ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਆਰ.ਐਸ.ਐਸ.-ਭਾਜਪਾ ਭਾਰਤ ਦੀਆਂ ਘੱਟਗਿਣਤੀਆਂ ‘ਚ ਪਾਟਕ ਪਾਉਣ ਲਈ ਚਾਲ ਖੇਡ ਰਹੀ ਹੈ। ਮੁਸਲਮਾਨਾਂ ਨੂੰ ਧੱਕ ਕੇ ਕੰਧ ਨਾਲ ਲਾਉਣ ਦੀ ਮੁਹਿੰਮ ‘ਚ ਤੇਜ਼ੀ ਅਤੇ ਸਿੱਖਾਂ ਨੂੰ ਵਡਿਆਉਣ ਦੀ ਕਵਾਇਦ ਨਾਲੋ-ਨਾਲ ਚੱਲ ਰਹੀ ਹੈ। ਇਹ ਦੁਨੀਆ ਨੂੰ ਇਹ ਪ੍ਰਭਾਵ ਦੇਣ ਲਈ ਹੈ ਕਿ ਮੁਸਲਮਾਨ ਤਾਂ ਜਹਾਦੀ, ਫਸਾਦੀ ਅਤੇ ਦੰਗਈ ਹੈ, ਉਨ੍ਹਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ ਜਦੋਂਕਿ ਸਿੱਖ ਭਾਜਪਾ ਦੇ ਨਾਲ ਹਨ। ਮਨੋਰਥ ਸਿੱਖ ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨਾਲ ਖੜ੍ਹਨ ਤੋਂ ਰੋਕਣਾ ਵੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕੀਤੀ ਮਿਲਣੀ ਦੀ ਤਰਜ਼ ‘ਤੇ ਸਿੱਖ ਚਿਹਰਿਆਂ ਨੂੰ ਆਪਣੀ ਸਰਕਾਰੀ ਰਿਹਾਇਸ਼ ਉੱਪਰ ਸੱਦ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਆਰ.ਐਸ.ਐਸ-ਭਾਜਪਾ ਤਾਂ ਸਿੱਖਾਂ ਦੀ ਬਹੁਤ ਕਦਰਦਾਨ ਹੈ। ਇਸ ਮੌਕੇ ਮੋਦੀ ਪੋਚਵੀਂ ਦਸਤਾਰ ਸਜਾ ਕੇ ਕਥਿਤ ‘ਸਿੱਖ ਵਫਦ’ ਨੂੰ ਮਿਲੇ। ਸਿੱਖ ਭਾਈਚਾਰੇ ਨੂੰ ਭਾਰਤ ਅਤੇ ਹੋਰ ਮੁਲਕਾਂ ਦੇ ਸਬੰਧਾਂ ਵਿਚ ਇਕ ਕੜੀ ਦੱਸਦਿਆਂ ਮੋਦੀ ਨੇ ਕਿਹਾ ਕਿ ਗੁਰਦੁਆਰਿਆਂ ਵਿਚ ਜਾਣਾ, ਸੇਵਾ ਕਰਨਾ, ਲੰਗਰ, ਸਿੱਖ ਪਰਿਵਾਰਾਂ ਦੇ ਘਰਾਂ ਵਿਚ ਰਹਿਣਾ ਉਸ ਦੇ ਜੀਵਨ ਦਾ ਸੁਭਾਵਿਕ ਹਿੱਸਾ ਰਿਹਾ ਹੈ।
ਕਥਿਤ ਸਿੱਖ ਵਫਦ ਨਾਲ ਮਿਲਣੀ ਅਤੇ ਸਿੱਖਾਂ ਦੀਆਂ ਤਾਰੀਫਾਂ ਉਸ ਵਕਤ ਕੀਤੀਆਂ ਜਾ ਰਹੀਆਂ ਹਨ ਜਦੋਂ ਹਿੰਦੂ ਰਾਸ਼ਟਰ ਦੀ ਤਿਆਰੀ ਲਈ ਫਿਰਕੂ ਪਾਲਾਬੰਦੀ ਜ਼ੋਰਾਂ ‘ਤੇ ਹੈ ਅਤੇ ਸੰਘ ਮੁਖੀ ਵੱਲੋਂ ‘ਅਖੰਡ ਭਾਰਤ’ ਨੂੰ ਨਿਸ਼ਚਿਤ ਸਮੇਂ ‘ਚ ਸਾਕਾਰ ਕਰਨ ਦੇ ਗੁਰ ਦੱਸੇ ਜਾ ਰਹੇ ਹਨ। ਮੁਸਲਮਾਨਾਂ ਦਾ ਆਰਥਕ ਬਾਈਕਾਟ ਅਤੇ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਬੁਲਡੋਜਰਾਂ ਨਾਲ ਢਾਹੁਣਾ ਉਨ੍ਹਾਂ ਨੂੰ ਆਰਥਕ ਤੌਰ ‘ਤੇ ਸੱਟ ਮਾਰਨ ਦੀ ਸੋਚੀ-ਸਮਝੀ ਮੁਹਿੰਮ ਹੈ। ਜੇ ਕਥਿਤ ਸਿੱਖ ਵਫਦ ਦੀਆਂ ਜ਼ਮੀਰਾਂ ਨਾ ਮਰੀਆਂ ਹੁੰਦੀਆਂ ਤਾਂ ਉਹ ਮੋਦੀ ਨੂੰ ਇਹ ਸਵਾਲ ਲਾਜ਼ਮੀ ਕਰਦੇ ਕਿ ਸਿੱਖ ਫਲਸਫਾ ਤਾਂ ਮਜ਼ਲੂਮਾਂ ਦੀ ਰਾਖੀ ‘ਚ ਵਿਸ਼ਵਾਸ ਰੱਖਦਾ ਹੈ, ਜੇ ਉਹ ਸਿੱਖ ਕਦਰਾਂ-ਕੀਮਤਾਂ ਤੋਂ ਐਨਾ ਹੀ ਪ੍ਰਭਾਵਿਤ ਹੈ ਤਾਂ ਬੇਕਸੂਰ ਮੁਸਲਮਾਨਾਂ ਉੱਪਰ ਜ਼ੁਲਮਾਂ ਸਮੇਂ ਉਸ ਦੀ ਜ਼ੁਬਾਨ ਹਮੇਸ਼ਾ ਬੰਦ ਕਿਉਂ ਰਹਿੰਦੀ ਹੈ? ਹਕੀਕਤ ਇਹ ਹੈ ਕਿ ਇਹ ਵਫਦ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਨੁਮਾਇੰਦੇ ਨਹੀਂ, ਇਹ ਸੱਤਾ ਤੋਂ ਲਾਹਾ ਲੈਣ ਵਾਲੇ ਸਵਾਰਥੀ ਚਿਹਰੇ ਹਨ ਜਿਨ੍ਹਾਂ ਨੂੰ ਨੁਮਾਇੰਦੇ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਦੂਜੇ ਪਾਸੇ, ਸਿੱਖਾਂ ਦੇ ਜਾਗਰੂਕ ਹਿੱਸੇ ਆਰ.ਐਸ.ਐਸ.-ਭਾਜਪਾ ਦੇ ਏਜੰਡਿਆਂ ਬਾਰੇ ਚੁਕੰਨੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹ ਦੋਖੀ ਤਾਕਤ ਸਿੱਖ ਇਤਿਹਾਸ, ਧਾਰਮਿਕ ਰਹਿਤ ਨਾਲ ਛੇੜਛਾੜ ਕਰ ਰਹੀ ਹੈ ਅਤੇ ਉਨ੍ਹਾਂ ਦੀ ਨਿਆਰੀ ਹਸਤੀ ਨੂੰ ਚੂਹੇ ਵਾਂਗ ਅੰਦਰੋੋ-ਅੰਦਰੀ ਕੁਤਰ ਰਹੀ ਹੈ।
ਭਾਰਤ ਵਿਚ ਮੁਸਲਮਾਨਾਂ ਦੀ ਗਿਣਤੀ 20 ਕਰੋੜ ਹੈ। ਭਗਵੇਂ ਅਨਸਰਾਂ ਵੱਲੋਂ ‘ਧਰਮ ਸੰਸਦਾਂ’ ਕਰਕੇ ਮੁਸਲਮਾਨਾਂ ਦੇ ਕਤਲੇਆਮ ਦੇ ਸੱਦੇ ਦਿੱਤੇ ਜਾ ਰਹੇ ਹਨ। ਹਿੰਦੂਤਵ ਜਥੇਬੰਦੀਆਂ ਵੱਲੋਂ ਮੁਸਲਿਮ ਭਾਈਚਾਰੇ ਉੱਪਰ ਲਗਾਤਾਰ ਭੜਕਾਊ ਹਮਲੇ ਕੀਤੇ ਜਾ ਰਹੇ ਹਨ। ਹਿੰਦੂ ਫਿਰਕੇ ਦੇ ਧਾਰਮਿਕ ਦਿਹਾੜਿਆਂ ਉੱਪਰ ਸੋਭਾ ਯਾਤਰਾਵਾਂ ਕੱਢ ਕੇ ਮੁਸਲਮਾਨਾਂ ਦੇ ਮੁਹੱਲਿਆਂ ਵਿਚ ਭੜਕਾਊ ਨਾਅਰੇ ਲਗਾਏ ਜਾਂਦੇ ਹਨ। ਮਸਜਿਦਾਂ ਅੱਗੇ ਉੱਚੀ ਆਵਾਜ਼ ‘ਚ ਡੀ.ਜੇ. ਉੱਪਰ ਭੜਕਾਊ ਗੀਤ ਲਗਾ ਕੇ ਮੁਸਲਮਾਨਾਂ ਨੂੰ ਪ੍ਰਤੀਕਰਮ ਲਈ ਉਕਸਾਇਆ ਜਾਂਦਾ ਹੈ। ਮਸਜਿਦਾਂ ਦੇ ਸਪੀਕਰ ਬੰਦ ਕੀਤੇ ਜਾ ਰਹੇ ਹਨ। ਨਮਾਜ ਪੜ੍ਹਨ ‘ਚ ਖਲਲ ਪਾਉਣਾ ਆਮ ਹੈ। ਵਿਰੋਧ ਕੀਤੇ ਜਾਣ ‘ਤੇ ਉਨ੍ਹਾਂ ਦੇ ਘਰ, ਦੁਕਾਨਾਂ ਅਤੇ ਜਾਇਦਾਦਾਂ ਤਬਾਹ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਵਿਚ ਹੁਣ ਸਰਕਾਰ ਵੱਲੋਂ ਬੁਲਡੋਜ਼ਰ ਨਾਲ ਹਮਲਾ ਵੀ ਸ਼ਾਮਿਲ ਕਰ ਲਿਆ ਹੈ। ਮੁਸਲਮਾਨਾਂ ਦੀ ਆਰਥਕਤਾ ਨੂੰ ਸਿਲਸਿਲੇਵਾਰ ਤਰੀਕੇ ਨਾਲ ਤਬਾਹ ਕਰਕੇ ਉਨ੍ਹਾਂ ਦਾ ਮਨੋਬਲ ਤੋੜਿਆ ਜਾ ਰਿਹਾ ਹੈ। ਬੁਲਡੋਜ਼ਰ ਮੁਹਿੰਮਾਂ ਹੁਕਮਰਾਨ ਧਿਰ ਦੇ ‘ਚੁਣੇ ਹੋਏ ਨੁਮਾਇੰਦਿਆਂ’ ਦੇ ਆਦੇਸ਼ ‘ਤੇ ਮਿਉਂਸਪਲ ਕਮੇਟੀਆਂ ਅਤੇ ਪੁਲਿਸ ਮਿਲ ਕੇ ਚਲਾ ਰਹੀਆਂ ਹਨ। ਪਹਿਲਾਂ ਘੱਟਗਿਣਤੀਆਂ ਵਿਰੁੱਧ ਹਜੂਮੀ ਹਿੰਸਾ ਹਿੰਦੂਤਵ ਗਰੁੱਪ ਕਰਦੇ ਸਨ, ਹੁਣ ਇਹ ਭੂਮਿਕਾ ਸਟੇਟ ਮਸ਼ੀਨਰੀ ਨੇ ਸਾਂਭ ਲਈ ਹੈ। ਹਿੰਦੂਤਵ ਦਾ ਪੋਸਟਰ ਬੁਆਏ ‘ਜਾਮੀਆ ਸ਼ੂਟਰ’ ਰਾਮਭਗਤ ਗੋਪਾਲ ਜੋ ਯਤੀ ਨਰਸਿੰਘਾਨੰਦ ਦਾ ਨਜ਼ਦੀਕੀ ਹੈ, ਮੁਸਲਮਾਨਾਂ ਵਿਰੁੱਧ ਮਿਊਜ਼ਿਕ ਵੀਡੀਓ ਬਣਾ ਕੇ ਨਫਰਤ ਫੈਲਾ ਰਿਹਾ ਹੈ। ਪੁਲਿਸ ਨੇ ਸ਼ਾਹੀਨ ਬਾਗ ਪ੍ਰਦਰਸ਼ਨਾਂ ਸਮੇਂ ਜਾਮੀਆ ਯੂਨੀਵਰਸਿਟੀ ਵਿਖੇ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚਲਾਉਣ ਅਤੇ ਹੋਰ ਕੇਸਾਂ ‘ਚ ਉਸ ਦੀ ਜ਼ਮਾਨਤ ਰੱਦ ਕਰਨ ਦੀ ਬਜਾਇ ਉਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਜਦਕਿ ਭਾਈਚਾਰਕ ਸਾਂਝ ਲਈ ਕੰਮ ਕਰਨ ਵਾਲੇ ਉਮਰ ਖਾਲਿਦ ਅਤੇ ਹੋਰ ਕਾਰਕੁਨਾਂ ਦੀ ਜ਼ਮਾਨਤ ਵਾਰ-ਵਾਰ ਰੱਦ ਕੀਤੀ ਜਾ ਰਹੀ ਹੈ।
ਇਸ ਵਿਸ਼ੇਸ਼ ਰਵੱਈਏ ਰਾਹੀਂ ਮੁਸਲਮਾਨਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਸੰਘ ਦੇ ਗੁਰੂ ਗੋਲਵਲਕਰ ਦੀ 1939 ‘ਚ ਲਿਖੀ ਕਿਤਾਬ ‘ਅਸੀਂ ਅਤੇ ਸਾਡੀ ਰਾਸ਼ਟਰੀਅਤਾ ਦੀ ਪਰਿਭਾਸ਼ਾ’ ਵਿਚ ਬਿਆਨ ਕੀਤੀ ਮੁਸਲਮਾਨਾਂ ਦੀ ਦੋਇਮ ਦਰਜੇ ਦੀ ਨਾਗਰਿਕਤਾ ਹਕੀਕਤ ‘ਚ ਵਾਪਰ ਰਹੀ ਹੈ। ਉਸ ਨੇ ਸਾਫ ਲਿਖਿਆ ਸੀ ਕਿ ਮੁਸਲਮਾਨ ਇਸ ਧਰਤੀ ਉੱਪਰ ਵਿਦੇਸ਼ੀ ਨਸਲ ਹਨ। ਉਨ੍ਹਾਂ ਨੂੰ ਜਾਂ ਤਾਂ ਆਪਣੀ ਵੱਖਰੀ ਹਸਤੀ ਖਤਮ ਕਰਕੇ ਹਿੰਦੂ ਨਸਲ ਅਤੇ ਸੰਸਕ੍ਰਿਤੀ ਉੱਪਰ ਮਾਣ ਕਰਨ ਵਾਲੇ ਵਿਚਾਰਾਂ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਆਪਣੀ ਵੱਖਰੀ ਹੋਂਦ ਨੂੰ ਪੂਰੀ ਤਰ੍ਹਾਂ ਹਿੰਦੂ ਨਸਲ ਨੂੰ ਸੌਂਪ ਦੇਣਾ ਚਾਹੀਦਾ ਹੈ ਜਾਂ ਇਸ ਮੁਲਕ ‘ਚ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦੇ ਅਧੀਨ ਹੋ ਕੇ ਰਹਿਣਾ ਪਵੇਗਾ। ਉਨ੍ਹਾਂ ਨੂੰ ਨਾਗਰਿਕ ਦਾ ਵੀ ਹੱਕ ਨਹੀਂ ਮਿਲੇਗਾ, ਕਿਸੇ ਤਰ੍ਹਾਂ ਦੀ ਦਾਅਵੇਦਾਰੀ, ਵਿਸ਼ੇਸ਼ ਅਧਿਕਾਰਾਂ, ਕਿਸੇ ਤਰ੍ਹਾਂ ਦੇ ਸਹੂਲਤ ਵਾਲੇ ਵਿਹਾਰ ਦੀ ਤਾਂ ਗੱਲ ਛੱਡੋ; ਭਾਵ ਉਹ ਨਾਗਰਿਕਾਂ ਵਾਲੇ ਹੱਕ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਦੀ ਉਮੀਦ ਨਾ ਰੱਖਣ।
ਪਿਛਲੇ ਸਮੇਂ ‘ਚ ਬਹੁਤ ਹੀ ਸਿਲਸਿਲੇਵਾਰ ਤਰੀਕੇ ਨਾਲ ਮੀਟ ਅਤੇ ਚਮੜਾ ਕਾਰੋਬਾਰਾਂ ਨੂੰ ਬੰਦ ਕਰਾਉਣ ਲਈ ਮੁਹਿੰਮ ਚਲਾਈ ਗਈ ਕਿਉਂਕਿ ਇਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਕੰਮ ਕਰਦੇ ਹਨ। ਇਹ ਬਿਰਤਾਂਤ ਸਿਰਜਿਆ ਗਿਆ ਕਿ ‘ਸਭ ਦਾ ਵਿਕਾਸ’ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਵਿਕਾਸ ਦਾ ਫਲ ਤਾਂ 14% ਮੁਸਲਮਾਨ ਆਬਾਦੀ ਹੜੱਪ ਰਹੀ ਹੈ ਜੋ 80% ਹਿੰਦੂ ਨੂੰ ਮਿਲਣਾ ਚਾਹੀਦਾ ਹੈ। 2020 ‘ਚ ਲੌਕਡਾਊਨ ਦੌਰਾਨ ਮੁਸਲਮਾਨਾਂ ਦੇ ਧਾਰਮਿਕ ਇਕੱਠ ‘ਤਬਲੀਗੀ ਜਮਾਤ’ ਬਾਰੇ ਅਫਵਾਹਾਂ ਦੀ ਮੁਹਿੰਮ ਚਲਾ ਕੇ ਨਫਰਤ ਫੈਲਾਈ ਕਿ ਵੱਖ-ਵੱਖ ਮੁਲਕਾਂ ਦੇ ਤਬਲੀਗੀਆਂ ਨੇ ਇਕੱਠ ਕਰਕੇ ਸਾਜ਼ਿਸ਼ ਦੇ ਤਹਿਤ ਕਰੋਨਾ ਵਾਇਰਸ ਫੈਲਾਇਆ ਹੈ। ਸਿਲਸਿਲੇਵਾਰ ਤਰੀਕੇ ਨਾਲ ਗੈਰ ਮੁਸਲਮਾਨਾਂ ਦੇ ਮਨਾਂ ‘ਚ ਖਾਸ ਫਿਰਕੇ ਬਾਰੇ ਜ਼ਹਿਰ ਭਰੀ ਗਈ। ਇਸ ਦੇ ਅਸਰ ਵੱਖ-ਵੱਖ ਇਲਾਕਿਆਂ ‘ਚ ਨਜ਼ਰ ਆਉਣ ਲੱਗੇ। ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ‘ਚ ਦੋ ਸਬਜ਼ੀ ਵੇਚਣ ਵਾਲੇ ਮੁਸਲਮਾਨਾਂ ਦੀ ਕੁੱਟਮਾਰ ਕੀਤੀ ਗਈ ਕਿ ਉਹ ਤਬਲੀਗੀ ਜਮਾਤ ਦੇ ਮੈਂਬਰ ਹਨ ਅਤੇ ਕਰੋਨਾ ਫੈਲਾ ਰਹੇ ਹਨ।
