ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਫਿਲਮ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।
ਸਾਡੀਆਂ ਇਪਟਾ ਦੀਆਂ ਸਰਗਰਮੀਆਂ ਦਿਨੋ-ਦਿਨ ਵਧ ਰਹੀਆਂ ਸਨ। ਹਰ ਰੋਜ਼ ਸ਼ਾਮ ਨੂੰ ਦੇਵਧਰ ਹਾਲ ਵਿਚ ਰਿਹਰਸਲਾਂ ਹੁੰਦੀਆਂ। ਅਸੀਂ ਮਾਰੋ-ਮਾਰ ਕਰਦੇ ਕਦੇ ਚਰਨੀ ਰੋਡ ਤੇ ਕਦੇ ਗਰਾਂਟ ਰੋਡ ਤੋਂ ਸਵਾ ਨੌਂ ਵਜੇ ਵਾਲੀ ਲੋਕਲ ਗੱਡੀ ਫੜਦੇ ਜੋ ਦਸ ਵਜੇ ਸਾਂਤਾ ਕਰੂਜ਼ ਪਹੁੰਚਦੀ ਸੀ। ਗੱਡੀ ਇਕ ਮਿੰਟ ਵੀ ਲੇਟ ਹੋ ਜਾਏ ਤਾਂ ਅਖੀਰਲੀ ਬੱਸ ਖੁੰਝ ਜਾਂਦੀ ਸੀ। ਬਸਾਂ ਵਾਲਿਆਂ ਨੂੰ ਬੇਲਿਹਾਜ਼ ਹੋਣ ਵਿਚ ਜਿਵੇਂ ਮਜ਼ਾ ਆਉਂਦਾ। ਐਨ ਪੈਰ ਉਤੇ ਆ ਕੇ ਉਹ ਮੁਸਾਫਰਾਂ ਨੂੰ ਠੁੱਠ ਵਿਖਾ ਕੇ ਬੱਸ ਕੱਢ ਲੈ ਜਾਂਦੇ। ਹਫਤੇ ਵਿਚ ਘੱਟੋ-ਘੱਟ ਦੋ ਵਾਰੀ ਤਾਂ ਜ਼ਰੂਰ ਸਾਨੂੰ ਸਾਂਤਾ ਕਰੂਜ਼ ਤੋਂ ਜੂਹੂ ਤਕ ਪੈਦਲ ਤੁਰਨਾ ਪੈਂਦਾ। ਘਟੋ-ਘਟ ਦੋ ਮੀਲ ਦਾ ਪੈਂਡਾ ਸੀ ਉਹ, ਤੇ ਭੁੱਖ ਨਾਲ ਉਸ ਵੇਲੇ ਆਂਦਰਾਂ ਫਟ ਰਹੀਆਂ ਹੁੰਦੀਆਂ। ਮਾੜਾ-ਮੋਟਾ ਝੁਲਸਾ ਦੇਣ ਲਈ ਅਸੀਂ ਭੁੰਨੇ ਹੋਏ ਛੋਲਿਆਂ ਜਾਂ ਮੂੰਗਫਲੀ ਦੀਆਂ ਆਨੇ ਦੋ ਆਨੇ ਵਾਲੀਆਂ ਪੁੜੀਆਂ ਖਰੀਦ ਲੈਂਦੇ। ਸਟੇਸ਼ਨਾਂ ਉਤੇ ਛਾਬੜੀਆਂ ਵਾਲੇ ਇਹ ਚੀਜ਼ਾਂ ਆਮ ਵੇਚਦੇ ਹਨ। ਇਕ ਤਾਂ ਉਹ ਸਸਤੀਆਂ ਹੁੰਦੀਆਂ ਹਨ, ਦੂਜੇ ਅਕੇਵਾਂ ਕੱਟਣ ਲਈ ਉਹਨਾਂ ਨੂੰ ਚੱਬਦੇ ਰਹਿਣਾ ਸਹਾਇਕ ਹੁੰਦਾ ਹੈ। ਇਕ ਵਾਰੀ ਕ੍ਰਿਸ਼ਨ ਚੰਦਰ ਨੂੰ ਛੋਲੇ ਚੱਬਣ ਦੀ ਅਜਿਹੀ ਚੰਦਰੀ ਆਦਤ ਪਈ ਕਿ ਉਹਦੀਆਂ ਗੱਲ੍ਹਾਂ ਅੰਦਰ ਛਾਲੇ ਪਏ ਰਹਿੰਦੇ ਸਨ।
ਚੇਤਨ, ਉਮਾ ਤੇ ਹੋਰ ਵੀ ਸਾਡੇ ਬਹੁਤ ਸਾਰੇ ਮਿੱਤਰ ਇਤਨੀ ਦੂਰ ਜਾ ਕੇ ਰਹਿਣ ਨੂੰ ਮੂਰਖਤਾ ਆਖਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਥੇ ਬਾਂਦਰੇ ਤੋਂ ਚਰਚਗੇਟ ਪੁੱਜਣ ਵਿਚ ਅੱਧਾ ਘੰਟਾ ਲੱਗਦਾ ਸੀ, ਉਥੇ ਜੂਹੂ ਤੋਂ ਲਗਭਗ ਇਕ ਘੰਟਾ ਲੱਗ ਜਾਂਦਾ ਸੀ। ਜੇ ਹਿਸਾਬ ਲਾਇਆ ਜਾਏ ਕਿ ਸਿਰਫ ਘਰ ਤੋਂ ਸ਼ਹਿਰ ਆਉਣ-ਜਾਣ ਵਿਚ ਮੈਂ ਆਪਣੀ ਜ਼ਿੰਦਗੀ ਦਾ ਕਿਤਨਾ ਹਿੱਸਾ ਬੰਬਈ ਸ਼ਹਿਰ ਵਿਚ ਬਰਬਾਦ ਕਰ ਚੁੱਕਾ ਹਾਂ ਤਾਂ ਸ਼ਾਇਦ ਦਿਲ ਠੰਠਬਰ ਜਾਏ ਪਰ ਜੂਹੂ ਵਿਚ ਸਮੁੰਦਰ ਦਾ ਬੜਾ ਸੁਆਦ ਸੀ। ਸਾਡਾ ਪਹਿਲੇ ਦਿਨ ਤੋਂ ਹੀ ਸਮੁੰਦਰ ਨਾਲ ਇਤਨਾ ਮੋਹ ਪੈ ਗਿਆ ਕਿ ਜੂਹੂ ਛੱਡ ਕੇ ਬੰਬਈ ਵਿਚ ਹੋਰ ਕਿਸੇ ਥਾਂ ਇਕ ਰਾਤ ਕੱਟਣੀ ਵੀ ਸਾਨੂੰ ਮਨਜ਼ੂਰ ਨਹੀਂ ਸੀ। ਸਵੇਰ ਸਾਰ ਸਾਡੇ ਦੋਵੇਂ ਬੱਚੇ ਹੱਥ ਵਿਚ ਨਿੱਕੀਆਂ-ਨਿੱਕੀਆਂ ਬਾਲਟੀਆਂ ਫੜ ਕੇ ਮਛੇਰਿਆਂ ਤੋਂ ਆਪਣਾ ਟੈਕਸ ਵਸੂਲ ਕਰਨ ਲਈ ਨੱਠ ਪੈਂਦੇ ਸਨ। ਕੇਕੜਿਆਂ ਨੂੰ ਖੁੱਡਾਂ ‘ਚੋਂ ਕੱਢ ਕੇ ਉਂਗਲਾਂ ਵਿਚ ਬੋਚੀ ਫਿਰਨ ਦਾ ਉਹਨਾਂ ਨੂੰ ਖਾਸ ਸ਼ੌਕ ਸੀ। ਸ਼ਬਨਮ ਤਾਂ ਜਿਊਂਦੀਆਂ ਮੱਛੀਆਂ ਨੂੰ ਦੰਦਾਂ ਵਿਚ ਟੁੱਕ ਕੇ ਦਰੜ ਜਾਂਦੀ। ਸਾਨੂੰ ਵੀ ਤਾਰੀਆਂ ਮਾਰਨ ਦਾ ਸੁਆਦ ਆਉਂਦਾ। ਮੈਂ ਸਮਝਦਾ ਹਾਂ ਕਿ ਜਿਤਨੇ ਵਰ੍ਹੇ ਅਸਾਂ ਜੂਹੂ ਦੇ ਦੂਰ ਹੋਣ ਕਰਕੇ ਆਉਣ-ਜਾਣ ਵਿਚ ਜ਼ਾਇਆ ਕੀਤੇ ਹਨ, ਉਤਨੇ ਹੀ ਉਹ ਸਿਹਤ ਲਈ ਉੱਤਮ ਇਲਾਕੇ ਵਿਚ ਰਹਿ ਕੇ ਵਧਾ ਵੀ ਲਏ ਹਨ। ਮਨੁੱਖ ਦੀ ਆਤਮਾ ਸੀਮਿਤ ਹੋਣ ਕਰਕੇ ਅਸੀਮਤਾ ਦੀ ਜਾਚਕ ਹੈ, ਤੇ ਸਾਗਰ ਵਿਚੋਂ ਇਹ ਅਸੀਮਤਾ ਪ੍ਰਾਪਤ ਹੋ ਜਾਂਦੀ ਹੈ। ਸਾਡਾ ਘਰ ਸਮੁੰਦਰ ਦੇ ਐਨ ਕੰਢੇ ਉਤੇ ਸੀ। ਤੜਕ ਸਾਰ ਛੱਲਾਂ ਦੀ ਗਰਜਣਾ ਜਿਵੇਂ ਸਾਨੂੰ ਵਾਜਾਂ ਮਾਰਨ ਲਗ ਪੈਂਦੀ, ਤੇ ਅਸੀਂ ਨੰਗੇ ਪੈਰੀਂ ਉਠ ਦੌੜਦੇ।
ਗਾਂਧੀ ਜੀ ਨੂੰ ਵੀ ਜੂਹੂ ਨਾਲ ਬੜਾ ਪਿਆਰ ਸੀ। ਜੇਲ੍ਹ ਵਿਚੋਂ ਰਿਹਾ ਹੋਣ ਪਿਛੋਂ ਉਹ ਕੁਝ ਅਰਸਾ ਜੂਹੂ ਆ ਕੇ ਠਹਿਰੇ ਸਨ। ਸੁਬਹ-ਸ਼ਾਮ ਨਿੱਕੀਆਂ-ਨਿੱਕੀਆਂ ਲਹਿਰਾਂ ਵਿਚ ਉਹਨਾਂ ਲਈ ਕੁਰਸੀ ਡਾਹ ਦਿੱਤੀ ਜਾਂਦੀ ਜਿਨ੍ਹਾਂ ਵਿਚ ਪੈਰ ਲਟਕਾ ਕੇ ਉਹ ਕਿਤਨਾ-ਕਿਤਨਾ ਚਿਰ ਆਪਣੇ ਵਿਚਾਰਾਂ ਵਿਚ ਮਗਨ ਬੈਠੇ ਰਹਿੰਦੇ। ਰੇਤੇ ਉਪਰ ਟਹਿਲਦੇ ਪਿਆਰੇ ਲਾਲ, ਡਾਕਟਰ ਸੁਸ਼ੀਲਾ ਨਾਇਰ, ਮੀਰਾ ਬੇਨ ਤੇ ਹੋਰ ਕਿਤਨੇ ਹੀ ਜਣੇ ਸਾਨੂੰ ਦਿਸਦੇ। ਅਸੀਂ ਦੂਰੋਂ ਉਹਨਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਤੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਜਦੋਂ ਸਾਨੂੰ ਵੀ ਉਹਨਾਂ ਵਾਂਗ ਆਸ਼ਰਮ ਵਾਸੀ ਹੋਣ ਦਾ ਸੁਭਾਗ ਪ੍ਰਾਪਤ ਸੀ। ਸਾਡਾ ਉੱਡ ਕੇ ਉਹਨਾਂ ਨੂੰ ਮਿਲਣ ਜਾਣ ‘ਤੇ ਦਿਲ ਕਰਦਾ ਪਰ ਗੈਰਤ ਇਜਾਜ਼ਤ ਨਾ ਦੇਂਦੀ। ਪਤਾ ਨਹੀਂ, ਉਹ ਅੱਗੋਂ ਸਾਨੂੰ ਅਪਨਾਉਣ ਕਿ ਨਾ। ਇਕ ਦਿਨ ਮੈਥੋਂ ਰਿਹਾ ਨਾ ਗਿਆ ਤੇ ਮੈਂ ਮਿਲਣ ਦੀ ਖਾਹਿਸ਼ ਜ਼ਾਹਿਰ ਕਰਦਿਆਂ ਬਾਪੂ ਵਲ ਇਕ ਖਤ ਪਾ ਹੀ ਦਿਤਾ। ਮੈਨੂੰ ਪਤਾ ਸੀ ਕਿ ਉਹਨਾਂ ਤੀਕ ਪਹੁੰਚਣ ਤੋਂ ਪਹਿਲਾਂ ਖਤ ਹੋਰਨਾਂ ਨਜ਼ਰਾਂ ਹੇਠੋਂ ਵੀ ਲੰਘੇਗਾ। ਮੈਨੂੰ ਜਵਾਬ ਆਉਣ ਦੀ ਬਹੁਤ ਘਟ ਆਸ ਸੀ। ਇਕ ਦਿਨ ਕੁਦਰਤੀ ਮੀਰਾ ਬੇਨ ਸਾਡੀ ਕਾਲੋਨੀ ਦੇ ਬਿਲਕੁਲ ਕਰੀਬ ਆ ਖੜ੍ਹੀ ਹੋਈ। ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਹਨੇ ਸਾਨੂੰ ਪਛਾਣ ਲਿਆ। ਪਹਿਲਾਂ ਤਾਂ ਉਹ ਬੜਾ ਨਿੱਘਾ ਬੋਲੀ ਪਰ ਫੇਰ ਝਟ ਉਸ ਦਾ ਰਵੱਈਆ ਬਦਲ ਗਿਆ। ਤਦ ਮੈਨੂੰ ਆਪਣੇ ਖਤ ਦਾ ਜ਼ਿਕਰ ਕਰਨ ਦੀ ਵੀ ਹਿੰਮਤ ਨਾ ਹੋਈ।
ਮੈਨੂੰ ਵਿਸ਼ਵਾਸ ਹੈ ਕਿ ਗਾਂਧੀ ਜੀ ਮੇਰਾ ਤੇ ਦਮੋ ਦਾ ਸੇਵਾਗਰਾਮ ਛੱਡ ਕੇ ਵਲੈਤ ਬੀ.ਬੀ.ਸੀ. ਦਾ ਕੰਮ ਕਰਨ ਜਾਣਾ ਮਾਫ ਕਰ ਸਕਦੇ ਸਨ। ਇਹ ਵੀ ਤਾਂ ਸੱਚ ਸੀ ਕਿ ਅਸੀਂ ਭਾਵੇਂ ਉਤੋਂ-ਉਤੋਂ ਹੀ ਸਹੀ, ਉਹਨਾਂ ਦੀ ਰਜ਼ਾ ਨਾਲ ਹੀ ਲੰਡਨ ਰਵਾਨਾ ਹੋਏ ਸਾਂ ਪਰ ਉਹਨਾਂ ਤੋਂ ਹੇਠਲੇ ਸਾਥੀਆਂ ਦਾ ਸਾਨੂੰ ਮਾਫ ਕਰਨਾ ਅਸੰਭਵ ਸੀ, ਜਦਕਿ ਸਾਡੇ ਜਾਣ ਪਿਛੋਂ ਉਹ ਕਿਤਨੀਆਂ ਮੁਸੀਬਤਾਂ ਵਿਚੋਂ ਲੰਘੇ ਸਨ। ਅਸੀਂ ਜ਼ਰਾ ਵੀ ਸ਼ਿਕਾਇਤ ਕਰਨ ਜੋਗੇ ਨਹੀਂ ਸਾਂ।
ਪਰ ਅਸੀਂ ਇਤਨਾ ਆਤਮ-ਗਿਲਾਨੀ ਦਾ ਸ਼ਿਕਾਰ ਵੀ ਨਹੀਂ ਸਾਂ। ਗਾਂਧੀ ਜੀ ਉਪਰ ਸਾਡੀ ਸ਼ਰਧਾ ਇਤਨੀ ਡੂੰਘੀ ਸੀ ਕਿ ਸ਼ਬਦਾਂ ਵਿਚ ਵਰਨਣ ਨਹੀਂ ਸੀ ਕੀਤੀ ਜਾ ਸਕਦੀ; ਖਾਸ ਕਰਕੇ ਦਮੋ ਨੂੰ ਤਾਂ ਬਾਪੂ, ਕਸਤੂਰਬਾ, ਆਸ਼ਾ ਦੀਦੀ ਤੇ ਆਰੀਯਮਦਾ ਤੋਂ ਬੇਹਿਸਾਬ ਪਿਆਰ ਮਿਲਿਆ ਸੀ ਪਰ ਗਾਂਧੀਵਾਦ ਤੋਂ ਸਾਡਾ ਵਿਸ਼ਵਾਸ ਬਹੁਤ ਸਾਰਾ ਉੱਠ ਗਿਆ ਸੀ। ਇਹ ਠੀਕ ਹੈ ਕਿ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਲਈ ਨਹੀਂ ਸਾਂ ਲੜੇ, ਜੇਲ੍ਹਾਂ ਵਿਚ ਨਹੀਂ ਸਾਂ ਗਏ ਪਰ ਅਨਗਿਣਤ ਰਾਤਾਂ ਅਸਾਂ ਬੰਬਾਂ ਦੀ ਵਰਖਾ ਹੇਠ ਗੁਜ਼ਾਰੀਆਂ ਸਨ। ਮੌਤ ਨਾਲ ਲੁਕਣਮੀਟੀ ਅਸੀਂ ਵੀ ਖੇਡੇ ਸਾਂ। ਚਾਰ ਸਾਲ ਅਸਾਂ ਉਸ ਯੂਰਪ ਵਿਚ ਗੁਜ਼ਾਰੇ ਸਨ ਜਿਥੇ ਜੰਗ ਕਰੋੜਾਂ ਜਾਨਾਂ ਨਿਗਲ ਗਈ ਸੀ, ਜਿਥੇ ਨਾਜ਼ੀ ਦਰਿੰਦਿਆਂ ਨੇ ਨਿਰਦੋਸ਼ ਯਹੂਦੀਆਂ ਦੀ ਚਮੜੀ ਨਾਲ ਲੈਂਪਾਂ ਦੇ ਸ਼ੇਡ ਬਣਵਾ ਕੇ ਰਾਖਸ਼ਸ਼ਪਣੇ ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ; ਤੇ ਸਾਨੂੰ ਯਕੀਨ ਹੋ ਚੁੱਕਾ ਸੀ ਕਿ ਵਰਤਮਾਨ ਯੁਗ ਦਾ ਕਰਾਂਤੀਕਾਰੀ ਫਲਸਫਾ ਮਾਰਕਸਵਾਦ ਹੈ, ਗਾਂਧੀਵਾਦ ਨਹੀਂ, ਤੇ ਨਾ ਹੀ ਕੋਈ ਹੋਰ ਵਾਦ। ਅੱਜ ਤਕ ਮੇਰਾ ਇਹ ਵਿਸ਼ਵਾਸ ਮਜ਼ਬੂਤ ਹੀ ਹੋਇਆ ਹੈ, ਘਟਿਆ ਨਹੀਂ।
