ਜਰਮਨੀ ਦੀ ਟੀਮ ਵੱਲੋਂ ਵਰਲਡ ਕੱਪ ਦੀ ਪਹਿਲੀ ਰੇਡ ਦੀਪੇ ਕੌਂਕੇ ਨੇ ਪਾਈ ਅਤੇ ਸੁਖ ਸਬੀਲੀ ਨਾਲ ਨੰਬਰ ਲੈ ਕੇ ਘਰ ਪਰਤ ਆਇਆ। ਗੁਰਦੀਪ ਸਿੰਘ ਜੰਡਾ ਦੀ ਟੀਮ ਵਿਚ ਅਜਮੇਰ ਜਲਾਲ, ਘੋਗੜ ਅੰਮ੍ਰਿਤਸਰ ਤੇ ਦੀਪਾ ਸੈਦੋਵਾਲ ਰੇਡਾਂ ਪਾਉਣ `ਤੇ ਸੀ ਅਤੇ ਕੁਲਜਿੰਦਰ ਖਾੜਕੂ, ਹੈਪੀ, ਨਿਰਮਲ ਚਾਂਗਲੀ, ਜਾਦੀ, ਨਾਣੂ ਬਿਹਾਰੀਪੁਰੀਆ ਤੇ ਗੋਪੀ ਮਿੱਠਾਪੁਰ ਜੱਫਿਆਂ `ਤੇ ਸਨ। ਦੂਜੇ ਪਾਸੇ ਮੱਤਾ ਗੁਰਦਾਸਪੁਰੀਆ, ਰਣਜੀਤ, ਹੈਪੀ ਚਮਿਆਰਾ, ਸਿ਼ੰਦਾ ਰੇਡਾਂ ਪਾ ਰਹੇ ਸਨ ਅਤੇ ਤਾਰ ਲੰਢੇਕੇ, ਨਿੰਦੀ, ਬਾਲਾ ਖਾਈ ਅਤੇ ਲਾਡਾ ਸੰਧਵਾਂ ਜੱਫਿਆਂ `ਤੇ ਸਨ। ਤਾਰ ਲੰਡੇ ਨੇ ਦੋ ਵਾਰ ਘੋਗੜ `ਕੱਠਾ ਕੀਤਾ ਤੇ ਹੈਪੀ ਨੇ ਮੱਤੇ ਤੇ ਸਿ਼ੰਦੇ ਨੂੰ ਤਿੰਨ ਜੱਫੇ ਠੋਕ ਮਾਰੇ। ਨਿੰਦੀ, ਜਲਾਲ ਨੂੰ ਕਲੀ ਸੁਣਾ ਗਿਆ ਤਾਂ ਲਾਡਾ ਸੰਧਵਾਂ ਜੋਕ ਵਾਂਗ ਦੀਪੇ ਨੂੰ ਚੰਬੜ ਗਿਆ। ਨਿਰਮਲ ਚਾਂਗਲੀ ਨੇ ਸਿ਼ੰਦੇ ਅਤੇ ਹੈਪੀ ਜਾਦੀ ਨੇ ਰਣਜੀਤ ਨੂੰ ਜੱਫੇ ਲਾ ਦਿੱਤੇ। ਹਾਫ਼ ਟਾਈਮ ਤੱਕ ਜਰਮਨੀ ਦੀ ਟੀਮ ਸਾਢੇ ਤਿੰਨ ਅੰਕਾਂ `ਤੇ ਅੱਗੇ ਰਹੀ। ਗੁਰਦੀਪ ਸਿੰਘ ਜੰਡਾ ਪੂਰਾ ਖੁਸ਼ ਸੀ। ਸੁਖ ਘਲੋਟੀ, ਦੁੱਲੂ ਬੱਧਨੀ ਕਲਾਂ, ਦਾਰਾ ਮੁਠੱਡਾ, ਗੁਲੂ ਲੱਖਣ ਕੇ ਪੱਡੇ ਨੇ ਹਾਫ਼ ਟਾਈਮ ਵਿਚ ਖਿਡਾਰੀਆਂ ਦੇ ਕੰਨੀਂ ਅਜਿਹੀਆਂ ਫੂਕਾਂ ਮਾਰੀਆਂ ਕਿ ਪਾਸਾ ਹੀ ਪਲਟ ਗਿਆ। ਕੈਨੇਡਾ ਬੀਸੀ ਦੀ ਟੀਮ 47-46 ਅੰਕਾਂ ਨਾਲ ਜੇਤੂ ਹੋ ਗਈ।
ਦਰਸ਼ਕਾਂ ਦਾ ਹੁਣ ਹੜ੍ਹ ਆਇਆ ਹੋਇਆ ਸੀ ਤੇ ਹਰ ਪਾਸੇ ਰੌਣਕ ਲੱਗੀ ਹੋਈ ਸੀ। ਜਵਾਨੀ ਇੱਕ ਦੂਜੇ ਸਾਹਮਣੇ ਮੇਹਣੋ ਮੇਹਣੀ ਹੋ ਰਹੀ ਸੀ। ਦਰਸ਼ਕਾਂ ਦਾ ਠਾਠਾਂ ਮਾਰਦਾ `ਕੱਠ ਪੰਜਾਬ ਦੇ ਕਿਸੇ ਵੱਡੇ ਖੇਡ ਮੇਲੇ ਦਾ ਭੁਲੇਖਾ ਪਾਉਂਦਾ ਸੀ। ਇੰਗਲੈਂਡ ਅਤੇ ਅਮਰੀਕਾ ਵਿਚਕਾਰ ਦੂਜਾ ਮੈਚ ਸ਼ੁਰੂ ਹੋਇਆ ਤਾਂ ਸਥਾਨਕ ਟੀਮ ਦਾ ਮੈਚ ਵੇਖਣ ਵਾਲਿਆਂ ਨੇ ਹੋਰ ਵੀ ਉਤਸੁਕਤਾ ਵਿਖਾਈ। ਲੱਡੂ, ਗੁਰਲਾਲ, ਗੱਬਰ ਤੇ ਤੇਜੀ ਰੇਡਾਂ ਪਾ ਰਹੇ ਸਨ। ਰੱਬੋਂ ਅਮਰੀਕਾ ਵੱਲੋਂ ਗੱਬਰ ਨੂੰ ਜੱਫਾ ਲਾਗਿਆ ਤੇ ਮੀਕੇ ਨੇ ਅਮਰੀਕਾ ਤੋਂ ਆ ਕੇ ਜੱਫਿਆਂ ਦਾ ਮੀਂਹ ਵਰ੍ਹਾ ਦਿੱਤਾ। ਤੇਜੀ, ਗੁਰਲਾਲ ਤੇ ਲੱਡੂ ਨੂੰ ਦੋ-ਦੋ ਜੱਫੇ ਮਾਰ ਦਿੱਤੇ। ਤੀਰਥ ਗਾਖਲ ਤੇ ਕਾਲਾ ਮਹੇੜੂ ਅਮਰੀਕਾ ਲਈ ਵਧੀਆ ਖੇਡੇ। ਪ੍ਰੇਮ ਝਨੇਰ ਨੇ ਸੁਖਚੈਨ ਨਾਗਰਾ, ਗੋਲਡੀ ਕੂਮ ਕਲਾਂ ਵਾਲੇ ਨੇ ਗੁੱਗੂ ਹਿੰਮਤਪੁਰੀਆ, ਨਾਗਰਾ, ਪੱਪੀ ਖਹਿਰਾ ਨੇ ਸਰਪੰਚ ਮੋਠਾ ਅਤੇ ਨਾਗਰੇ ਨੂੰ ਜੱਫੇ ਲਾ ਦਿੱਤੇ। ਸੰਦੀਪ ਨੰਗਲ ਅੰਬੀਆਂ, ਸੀਤੇ ਤੇ ਦੀਪੇ ਨੇ ਇੰਗਲੈਂਡ ਵੱਲੋਂ ਜਾਫ ਲਾਇਨ ਮਜ਼ਬੂਤ ਕੀਤੀ ਹੋਈ ਸੀ। ਪਰ ਅੱਧੇ ਸਮੇਂ ਤੱਕ ਅੱਧੇ ਨੰਬਰ `ਤੇ ਜਿੱਤ ਰਹੀ ਇੰਗਲੈਂਡ ਦੀ ਟੀਮ ਦੂਜੇ ਅੱਧ ਵਿਚ ਪੰਜ ਅੰਕਾਂ ਨਾਲ ਮੈਚ ਹਾਰ ਗਈ।
ਇੰਡੀਆ ਤੇ ਜਰਮਨੀ ਦਾ ਮੈਚ ਇੱਕ ਪਾਸੜ ਹੀ ਰਿਹਾ। ਨਾਣੂ ਬਿਹਾਰੀਪੁਰੀਏ ਨੇ ਜੀਤ ਤੂਤਪਿੰਡੀਏ ਤੇ ਕਾਲੇ ਹਮੀਦੀ ਨੂੰ ਜੱਫਾ ਲਾਇਆ। ਹੈਪੀ ਨੇ ਗੋਗੀ ਜਰਗੜੀ ਨੂੰ, ਨਿਰਮਲ ਚਾਂਗਲੀ ਨੇ ਕਾਲੇ ਹਮੀਦੀ ਨੂੰ, ਬਲਕਾਰੇ ਨੇ ਜਲਾਲ ਨੂੰ, ਗੋਲੂ ਗੱਜਣਵਾਲੀਏ, ਮਿੰਦੀ ਮਟੋਰੜਾ, ਮਨਜੀਤ ਸੁਹੇੜਾ, ਗੋਲੂ ਪਮਾਲ ਨੇ ਘੋਗੜ, ਦੀਪਾ ਕੌਂਕੇ, ਜੱਗਾ ਅਤੇ ਪੱਪੂ ਜੋਗੇਵਾਲ ਨੂੰ ਅਜਿਹੇ ਜੱਫੇ ਲਾਏ ਕਿ ਮੈਚ ਛੇ ਅੰਕਾਂ ਦੇ ਫਰਕ ਨਾਲ ਜਿੱਤ ਲਿਆ। ਇੰਗਲੈਂਡ ਅਤੇ ਕੈਨੇਡਾ ਟੋਰਾਂਟੋ ਵਿਚਕਾਰਲਾ ਮੈਚ ਵੀ ਕਾਫੀ ਦਿਲਚਸਪ ਸੀ। ਦੋਹਾਂ ਟੀਮਾਂ ਨੂੰ ਜਿੱਤ ਵੱਲ ਜਾਣਾ ਜ਼ਰੂਰੀ ਸੀ। ਕੁੰਢੀਆਂ ਦੇ ਸਿੰਗ ਫਸੇ ਪਏ ਸਨ। ਕੁਲਦੀਪ ਨੇ ਸ਼ੌਕਤ ਨੂੰ ਜੱਫਾ ਮਾਰਿਆ ਤਾਂ ਦੀਪੇ ਘੁਰਲੀ ਨੇ ਰਾਜੇ ਨੂੰ, ਸੰਦੀਪ ਨੰਗਲ ਅੰਬੀਆਂ ਸਾਹਬ `ਤੇ ਟੁੱਟ ਪਿਆ। ਸੰਦੀਪ ਲੱਲੀਆਂ ਅਤੇ ਕਿੰਦਾ ਬਿਹਾਰੀਪੁਰੀਆ ਟੋਰਾਂਟੋ ਦੀ ਟੀਮ ਨਾਲ ਆਏ ਜ਼ਰੂਰ ਪਰ ਤਬੀਅਤ ਠੀਕ ਨਾ ਹੋਣ ਕਰਕੇ ਦਰਸ਼ਕਾਂ ਨੂੰ ਜੌਹਰ ਨਾ ਵਿਖਾ ਸਕੇ। ਇੰਗਲੈਂਡ ਦੀ ਟੀਮ 49-34 ਦੇ ਫਰਕ ਨਾਲ ਜੇਤੂ ਰਹੀ।
ਅਮਰੀਕਾ ਤੇ ਕੈਨੇਡਾ ਬੀਸੀ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਸੂਰਜ ਦੀ ਚਮਕਦੀ ਧੁੱਪ ਨੇ ਸੁਨਹਿਰਾ ਕਰ ਦਿੱਤਾ। ਕੁਰਸੀਆਂ ਤੇ ਸਟੇਡੀਅਮ ਦੀਆਂ ਲੰਮੀਆਂ ਪੌੜੀਆਂ ਦਰਸ਼ਕਾਂ ਨਾਲ ਫੁੱਲ ਹੋਈਆਂ ਪਈਆਂ ਸਨ। ਕਬੱਡੀ ਪ੍ਰੇਮੀ ਇੱਕ ਦੂਜੇ ਦੇ ਮੋਢਿਆਂ ਦੇ ਉਤੋਂ ਦੀ ਹੋ-ਹੋ ਕੇ ਮੈਚ ਵੇਖ ਰਹੇ ਸਨ। ਦੋ ਨੰਬਰਾਂ ਦੇ ਫਰਕ ਨਾਲ ਅਮਰੀਕਾ ਦੀ ਟੀਮ ਹਾਫ਼ ਟਾਈਮ ਤੱਕ ਅੱਗੇ ਸੀ ਪਰ ਬਾਅਦ ਵਿਚ ਇਹ ਫਰਕ 48-37 ਦਾ ਹੋ ਗਿਆ। ਅਮਰੀਕਾ ਦੀ ਟੀਮ ਨੇ ਪਹਿਲਾ ਸੈਮੀਫਾਈਨਲ ਮੈਚ ਜਿੱਤ ਕੇ ਜੌਹਨ ਗਿੱਲ ਨੂੰ ਫਾਈਨਲ ਵਿਚ ਪਹੁੰਚਣ ਦਾ ਫੋਨ `ਤੇ ਸੁਨੇਹਾ ਦੇ ਦਿੱਤਾ। ਦੂਜਾ ਸੈਮੀਫਾਈਨਲ ਇੰਗਲੈਂਡ ਤੇ ਇੰਡੀਆ ਵਿਚਕਾਰ ਹੋਇਆ। ਪੱਪੀ ਖਹਿਰੇ ਨੇ ਮੱਲ ਦੀ ਗੋਡਣੀ ਲਵਾ ਦਿੱਤੀ, ਮਿੰਦੀ ਨੇ ਗੱਬਰ ਢਾਹ ਲਿਆ, ਸੰਦੀਪ ਨੇ ਜੀਤ ਨੂੰ ਜਾ ਫੜਿਆ ਤੇ ਭਜੀ ਸ਼ੌਕਤ ਨੂੰ ਬਾਰਡਰ ਵਿਖਾਉਣ ਲੈ ਗਿਆ। ਮਨਜੀਤ ਸੁਹੇੜੇ ਨੇ ਇੰਦਰਪਾਲ ਨੂੰ ਜੱਫਾ ਲਾ ਦਿੱਤਾ, ਲੱਡੂ ਵੀ ਮਿੰਦੀ ਨੇ ਭੋਰ ਲਿਆ, ਪ੍ਰੇਮ ਝਨੇਰ ਨੇ ਗੋਗੀ ਵੀ, ਪੱਪੀ ਖਹਿਰਾ ਨੇ ਵੇਖਦੇ ਵੇਖਦੇ ਮੱਲ ਨੂੰ ਫੁਰਤੀ ਨਾਲ ਕੈਂਚੀ ਮਾਰੀ ਤੇ ਨਿੰਬੂ ਵਾਂਗ ਨਿਚੋੜ ਕੇ ਰੱਖ ਦਿੱਤਾ। ਇੰਗਲੈਂਡ ਦੀ ਟੀਮ ਦੀ ਸੇਵਾ ਕਰਦਾ ਸ਼ੀਰਾ ਸੰਮੀਪੁਰੀਆ ਪੂਰਾ ਖੁਸ਼ ਸੀ ਕਿ ਬੋਤਲ ਫੜ ਕੇ ਪਾਣੀ ਦੀ ਸੇਵਾ ਕਰਨੀ ਰਾਸ ਆ ਗਈ। ਇੰਗਲੈਂਡ ਦੀ ਟੀਮ ਫਾਈਨਲ ਵਿਚ ਪਹੁੰਚ ਗਈ।
ਇੰਗਲੈਂਡ ਤੇ ਅਮਰੀਕਾ ਦਾ ਫਾਈਨਲ
ਫਾਈਨਲ ਮੈਚ ਤੋਂ ਪਹਿਲਾਂ ਇੰਗਲੈਂਡ ਦੇ ਜੰਮਪਲ ਲੰਡਨ ਅਤੇ ਮਿਡਲੈਂਡ ਦੇ ਬੱਚਿਆਂ ਦਾ ਸ਼ੋਅ ਮੈਚ ਹੋਇਆ। ਅਵਤਾਰ ਸਿੰਘ ਭਾਊ ਨੇ ਬੋਰੀ ਚੁੱਕੀ ਅਤੇ ਗੁਰਵਿੰਦਰ ਸਿੰਘ ਚੀਮਾ ਤੇ ਸਾਥੀਆਂ ਨੇ ਵੇਟਲਿਫਟਿੰਗ ਦੇ ਜੌਹਰ ਵਿਖਾਏ। ਯਾਦ ਰਹੇ ਕਿ ਗੁਰਵਿੰਦਰ ਚੀਮਾ ਕਾਮਨਵੈਲਥ ਖੇਡਾਂ ਵਿਚ ਵੀ ਇੰਗਲੈਂਡ ਦੀ ਤਰਫੋਂ ਜੌਹਰ ਵਿਖਾ ਚੁੱਕਾ ਹੈ ਅਤੇ ਇਨ੍ਹਾਂ ਦੇ ਪਿਤਾ ਨੇ ਏਸ਼ੀਅਨ ਖੇਡਾਂ ਵਿਚ ਵੇਟਲਿਫਟਿੰਗ ਦੇ ਮੁਕਾਬਲਿਆਂ `ਚੋਂ ਇੰਡੀਆ ਨੂੰ ਚਾਂਦੀ ਦਾ ਤਗਮਾ ਜਿਤਾਇਆ ਸੀ। ਮੈਰਾਥਨ ਦਾ ਮਹਾਰਥੀ ਬਾਬਾ ਫੌਜਾ ਸਿੰਘ ਵੀ ਮੈਦਾਨ ਅੰਦਰ ਕਬੱਡੀ ਦੇ ਜੌਹਰ ਵੇਖਣ ਲਈ ਆ ਪਹੁੰਚਿਆ। ਕੁਝ ਦੇਰ ਲਈ ਦਰਸ਼ਕਾਂ ਨੂੰ ਗਰਾਊਂਡ ਖਾਲੀ ਕਰ ਦੇਣ ਦੀ ਅਨਾਊਂਸਮੈਂਟ ਹੋਈ ਤਾਂ ਸਭ ਦਰਸ਼ਕ ਅਸਮਾਨ `ਤੇ ਉਡਦੇ ਹਵਾਈ ਜਹਾਜ਼ ਵੱਲ ਵੇਖਣ ਲੱਗੇ। ਵੇਖਦੇ ਵੇਖਦੇ ਅਸਮਾਨ ਵਿਚੋਂ ਫਿੱਕੇ ਲਾਲ ਰੰਗ ਦੀਆਂ ਪੰਜ ਉਡਣ ਤਸ਼ਤਰੀਆਂ ਨੇ ਪਰਵਾਜ਼ ਭਰੀ ਤੇ ਧਰਤੀ ਵੱਲ ਉਤਰਨਾ ਸ਼ੁਰੂ ਕਰ ਦਿੱਤਾ। ਗਰਾਊਂਡ ਦੁਆਲੇ ਜਗਮਗ-ਜਗਮਗ ਹੋਣ ਲੱਗੀ। ਇਹ ਉਡਣ ਤਸ਼ਤਰੀਆਂ ਅਸਲ ਵਿਚ ਪੈਰਾਸ਼ੂਟ ਰਾਹੀਂ ਉਤਰਨ ਵਾਲੇ ਪੰਜ ਵਿਅਕਤੀ ਸਨ, ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸ਼ਾਮਲ ਸੀ। ਚਾਰੇ ਪੁਰਸ਼ ਤਾਂ ਪੈਰਾਸ਼ੂਟ ਰਾਹੀਂ ਸਹੀ ਸਲਾਮਤ ਮੈਦਾਨ ਅੰਦਰ ਉਤਰ ਗਏ ਪਰ ਮਹਿਲਾ ਦੀ ਉਡਾਣ ਗਰਾਊਂਡ ਤੋਂ ਬਾਹਰ ਉਤਰੀ ਪਰ ਰਹੀ ਸਹੀ ਸਲਾਮਤ। ਅਰਵਿੰਦਰ ਕੋਛੜ ਮਜ਼ਾਕੀਆ ਲਹਿਜੇ਼ `ਚ ਕਹਿਣੋ ਨਾ ਰਹਿ ਸਕਿਆ, “ਘਰ ਭੁੱਲਗੀ ਮੋੜ `ਤੇ ਆ ਕੇ ਲੰਮੀ ਸੀਟੀ ਮਾਰ ਮਿੱਤਰਾ।”
