ਅੰਮ੍ਰਿਤਸਰ: ਗੁਰਬਾਣੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਹੈ।
ਇਕ ਹੋਰ ਵਿਅਕਤੀ ਉਂਕਾਰ ਸਿੰਘ ਨੂੰ ਵੀ ਅਜਿਹੇ ਇਕ ਹੋਰ ਮਾਮਲੇ ਵਿਚ ਗੁਰੂ ਪੰਥ ਕੋਲੋਂ ਭੁੱਲ ਬਖਸ਼ਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਇੰਟਰਨੈੱਟ ‘ਤੇ ਚੱਲ ਰਹੀਆਂ ਗੁਰਬਾਣੀ ਸਬੰਧੀ 21 ਐਪਸ ਵਿਚ ਤਰੁੱਟੀਆਂ ਕਾਰਨ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਵਿਚ ਸੁਧਾਈ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਐਪਸ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ।
ਇਹ ਹੁਕਮਨਾਮਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਗਿਆ। ਉਨ੍ਹਾਂ ਜਾਰੀ ਹੁਕਮਨਾਮੇ ਵਿਚ ਆਖਿਆ ਕਿ ਅਮਰੀਕਾ ਵਾਸੀ ਥਮਿੰਦਰ ਸਿੰਘ ਨੇ ਮਰਜ਼ੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਬਦੀਲੀਆਂ ਕੀਤੀਆਂ ਹਨ, ਜਿਸ ਕਾਰਨ ਪੰਜ ਸਿੰਘ ਸਾਹਿਬਾਨ ਵੱਲੋਂ ਉਸ ‘ਤੇ ਆਨਲਾਈਨ ਅਤੇ ਆਫਲਾਈਨ ਅਣ-ਅਧਿਕਾਰਤ ਛਪਾਈ ‘ਤੇ ਰੋਕ ਲਾਈ ਗਈ ਹੈ। ਉਸ ਨੂੰ ਗੁਰਬਾਣੀ ਨਾਲ ਛੇੜਛਾੜ ਦੇ ਦੋਸ਼ ਹੇਠ ਦੋਸ਼ੀ ਮੰਨਦਿਆਂ ਤਨਖਾਹੀਆ ਐਲਾਨਿਆ ਗਿਆ ਹੈ ਤੇ ਇਕ ਮਹੀਨੇ ਵਿਚ ਅਕਾਲ ਤਖਤ ‘ਤੇ ਪੇਸ਼ ਹੋਣ ਅਤੇ ਸਾਰਾ ਰਿਕਾਰਡ ਇੱਥੇ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਜਦੋਂ ਤੱਕ ਉਹ ਇਥੇ ਪੇਸ਼ ਨਹੀਂ ਹੁੰਦਾ, ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਸ ਨਾਲ ਕੋਈ ਵੀ ਤਾਲਮੇਲ ਨਾ ਰੱਖਣ ਅਤੇ ਨਾ ਹੀ ਉਸ ਨਾਲ ਕੋਈ ਸਾਂਝ ਰੱਖੀ ਜਾਵੇ। ਇਸੇ ਹੁਕਮਨਾਮੇ ਤਹਿਤ ਉਂਕਾਰ ਸਿੰਘ ਨੂੰ ਗੁਰਬਾਣੀ ਸੇਧਾਂ ਦੇ ਨਾਂ ਹੇਠ ਕੀਤੇ ਕਾਰਜ ਤੁਰਤ ਬੰਦ ਕਰਨ ਅਤੇ ਆਪਣਾ ਸਾਰਾ ਰਿਕਾਰਡ ਲੈ ਕੇ ਅਕਾਲ ਤਖਤ ‘ਤੇ ਪੇਸ਼ ਹੋ ਕੇ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਹੱਥੀਂ ਲਿਖਣ ਦੀ ਸੇਵਾ ਕਰਨ ਬਾਰੇ ਪੁੱਜੀ ਮੰਗ ‘ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਵਾਨਾਂ ਦੀ ਕਮੇਟੀ ਵੱਲੋਂ ਕੀਤੀ ਸਿਫਾਰਸ਼ ‘ਤੇ ਫੈਸਲਾ ਲਿਆ ਗਿਆ ਹੈ ਕਿ ਜੇ ਕੋਈ ਪਾਵਨ ਸਰੂਪ ਹੱਥੀਂ ਲਿਖਣ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਕੋਲੋਂ ਸ੍ਰੀ ਅਕਾਲ ਤਖਤ ਤੋਂ ਪ੍ਰਵਾਨਿਤ ਨਿਯਮਾਵਲੀ ਦੀਆਂ ਸ਼ਰਤਾਂ ਪੂਰੀਆਂ ਕਰ ਕੇ ਪ੍ਰਵਾਨਗੀ ਪ੍ਰਾਪਤ ਕਰੇ ਅਤੇ ਇਸ ਤੋਂ ਬਾਅਦ ਸੇਵਾ ਸ਼ੁਰੂ ਕਰੇ।
ਇਸੇ ਦੌਰਾਨ ਜਥੇਦਾਰ ਨੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਤੇ ਸੰਪਰਦਾਵਾਂ ਨੂੰ ਆਦੇਸ਼ ਦਿੱਤਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਇੱਕਜੁੱਟ ਹੋ ਕੇ ਸਮੂਹਿਕ ਯਤਨ ਕੀਤੇ ਜਾਣ। ਪਿੰਡ ਰੋਡੇ ਵਿਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਲਈ ਟਾਵਰ ‘ਤੇ ਚੜ੍ਹੇ ਇਕ ਵਿਅਕਤੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਖੁਦਕੁਸ਼ੀ ਦਾ ਰਾਹ ਛੱਡ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਜਥੇਬੰਦੀਆਂ ਦਾ ਸਹਿਯੋਗ ਕਰੇ। ਇਸ ਤੋਂ ਪਹਿਲਾਂ ਅਕਾਲ ਤਖਤ ਦੇ ਜ਼ਮੀਨਦੋਜ਼ ਹਾਲ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ, ਸੰਪਰਦਾਵਾਂ ਤੇ ਨਿਹੰਗ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਗੁਰਬਾਣੀ ਨਾਲ ਤੋੜ-ਮਰੋੜ ਕਰਨ ਦੇ ਵਿਸ਼ੇ ‘ਤੇ ਸੁਝਾਅ ਲਏ ਗਏ।