ਕਲਾ ਤੇ ਸਾਹਿਤ ਵਿਚ ਯਥਾਰਥਵਾਦ ਦੀ ਵਿਦਿਆ ਮੈਨੂੰ ਕਾਲਜ ਵਿਚ ਅੰਗਰੇਜ਼ੀ ਸਾਹਿਤ ਦੇ ਅਧਿਐਨ ਤੋਂ ਮਿਲੀ ਸੀ। ਮੈਂ ਉਸ ਦੇ ਇਤਿਹਾਸ ਨੂੰ ਘੋਖਦਿਆਂ ਇਹ ਵੱਡਮੁੱਲਾ ਸਬਕ ਹਾਸਲ ਕੀਤਾ ਸੀ ਕਿ ਯੂਰਪ ਵਿਚ ਯਥਾਰਥਵਾਦ ਤੋਂ ਪਹਿਲਾਂ ਦੇ ਯੁਗ ਦੀ ਕਲਾ ਵਿਚ ਲੰਬਾਈ ਚੌੜਾਈ ਤਾਂ ਹੁੰਦੀ ਸੀ, ਡੂੰਘਾਈ ਨਹੀਂ ਸੀ ਹੁੰਦੀ ਜੋ ਕਲਾ ਦੀ ਤੀਜੀ ਮਾਤਰਾ ਹੈ। ਰੈਨੇਸਾਂਸ ਨੇ ਕਲਾ ਵਿਚ ਤੀਜੀ ਮਾਤਰਾ ਲਿਆਂਦੀ ਸੀ।
ਯਥਾਰਥਵਾਦ ਦੀ ਖੂਬੀ ਕਲਾ ਵਿਚ ਇਹ ਤੀਜੀ ਮਾਤਰਾ ਲਿਆਉਣਾ ਹੈ।
ਮੈਂ ਆਪਣੇ ਸਟੇਜ ਅਤੇ ਫਿਲਮ ਦੇ ਅਭਿਨੈ ਵਿਚ ਇਹੋ ਤੀਜੀ ਮਾਤਰਾ ਲਿਆਉਣ ਦਾ ਸ਼ੌਕੀਨ ਰਿਹਾ ਹਾਂ। ਇਹੋ ਕਲਾਕਾਰ ਲਈ ਸਭ ਤੋਂ ਔਖੀ ਪੌੜੀ ਹੈ, ਤੇ ਇਸੇ ਵਿਚ ਸਿਰਜਣਾ ਦਾ ਅਸਲ ਆਨੰਦ ਭਰਿਆ ਪਿਆ ਹੈ। ਕਲਾਕਾਰ ਆਪਣੇ ਖੇਡੇ ਹੋਏ ਕਿਰਦਾਰ ਨੂੰ ਸਜੀਵਤਾ ਨਾਲ ਦਰਸ਼ਕਾਂ ਅਗੇ ਪੇਸ਼ ਕਰਨਾ ਚਾਹੁੰਦਾ ਹੈ। ਇਕੋ ਥਾਂ ਖਲੋਤੀ ਸਜੀਵਤਾ ਨਹੀਂ ਬਲਕਿ ਉਹ ਸਜੀਵਤਾ ਜਿਸ ਵਿਚ ਗਤੀ ਹੋਵੇ। ਉਹ ਗਤੀ ਜਿਹੜੀ ਉਸ ਕਿਰਦਾਰ ਨੂੰ ਪੈਰੋ-ਪੈਰ ਡੂੰਘਾ ਤੇ ਨਵੀਨ ਕਰਦੀ ਜਾਵੇ। ਅਜਿਹਾ ਯਥਾਰਥਵਾਦ ਪੈਦਾ ਕਰਨ ਲਈ ਕੇਵਲ ਯੂਰਪ ਵਿਚ ਪੰਦਰ੍ਹਵੀਂ ਸਦੀ ਤੋਂ ਵਿਕਸਤ ਹੁੰਦੀ ਆ ਰਹੀ ਤਕਨੀਕ ਨੂੰ ਹੀ ਸਿੱਖਣ ਤੇ ਸਮਝਣ ਦੀ ਲੋੜ ਨਹੀਂ, ਹਾਲਾਂਕਿ ਇਹ ਵੀ ਬੜਾ ਹੀ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਇਹ ਜਾਨਣ ਤੇ ਸਮਝਣ ਦੀ ਵੀ ਲੋੜ ਹੈ ਕਿ ਪਿਛਲੀਆਂ ਸਦੀਆਂ ਵਿਚ ਮਨੁੱਖੀ ਸਮਾਜ ਕਿਹੜੇ ਪਾਸੇ ਜਾ ਰਿਹਾ ਸੀ, ਤੇ ਹੁਣ ਕਿਹੜੇ ਪਾਸੇ ਜਾ ਰਿਹਾ ਹੈ, ਮਨੁੱਖਤਾ ਸਾਹਮਣੇ ਸਭ ਤੋਂ ਅਹਿਮ ਸਵਾਲ ਕੀ ਹਨ, ਤੇ ਉਹਨਾਂ ਦਾ ਹੱਲ ਕਿਥੇ ਲੱਭਿਆ ਜਾ ਸਕਦਾ ਹੈ, ਸਮਾਜ ਵਿਚ ਕਿਹੜੀਆਂ ਪ੍ਰਵਿਰਤੀਆਂ ਮਰ ਰਹੀਆਂ ਹਨ, ਕਿਹੜੀਆਂ ਜਨਮ ਲੈ ਰਹੀਆਂ ਹਨ। ਵਿਅਕਤੀ ਨੂੰ ਸਮਝਣ ਲਈ ਸਮੂਹ ਦਾ ਸਮਝਣਾ ਲਾਜ਼ਮੀ ਹੈ।