ਫਾਈਨਲ ਮੈਚ ਦਾ ਨਗਾਰਾ ਵੱਜਿਆ ਤਾਂ ਇੰਗਲੈਂਡ ਤੇ ਯੂਐਸਏ ਦੀਆਂ ਟੀਮਾਂ ਮੈਦਾਨ ਅੰਦਰ ਆ ਗੱਜੀਆਂ। ਦੋਹੀਂ ਦਲੀਂ ਮੁਕਾਬਲਾ ਸਖ਼ਤ ਸੀ। ਅੱਧੇ ਸਮੇਂ ਤੱਕ ਇੰਗਲੈਂਡ ਦਾ ਪੱਲੜਾ ਪੰਜ ਅੰਕਾਂ ਨਾਲ ਭਾਰੀ ਰਿਹਾ। ਮੀਕਾ ਸ਼ਾਇਦ ਜੱਫੇ ਲਾ ਕੇ ਹੰਭ ਗਿਆ ਸੀ। ਰੱਬੋਂ ਨੇ ਇੰਦਰਪਾਲ ਨੂੰ ਅਤੇ ਪੱਪੀ ਖਹਿਰੇ ਨੇ ਵਿੱਕੀ ਤੇ ਨਾਗਰੇ ਨੂੰ ਜੱਫੇ ਲਾ ਦਿੱਤੇ। ਤੀਰਥ ਗਾਖਲ ਤੇ ਗੱਬਰ ਦਾ ਇੱਕ ਵਾਰ ਅਜਿਹਾ ਭੇੜ ਹੋਇਆ ਕਿ ਨਾ ਲਿਆ ਨਾ ਦਿੱਤਾ ਵਾਲੀ ਗੱਲ ਕਰਕੇ ਛੁੱਟੇ। ਅਖੀਰ 40-30 ਅੰਕਾਂ ਦੇ ਫਰਕ ਨਾਲ ਇੰਗਲੈਂਡ ਦੀ ਧਰਤੀ `ਤੇ ਹੋਏ ਪਹਿਲੇ ਕਬੱਡੀ ਵਰਲਡ ਕੱਪ ਦਾ ਤਾਜ਼ ਇੰਗਲੈਂਡ ਦੇ ਹੀ ਸਿਰ ਸਜਿਆ। ਯੂਐਸਏ ਦੀ ਟੀਮ ਦੂਜੇ ਨੰਬਰ `ਤੇ ਰਹੀ। ਇਸ ਕੱਪ ਦਾ ਬੈਸਟ ਧਾਵੀ ਗੁਰਲਾਲ ਘਨੌਰ ਅਤੇ ਬੈਸਟ ਜਾਫੀ ਪੱਪੀ ਖਹਿਰਾ ਬਣਿਆ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।
ਇੰਗਲੈਂਡ ਦੇ ਪਹਿਲੇ ਕਬੱਡੀ ਵਰਲਡ ਕੱਪ ਮੌਕੇ ਇੰਗਲੈਂਡ, ਯੂਐਸਏ ਅਤੇ ਕੈਨੇਡਾ ਕਬੱਡੀ ਫੈਡਰੇਸ਼ਨਾਂ ਨੇ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਅਗਲੇ ਵਰ੍ਹੇ ਤੋਂ ਹਰ ਟੂਰਨਾਮੈਂਟ `ਤੇ ਡਾਕਟਰਾਂ ਦੀ ਟੀਮ ਦਾ ਬੰਦੋਬਸਤ ਹੋਵੇਗਾ ਅਤੇ ਓਲੰਪਿਕ ਕਮੇਟੀ ਵੱਲੋਂ ਵਰਜਿਤ ਡਰੱਗਾਂ ਦਾ ਇਸਤੇਮਾਲ ਕਰਨ ਵਾਲੇ ਖਿਡਾਰੀਆਂ ਨੂੰ ਇੱਕ ਸਾਲ ਲਈ ਮੁਕੰਮਲ ਤੌਰ `ਤੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਕਿਸੇ ਵੀ ਕਲੱਬ ਵੱਲੋਂ ਖੇਡਣ `ਤੇ ਪਾਬੰਦੀ ਹੋਵੇਗੀ।
