ਜਾਇਦਾਦ ਪਿੱਛੇ ਤਿੰਨ ਪੁੱਤਰਾਂ ਵੱਲੋਂ ਪਿਉ ਦੀ ਗਲਾ ਘੁੱਟ ਕੇ ਹੱਤਿਆ

ਅਬੋਹਰ: ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇਥੇ ਤਿੰਨ ਪੁੱਤਰਾਂ ਨੇ ਆਪਣੇ ਪਿਤਾ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਨਗਰ ਥਾਣਾ-1 ਦੀ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਉਣ ਮਗਰੋਂ ਤਿੰਨੋਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਨਗਰ ਥਾਣਾ-1 ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਜਾਇਦਾਦ ਦੇ ਵਿਵਾਦ ਕਾਰਨ ਅਜੀਤ ਸਿੰਘ, ਸੁਰਜੀਤ ਸਿੰਘ ਤੇ ਲਖਵਿੰਦਰ ਸਿੰਘ ਨੇ ਪਿਤਾ ਛਿੰਦਰਪਾਲ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਛਿੰਦਰਪਾਲ ਦੇ ਤਿੰਨ ਪੁੱਤਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਛਿੰਦਰਪਾਲ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਸੀ। ਤਿੰਨੋਂ ਪੁੱਤਰ ਜਾਇਦਾਦ ਵਿਚ ਹਿੱਸਾ ਮੰਗ ਰਹੇ ਸਨ ਤੇ ਸਾਜ਼ਿਸ਼ ਦੇ ਤਹਿਤ ਆਪਣੇ ਪਿਤਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।