ਨਵੀਂ ਦਿੱਲੀ: ਨਵੇਂ ਭਾਰਤ ਵੱਲੋਂ ਪੂਰੀ ਦੁਨੀਆਂ ‘ਚ ਆਪਣਾ ਪ੍ਰਭਾਵ ਛੱਡੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਆਪਣੀ ਰਿਹਾਇਸ਼ ‘ਤੇ ਸਿੱਖਾਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਹੋਰ ਮੁਲਕਾਂ ਨਾਲ ਭਾਰਤ ਦੇ ਰਿਸ਼ਤਿਆਂ ਵਿਚ ਮਜ਼ਬੂਤ ਕੜੀ ਰਿਹਾ ਹੈ।
ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਆਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਤੋਂ ਬਾਅਦ ਦੇ ਦੌਰ ਵਿਚ ਸਿੱਖਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦੀ ਹੈ। ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਵਫਦ ਵਿਚ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸ਼ਾਮਲ ਸਨ। ਸ੍ਰੀ ਮੋਦੀ ਨੇ ਕਿਹਾ, “ਗੁਰੂਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਸਿੱਖ ਪਰੰਪਰਾ ਅਸਲ ਵਿਚ ‘ਏਕ ਭਾਰਤ, ਸ੍ਰੇਸ਼ਠ ਭਾਰਤ‘ ਦੀ ਜਿਊਂਦੀ ਜਾਗਦੀ ਰਵਾਇਤ ਹੈ।”
ਉਨ੍ਹਾਂ ਕਿਹਾ ਕਿ ਨਵਾਂ ਭਾਰਤ ਨਵੇਂ ਦਿਸਹੱਦੇ ਛੂਹ ਰਿਹਾ ਹੈ ਅਤੇ ਪੂਰੀ ਦੁਨੀਆਂ ‘ਤੇ ਇਸ ਦੀ ਛਾਪ ਛੱਡ ਰਿਹਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਕਰੋਨਾ ਮਹਾਮਾਰੀ ਦਾ ਸਮਾਂ ਹੈ। ‘ਮਹਾਮਾਰੀ ਦੇ ਸ਼ੁਰੂ ‘ਚ ਪੁਰਾਣੀ ਮਾਨਸਿਕਤਾ ਵਾਲੇ ਲੋਕ ਭਾਰਤ ਬਾਰੇ ਚਿੰਤਾ ਜਤਾ ਰਹੇ ਸਨ ਪਰ ਲੋਕ ਹੁਣ ਮੁਲਕ ਦੀਆਂ ਮਿਸਾਲਾਂ ਦੇ ਰਹੇ ਹਨ। ਪਹਿਲਾਂ ਆਖਿਆ ਜਾ ਰਿਹਾ ਸੀ ਕਿ ਇੰਨੀ ਵੱਡੀ ਆਬਾਦੀ ਲਈ ਭਾਰਤ ਵੈਕਸੀਨ ਕਿਥੋਂ ਲਵੇਗਾ, ਲੋਕਾਂ ਦੀ ਜਿੰਦਗੀ ਕਿਵੇਂ ਬਚਾਈ ਜਾ ਸਕੇਗੀ? ਪਰ ਅੱਜ ਭਾਰਤ ਵੈਕਸੀਨ ਦਾ ਸਭ ਤੋਂ ਵੱਡਾ ਨਿਰਮਾਤਾ ਬਣ ਕੇ ਉਭਰਿਆ ਹੈ।‘ ਭਾਰਤੀ ਪਰਵਾਸੀਆਂ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਹਮੇਸ਼ਾ ਰਾਸ਼ਟਰ ਦੂਤ ਸਮਝਦੇ ਰਹੇ ਹਨ।
‘ਤੁਸੀਂ ਸਾਰੇ ਭਾਰਤ ਤੋਂ ਬਾਹਰ ‘ਮਾਂ ਭਾਰਤੀ` ਦੀ ਆਵਾਜ਼ ਅਤੇ ਪਛਾਣ ਹੋ।` ਪ੍ਰਧਾਨ ਮੰਤਰੀ ਮੁਤਾਬਕ ਭਾਰਤ ਦੇ ਲੋਕ ਬਿਨਾਂ ਕਿਸੇ ਵਸੀਲਿਆਂ ਦੇ ਦੁਨੀਆ ਦੇ ਵੱਖ-ਵੱਖ ਹਿੱਸਿਆਂ `ਚ ਗਏ ਅਤੇ ਆਪਣੀ ਮਿਹਨਤ ਰਾਹੀਂ ਸਫਲਤਾ ਹਾਸਲ ਕੀਤੀ। ‘ਇਹ ਨਵੇਂ ਭਾਰਤ ਦੀ ਭਾਵਨਾ ਹੈ।` ਸ੍ਰੀ ਮੋਦੀ ਨੇ ਕਿਹਾ ਕਿ ਉਹ ਅਕਸਰ ਗੁਰਦੁਆਰੇ ਜਾਂਦੇ ਰਹਿੰਦੇ ਹਨ ਅਤੇ ਉਥੇ ਸੇਵਾ ਕਰਨ ਤੇ ਲੰਗਰ ਛਕਣ ਤੋਂ ਇਲਾਵਾ ਉਹ ਸਿੱਖ ਪਰਿਵਾਰਾਂ `ਚ ਵੀ ਵਿਚਰਦੇ ਰਹੇ ਹਨ। ‘ਸਿੱਖ ਸੰਤਾਂ ਦੇ ਚਰਨ ਇਥੇ ਪ੍ਰਧਾਨ ਮੰਤਰੀ ਦੀ ਰਿਹਾਇਸ਼ `ਤੇ ਪੈਂਦੇ ਰਹੇ ਹਨ। ਮੈਨੂੰ ਉਨ੍ਹਾਂ ਨਾਲ ਰਹਿਣ ਦਾ ਸੁਭਾਗ ਮਿਲਦਾ ਰਹਿੰਦਾ ਹੈ।` ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਅਕਸਰ ਮਿਲਦੇ ਰਹਿੰਦੇ ਹਨ।