ਕਬੱਡੀ ਖਹਿਬਾਜ਼ੀ ਦਾ ਸਿ਼ਕਾਰ
ਇੰਗਲੈਂਡ ਦੀ ਕਬੱਡੀ ਬੀਤੇ ਕੁਝ ਵਰ੍ਹਿਆਂ ਤੋਂ ਆਪਸੀ ਖਹਿਬਾਜ਼ੀਆਂ ਦਾ ਸਿ਼ਕਾਰ ਵੀ ਹੁੰਦੀ ਰਹੀ ਹੈ, ਜਿਸ ਦੇ ਚਲਦੇ ਦੋ-ਦੋ ਫੈਡਰੇਸ਼ਨਾਂ ਵੀ ਬਣੀਆਂ। ਬਾਅਦ ਵਿਚ ਸਮਝੌਤੇ ਹੋ ਗਏ ਪਰ ਦਿਲਾਂ ਵਿਚੋਂ ਈਰਖਾ ਬਾਜ਼ੀਆਂ ਨਹੀਂ ਗਈਆਂ। ਇਨ੍ਹਾਂ ਆਪਸੀ ਖਹਿਬਾਜ਼ੀਆਂ ਸਦਕਾ ਹੀ ਇਸ ਵਰ੍ਹੇ ਭਾਰਤ ਦੇ ਕਈ ਖਿਡਾਰੀਆਂ ਨੂੰ ਵੀਜ਼ੇ ਨਹੀਂ ਮਿਲੇ ਤੇ ਲੋੜੀਂਦੀਆਂ ਟੀਮਾਂ ਨਹੀਂ ਬਣੀਆਂ। ਫਿਰ ਵੀ ਜਿੰਨੇ ਕੁ ਖਿਡਾਰੀ ਪਹੁੰਚੇ ਉਨ੍ਹਾਂ ਨਾਲ ਹੀ ਕੰਮ ਚਲਾਉਣ ਲੱਗੇ ਤਾਂ ਟੈਲਫੋਰਡ ਅਤੇ ਬਾਰਕਿੰਗ ਦੇ ਟੂਰਨਾਮੈਂਟਾਂ ਤੋਂ ਬਾਅਦ ਸੁਲਗ ਰਹੀ ਚੰਘਿਆੜੀ ਲੈਸਟਰ ਦੇ ਟੂਰਨਾਮੈਂਟ `ਤੇ ਮੁੜ ਭਾਂਬੜ ਬਣ ਕੇ ਮੱਚ ਉੱਠੀ। ਸਭ ਤੋਂ ਪਹਿਲਾਂ ਟਾਈਆਂ ਨੂੰ ਲੈ ਕੇ ਰੌਲਾ ਸ਼ੁਰੂ ਹੋਇਆ, ਬਾਅਦ ਵਿਚ ਟੀਮਾਂ ਦੀ ਐਂਟਰੀ ਨੂੰ ਲੈ ਕੇ ਫਸਾਦ ਪੈ ਗਿਆ। ਇੱਕ ਮੰਨਦਾ ਤਾਂ ਦੂਜਾ ਰੁੱਸ ਜਾਂਦਾ। ਅਖ਼ੀਰ ਪਹਿਲੇ ਦੋ ਟੂਰਨਾਮੈਂਟਾਂ `ਚ ਖੇਡੀਆਂ ਟੀਮਾਂ ਵਿਚੋਂ ਈਰਥ ਵੂਲਿਚ, ਸਲੋਹ, ਬਾਰਕਿੰਗ, ਬਰਮਿੰਘਮ (ਨੇਕਾ ਧੜਾ) ਅਤੇ ਕਵੈਂਟਰੀ ਤੇ ਹੇਜ਼ (ਕੇਵਲ ਧੜਾ) ਟੀਮਾਂ ਮੋੜ ਕੇ ਵਾਪਸ ਚਲੇ ਗਏ, ਜਦਕਿ ਪੰਜਾਬ ਯੂਨਾਈਟਡ ਵੁਲਵਰਹੈਂਪਟਨ, ਲੈਸਟਰ ਕਬੱਡੀ ਟੀਮ ਅਤੇ ਸਿੱਖ ਟੈਂਪਲ ਵੁਲਵਰਹੈਂਪਟਨ ਨੇ ਟੂਰਨਾਮੈਂਟ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ। ਬਰਮਿੰਘਮ ਦੇ ਦੂਜੇ ਧੜੇ, ਹੇਜ਼ ਦੇ ਪਾਲੀ ਬਿੰਦਰ ਧੜੇ ਨੇ ਆਪਣੀਆਂ ਟੀਮਾਂ ਨੂੰ ਲੈ ਕੇ ਮੈਚ ਕਰਵਾਏ।