ਛੋਟੇ-ਛੋਟੇ ਕਾਰੋਬਾਰ ਕਰਕੇ ਗੁਜ਼ਾਰਾ ਕਰ ਰਹੇ ਮੁਸਲਮਾਨ ਕਿਰਤੀ ਜਿਵੇਂ ਵੰਗਾਂ ਵੇਚਣ ਵਾਲੇ, ਟਾਂਗੇ ਵਾਲੇ, ਕਬਾੜੀਏ, ਡੋਸਾ ਵੇਚਣ ਵਾਲੇ ਅਤੇ ਹੋਰ ਸਵੈ-ਰੁਜ਼ਗਾਰ ਕਰਨ ਵਾਲੇ ਆਦਿ ਨਫਰਤ ਦਾ ਨਿਸ਼ਾਨਾ ਬਣੇ। ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਇਕ ਮੁਸਲਮਾਨ ਡੋਸਾ ਵੇਚਣ ਵਾਲੇ ਦੀ ਦੁਕਾਨ ਤੋੜ ਦਿੱਤੀ ਕਿ ਉਸ ਨੇ ‘ਸ਼੍ਰੀਨਾਥ ਡੋਸਾ’ ਨਾਮ ਕਿਉਂ ਰੱਖਿਆ ਸੀ। ਮਜਬੂਰ ਹੋ ਕੇ ਉਸ ਨੂੰ ਦੁਕਾਨ ਦਾ ਨਾਮ ‘ਅਮਰੀਕਨ ਡੋਸਾ ਕੌਰਨਰ’ ਰੱਖਣਾ ਪਿਆ। ਆਈ.ਡੀ. ਫਰੈੱਸ਼ ਡੋਸਾ ਕੰਪਨੀ ਦੇ ਮਾਲਕ ਮੁਸਲਮਾਨ ਹਨ। ਉਨ੍ਹਾਂ ਨੂੰ ਵਾਰ-ਵਾਰ ਸਪਸ਼ਟੀਕਰਨ ਦੇਣਾ ਪਿਆ ਕਿ ਉਨ੍ਹਾਂ ਦਾ ਡੋਸਾ 100% ਸ਼ਾਕਾਹਾਰੀ ਹੈ ਕਿਉਂਕਿ ਵ੍ਹੱਟਸਐਪ ਰਾਹੀਂ ਇਹ ਅਫਵਾਹ ਫੈਲਾਈ ਸੀ ਕਿ ਕੰਪਨੀ ਸਿਰਫ ਮੁਸਲਮਾਨਾਂ ਨੂੰ ਕੰਮ ‘ਤੇ ਰੱਖਦੀ ਹੈ ਅਤੇ ਇਹ ‘ਹਲਾਲ ਸਰਟੀਫਾਈਡ’ ਹੈ। ਹਿੰਦੂ ਅਤਿਵਾਦੀ ਗਰੁੱਪਾਂ ਦੇ ਦਬਾਓ ਹੇਠ ਨਵੰਬਰ 2020 ‘ਚ ਦੇਵਾਸ ਸ਼ਹਿਰ ‘ਚ ਮੱਧ ਪ੍ਰਦੇਸ਼ ਸਰਕਾਰ ਵੱਲੋਂ ਮੁਸਲਮਾਨ ਵਪਾਰੀਆਂ ਉੱਪਰ ਪਟਾਕੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ; ਇਸ ਬਹਾਨੇ ਕਿ ਪਟਾਕਿਆਂ ਦੇ ਡੱਬਿਆਂ ਉੱਪਰ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਹਨ ਹਾਲਾਂਕਿ ਇਹ ਸਮਾਨ ਸਿਵਾਕਸੀ (ਤਾਮਿਲਨਾਡੂ) ਦੀਆਂ ਹਿੰਦੂ ਮਾਲਕੀ ਵਾਲੀ ਕੰਪਨੀਆਂ ਦਾ ਬਣਾਇਆ ਹੋਇਆ ਸੀ।
ਜਨਵਰੀ 2021 ‘ਚ ਮੱਧ ਪ੍ਰਦੇਸ਼ ਪੁਲਿਸ ਨੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਸਮੇਤ ਪੰਜ ਜਣਿਆਂ ਨੂੰ ਹਿੰਦੂ ਚੌਕਸੀ ਗਰੁੱਪ ਵੱਲੋਂ ਲਗਾਏ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਕਿ ਉਨ੍ਹਾਂ ਦੀ ਮਨਸ਼ਾ ਹਿੰਦੂ ਦੇਵੀ-ਦੇਵਤਿਆਂ ਅਤੇ ਅਮਿਤ ਸ਼ਾਹ ਬਾਰੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਚੁਟਕਲੇ ਸੁਣਾਉਣ ਦੀ ਸੀ। ਉਨ੍ਹਾਂ ਨੂੰ ਕਈ ਮਹੀਨੇ ਜੇਲ੍ਹ ਕੱਟਣੀ ਪਈ। ਅਗਸਤ 2021 ‘ਚ ਹਿੰਦੂਤਵੀ ਦਹਿਸ਼ਤਵਾਦੀ ਗਰੁੱਪ ਨੇ ਇੰਦੌਰ ਵਿਚ ਇਕ ਮੁਸਲਮਾਨ ਵਣਜਾਰੇ ਉੱਪਰ ਹਮਲਾ ਕਰ ਦਿੱਤਾ ਕਿ ਉਹ ਹਿੰਦੂ ਇਲਾਕੇ ਵਿਚ ਵੰਗਾਂ ਕਿਉਂ ਵੇਚਦਾ ਹੈ। ਉਸ ਬੇਗੁਨਾਹ ਨੂੰ ਵੀ ਮੁਸਲਮਾਨ ਹੋਣ ਕਾਰਨ ਜੇਲ੍ਹ ਭੇਜ ਦਿੱਤਾ ਗਿਆ। ਯੂ.ਪੀ. ਦੇ ਇਕ ਚੱਪਲਾਂ ਵੇਚਣ ਵਾਲੇ ਨੂੰ ਹਿੰਦੂਤਵੀ ਅਨਸਰਾਂ ਦੀ ਸ਼ਿਕਾਇਤ ‘ਤੇ ਜੇਲ੍ਹ ਭੇਜ ਦਿੱਤਾ ਗਿਆ। ਉਸ ਦਾ ਕਸੂਰ ਇਹ ਸੀ ਕਿ ਉਸ ਵੱਲੋਂ ਵੇਚੀ ਜਾ ਰਹੀ ਚੱਪਲ ਉੱਪਰ ‘ਠਾਕੁਰ’ ਦਾ ਠੱਪਾ ਲੱਗਿਆ ਹੋਇਆ ਸੀ। ਇਹ ਵੱਖ-ਵੱਖ ਥਾਵਾਂ ਉੱਪਰ ਮੁਸਲਿਮ ਵਿਰੋਧੀ ਮੁਹਿੰਮ ਦਾ ਨਮੂਨਾ ਹੈ।