ਮੈਂ ਜਿਤਨਾ ਜ਼ਿਆਦਾ ਮਾਰਕਸਵਾਦ ਦਾ ਅਧਿਐਨ ਕਰਦਾ, ਮੇਰੀਆਂ ਦਿਮਾਗੀ ਧੁੰਦਾਂ ਮਿਟਦੀਆਂ, ਚਾਨਣਾ ਹੁੰਦਾ। ਇਕ ਦਿਨ ਮਾਰਕਸ ਦੇ ਮਹਾਨ ਗ੍ਰੰਥ ‘ਸਰਮਾਇਆ’ ਦਾ ਪਹਿਲਾ ਕਾਂਡ ਖੋਲ੍ਹਦਿਆਂ ਹੀ ਮੈਂ ਪੜ੍ਹਿਆ “ਜਿਨਸ ਸਾਡੀ ਸਵੈਤਾ ਤੋਂ ਬਾਹਰ ਦੀ ਚੀਜ਼ ਹੁੰਦੀ ਹੈ। ਉਹ ਆਪਣੇ ਗੁਣਾਂ ਨਾਲ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਰੂਰਤਾਂ ਸਰੀਰਕ ਹਨ ਕਿ ਮਾਨਸਿਕ।”
ਇਸ ਵਾਕ ਦਾ ਮੇਰੇ ਉਪਰ ਬੜਾ ਡੂੰਘਾ ਅਸਰ ਪਿਆ, ਜਿਵੇਂ ਮੈਨੂੰ ਕਿਸੇ ਅਹਿਮ ਸਮੱਸਿਆ ਦਾ ਹੱਲ ਮਿਲ ਗਿਆ ਹੋਵੇ। ਅਭਿਨੈ ਕਲਾ ਵੀ ਹੋਰ ਸੰਸਾਰਕ ਕੰਮਾਂ ਵਾਂਗ ਕੰਮ ਹੈ। ਮਿਸਤਰੀ ਮੇਜ਼ ਕੁਰਸੀ ਬਣਾ ਕੇ, ਇੰਜਨੀਅਰ ਮਸ਼ੀਨ ਬਣਾ ਕੇ ਮਨੁੱਖ ਦੀ ਕੋਈ ਨਾ ਕੋਈ ਸਰੀਰਕ ਜ਼ਰੂਰਤ ਪੂਰੀ ਕਰਦਾ ਹੈ। ਲੇਖਕ ਨਾਟਕ ਦੀ ਰਚਨਾ ਕਰਕੇ, ਅਭਿਨੇਤਾ ਕਿਸੇ ਪਾਤਰ ਨੂੰ ਖੇਡ ਕੇ ਮਨੁੱਖ ਦੀ ਮਾਨਸਿਕ ਲੋੜ ਪੂਰੀ ਕਰਦਾ ਹੈ। ਦੋਵੇਂ ਤਰ੍ਹਾਂ ਦੇ ਕੰਮ ਇਕੋ ਜਿਤਨੇ ਪਵਿੱਤਰ ਤੇ ਇਕੋ ਜਿਤਨੇ ਹੀ ਸ਼ਲਾਘਾਯੋਗ ਹਨ।
ਸਾਡੇ ਦੇਸ਼ ਵਿਚ ਆਮ ਕਰਕੇ ਇਹ ਧਾਰਨਾ ਬੜੀ ਪੱਕੀ ਬਣੀ ਹੋਈ ਹੈ ਕਿ ਕਲਾ ਕੋਈ ਰੱਬੀ ਦਾਤ ਹੈ। ਕਲਾਕਾਰ ਬਣਦਾ ਨਹੀਂ, ਜੰਮਦਾ ਹੈ। ਅਭਿਨੇਤਾ ਦੀ ਪ੍ਰੇਰਨਾ ਦਰਗਾਹੋਂ ਆਉਂਦੀ ਹੈ, ਉਸ ਦੇ ਵੱਸ ਦੀ ਚੀਜ਼ ਨਹੀਂ। ਜਿਵੇਂ ਕਿਸੇ ਪ੍ਰਾਚੀਨ ਯੂਨਾਨੀ ਫਿਲਾਸਫਰ ਨੇ ਕਿਹਾ ਸੀ, “ਲਿਖਣ ਵੇਲੇ ਕਵੀ ਉਪਰ ਦੈਵਿਕ ਜਨੂਨ ਜਿਹਾ ਸਵਾਰ ਹੋ ਜਾਂਦਾ ਹੈ।”
ਮੈਂ ਇਸ ਧਾਰਨਾ ਨੂੰ ਸਦਾ ਲਈ ਤਿਲਾਂਜਲੀ ਦੇ ਦਿੱਤੀ। ਮੈਂ ਸਮਝਦਾ ਹਾਂ ਕਿ ਮੈਂ ਠੀਕ ਹੀ ਕੀਤਾ। ਕਲਾ ਵਿਚ ਅਧਿਆਤਮਵਾਦ ਨੂੰ ਘੁਸੇੜਨ ਵਿਚ ਨੁਕਸਾਨ ਹੀ ਨੁਕਸਾਨ ਹੈ, ਲਾਭ ਕੋਈ ਨਹੀਂ।
ਹਰ ਸਾਲ ਅਸੀਂ ਕਿਤਨੀਆਂ ਹੀ ਅਮਰੀਕਨ ਫਿਲਮਾਂ ਵੇਖਦੇ ਹਾਂ। ਇਹਨਾਂ ਵਿਚ ਕੇਵਲ ਮੁੱਖ ਪਾਤਰ ਹੀ ਨਹੀਂ ਸਗੋਂ ਹਰ ਨਿੱਕੇ ਕਿਰਦਾਰ ਨੂੰ ਇਤਨੀ ਸੁੰਦਰਤਾ ਨਾਲ ਨਿਭਾਇਆ ਜਾਂਦਾ ਹੈ ਕਿ ਅਸੀਂ ਕੋਈ ਨੁਕਸ ਨਹੀਂ ਫੜ ਸਕਦੇ ਪਰ ਸਾਡੀਆਂ ਹਿੰਦੀ ਫਿਲਮਾਂ ਵਿਚ ਦੋ-ਚਾਰ ਮੁੱਖ ਪਾਤਰਾਂ ਨੂੰ ਛੱਡ ਕੇ ਕਿਸੇ ਦਾ ਕੰਮ ਚੱਜ ਦਾ ਵੇਖਣ ਵਿਚ ਨਹੀਂ ਆਉਂਦਾ ਸਗੋਂ ਕਈ ਵਾਰੀ ਚੰਗੇ ਨਾਮਵਰ ਅਦਾਕਾਰ ਵੀ ਪੈਸੇ ਦੇ ਲਾਲਚ ਵਿਚ ਵੀਹ-ਵੀਹ ਫਿਲਮਾਂ ਦਾ ਇਕੱਠਾ ਬੋਝ ਸਿਰ ਉੱਤੇ ਪਾ ਕੇ ਆਪਣਾ ਮਿਆਰ ਡੇਗ ਲੈਂਦੇ ਹਨ।