ਇਸ ਮੌਕੇ ਨਿਰਾਸ਼ ਹੋਏ ਦਰਸ਼ਕਾਂ ਨੂੰ ਪਹਿਲਾਂ ਪ੍ਰਬੰਧਕਾਂ ਨੇ ਟਿਕਟਾਂ ਦੇ ਪੈਸੇ ਵੀ ਵਾਪਿਸ ਕੀਤੇ ਅਤੇ ਬਾਅਦ ਵਿਚ ਜਦੋਂ ਗੇਟ ਖੋਲ੍ਹ ਦਿੱਤਾ ਤਾਂ ਬਹੁਤ ਸਾਰੇ ਮੁੜ ਵੀ ਆਏ। ਬਿਨਾਂ ਸ਼ੱਕ ਲੈਸਟਰ ਵਾਲਿਆਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਸੀ। ਖੁੱਲ੍ਹੀ ਡੁੱਲ੍ਹੀ ਹਰੇ ਹਰੇ ਘਾਹ ਵਾਲੀ ਗਰਾਊਂਡ ਸੀ, ਪਰ ਆਪਸੀ ਹੈਂਕੜਬਾਜ਼ੀ ਨੇ ਇਸ ਸੀਜ਼ਨ ਦੀ ਇੰਗਲੈਂਡ ਦੀ ਕਬੱਡੀ ਨੂੰ ਨਜ਼ਰ ਲਗਾ ਦਿੱਤੀ ਹੈ। ਭਾਵੇਂ ਲੈਸਟਰ ਵਾਲਿਆਂ ਨੇ ਆਏ ਮੇਲੀਆਂ ਲਈ ਜਿਥੇ ਸਵੇਰੇ ਵੇਲੇ ਦਹੀਂ ਪਰੌਂਠਿਆਂ ਅਤੇ ਚਾਹ ਦਾ ਪ੍ਰਬੰਧ ਕੀਤਾ ਸੀ, ਉਥੇ ਦਿਨ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ। ਨਾਲ ਜਲੇਬੀਆਂ, ਪਕੌੜੇ ਤੇ ਬਾਅਦ ਵਿਚ ਕੇਲੇ ਵੀ ਵੰਡੇ ਗਏ।
ਲਗਭਗ 2 ਵਜੇ ਕਸ਼ਮਕਸ਼ ਖ਼ਤਮ ਹੋਈ ਤਾਂ ਬਰਮਿੰਘਮ ਤੇ ਹੇਜ਼ ਦੀਆਂ ਟੀਮਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ। ਦੋਵੇਂ ਪਾਸੇ ਯੂਕੇ ਦੇ ਰਹਿਣ ਵਾਲੇ ਨਵੇਂ ਮੁੰਡੇ ਸਨ। ਕਬੱਡੀ ਦਾ ਜੋਸ਼ ਸੀ ਜਿਸ ਵਿਚੋਂ ਹੇਜ਼ ਜੇਤੂ ਰਹੀ। ਲੈਸਟਰ ਤੇ ਸਿੱਖ ਟੈਂਪਲ ਵੁਲਵਰਹੈਂਪਟਨ ਵਿਚਕਾਰ ਹੋਇਆ ਦੂਜਾ ਮੈਚ ਦਰਸ਼ਕਾਂ ਦੀ ਕਸਵੱਟੀ `ਤੇ ਖਰਾ ਉਤਰਿਆ ਕਿਉਂਕਿ ਜਿੱਥੇ ਘਰੇਲੂ ਟੀਮ ਦਾ ਆਪਣਾ ਘਰਸੀ, ਉਥੇ ਦੋਵੇਂ ਟੀਮਾਂ ਵਿਚ ਪੰਜਾਬ ਤੋਂ ਆਏ ਕੁਝ ਖਿਡਾਰੀ ਵੀ ਸ਼ਾਮਿਲ ਸਨ। ਫਸਵੀਂ ਟੱਕਰ `ਚ ਹੋਇਆ ਇਹ ਮੈਚ ਲੈਸਟਰ ਨੇ 38-36 ਅੰਕਾਂ ਦੇ ਫਰਕ ਨਾਲ ਜਿੱਤਿਆ। ਹੇਜ਼ ਅਤੇ ਪੰਜਾਬ ਯੂਨਾਈਟਿਡ ਵਿਚਕਾਰ ਹੋਇਆ ਅਗਲਾ ਮੈਚ ਇੱਕ ਪਾਸੜ ਹੀ ਰਿਹਾ ਕਿਉਂਕਿ ਹੇਜ਼ ਦੇ ਨਵੇਂ ਮੁੰਡੇ ਅਜੇ ਅਣਜਾਣ ਸਨ ਤੇ ਉਹ ਗੱਲ ਨਹੀਂ ਸੀ ਬਣ ਰਹੀ। ਪੰਜਾਬ ਯੂਨਾਈਟਿਡ ਨੇ ਇਹ ਮੈਚ ਸਹਿਜੇ ਹੀ ਜਿੱਤ ਲਿਆ।
