ਹਾਈਕਮਾਨ ਵੱਲੋਂ ਹੁਣ ਸਿੱਧੂ ਦੀ ‘ਰੜਕ’ ਕੱਢਣ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੰਧੂ ਖਿਲਾਫ ਕਾਰਵਾਈ ਦੀ ਤਿਆਰੀ ਕਰ ਲਈ ਹੈ। ਅਸਲ ਵਿਚ, ਨਵਜੋਤ ਸਿੰਧੂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਨਾਲੋਂ ਚੁਣਿਆ ਵੱਖਰਾ ਰਾਹ ਹਾਈਕਮਾਨ ਨੂੰ ਰੜਕਣ ਲੱਗਾ ਹੈ। ਪੰਜਾਬ ਕਾਂਗਰਸ ਦੇ ਨਵੇਂ ਚੁਣ ਗਏ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਦੀ ਸ਼ਿਕਾਇਤ ਹਾਈਕਮਾਨ ਨੂੰ ਕੀਤੀ ਹੈ ਜਿਸ ਤੋਂ ਬਾਅਦ ਇਸ ਆਗੂ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ ਹੈ।

ਸੁਨੀਲ ਜਾਖੜ ਤੋਂ ਬਾਅਦ ਸਿੱਧੂ ਅਜਿਹੇ ਕੱਦਾਵਾਰ ਆਗੂ ਹੋਣਗੇ ਜਿਨ੍ਹਾਂ ਖਿਲਾਫ਼ ਕਾਂਗਰਸ ਕਾਰਵਾਈ ਕਰਨ ਲਈ ਤਿਆਰ-ਬਰ-ਤਿਆਰ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਿੱਧੂ ਖਿਲਾਫ਼ ਜ਼ਾਬਤਾ ਕਾਰਵਾਈ ਲਈ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਹੈ। ਯਾਦ ਰਹੇ ਕਿ ਨਵੇਂ ਚੁਣੇ ਗਏ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ‘ਤੇ ਪਾਰਟੀ ਵਿਰੁੱਧ ਗਤੀਵਿਧੀਆਂ ਕਰਨ ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ। ਕਾਂਗਰਸ ਵੱਲੋਂ ਸਿੱਧੂ ‘ਤੇ ਦੋਸ਼ ਲਾਇਆ ਗਿਆ ਹੈ ਕਿ ਸਾਬਕਾ ਪ੍ਰਧਾਨ ਵੱਲੋਂ ਅਕਾਲੀ ਦਲ ਨਾਲ ਰਲ ਕੇ ਪਾਰਟੀ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪੱਤਰ ਉਤੇ ਤੁਰਤ ਕਾਰਵਾਈ ਕਰਨ ਲਈ ਸ੍ਰੀਮਤੀ ਗਾਂਧੀ ਨੂੰ ਭੇਜ ਦਿੱਤਾ ਗਿਆ ਹੈ, ਜਿਸ ਵਿਚ ਸਿੱਧੂ ਦੀ ਤੁਰਤ ਜਵਾਬਤਲਬੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਪਾਰਟੀ ਹਾਈਕਮਾਨ ਲਈ ਸਿਰਦਰਦੀ ਬਣਿਆ ਹੋਇਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਕਲੇਸ਼ ਸਿਖਰਾਂ ਉਤੇ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਨਾਲ ਕਾਂਗਰਸ ਇਕਜੁਟ ਹੋ ਕੇ ਚੋਣ ਮੈਦਾਨ ਵਿਚ ਕੁੱਦ ਜਾਵੇਗੀ ਪਰ ਹੋਇਆ ਇਸ ਦੇ ਉਲਟ। ਕੈਪਟਨ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੋਂ ਅੰਦਰੂਨੀ ਖਿੱਚ-ਧੂਹ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਹਾਈਕਮਾਨ ਵੱਲੋਂ ਚੰਨੀ ਨੂੰ ਚੋਣਾਂ ਵਿਚ ਮੁੜ ਮੁੱਖ ਮੰਤਰੀ ਉਮੀਦਵਾਰ ਐਲਾਨਣ ਕਾਰਨ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਸਣੇ ਕਈ ਆਗੂਆਂ ਨੇ ਮੂੰਹ ਵੱਟ ਲਿਆ। ਇਹ ਦੋਵੇਂ ਆਗੂ ਆਪਣੀ ਹੀ ਸੀਨੀਅਰ ਲੀਡਰਸ਼ਿਪ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰਦੇ ਰਹੇ ਪਰ ਹਾਈਕਮਾਨ ਨੇ ਕੋਈ ਕਾਰਵਾਈ ਕਰਨ ਤੋਂ ਟਾਲਾ ਹੀ ਵੱਡੀ ਰੱਖਿਆ। ਜਿਸ ਪਿੱਛੋਂ ਹਾਈਕਮਾਨ ਦੀ ‘ਬੇਵਸੀ` ਉਤੇ ਸਵਾਲ ਉੱਠਣ ਲੱਗੇ। ਕਿਉਂਕਿ ਚੋਣਾਂ ਵਿਚ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੀ ਹੀ ਪਾਰਟੀ ਨਾਲ ‘ਬਗਾਵਤ` ਕਰਕੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਸਰਗਰਮੀਆਂ ਕੀਤੀਆਂ। ਇਸ ਉਤੇ ਹਾਈਕਮਾਨ ਨੇ ਪ੍ਰਨੀਤ ਕੌਰ ਦੀ ਜਵਾਬਤਲਬੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਪਰ ਉਸ ਦਾ ਕੋਈ ਜਵਾਬ ਨਾ ਆਇਆ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਅਜਿਹਾ ਹੀ ਨੋਟਿਸ ਕੱਢਿਆ ਪਰ ਉਨ੍ਹਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਚੁਫੇਰਿਓਂ ਹੋ ਰਹੀ ਨੁਕਤਾਚੀਨੀ ਪਿੱੱਛੋਂ ਆਖਰ ਹਾਈਕਮਾਨ ਨੇ ਆਪਣੀ ‘ਤਾਕਤ` ਵਿਖਾਉਣ ਲਈ ਜਾਖੜ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ। ਹਾਲਾਂਕਿ ਇਸ ਕਾਰਵਾਈ ਵਿਚ ਵੀ ਹਾਈਕਮਾਨ ਦੀ ‘ਬੇਵੱਸੀ` ਸਾਫ ਨਜ਼ਰ ਆਈ, ਕਿਉਂਕਿ ਜਾਖੜ ਕੋਲ ਕੋਈ ਅਹੁਦਾ ਹੈ ਹੀ ਨਹੀਂ ਸੀ। ਉਹ ਪਹਿਲਾਂ ਹੀ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਗਏ ਸਨ। ਹੁਣ ਸਿੱਧੂ ਦੀਆਂ ਸਰਗਰਮੀਆਂ ਵੀ ਪਾਰਟੀ ਲਈ ਨਮੋਸ਼ੀ ਬਣੀਆਂ ਹੋਈਆਂ ਹਨ।
ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਾਂ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਪਾਰਟੀ ਨੂੰ ਰੜਕ ਹੀ ਰਹੀਆਂ ਸਨ, ਪਰ ਚੋਣਾਂ ਤੋਂ ਬਾਅਦ ਸਾਬਕਾ ਪ੍ਰਧਾਨ ਵੱਲੋਂ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਪਾਰਟੀ ਨੂੰ ਸਪੱਸ਼ਟ ਤੌਰ ‘ਤੇ ਦੋ ਧੜਿਆਂ ‘ਚ ਵੰਡ ਕੇ ਰੱਖ ਦਿੱਤਾ ਹੈ। ਪਾਰਟੀ ਦੇ ਸਾਬਕਾ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਧੜਾ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਨਾਲ ਵਿਚਰ ਰਿਹਾ ਹੈ। ਕਾਂਗਰਸ ਹਾਈ ਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬੇ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਤਾਂ ਸਿੱਧੂ ਨੇ ਇਕ ਤਰ੍ਹਾਂ ਨਾਲ ਬਾਗੀ ਸੁਰ ਅਪਣਾ ਲਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵਿਚੋਂ ਕੱਢੇ ਗਏ ਆਗੂਆਂ ਨਾਲ ਵੀ ਸਾਬਕਾ ਪ੍ਰਧਾਨ ਨੇ ਮੀਟਿੰਗਾਂ ਕੀਤੀਆਂ। ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਕਾਰਨ ਰਾਜਾ ਵੜਿੰਗ ਦੀ ਹਾਲਤ ਵੀ ਕਸੂਤੀ ਬਣੀ ਹੋਈ ਹੈ। ਪਿਛਲੇ ਦਿਨਾਂ ਦੌਰਾਨ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਸਿੱਧੂ ਦੀ ਗੁਪਤ ਮੀਟਿੰਗ ਨੇ ਕਾਂਗਰਸ ਨੂੰ ਸੋਚੀਂ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਕਈ ਹੋਰਨਾਂ ਆਗੂਆਂ ਨਾਲ ਵੀ ਰਾਬਤਾ ਕਾਇਮ ਕੀਤਾ ਸੀ। ਚਰਚਾਵਾਂ ਦਾ ਦੌਰ ਚੱਲ ਰਿਹਾ ਹੈ ਕਿ ਸ੍ਰੀ ਸਿੱਧੂ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਸਿੱਧੂ ਦੀਆਂ ਸਰਗਰਮੀਆਂ ਹੁਣ ਪਾਰਟੀ ਲਈ ਸਿਰਦਰਦੀ ਬਣ ਗਈਆਂ ਹਨ।