ਜੇ ਐਕਟਿੰਗ ਰੱਬੀ ਦਾਤ ਹੈ ਤਾਂ ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਪੱਛਮੀ ਦੇਸ਼ਾਂ ਵਿਚ ਜਿਥੇ ਧਰਮ-ਮਜ਼੍ਹਬ ਦੀ ਕੋਈ ਖਾਸ ਪੁੱਛ-ਪ੍ਰਤੀਤ ਨਹੀਂ, ਇਹ ਦਾਤ ਹਰ ਕਿਸੇ ਨੂੰ ਇਤਨੀ ਆਸਾਨੀ ਨਾਲ ਮਿਲ ਜਾਂਦੀ ਹੈ, ਤੇ ਸਾਡੇ ਦੇਸ਼ ਵਿਚ ਵਿਰਲਿਆਂ ਨੂੰ ਜਿਥੇ ਦਿਨੇ ਰਾਤੀਂ ਧਾਰਮਿਕਤਾ ਦੇ ਟੱਲ ਖੜਕਦੇ ਹਨ? ਨਹੀਂ, ਅਭਿਨੈ ਕਲਾ ਕੇਵਲ ਆਰਟ ਨਹੀਂ, ਸਾਇੰਸ ਵੀ ਹੈ। ਵਿਗਿਆਨਕ ਢੰਗ ਨਾਲ ਅਧਿਐਨ ਤੇ ਅਭਿਆਸ ਕਰਕੇ ਕੋਈ ਵੀ ਸ਼ਖਸ ਚੰਗਾ ਅਦਾਕਾਰ ਬਣ ਸਕਦਾ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬੰਦੇ ਨੂੰ ਜਮਾਂਦਰੂ ਕੁਝ ਮਿਲਦਾ ਹੀ ਨਹੀਂ। ਹਰ ਕਿਸੇ ਦੇ ਸੰਸਕਾਰ ਇਕੋ ਜਿਹੇ ਨਹੀਂ ਹੁੰਦੇ। ਕੋਈ ਚੰਗਾ ਸਾਇੰਸਦਾਨ ਬਣਨ ਦੀ ਪ੍ਰਤਿਭਾ ਲੈ ਕੇ ਜੰਮਦਾ ਹੈ, ਕੋਈ ਹਿਸਾਬਦਾਨ, ਕੋਈ ਖਿਡਾਰੀ, ਕੋਈ ਚਿੱਤਰਕਾਰ, ਕੋਈ ਸੰਗੀਤਕਾਰ, ਤੇ ਕੋਈ ਅਭਿਨੇਤਾ। ਸੰਪੂਰਨਤਾ ਨਾਲ ਓਸੇ ਸ਼ਖਸ ਦਾ ਵਿਕਾਸ ਹੋ ਸਕਦਾ ਹੈ ਜਿਸ ਦੀ ਅੰਦਰੂਨੀ ਪ੍ਰਤਿਭਾ ਨੂੰ ਛੋਟੀ ਉਮਰ ਤੋਂ ਫਲਣ-ਫੁੱਲਣ ਦਾ ਮਾਹੌਲ ਮਿਲੇ ਪਰ ਇਹ ਸਹੂਲਤ ਸਾਡੇ ਦੇਸ਼ ਵਿਚ ਕਿਤਨਿਆਂ ਨੂੰ ਮਿਲਦੀ ਹੈ? ਗਰੀਬੀ, ਅਗਿਆਨ, ਬਿਮਾਰੀ ਰਾਹੀਂ ਬਹੁਤਿਆਂ ਦੀਆਂ ਰੀਝਾਂ ਬਚਪਨ ਵਿਚ ਹੀ ਕੁਚਲੀਆਂ ਜਾਂਦੀਆਂ ਹਨ। ਅਭਿਨੇਤਾ, ਲੇਖਕ ਜਾਂ ਕਵੀ ਬਣਨ ਲਈ ਕਲਪਨਾ ਦਾ ਤੀਖਣ ਹੋਣਾ ਲਾਜ਼ਮੀ ਹੈ। ਕਈ ਬੱਚਿਆਂ ਦੀ ਕਲਪਨਾ ਅਸਲੋਂ ਬੜੀ ਤੀਬਰ ਹੁੰਦੀ ਹੈ, ਤੇ ਸੁੱਘੜ ਮਾਪੇ ਅਤੇ ਅਧਿਆਪਕ ਉਹਨੂੰ ਝੱਟ ਪਛਾਣ ਜਾਂਦੇ ਹਨ। ਅਜਿਹੇ ਬੱਚਿਆਂ ਵਿਚ ਅਗਾਂਹ ਜਾ ਕੇ ਆਰਟ ਦੇ ਮੈਦਾਨ ਵਿਚ ਸਿਖਰਾਂ ਛੁਹਣ ਦੀ ਕਾਬਲੀਅਤ ਹੁੰਦੀ ਹੈ। ਚੰਗਾ ਅਦਾਕਾਰ ਤਾਂ ਹਰ ਕੋਈ ਬਣ ਸਕਦਾ ਹੈ ਪਰ ਸਿਖਰੀ ਕਲਾਕਾਰ ਗਿਣੇ-ਚੁਣੇ ਵਿਅਕਤੀ ਹੀ ਬਣ ਸਕਦੇ ਹਨ।
ਪਰ ਕੌਣ ਪੇਸ਼ਗੀ ਕਹਿ ਸਕਦਾ ਹੈ ਕਿ ਕਿਸ ਨੇ ਸਿਖਰੀ ਕਲਾਕਾਰ ਬਣਨਾ ਹੈ ਤੇ ਕਿਸ ਨੇ ਸਾਧਾਰਨ? ਚੰਗਾ ਇਹੀ ਹੈ ਕਿ ਇਨਸਾਨ ਆਪਣੇ ਆਪ ਨੂੰ ਅਸਾਧਾਰਨ ਸਮਝਣ ਦੀ ਥਾਂ ਸਾਧਾਰਨ ਹੀ ਸਮਝੇ ਤੇ ਦਰਗਾਹੀ ਪ੍ਰਤਿਭਾ ਤੇ ਪ੍ਰੇਰਨਾ ਉਪਰ ਭਰੋਸਾ ਕਰਨ ਦੀ ਥਾਂ ਆਪਣੀ ਲਗਨ ਤੇ ਮਿਹਨਤ ਉਪਰ ਭਰੋਸਾ ਕਰੇ।
000
ਮੈਂ ਜਦੋਂ ਆਪਣੇ ਬਚਪਨ ਵਲ ਨਜ਼ਰ ਦੁੜਾਉਂਦਾ ਹਾਂ ਤਾਂ ਯਾਦ ਆਉਂਦਾ ਹੈ ਕਿ ਮੇਰੀ ਕਲਪਨਾ ਬੜੀ ਤੀਬਰ ਸੀ। ਆਮ ਤੌਰ ਉਤੇ ਬੱਚਿਆਂ ਦੀਆਂ ਖੇਡਾਂ ਵੱਡਿਆਂ ਦੇ ਕੰਮਾਂ ਦੀ ਨਕਲ ਹੁੰਦੀਆਂ ਹਨ ਪਰ ਮੈਂ ਇਸ ਨਕਲ ਨੂੰ ਇਤਨਾ ਅਸਲੀ ਬਣਾ ਲੈਂਦਾ ਸਾਂ ਕਿ ਵੱਡੇ ਵੀ ਬੜੇ ਸ਼ੌਕ ਨਾਲ ਮੇਰੀਆਂ ਖੇਡਾਂ ਵਿਚ ਸ਼ਾਮਲ ਹੋਣ ਲੱਗ ਜਾਂਦੇ ਸਨ।
ਪੜ੍ਹਾਈ ਵਿਚ ਮੇਰੀ ਜ਼ਿਆਦਾ ਰੁਚੀ ਜ਼ਬਾਨਾਂ ਵਲ ਸੀ। ਸੰਸਕ੍ਰਿਤ ਮੈਨੂੰ ਚੰਗੀ ਲਗਦੀ ਸੀ। ਅੱਠਾਂ-ਦਸਾਂ ਵਰ੍ਹਿਆਂ ਦੀ ਉਮਰ ਵਿਚ ਮੈਂ ਬਾਲਮੀਕੀ ਰਾਮਾਇਣ ਪੜ੍ਹ ਗਿਆ ਸਾਂ। ਉਸੇ ਵਜ਼ਨ ਦੇ ਮੈਂ ਇਕ ਵਾਰੀ ਸ਼ਲੋਕ ਵੀ ਲਿਖ ਕੇ ਆਰੀਆ ਸਮਾਜ ਦੇ ਵਾਰਸ਼ਿਕ ਉਤਸਵ ਵਿਚ ਪੜ੍ਹੇ ਸਨ। ਸਭ ਤੋਂ ਜ਼ਿਆਦਾ ਮਜ਼ਾ ਮੈਨੂੰ ਸਕੂਲ ਵਿਚ ਉਸ ਵੇਲੇ ਆਉਂਦਾ ਜਦੋਂ ਮਾਸਟਰ ਜੀ ਨਿੱਕੇ-ਨਿੱਕੇ ਸੰਕੇਤੀ ਵਾਕ ਲਿਖਾ ਕੇ ਉਹਨਾਂ ਦੇ ਆਧਾਰ ਉਤੇ ਮੈਨੂੰ ਕੋਈ ਕਹਾਣੀ ਲਿਖਣ ਲਈ ਆਖਦੇ। ਸਾਹਿਤ ਦੀਆਂ ਪਾਠ ਪੁਸਤਕਾਂ ਮੈਨੂੰ ਸ਼ੁਰੂ ਤੋਂ ਅਖੀਰ ਤਕ ਆਪ-ਮੁਹਾਰੇ ਯਾਦ ਹੋ ਜਾਂਦੀਆਂ ਸਨ।
ਮੇਰੀ ਸਾਹਿਤਕ ਰੁਚੀ ਨੂੰ ਮਾਪਿਆਂ ਤੇ ਉਸਤਾਦਾਂ ਵਲੋਂ ਵੀ ਚੰਗੀ ਪ੍ਰੇਰਨਾ ਮਿਲਦੀ ਰਹੀ। ਇਸੇ ਕਰਕੇ ਮੈਂ ਅੰਗਰੇਜ਼ੀ ਸਾਹਿਤ ਦਾ ਐਮ.ਏ. ਕੀਤਾ, ਤੇ ਕਾਲਜ ਵਿਚੋਂ ਨਿਕਲਣ ਸਾਰ ਕਹਾਣੀਆਂ ਤੇ ਕਵਿਤਾਵਾਂ ਲਿਖਣੀਆਂ ਅਰੰਭ ਦਿਤੀਆਂ। ਮੈਨੂੰ ਸਦਾ ਤੋਂ ਸ਼ੌਕ ਸਾਹਿਤਕਾਰ ਬਣਨ ਦਾ ਹੀ ਰਿਹਾ ਹੈ। ਜਿਵੇਂ ਮੈਂ ਪਹਿਲਾਂ ਕਹਿ ਆਇਆ ਹਾਂ, ਫਿਲਮ ਐਕਟਰ ਤਾਂ ਮੈਂ ਸੰਜੋਗਵਸ ਹੀ ਬਣ ਗਿਆ।
ਅੱਜ ਕੋਈ ਮੇਰੀਆਂ ਸ਼ੁਰੂ-ਸ਼ੁਰੂ ਦੀਆਂ ਫਿਲਮਾਂ ਵੇਖੇ। ਉਹਨਾਂ ਵਿਚ ਮੇਰਾ ਕੰਮ ਇਤਨਾ ਘਟੀਆ ਦਰਜੇ ਦਾ ਹੈ ਕਿ ਕੋਈ ਯਕੀਨ ਨਹੀਂ ਕਰ ਸਕੇਗਾ ਕਿ ਇਹ ਆਦਮੀ ਕਦੇ ਚੰਗਾ ਅਦਾਕਾਰ ਬਣ ਸਕਦਾ ਹੈ। ਮੇਰੇ ਕਈ ਮਿੱਤਰ ਜਿਹੜੇ ਮੇਰੇ ਨਾਲ ਫਿਲਮਾਂ ਵਿਚ ਦਾਖਲ ਹੋਏ, ਇਤਨਾ ਵਧੀਆਂ ਅਭਿਨੈ ਕਰਦੇ ਸਨ ਕਿ ਉਹਨਾਂ ਦੇ ਛੜੱਪਾ ਮਾਰ ਕੇ ਸ਼ੁਹਰਤ ਦੇ ਸਤਵੇਂ ਅਸਮਾਨ ਜਾ ਚੜ੍ਹਨ ਦਾ ਕਿਸੇ ਨੂੰ ਵੀ ਸੰਦੇਹ ਨਹੀਂ ਸੀ ਪਰ ਦੁਰਭਾਗਵਸ ਉਹ ਆਪਣੇ ਵਿਲੱਖਣ ਵਿਅਕਤੀ ਹੋਣ ਦੇ ਵਹਿਮ ਦਾ ਸ਼ਿਕਾਰ ਹੋ ਗਏ। ਅਭਿਨੈ ਕਲਾ ਦਾ ਵਿਗਿਆਨਕ ਢੰਗ ਨਾਲ ਅਧਿਐਨ ਕਰਨ ਦੀ ਥਾਂ ਉਹ ਦਰਗਾਹੋਂ ਪ੍ਰੇਰਨਾ ਦੀ ਉਡੀਕ ਕਰਦੇ। ਜਿਹੜਾ ਕਿਰਦਾਰ ਉਹਨਾਂ ਖੇਡਣਾ ਹੁੰਦਾ, ਉਹਨਾਂ ਦੇ ਵਿਚਾਰ ਵਿਚ ਉਹ ਕਿਸੇ ਅਲੌਕਿਕ ਢੰਗ ਨਾਲ ਆਪਣੇ ਆਪ ਉਹਨਾਂ ਅੰਦਰ ਪ੍ਰਵੇਸ਼ ਕਰ ਜਾਂਦਾ ਸੀ। ਕਦੇ ਉਹ ਸ਼ਾਟ ਤੋਂ ਪਹਿਲਾਂ ਸਮਾਧੀ ਲਾ ਕੇ ਉਸ ਦੀ ਆਮਦ ਨੂੰ ਉਡੀਕਦੇ, ਤੇ ਕਦੇ ਸ਼ਰਾਬ ਜਾਂ ਕਿਸੇ ਹੋਰ ਮਾਦਕ ਦ੍ਰਵ ਦੀ ਸ਼ਰਣ ਲੈਂਦੇ। ਸੋ, ਉਹ ਤਰੱਕੀ ਨਹੀਂ ਕਰ ਸਕੇ ਪਰ ਮੈਂ ਆਪਣੀ ਸਾਧਾਰਨ ਪ੍ਰਤਿਭਾ ਦੇ ਬਾਵਜੂਦ ਉਹਨਾਂ ਤੋਂ ਜ਼ਿਆਦਾ ਸਫਲ ਰਿਹਾ।
ਜਿਨ੍ਹਾਂ ਲੋਕਾਂ ਨੂੰ ਮਾਰਕਸਵਾਦ ਦਾ ਗਿਆਨ ਨਹੀਂ, ਉਹ ਇਹਨੂੰ ਕੇਵਲ ਰਾਜਨੀਤਕ ਸਿਧਾਂਤ ਸਮਝ ਛਡਦੇ ਹਨ ਜੋ ਬਹੁਤ ਵੱਡੀ ਭੁੱਲ ਹੈ। ਮਾਰਕਸਵਾਦ ਵਾਸਤਵ ਵਿਚ ਦਰਸ਼ਨ ਹੈ, ਫਲਸਫਾ ਹੈ ਜੋ ਪ੍ਰਾਕਿਰਤਕ ਤੇ ਸੰਸਾਰਕ ਜੀਵਨ ਦੇ ਹਰ ਪਹਿਲੂ ਨੂੰ ਵਿਗਿਆਨਕ ਢੰਗ ਨਾਲ ਰੁਸ਼ਨਾਉਂਦਾ ਹੈ। ਹਰ ਕਲਾਕਾਰ ਨੂੰ ਇਹ ਜਾਣਨ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੀ ਕਲਾ ਦਾ ਸਮਾਜ ਵਿਚ ਕੀ ਮਹੱਤਵ ਹੈ। ਕੀ ਉਸ ਮਹੱਤਵ ਅਨੁਸਾਰ ਉਸ ਨੂੰ ਉਹ ਸਥਾਨ ਪ੍ਰਾਪਤ ਹੈ ਜੋ ਉਸ ਨੂੰ ਮਿਲਣਾ ਚਾਹੀਦਾ ਹੈ? ਇਸ ਦਿਸ਼ਾ ਵਿਚ ਮਾਰਕਸਵਾਦ ਭੁਲੇਖਿਆਂ ਨੂੰ ਦੂਰ ਕਰਕੇ ਅਸਲੀਅਤ ਉਪਰ ਪ੍ਰਕਾਸ਼ ਪਾਉਂਦਾ ਹੈ। ਵਰਤਮਾਨ ਯੁਗ ਵਿਚ ਮਾਰਕਸਵਾਦ ਦਾ ਅਧਿਐਨ ਮੇਰੀ ਰਾਏ ਵਿਚ ਕਿਸੇ ਕਲਾਕਾਰ ਲਈ ਵੀ ਉਤਨਾ ਹੀ ਉਪਯੋਗੀ ਹੈ ਜਿਤਨਾ ਕਿਸੇ ਸਮਾਜ ਸ਼ਾਸਤਰੀ ਲਈ।
ਮਾਰਕਸਵਾਦ ਨੇ ਭਾਸ਼ਾ ਦੇ ਸਵਾਲ ਨੂੰ ਵੀ ਵਿਗਿਆਨਕ ਢੰਗ ਨਾਲ ਵੇਖਣ ਦੀ ਮੈਨੂੰ ਸਮਰਥਾ ਬਖਸ਼ੀ। ਟੈਗੋਰ ਤੇ ਗਾਂਧੀ ਜੀ ਵਰਗੇ ਮਹਾਂਪੁਰਸ਼ਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਪਹਿਲਾਂ ਹੀ ਇਸ ਨਜ਼ਰੀਏ ਵਲ ਆ ਰਿਹਾ ਸਾਂ ਕਿ ਹਰ ਕਲਾਕਾਰ ਜਾਂ ਸਾਹਿਤਕਾਰ ਲਈ ਉਸ ਦੀ ਆਪਣੀ ਮਾਂ-ਬੋਲੀ ਤੇ ਆਪਣਾ ਮਾਤਰੀ ਸਭਿਆਚਾਰ ਹੀ ਸਭ ਤੋਂ ਉੱਤਮ ਮਾਧਿਅਮ ਹੁੰਦੇ ਹਨ। ਮਾਰਕਸਵਾਦ ਦੇ ਅਧਿਅਨ ਨੇ ਮੇਰਾ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ਬਣਾਇਆ। (ਚੱਲਦਾ)