ਆਖ਼ਰ ਵਿਚ ਪੰਜਾਬ ਯੂਨਾਈਟਿਡ ਵੁਲਵਰਹੈਂਪਟਨ ਅਤੇ ਲੈਸਟਰ ਵਿਚਕਾਰਲਾ ਫਾਈਨਲ ਮੈਚ ਪੂਰੀ ਗਹਿਮਾ ਗਹਿਮੀ ਵਾਲਾ ਰਿਹਾ। ਸੰਦੀਪ ਸੁਰਖਪੁਰੀਏ ਤੇ ਤਿੰਦੇ ਪਰਜੀਆਂ ਵਾਲੇ ਦੀਆਂ ਰੇਡਾਂ ਅਤੇ ਸੰਦੀਪ ਨੰਗਲ ਅੰਬੀਆਂ ਤੇ ਯਾਦੇ ਸੁਰਖਪੁਰ ਦੇ ਜੱਫੇ, ਦੂਜੇ ਪਾਸੇ ਸੁੱਖਾ ਬਿੱਲੀ ਭੁੱਲਰ, ਲੱਖਾ, ਬਦੇਸ਼ਾ, ਸੁੱਚਾ ਧਰਮੀਵਾਲ ਤੇ ਸਿਮਰਨਜੀਤ ਦੇ ਟਾਕਰੇ ਦਰਸ਼ਕਾਂ ਦੀ ਸਵੇਰ ਦੀ ਠੰਢ ਲਾਹ ਗਏ। ਆਖ਼ਰ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ ਤੇ ਸਾਥੀਆਂ ਦੀ ਪੰਜਾਬ ਯੂਨਾਈਟਿਡ ਵੁਲਵਰਹੈਂਪਟਨ ਟੀਮ ਨੇ ਜੇਤੂ ਕੱਪ ਜਿੱਤਿਆ। ਕੁਲਵੰਤ ਸਿੰਘ ਸੰਘਾ, ਪਿਆਰਾ ਸਿੰਘ ਰੰਧਾਵਾ, ਕੁਲਵੀਰ ਸਿੰਘ ਖੱਖ, ਨਿਰਮਲ ਸਿੰਘ ਲੱਡੂ, ਹਰਵਿੰਦਰ ਸਿੰਘ ਵਿਰਕ, ਗੁਰਮੀਤ ਸਿੰਘ ਗੈਰੀ, ਕੁਲਦੀਪ ਸਿੰਘ ਰਾਗੀ, ਇਕਬਾਲ ਸਿੰਘ ਮਿੰਟੂ ਅਤੇ ਸਾਥੀਆਂ ਦੀ ਲੈਸਟਰ ਕਬੱਡੀ ਕਲੱਬ ਦੀ ਟੀਮ ਉਪ ਜੇਤੂ ਰਹੀ। ਸੰਦੀਪ ਸੁਰਖਪੁਰ ਤੇ ਤਿੰਦਾ ਪਰਜੀਆਂ ਬੈਸਟ ਧਾਵੀ ਤੇ ਯਾਦਾ ਸੁਰਖਪੁਰ ਬੈਸਟ ਜਾਫੀ ਬਣਿਆ। ਇਸ ਮੌਕੇ ਗੁਰੂ ਘਰਾਂ ਦੇ ਨੁਮਾਇੰਦੇ ਮੰਗਲ ਸਿੰਘ, ਕੁਲਦੀਪ ਸਿੰਘ ਚਹੇੜੂ, ਜਰਨੈਲ ਸਿੰਘ, ਗੁਰਦੀਪ ਸਿੰਘ ਕੂਕਾ ਸਾਬਕਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ ਪੰਜਾਬ ਸਮੇਤ ਸਥਾਨਕ ਬਿਜ਼ਨਸ ਭਾਈਚਾਰੇ ਦੇ ਆਗੂਆਂ, ਸਹਿਯੋਗੀਆਂ, ਫੈਡਰੇਸ਼ਨ ਦੇ ਨੁਮਾਇੰਦਿਆਂ ਤੇ ਵੱਖ ਵੱਖ ਕਲੱਬਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।