ਹਾਲ ਹੀ ਵਿਚ ਮੁਸਲਮਾਨਾਂ ਨੂੰ ਆਰਥਕ ਸੱਟ ਮਾਰਨ ਲਈ ਰਾਮਨੌਮੀ ਜਲੂਸਾਂ ਉੱਪਰ ਪਥਰਾਓ ਦਾ ਬਹਾਨਾ ਘੜ ਲਿਆ ਗਿਆ। ਮੁਲਕ ਦੇ ਵੱਖ-ਵੱਖ ਹਿੱਸਿਆਂ ‘ਚ ਜਿੱਥੇ ਵੀ ‘ਸ਼ੋਭਾ ਯਾਤਰਾ’ ਕੱਢਣ ਦੇ ਬਹਾਨੇ ਹਿੰਦੂਤਵੀ ਜਥੇਬੰਦੀਆਂ ਨੇ ਮੁਸਲਮਾਨਾਂ ਉੱਪਰ ਹਮਲੇ ਕੀਤੇ ਉੱਥੇ ਘੱਟਗਿਣਤੀ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਦਿੱਲੀ ਦੀ ਮੁੜ-ਵਸੇਬਾ ਕਲੋਨੀ ਜਹਾਂਗੀਰਪੁਰੀ ਵਿਚ ਜਿਸ ਨੂੰ ਗੈਰ-ਕਾਨੂੰਨੀਆਂ ਉਸਾਰੀਆਂ ਕਰਾਰ ਦੇ ਕੇ ਬੁਲਡੋਜ਼ਰ ਚਲਾਇਆ ਗਿਆ, ਜ਼ਿਆਦਾਤਰ ਤੋੜੇ ਗਏ ਖੋਖੇ ਅਤੇ ਰੇਹੜੀਆਂ ਗਰੀਬ ਮੁਸਲਿਮ ਔਰਤਾਂ ਦੇ ਹਨ ਜੋ ਸਬਜ਼ੀ ਵੇਚਣ, ਕਬਾੜ ਅਤੇ ਹੋਰ ਨਿੱਕੇ-ਨਿੱਕੇ ਕਾਰੋਬਾਰ ਕਰਕੇ ਆਪਣੇ ਪਰਿਵਾਰ ਪਾਲਦੀਆਂ ਹਨ।
ਸਰਕਾਰੀ ਅੰਕੜਿਆਂ ਅਨੁਸਾਰ 10 ਵਿਚੋਂ 9 ਮੁਸਲਿਮ ਔਰਤਾਂ ਇਸੇ ਤਰ੍ਹਾਂ ਦੇ ਨਿੱਕੇ-ਨਿੱਕੇ ਕਾਰੋਬਾਰ (ਗੈਰ-ਰਸਮੀ ਆਰਥਕਤਾ) ਕਰਦੀਆਂ ਹਨ। ਉਤਰਾਖੰਡ ਦੇ ਰੁੜਕੀ ਖੇਤਰ ਦੇ ਪਿੰਡ ਡਾਡਾ ਜਲਾਲਪੁਰ ਦੇ ਬਹੁਤ ਸਾਰੇ ਮੁਸਲਮਾਨ ਪਰਿਵਾਰ ਪਿੰਡ ਛੱਡ ਕੇ ਚਲੇ ਗਏ ਹਨ। ਜੋ ਅਜੇ ਆਪਣੇ ਘਰਾਂ ‘ਚ ਹਨ, ਉਹ ਬਹੁਤ ਜ਼ਿਆਦਾ ਡਰੇ ਹੋਏ ਹਨ ਕਿ ਪਤਾ ਨਹੀਂ ਕਦੋਂ ਦੁਬਾਰਾ ਹਮਲਾ ਹੋ ਜਾਵੇ। ਇਸ ਪਿੰਡ ‘ਚ 16 ਅਪਰੈਲ ਨੂੰ ਹਨੂਮਾਨ ਜੈਅੰਤੀ ਦੇ ਨਾਂ ਹੇਠ ਭੜਕਾਊ ਜਲੂਸ ਤੋਂ ਬਾਅਦ ਫਿਰਕੂ ਹਿੰਸਾ ਹੋਈ ਸੀ। ਸੋਭਾ ਯਾਤਰਾ ‘ਚ ਡੀ.ਜੇ. ਉੱਪਰ ਭੜਕਾਊ ਗੀਤਾਂ ਦੀਆਂ ਵੀਡੀਓ ਵਾਇਰਲ ਹੋਈਆਂ ਪਰ ਕਾਰਵਾਈ ਇਕਤਰਫਾ ਤੌਰ ‘ਤੇ ਘੱਟਗਿਣਤੀ ਫਿਰਕੇ ਵਿਰੁੱਧ ਕੀਤੀ ਗਈ। ਹਕੂਮਤ ਨੇ ਮਾਹੌਲ ਖਰਾਬ ਕਰਨ ਵਾਲਿਆਂ ਉੱਪਰ ਕਾਰਵਾਈ ਕਰਨ ਦੀ ਬਜਾਇ ਮੁੱਖ ਮੰਤਰੀ ਦੀ ਸਿੱਧੀ ਹਦਾਇਤ ‘ਤੇ ਇਕ ਹੀ ਫਿਰਕੇ ਦੇ 12 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਅਤੇ 40 ਅਣਪਛਾਤੇ ਲੋਕਾਂ ਵਿਰੁੱਧ ਸੰਗੀਨ ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਲਿਆ। ਫਿਰ ਹੋਰ ਦਹਿਸ਼ਤ ਪਾਉਣ ਲਈ ਪਿੰਡ ਵਿਚ ਬੁਲਡੋਜ਼ਰ ਭੇਜ ਦਿੱਤੇ ਗਏ ਕਿ ਜੇ ਦੋਸ਼ੀਆਂ ਨੇ ਪੁਲਿਸ ਅੱਗੇ ਆਤਮ-ਸਮਰਪਣ ਨਾ ਕੀਤਾ ਤਾਂ ਉਨ੍ਹਾਂ ਦੇ ਘਰ ਬੁਲਡੋਜ਼ਰਾਂ ਨਾਲ ਢਾਹ ਦਿੱਤੇ ਜਾਣਗੇ।
ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਮੁਸਲਮਾਨਾਂ ਦੇ ਆਰਥਕ ਬਾਈਕਾਟ ਦੀ ਰਿਪੋਰਟ ਹੈ। ਜਿੱਥੇ 10 ਅਪਰੈਲ ਦੇ ਫਿਰਕੂ ਹਮਲੇ ਤੋਂ ਬਾਅਦ 175 ਲੋਕਾਂ, ਮੁੱਖ ਤੌਰ ‘ਤੇ ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ 50 ਘਰ ਅਤੇ ਕਾਰੋਬਾਰ ਬੁਲਡੋਜ਼ਰ ਨਾਲ ਢਾਹ ਦਿੱਤੇ ਗਏ। ਇਹ ਸਰਕਾਰੀ ਅੰਕੜਾ ਹੈ, ਅਸਲ ਗਿਣਤੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ‘ਬੁਲਡੋਜ਼ਰ ਮਾਮਾ’ ਵਜੋਂ ਮਸ਼ਹੂਰ ਮੁੱਖ ਮੰਤਰੀ ਦੀ ਛੱਤਰਛਾਇਆ ਹੇਠ ਫਿਰਕੂ ਪਾਲਾਬੰਦੀ ਲਈ ਜੋ ਮੁਸਲਿਮ ਵਿਰੋਧੀ ਜ਼ਹਿਰ ਬੀਜੀ ਗਈ ਹੈ, ਉਸ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੁਸਲਮਾਨਾਂ ਦੇ ਆਰਥਕ ਬਾਈਕਾਟ ਨੇ ਬਾਕਾਇਦਾ ਮੁਹਿੰਮ ਦਾ ਰੂਪ ਅਖਤਿਆਰ ਕਰ ਲਿਆ ਹੈ। 17 ਅਪਰੈਲ ਨੂੰ ਪਾਟੀਦਾਰ ਜਾਤੀ ਦੇ 150 ਮੈਂਬਰਾਂ ਨੇ ਖਰਗੋਨ ਤਹਿਸੀਲ ਦੇ ਪਿੰਡ ਪੀਪਰੀ ਵਿਚ ‘ਸਰਦਾਰ ਪਟੇਲ ਯੁਵਾ ਸੰਗਠਨ’ ਦੇ ਝੰਡੇ ਹੇਠ ਬਾਕਾਇਦਾ ਇਕੱਠ ਕਰਕੇ ਮੁਸਲਮਾਨਾਂ ਦਾ ਆਰਥਕ ਬਾਈਕਾਟ ਦਾ ਮਤਾ ਪਾਸ ਕੀਤਾ ਜੋ ਉੱਥੋਂ ਦਾ ਭਾਰੂ ਖੇਤੀਬਾੜੀ ਸਮੂਹ ਹੈ। ‘ਅੰਮ੍ਰਿਤਾ ਨਮਕੀਨ ਭੰਡਾਰ’ ਦੇ ਮਾਲਕ ਨੇ ਸੋਸ਼ਲ ਮੀਡੀਆ ਉੱਪਰ ਬਾਕਾਇਦਾ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਉਸ ਨੂੰ ਚਾਹੇ ਕਿੰਨਾ ਵੀ ਆਰਥਕ ਨੁਕਸਾਨ ਝੱਲਣਾ ਪਵੇ, ਉਹ ਮੁਸਲਮਾਨਾਂ ਨੂੰ ਕੋਈ ਸਮਾਨ ਨਹੀਂ ਵੇਚੇਗਾ।
ਇਸੇ ਤਰ੍ਹਾਂ ਦਾ ਸੱਦਾ ਮਹਾਜਨ ਭਾਈਚਾਰੇ ਨੇ ਦਿੱਤਾ ਹੈ। ਸਕਲ ਹਿੰਦੂ ਸਮਾਜ ਜਿਸ ਦੇ 500 ਮੈਂਬਰ ਹਨ, ਨੇ ਮੁਸਲਮਾਨਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਵ੍ਹੱਟਸਐਪ ਗਰੁੱਪਾਂ ਉੱਪਰ ਹਿੰਦੂ ਗਰੁੱਪਾਂ ਵੱਲੋਂ ‘ਪਾਕੀਜ਼ਾ ਸ਼ੋਅਰੂਮ, ਸਿਟੀ ਬਾਜ਼ਾਰ, ਕੰਫਰਟ ਜ਼ੋਨ, ਸਮੀਰ ਸਪੋਰਟਸ, ਅੰਸਾਰੀ ਬੁੱਕ ਸਟੋਰਜ਼, ਜਿਲਾਨੀ ਸਟੋਰਜ਼ ਆਦਿ 40 ਮੁਸਲਮਾਨ ਦੁਕਾਨਾਂ ਦੀ ਸੂਚੀ ਸ਼ੇਅਰ ਕਰਕੇ ਹਿੰਦੂ ਔਰਤਾਂ ਨੂੰ ਦੁਕਾਨਾਂ ਤੋਂ ਕੋਈ ਸਮਾਨ ਦਾ ਖਰੀਦਣ ਦੀ ਹਦਾਇਤ ਕਰਦਿਆਂ ਕਿਹਾ ਗਿਆ ਹੈ: ‘ਕ੍ਰਿਪਾ ਖਰਗੋਨ ਮੇਂ ਇਨ ਦੁਕਾਨੋਂ ਸੇ ਖਰੀਦਦਾਰੀ ਨਾ ਕਰੇਂ’। ‘ਜਵਾਹਰ ਨਗਰ ਏਵਮ ਬਿਰਲਾ ਮਾਰਗ ਯਹਾਂ ਪੂਰੇ ਨਗਰ ਕੀ ਹਿੰਦੂ ਮਹਿਲਾਏਂ ਜਾਨਾ ਬੰਦ ਕਰੇਂ।’ ਸਕਲ ਹਿੰਦੂ ਸਮਾਜ ਨੇ ਦੁਕਾਨਾਂ/ਰੇਹੜੀਆਂ ਵਾਲਿਆਂ ਨੂੰ ਤਿਲਕ ਲਗਾਉਣ ਜਾਂ ਹਿੰਦੂ ਭਗਵਾਨ ਦੀ ਤਸਵੀਰ ਲਾਜ਼ਮੀ ਲਗਾਉਣ ਲਈ ਕਿਹਾ ਹੈ ਤਾਂ ਜੋ ਪਛਾਣ ਸਪਸ਼ਟ ਹੋਵੇ। ਸੋਸ਼ਲ ਮੀਡੀਆ ਰਾਹੀਂ ਲਗਾਤਾਰ ਸੰਦੇਸ਼ ਭੇਜੇ ਜਾ ਰਹੇ ਹਨ ਕਿ ਫੁੱਲ ਖਰੀਦਣ, ਪਾਰਟੀ ਡੈਕੋਰੇਸ਼ਨ ਕਰਾਉਣ, ਬਿਜਲੀ ਦਾ ਕੰਮ ਕਰਾਉਣ ਅਤੇ ਕਬਾੜ ਦੇ ਕਾਰੋਬਾਰ ਲਈ ਕਿਸ ਕਿਸ ਹਿੰਦੂ ਕਾਰੋਬਾਰੀ ਨਾਲ ਸੰਪਰਕ ਕੀਤਾ ਜਾਵੇ।
