ਨਵੀਂ ਦਿੱਲੀ: ਮੰਗ ਤੇ ਪੂਰਤੀ ਵਿਚਾਲੇ ਖੱਪਾ ਵਧਣ ਕਾਰਨ ਭਾਰਤ ‘ਚ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦਾ ਬਿਜਲੀ ਸੰਕਟ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਸਾਹਮਣੇ ਪਹਿਲੀ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ‘ਆਪ‘ ਸਰਕਾਰ ਨੇ ਬਿਜਲੀ ਸੰਕਟ ਕਾਬੂ ਕਰਨ ਲਈ ਹੀਲੇ ਵਸੀਲੇ ਸ਼ੁਰੂ ਕਰ ਦਿੱਤੇ ਹਨ। ਦੂਜੇ ਬੰਨੇ ਕਿਸਾਨ ਜਥੇਬੰਦੀਆਂ ਨੇ ਬਿਜਲੀ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਵਿੱਢ ਦਿੱਤੇ ਹਨ। ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਇਸ ਮਾਮਲੇ ‘ਚ ਕਟਹਿਰੇ ਵਿਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗ ਰਹੇ ਬਿਜਲੀ ਕੱਟਾਂ ਕਰਕੇ ਲੋਕ ਪਰੇਸ਼ਾਨ ਹਨ ਅਤੇ ਕਿਸਾਨਾਂ ਨੇ ਧਰਨੇ ਸ਼ੁਰੂ ਕਰ ਦਿੱਤੇ ਹਨ। ਇਕ ਅਨੁਮਾਨ ਅਨੁਸਾਰ ਪਾਵਰਕੌਮ ਦੀ ਆਪਣੇ ਸਰੋਤਾਂ ਤੋਂ ਬਿਜਲੀ ਲਗਭਗ 7000 ਮੈਗਾਵਾਟ ਹੈ। ਮੰਗ ਵੀ ਲਗਭਗ ਇਸ ਦੇ ਬਰਾਬਰ ਹੋ ਚੁੱਕੀ ਹੈ। ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਕਾਰਨ ਸਾਢੇ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਦੀ ਕਮੀ ਦੱਸੀ ਜਾ ਰਹੀ ਹੈ।
ਪੰਜਾਬ ਵਿਚ ਅਸਲ ਸੰਕਟ ਅਗਲੇ ਝੋਨੇ ਦੇ ਸੀਜ਼ਨ ਵਿਚ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ ਝੋਨੇ ਦੀ ਲਵਾਈ 10 ਜੂਨ ਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸੂਬੇ ਦੇ 27 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਬੀਜਿਆ ਜਾਂਦਾ ਹੈ। ਜੂਨ-ਜੁਲਾਈ ਵਿਚ ਬਿਜਲੀ ਦੀ ਮੰਗ ਵਧ ਕੇ 13000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ। ਇਹ ਬਿਜਲੀ ਕੌਮੀ ਗਰਿੱਡ ਤੋਂ ਤੁਰਤ ਖਰੀਦ ਕੇ ਜਾਂ ਪਹਿਲਾਂ ਸਿਆਲ ਦੇ ਸਮੇਂ ਵਿਚ ਕੀਤੀ ਬੈਂਕਿੰਗ ਦੇ ਜਰੀਏ ਹਾਸਿਲ ਕੀਤੀ ਜਾਂਦੀ ਹੈ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਹੁਣ ਨਾਲੋਂ ਦੁੱਗਣੀ, ਭਾਵ 14000 ਮੈਗਾਵਾਟ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਇਕ ਸਮੱਸਿਆ ਇਹ ਵੀ ਹੈ ਕਿ ਜੇ ਬਾਹਰੋਂ ਬਿਜਲੀ ਖਰੀਦਣੀ ਹੋਵੇ ਤਾਂ ਉਸ ਵਾਸਤੇ ਗਰਿੱਡਾਂ, ਖੰਭਿਆਂ, ਤਾਰਾਂ ਆਦਿ ਦਾ ਬੁਨਿਆਦੀ ਢਾਂਚਾ ਬੇਹੱਦ ਜਰੂਰੀ ਹੈ। ਮਾਹਿਰਾਂ ਅਨੁਸਾਰ ਇਸ ਵਾਸਤੇ ਪਿਛਲੇ ਕਈ ਸਾਲਾਂ ਤੋਂ 3500 ਕਰੋੜ ਰੁਪਏ ਦੀ ਯੋਜਨਾ ਕਾਗ਼ਜ਼ਾਂ ਤੱਕ ਹੀ ਸੀਮਤ ਰਹੀ ਹੈ। ਇਸ ਦੇ ਅਮਲ ਵਿਚ ਨਾ ਆਉਣ ਕਰਕੇ ਬਿਜਲੀ ਉਪਲਬਧ ਹੋਣ ਦੇ ਬਾਵਜੂਦ ਸਮੱਸਿਆ ਹੱਲ ਹੋਣੀ ਮੁਸ਼ਕਿਲ ਲੱਗਦੀ ਹੈ।
