ਸ੍ਰੀਨਗਰ: ਜਾਇਜ਼ ਵੀਜ਼ੇ ‘ਤੇ ਪਾਕਿਸਤਾਨ ਗਏ 17 ਕਸ਼ਮੀਰੀ ਨੌਜਵਾਨਾਂ ਦੇ ਅਤਿਵਾਦੀ ਮੁਕਾਬਲਿਆਂ ਦੌਰਾਨ ਘਾਟੀ ਵਿਚ ਮਾਰੇ ਜਾਣ ਸਬੰਧੀ ਅਧਿਕਾਰੀਆਂ ਨੇ ਫਿਕਰਮੰਦੀ ਜ਼ਾਹਿਰ ਕੀਤੀ ਹੈ ਕਿ ਆਈ.ਐਸ.ਆਈ. ਇਥੇ ਖਾੜਕੂਵਾਦ ਨੂੰ ਸਵਦੇਸ਼ੀ ਲਹਿਰ ਵਿਚ ਰੰਗਣ ਲਈ ਨਵਾਂ ਢੰਗ ਅਪਣਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਾਲ 2015 ਤੋਂ ਵੱਡੀ ਗਿਣਤੀ ਵਿਚ ਨੌਜਵਾਨ ਉੱਚ ਸਿੱਖਿਆ ਹਾਸਲ ਕਰਨ, ਰਿਸ਼ੇਤਦਾਰਾਂ ਨੂੰ ਮਿਲਣ ਜਾਂ ਵਿਆਹ ਕਰਵਾਉਣ ਦੇ ਮਕਸਦ ਨਾਲ ਜਾਇਜ਼ ਵੀਜ਼ੇ ‘ਤੇ ਪਾਕਿਸਤਾਨ ਗਏ ਸਨ। ਹਾਲ ਹੀ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਅਤੇ ਦਿ ਆਲ ਇੰਡੀਅਨ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ, ਦਿ ਹਾਇਰ ਐਂਡ ਟੈਕਨੀਕਲ ਐਜੂਕੇਸ਼ਨ ਰੈਗੂਲੇਟਰੀ ਆਫ ਦਿ ਕੰਟਰੀ ਨੇ ਇਕ ਬਿਆਨ ਜਾਰੀ ਕਰਕੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਹੈ।
ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਨੇ ਇਕ ਸਾਂਝੇ ਬਿਆਨ ਵਿਚ ਕਿਹਾ ਸੀ ਕਿ ਕੋਈ ਵੀ ਭਾਰਤੀ ਨਾਗਰਿਕ/ਭਾਰਤ ਦਾ ਵਿਦੇਸ਼ੀ ਨਾਗਰਿਕ ਜੇਕਰ ਪਾਕਿਸਤਾਨ ਦੇ ਕਿਸੇ ਵੀ ਕਾਲਜ/ਸਿੱਖਿਆ ਸੰਸਥਾ ਤੋਂ ਡਿਗਰੀ ਕਰਦਾ ਹੈ ਤਾਂ ਉਹ ਪਾਕਿਸਤਾਨ ਵਿਚ ਹਾਸਲ ਕੀਤੀ ਸਿੱਖਿਆ ਦੇ ਆਧਾਰ ‘ਤੇ ਭਾਰਤ ਵਿੱਚ ਰੁਜ਼ਗਾਰ ਜਾਂ ਉੱਚ ਸਿੱਖਿਆ ਲੈਣ ਦੇ ਯੋਗ ਨਹੀਂ ਹੋਵੇਗਾ। ਅਧਿਕਾਰੀਆਂ ਨੇ ਇਸ ਪਿੱਛੇ ਵਜ੍ਹਾ ਦੱਸਦਿਆਂ ਕਿਹਾ ਸੀ ਕਿ ਸਰਹੱਦ ਤੋਂ ਪਾਰ ਜਾਣ ‘ਤੇ ਇਨ੍ਹਾਂ ਨੌਜਵਾਨਾਂ ਨੂੰ ਗੁਮਰਾਹ ਕੀਤਾ ਗਿਆ ਅਤੇ ਇਨ੍ਹਾਂ ਵਿਚੋਂ ਕਈਆਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਅਤੇ ਮਨੀ ਲਾਡਰਿੰਗ ਲਈ ਵਰਤਿਆ ਗਿਆ। ਜੰਮੂ-ਕਸ਼ਮੀਰ ਪੁਲੀਸ ਦੀ ਰਾਜ ਜਾਂਚ ਏਜੰਸੀ (ਐਸ.ਆਈ.ਏ.) ਨੇ ਪਾਕਿਸਤਾਨੀ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਦੀਆਂ ਸੀਟਾਂ ਵੇਚਣ ਅਤੇ ਦਹਿਸ਼ਤੀ ਗਤੀਵਿਧੀਆਂ ਲਈ ਕਮਾਈ ਦੀ ਵਰਤੋਂ ਕਰਨ ਲਈ ਇਕ ਹੁਰੀਅਤ ਆਗੂ ਅਤੇ ਹੋਰਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਜੰਮੂ ਅਤੇ ਕਸ਼ਮੀਰ ਤੋਂ ਸੈਂਕੜੇ ਵਿਦਿਆਰਥੀ ਉੱਚ ਸਿੱਖਿਆ ਲਈ ਪਾਕਿਸਤਾਨ ਗਏ ਅਤੇ ਇਨ੍ਹਾਂ ਵਿਚੋਂ ਕਈਆਂ ਨੂੰ ਗੁਮਰਾਹ ਕਰਕੇ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਜਾਂ ਸਰਹੱਦ ਪਾਰੋਂ ਜਾਣਕਾਰੀ ਹਾਸਲ ਕਰਨ ਦੇ ਇਰਾਦੇ ਨਾਲ ਸਲੀਪਰ ਸੈੱਲ ਵਜੋਂ ਭਰਤੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉੱਚ ਸਿੱਖਿਆ ਹਾਸਲ ਕਰਨ ਦੇ ਉਦੇਸ਼ ਨਾਲ ਜਾਇਜ਼ ਵੀਜ਼ੇ ‘ਤੇ ਪਾਕਿਸਤਾਨ ਗਏ 17 ਨੌਜਵਾਨ ਜਾਂ ਤਾਂ ਸਰਹੱਦ ‘ਤੇ ਜਾਂ ਅਤਿਵਾਦੀ ਮੁਕਾਬਲੇ ਦੌਰਾਨ ਮਾਰੇ ਗਏ। ਸੁਰੱਖਿਆ ਅਧਿਕਾਰੀ ਉਨ੍ਹਾਂ ਨੌਜਵਾਨਾਂ ਦਾ ਪਤਾ ਲਗਾ ਰਹੇ ਹਨ, ਜੋ ਥੋੜ੍ਹੇ ਸਮੇਂ ਲਈ ਜਾਇਜ਼ ਵੀਜ਼ੇ ‘ਤੇ ਪਾਕਿਸਤਾਨ ਗਏ ਸਨ ਅਤੇ ਵਾਪਸ ਆਉਣ ਮਗਰੋਂ ਲਾਪਤਾ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਲਾਪਤਾ ਹੋਏ ਨੌਜਵਾਨ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਕਸ਼ਮੀਰ ਵਿੱਚ ਅਤਿਵਾਦ ਦਾ ਨਵਾਂ ਚਿਹਰਾ ਦੱਸਿਆ ਗਿਆ ਹੈ।