ਅਯੁਧਿਆ (ਉੱਤਰ ਪ੍ਰਦੇਸ਼) ਤੋਂ ਵੀ ਆਰਥਕ ਬਾਈਕਾਟ ਦੀਆਂ ਰਿਪੋਰਟਾਂ ਹਨ। ਉੱਥੇ ਚਾਰ ਮਸਜਿਦਾਂ ਅਤੇ ਇਕ ਦਰਗਾਹ ਲਾਗੇ ਸੂਰ ਦਾ ਮਾਸ, ਇਸਲਾਮਿਕ ਗ੍ਰੰਥ ਦੇ ਪਾੜੇ ਹੋਏ ਪੰਨੇ ਅਤੇ ਮੁਸਲਮਾਨਾਂ ਨੂੰ ਗਾਲੀ-ਗਲੋਚ ਕਰਦੇ ਭੜਕਾਊ ਪੋਸਟਰ ਸੁੱਟੇ ਹੋਏ ਮਿਲੇ। ਇਸ ਦਾ ਮੁੱਖ ਦੋਸ਼ੀ ‘ਹਿੰਦੂ ਯੋਧਾ ਸੰਗਠਨ’ ਦਾ ਮੁਖੀ ਮਹੇਸ਼ ਮਿਸ਼ਰਾ ਹੈ ਜੋ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਭੜਕਾਊ ਕਾਰਵਾਈਆਂ ਕਰ ਚੁੱਕਾ ਹੈ, ਉਹ ਜਰਾਇਮ ਪੇਸ਼ਾ ‘ਹਿਸਟਰੀ ਸ਼ੀਟਰ’ ਹੈ ਅਤੇ ਉਸ ਵਿਰੁੱਧ ਚਾਰ ਅਪਰਾਧਿਕ ਮੁਕੱਦਮੇ ਦਰਜ ਹਨ। ਸੋਸ਼ਲ ਮੀਡੀਆ ਉੱਪਰ ਉਸ ਦੇ ਵੀਡੀਓ ਕਲਿਪ ਮੌਜੂਦ ਹਨ ਜਿਨ੍ਹਾਂ ਵਿਚ ਉਹ ਕਹਿੰਦਾ ਹੈ ਕਿ ਉਹ ਮੁਸਲਮਾਨਾਂ ਦੀ ਹੱਤਿਆ ਕਰਨ ਦਾ ਪ੍ਰਣ ਕਰ ਚੁੱਕਾ ਹੈ ਅਤੇ ਉਸ ਨੇ ‘ਰਾਸ਼ਟਰ ਵਿਰੋਧੀਆਂ ਦੀ ਹਿੱਟ ਲਿਸਟ’ ਬਣਾ ਲਈ ਹੈ। ਇਕ ਵੀਡੀਓ ਵਿਚ ਉਹ ਸਾਰੇ ਮੁਸਲਮਾਨਾਂ ਨੂੰ ‘ਦਹਿਸ਼ਤਵਾਦ ਨੂੰ ਫੰਡ ਦੇਣ ਵਾਲੇ’ ਕਰਾਰ ਦੇ ਕੇ ਉਨ੍ਹਾਂ ਦੇ ਆਰਥਕ ਬਾਈਕਾਟ ਦਾ ਸੱਦਾ ਦਿੰਦਾ ਹੈ। ਪੁਲਿਸ ਸਿਰਫ ਉਸ ਨੂੰ ਗ੍ਰਿਫਤਾਰ ਕਰਨ ਦੀ ਖਾਨਾ ਪੂਰਤੀ ਕਰਦੀ ਹੈ, ਸਖਤ ਕਾਰਵਾਈ ਨਹੀਂ ਕਰਦੀ। 2016 ‘ਚ ਜਦੋਂ ਉਸ ਨੂੰ ਹਥਿਆਰਬੰਦ ਕੈਂਪ ਲਾਉਣ ਲਈ ਸੰਖੇਪ ਸਮੇਂ ਲਈ ਜੇਲ੍ਹ ਭੇਜਿਆ ਜਿਸ ਵਿਚ ਬੱਚਿਆਂ ਨੂੰ ਮੁਸਲਿਮ ਪਹਿਰਾਵੇ ‘ਚ ਹਮਲੇ ਅਤੇ ਹੱਤਿਆਵਾਂ ਕਰਨ ਦੀ ਸਿਖਲਾਈ ਦਿੱਤੀ ਗਈ ਸੀ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਚੰਪਤ ਰਾਏ ਨੇ ਉਸ ਦੀ ਗ੍ਰਿਫਤਾਰੀ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੰਦਿਆਂ ਉਸ ਦੇ ਸਿਖਲਾਈ ਕੈਂਪ ਦੀ ਡੱਟ ਕੇ ਹਮਾਇਤ ਕੀਤੀ ਸੀ।
ਇਹ ਆਰਥਕ ਤੌਰ ‘ਤੇ ਕਮਜ਼ੋਰ ਮੁਸਲਮਾਨ ਭਾਈਚਾਰੇ ਦਾ ਲੱਕ ਤੋੜਨ ਵਾਲਾ ਹਮਲਾ ਹੈ ਜੋ ਪਹਿਲਾਂ ਹੀ ਆਰਥਕਤਾ ਦੇ ਗੈਰ-ਰਸਮੀ ਖੇਤਰ ‘ਚ ਧੱਕੇ ਹੋਏ ਹਨ। ਇਹ ਆਰਥਕ ਬਾਈਕਾਟ ਭਾਵੇਂ ਅਜੇ 1933 ‘ਚ ਹਿਟਲਰ ਦੇ ਰਾਜ ‘ਚ ਯਹੂਦੀ ਕਾਰੋਬਾਰਾਂ ਦੇ ਬਾਈਕਾਟ ਦੇ ਪੱਧਰ ‘ਤੇ ਤਾਂ ਨਹੀਂ ਪਹੁੰਚਿਆ ਪਰ ਇਹ ਹੈ ਉਸੇ ਤਰਜ਼ ਦਾ, ਤੇ ਨਾਜ਼ੀਵਾਦੀ ਬਾਈਕਾਟ ਵੀ 1920ਵਿਆਂ ‘ਚ ਇਸੇ ਤਰ੍ਹਾਂ ਇਲਾਕਾ ਪੱਧਰ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਪੱਧਰ ‘ਤੇ ਪਹੁੰਚਿਆ ਸੀ।