ਬਿਜਲੀ ਦੇ ਸੰਕਟ ਨੂੰ ਦੂਰ ਕਰਨ ਵਿਚ ਪਾਵਰਕੌਮ ਦੀ ਵਿੱਤੀ ਹਾਲਤ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਖੇਤੀ ਨੂੰ ਮੁਫ਼ਤ ਬਿਜਲੀ, ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ, ਗਰੀਬਾਂ ਨੂੰ ਦੋ ਸੌ ਯੂਨਿਟ ਪ੍ਰਤੀ ਮਹੀਨਾ ਮੁਫ਼ਤ ਸਮੇਤ ਸਬਸਿਡੀ ਦੀ ਰਕਮ ਲਗਭਗ 13000 ਕਰੋੜ ਰੁਪਏ ਦੇ ਨੇੜੇ ਪਹੁੰਚਦੀ ਰਹੀ ਹੈ। ਨਵੇਂ ਐਲਾਨ ਭਾਵ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇ ਨਾਲ ਸਬਸਿਡੀ ਦੀ ਰਕਮ ਵਧੇਗੀ। ਜੇ ਸਰਕਾਰ ਪਾਵਰਕੌਮ ਨੂੰ ਸਮੇਂ ਸਿਰ ਪੈਸਾ ਅਦਾ ਕਰੇ ਤਾਂ ਬਿਜਲੀ ਦੀ ਖਰੀਦ ਹੋਣ ਦੀ ਸੰਭਾਵਨਾ ਵਧ ਸਕਦੀ ਹੈ।
ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸੰਕਟ ਦੌਰਾਨ ਲੋਕਾਂ ਨੂੰ ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਆਲੋਚਨਾ ਦਾ ਸ਼ਿਕਾਰ ਹੋਈ ਹਾਕਮ ਧਿਰ ਨੇ ਬਿਜਲੀ ਦੀ ਘਾਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਲੋਕਾਂ ਨਾਲ ਨਵਾਂ ਭਾਰਤ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਉਨ੍ਹਾਂ ਦਾ ‘ਨਵਾਂ ਭਾਰਤ` ਹਨੇਰੇ ਵਿਚ ਜੀਅ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਿਜਲੀ ਉਤਪਾਦਨ ਵਧਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਤਾਰਾਂ `ਤੇ ਕੱਪੜੇ ਸੁਕਾ ਰਹੇ ਨੇ ਲੋਕ: ਰਾਜਾ ਵੜਿੰਗ
ਹੁਸ਼ਿਆਰਪੁਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਆਪਣੀ ਇਕ ਵੀ ਗਾਰੰਟੀ ਲਾਗੂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਪਿਛਲੀਆਂ ਸਰਕਾਰਾਂ ‘ਤੇ ਵਿਅੰਗ ਕੱਸਦੇ ਸਨ ਪਰ ਅੱਜ ਉਨ੍ਹਾਂ ਦੇ ਰਾਜ ਵਿਚ ਲੋਕ ਬਿਜਲੀ ਨਾ ਮਿਲਣ ਕਾਰਨ ਬਿਜਲੀ ਦੀਆਂ ਤਾਰਾਂ ‘ਤੇ ਕੱਪੜੇ ਸੁਕਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਤੱਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚਲਾਉਣ ਸਬੰਧੀ ਦਿੱਤੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਹੁੰਦਿਆਂ ਉਨ੍ਹਾਂ ਨੇ ਇਸ ਮੁੱਦੇ ‘ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਕਈ ਵਾਰ ਪੱਤਰ ਲਿਖੇ ਸਨ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਦਿੱਲੀ ਮਾਡਲ ਨੇ ਬਿਜਲੀ ਕੱਟਾਂ ਨਾਲ ਮਾਰਿਆ ਕਰੰਟ: ਭੂੰਦੜ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਦਿੱਲੀ ਮਾਡਲ ਨੇ ਪੰਜਾਬ ਨੂੰ ਅਜਿਹਾ ਕਰੰਟ ਮਾਰਿਆ ਹੈ ਕਿ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕਰ ਕੇ ਗਰਮੀ ਦੇ ਮੌਸਮ ਦੀ ਸ਼ੁਰੂਆਤ ਵਿਚ ਹੀ 18 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜੇ ਇਹ ‘ਆਪ` ਦਾ ਵਾਅਦੇ ਅਨੁਸਾਰ ਬਦਲਾਅ ਹੈ ਤਾਂ ਫਿਰ ਇਸ ਨਾਲ ਸੂਬੇ ਦਾ ਖੇਤੀਬਾੜੀ ਤੇ ਸਨਅਤੀ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਸ੍ਰੀ ਭੂੰਦੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਬਿਜਲੀ ਦੇ ਹਾਲਾਤ ਦੀ ਸਮੀਖਿਆ ਕਰਨ ਅਤੇ ਤੁਰੰਤ ਮਸਲਾ ਹੱਲ ਕਰਨ।