ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚਲੰਤ ਮਾਲੀ ਸਾਲ ਦੇ ਬਜਟ ਸਬੰਧੀ ਲੋਕਾਂ ਦੇ ਸੁਝਾਅ ਲੈਣ ਖਾਤਰ ‘ਜਨਤਾ ਬਜਟ’ ਨਾਮੀ ਵੈੱਬ ਪੋਰਟਲ ਜਾਰੀ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਉਹ ਇਸ ਰਾਹੀਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਬਜਟ ਸਬੰਧੀ ਲੋਕਾਂ ਦੇ ਵਿਚਾਰ ਜਾਨਣਾ ਚਾਹੁੰਦੇ ਹਨ ਤਾਂ ਲੋਕਾਂ ਨੂੰ ਅਹਿਸਾਸ ਹੋਵੇ ਕਿ ਲੋਕਾਂ ਦੀ ਆਪਣੀ ਸਰਕਾਰ ਜਨਤਕ ਤੌਰ ‘ਤੇ ਸੁਝਾਅ ਲੈ ਕੇ ਹੀ ਫੈਸਲੇ ਲੈਂਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਕਾਰੋਬਾਰੀਆਂ, ਵਪਾਰੀਆਂ, ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਵਿਚਾਰ ਲੈਣ ਲਈ ਪਹਿਲਕਦਮੀ ਕੀਤੀ ਗਈ ਹੈ। ਸ੍ਰੀ ਚੀਮਾ ਨੇ ਦੱਸਿਆ ਕਿ ਇਸ ਪੋਰਟਲ ਵਿਚ 6 ਪੁਆਇੰਟ ਬਣਾਏ ਗਏ ਹਨ। ਇਨ੍ਹਾਂ ਵਿਚ ਕਾਰੋਬਾਰੀ ਭਾਈਚਾਰੇ ਨੂੰ ਕਾਰੋਬਾਰ ਵਧਾਉਣ ਵਿਚ ਸਹਿਯੋਗ ਦੇਣਾ, ਪੰਜਾਬ ਵਿਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਲਿਆਉਣਾ, ਕਿਸਾਨਾਂ ਦੀ ਸ਼ੁੱਧ ਆਮਦਨ ਵਿਚ ਵਾਧਾ ਕਰਨਾ, ਪੰਜਾਬ ਵਿਚ ਨਵੀਂ ਨੌਕਰੀਆਂ ਪੈਦਾ ਕਰਨਾ, ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣਾ, ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਆਦਿ ਸਬੰਧੀ ਸੁਝਾਅ ਮੰਗੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ 10 ਮਈ ਤੱਕ ਵੈੱਬਸਾਈਟ ‘ਤੇ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਇਲਾਵਾ ਉਹ ਵਿੱਤ ਵਿਭਾਗ ਦੇ ਪਤੇ ‘ਤੇ ਲਿਖਤੀ ਤੌਰ ‘ਤੇ ਵੀ ਆਪਣੇ ਸੁਝਾਅ ਭੇਜ ਸਕਦੇ ਹਨ।