ਜੰਮੂ ਕਸ਼ਮੀਰ ਤੋਂ ਖਬਰ ਹੈ ਕਿ ਪ੍ਰਸ਼ਾਸਨ ਵੱਲੋਂ ਸ੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਬੰਦ ਕਰ ਦਿੱਤੀ ਗਈ ਤਾਂ ਜੋ ਕਸ਼ਮੀਰੀ ਮੁਸਲਮਾਨ ਸ਼ਬ-ਏ-ਕਾਦਰ ਅਤੇ ਜੁਮਾਤੁਲ-ਵਿਦਾ ਲਈ ਉੱਥੇ ਇਕੱਠੇ ਨਾ ਹੋ ਸਕਣ। ਰਮਜ਼ਾਨ ਦਾ ਆਖਰੀ ਜੁੰਮਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਧਾਰਮਿਕ ਅਕੀਦਤ ਦਾ ਵਿਸ਼ੇਸ਼ ਮੌਕਾ ਹੁੰਦਾ ਹੈ। ਇਸ ਤੋਂ ਵਿਰਵੇ ਹੋਣ ‘ਤੇ ਉਹ ਆਪਣੀ ਜ਼ਿੰਦਗੀ ਨੂੰ ਅਧੂਰੀ ਸਮਝਦੇ ਹਨ। 600 ਸਾਲ ਪੁਰਾਣੀ ਮਸਜਿਦ ਕਸ਼ਮੀਰੀ ਅਵਾਮ ਦੇ ਵੱਡੇ ਧਾਰਮਿਕ ਇਕੱਠਾਂ ਲਈ ਜਾਣੀ ਜਾਂਦੀ ਹੈ। ਜਾਮੀਆ ਮਸਜਿਦ ਦੀ ਇੰਤਜ਼ਾਮੀਆ ਕਮੇਟੀ ਅਨੁਸਾਰ ਪਿਛਲੇ ਛੇ ਸਾਲਾਂ ‘ਚ ਅਮਨ-ਕਾਨੂੰਨ ਦੀ ਸਮੱਸਿਆ ਦੇ ਬਹਾਨੇ ਮਸਜਿਦ ਵਿਚ ਜੁੰਮੇ ਦੀ ਨਮਾਜ 160 ਤੋਂ ਵਧੇਰੇ ਵਾਰ ਬੰਦ ਕੀਤੀ ਗਈ ਹੈ।
ਕਸ਼ਮੀਰੀ ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਇਕ ਹੋਰ ਪਾਬੰਦੀ ਉੱਤਰੀ ਕਸ਼ਮੀਰ ਦੇ ਇਕ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਟਾਫ ਮੈਂਬਰਾਂ ਦੇ ਹਿਜਾਬ ਪਹਿਨਣ ਉੱਪਰ ਲਗਾਈ ਗਈ ਹੈ। ਇਹ ਸਕੂਲ ਭਾਰਤੀ ਫੌਜ ਵੱਲੋਂ ਪੁਣੇ ਦੀ ਇਕ ਐਨ.ਜੀ.ਓ ‘ਇੰਦਰਾਨੀ ਬਾਲਨ ਫਾਊਂਡੇਸ਼ਨ’ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ। ਡੈਗਰ ਪਰਿਵਾਰ ਸਕੂਲ ਬਾਰਾਮੂਲਾ ਨੇ 25 ਅਪਰੈਲ ਨੂੰ ਜਾਰੀ ਸਰਕੂਲਰ ਵਿਚ ਹਦਾਇਤ ਕੀਤੀ ਹੈ ਕਿ ਸਕੂਲ ਦੇ ਅੰਦਰ ਸਟਾਫ ਮੈਂਬਰ ਹਿਜਾਬ ਨਹੀਂ ਪਹਿਨ ਸਕਣਗੇ ਤਾਂ ਜੋ ‘ਵਿਦਿਆਰਥੀ ਸਹਿਜ ਮਹਿਸੂਸ ਕਰ ਸਕਣ ਅਤੇ ਅਧਿਆਪਕਾਂ ਤੇ ਸਟਾਫ ਨਾਲ ਗੱਲਬਾਤ ਕਰ ਸਕਣ।’ ਕਰਨਾਟਕ ਵਾਲਾ ਹਿਜਾਬ ਪ੍ਰਯੋਗ ਹੁਣ ਕਸ਼ਮੀਰ ‘ਚ ਕੀਤਾ ਜਾ ਰਿਹਾ ਹੈ।
ਇਹ ਹਮਲਾ ਮੁਸਲਮਾਨਾਂ ਤੱਕ ਸੀਮਤ ਰਹਿਣ ਵਾਲਾ ਨਹੀਂ। ‘ਸੁਦਰਸ਼ਨ ਨਿਊਜ਼’ ਚੈਨਲ ਦੇ ਪ੍ਰਮੁੱਖ ਸੰਪਾਦਕ ਸੁਰੇਸ਼ ਚਵਾਨਕੇ ਦੀ ਅਗਵਾਈ ‘ਚ ‘ਏਕ ਹੀ ਸਪਨਾ ਹਿੰਦੂ ਰਾਸ਼ਟਰ’ ਮੁਹਿੰਮ ਤਹਿਤ ਬਾਕਾਇਦਾ ਸਹੁੰ ਚੁੱਕ ਸਮਾਗਮ ਕੀਤੇ ਜਾ ਰਹੇ ਹਨ। ਪਹਿਲੀ ਮਈ 2022 ਨੂੰ ਅੰਬਾਲਾ ਸ਼ਹਿਰ ਵਿਚ ਚਵਾਨਕੇ ਵੱਲੋਂ ਸਹੁੰ ਚੁਕਵਾਈ ਗਈ ਜਿਸ ਵਿਚ ਭਾਜਪਾ ਦੇ ਵਿਧਾਇਕ ਅਸੀਮ ਗੋਇਲ ਦੀਆਂ ਹੋਰ ਆਗੂਆਂ ਸਮੇਤ ਵੱਡੀ ਤਦਾਦ ‘ਚ ਹਿੰਦੂ ਰਾਸ਼ਟਰ ਦੇ ਹਮਾਇਤੀ ਸ਼ਾਮਿਲ ਸਨ। ਇਸ ਤੋਂ ਪਹਿਲਾਂ ਨਾਗਪੁਰ, ਇੰਦੌਰਾ ਅਤੇ ਹੋਰ ਸ਼ਹਿਰਾਂ ‘ਚ ਇਸੇ ਤਰ੍ਹਾਂ ਦੇ ਸਹੁੰ ਚੁੱਕ ਸਮਾਗਮ ਕੀਤੇ ਜਾ ਚੁੱਕੇ ਹਨ। ਤਮਾਮ ਘੱਟਗਿਣਤੀਆਂ ਅਤੇ ਹੋਰ ਇਨਸਾਫਪਸੰਦਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।