ਸਵਰਾਜਬੀਰ
ਉਹ 1945 ਦੇ ਦਿਨ ਸਨ। ਯੂਰਪ ਦੂਸਰੀ ਆਲਮੀ ਜੰਗ ‘ਚੋਂ ਬਾਹਰ ਆ ਰਿਹਾ ਸੀ; ਉਹ ਯਹੂਦੀਆਂ ਦੀ ਨਸਲਕੁਸ਼ੀ ਅਤੇ ਪਹਿਲੀ ਤੇ ਦੂਸਰੀ ਆਲਮੀ ਜੰਗ ਦੌਰਾਨ ਆਪਣੇ ਕੀਤੇ ਜੁਰਮਾਂ ਅਤੇ ਬਸਤੀਵਾਦ ਦੇ ਜ਼ੁਲਮ ਦਾ ਹਿਸਾਬ-ਕਿਤਾਬ ਕਰ ਰਿਹਾ ਸੀ; ਵੀਹਵੀਂ ਸਦੀ ਹੀ ਨਹੀਂ, ਯੂਰਪ ਇਸ ਤੋਂ ਪਹਿਲਾਂ ਕੀਤੇ ਗੁਨਾਹਾਂ ਦਾ ਲੇਖਾ-ਜੋਖਾ ਵੀ ਕਰ ਰਿਹਾ ਸੀ: ਕਿਹੜੇ ਲੋਕਾਂ ਅਤੇ ਜਮਾਤਾਂ ਨੇ ਜ਼ੁਲਮ ਕੀਤੇ ਸਨ; ਕਿਨ੍ਹਾਂ ਨੇ ਜ਼ੁਲਮ ਸਹੇ ਸਨ; ਕਿਨ੍ਹਾਂ ਨੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ; ਕੌਣ ਚੁੱਪ ਰਹੇ ਸਨ; ਕਿਨ੍ਹਾਂ ਨੇ ਸਮਝੌਤੇ ਕੀਤੇ ਸਨ ਤੇ ਕਿਨ੍ਹਾਂ ਨੇ ਸਮਝੌਤੇ ਨਾ ਕਰਨਾ ਚੁਣ ਕੇ ਜ਼ਾਲਮਾਂ ਨਾਲ ਮੱਥਾ ਲਾਉਣ ਦਾ ਫੈਸਲਾ ਕੀਤਾ ਸੀ।
ਹਰ ਕੋਈ ਅਜਿਹਾ ਲੇਖਾ-ਜੋਖਾ ਕਰ ਰਿਹਾ ਸੀ; ਸਮਾਜ, ਸਰਕਾਰਾਂ, ਚਿੰਤਕ, ਵਿਦਵਾਨ, ਇਤਿਹਾਸਕਾਰ, ਸਮਾਜ ਸ਼ਾਸਤਰੀ, ਹਰ ਕੋਈ। ਉਨ੍ਹਾਂ ਵਿਚ ਫਰਾਂਸੀਸੀ ਚਿੰਤਕ ਤੇ ਸਾਹਿਤਕਾਰ ਯਾਂ ਪਾਲ ਸਾਰਤਰ ਵੀ ਸ਼ਾਮਲ ਸੀ; ਆਪਣੇ ਸ਼ੱਕ-ਸ਼ੁਬਹਿਆਂ, ਡਰਾਂ ਤੇ ਯਾਦਾਂ ਦੇ ਨਾਲ। ਉਹ ਡੇਢ ਦਹਾਕੇ ਤੋਂ ਲਗਾਤਾਰ ਲਿਖ ਰਿਹਾ ਸੀ, ਨਿੱਜੀ ਸੰਸਾਰ ਤੇ ਸਮਾਜ ਵਿਚ ਆਏ ਜਮੂਦ ਵਿਰੁੱਧ, ਨਾਜ਼ੀਵਾਦ ਤੇ ਫਾਸ਼ੀਵਾਦ ਦੇ ਵਿਰੁੱਧ; ਉਹ ਨਾਜ਼ੀਆਂ ਵਿਰੁੱਧ ਲੜਿਆ ਸੀ। ਫਰਾਂਸੀਸੀ ਸਾਹਿਤ ਤੇ ਚਿੰਤਨ ਪਰੰਪਰਾ ਦਾ ਲੇਖਾ-ਜੋਖਾ ਕਰਦਿਆਂ ਉਸ ਨੇ ਲਿਖਿਆ, “ਹਰ ਲੇਖਕ ਆਪਣੇ ਸਮੇਂ ਦਾ ਲੇਖਕ ਹੁੰਦਾ ਹੈ। ਹਰ ਸ਼ਬਦ ਦੇ ਕੁਝ ਨਤੀਜੇ ਨਿਕਲਦੇ ਹਨ; ਹਰ ਚੁੱਪ ਦੇ ਵੀ।” ਇਹ ਸ਼ਬਦ ਲੇਖਕਾਂ ਤੇ ਚਿੰਤਕਾਂ ਦੇ ਨਾਲ ਨਾਲ ਹਰ ਸਿਆਸਤਦਾਨ, ਪੱਤਰਕਾਰ, ਸਮਾਜਕ ਕਾਰਕੁਨ ਤੇ ਚੇਤਨ ਨਾਗਰਿਕ ‘ਤੇ ਵੀ ਲਾਗੂ ਹੁੰਦੇ ਹਨ। ਲੇਖਕਾਂ ਤੇ ਚਿੰਤਕਾਂ ਵਾਂਗ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕੀ ਬੋਲਦੇ ਹਨ; ਕਿਹੜੇ ਸ਼ਬਦ ਤੇ ਕਿਹੜੀ ਭਾਸ਼ਾ ਵਰਤਦੇ ਹਨ ਤੇ ਕਦ ਚੁੱਪ ਰਹਿੰਦੇ ਹਨ।
ਅਪਰੈਲ ਵਿਚ ਰਾਮਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਭਾਰਤ ਦੇ ਕਈ ਸੂਬਿਆਂ ਵਿਚ ਫਿਰਕੂ ਹਿੰਸਾ ਹੋਈ। ਹਿੰਸਾ ਤੋਂ ਬਾਅਦ ਕਈ ਥਾਵਾਂ ‘ਤੇ ਬੁਲਡੋਜ਼ਰ ਭੇਜੇ ਗਏ; ਘਰ ਤੇ ਦੁਕਾਨਾਂ ਤੋੜੀਆਂ ਗਈਆਂ, ਸਿਆਸੀ ਤਾਕਤਾਂ ਨਫਰਤ ਦੇ ਸਥਾਨਕ ਤੂਫਾਨ ਪੈਦਾ ਕਰਨ ਵਿਚ ਸਫਲ ਹੋਈਆਂ। ਸਿਆਸੀ ਆਗੂਆਂ ਦੇ ਸ਼ਬਦ ਹਵਾ ਵਿਚ ਗੂੰਜੇ, “ਜਿਸ ਘਰ ਸੇ ਪੱਥਰ ਆਏ ਹੈਂ, ਉਸ ਘਰ ਕੋ ਹੀ ਪੱਥਰੋਂ ਕਾ ਢੇਰ ਬਨਾਏਂਗੇ।” ਸਾਰੇ ਜਾਣਦੇ ਹਨ, ਉਹ ਕਿਹੜਾ ਭਾਈਚਾਰਾ ਹੈ ਜਿਸ ਦੇ ਲੋਕਾਂ ਦੇ ਘਰਾਂ ਨੂੰ ਪੱਥਰਾਂ ਦਾ ਢੇਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸ਼ਬਦ ਹਵਾ ਵਿਚ ਗੂੰਜੇ ਅਤੇ ਮੱਧ ਪ੍ਰਦੇਸ਼, ਗੁਜਰਾਤ ਤੇ ਦਿੱਲੀ ਵਿਚ ਘਰਾਂ-ਦੁਕਾਨਾਂ ਨੂੰ ਪੱਥਰਾਂ ਦੇ ਢੇਰ ਬਣਾਉਣ ਦੀ ਕਾਰਵਾਈ ਹੋਈ ਹੈ। ਹਰ ਸ਼ਬਦ ਦਾ ਆਪਣਾ ਮਹੱਤਵ ਹੁੰਦਾ ਹੈ, ਆਪਣੇ ਅਰਥ ਤੇ ਉਸ ਨੂੰ ਬੋਲਣ ਕਾਰਨ ਸਮਾਜ, ਪਰਿਵਾਰ, ਜਾਂ ਮਨੁੱਖ ਨੂੰ ਨਿੱਜੀ ਤੌਰ ‘ਤੇ ਚੰਗੇ-ਮਾੜੇ ਨਤੀਜੇ ਭੁਗਤਣੇ ਪੈਂਦੇ ਹਨ।
ਦਿੱਲੀ ਵਿਚ ਸੀ.ਪੀ.ਐਮ. ਆਗੂ ਬ੍ਰਿੰਦਾ ਕਰਤ ਸੁਪਰੀਮ ਕੋਰਟ ਦੇ ਘਰਾਂ-ਦੁਕਾਨਾਂ ‘ਤੇ ਬੁਲਡੋਜ਼ਰਾਂ ਦੀ ਕਾਰਵਾਈ ਰੋਕਣ ਦੇ ਆਦੇਸ਼ ਲੈ ਕੇ ਜਹਾਂਗੀਰਪੁਰੀ ਪਹੁੰਚੀ; ਉਹ ਬੁਲਡੋਜ਼ਰਾਂ ਸਾਹਮਣੇ ਖਲੋਤੀ ਤੇ ਬੋਲੀ; ਸੁਪਰੀਮ ਕੋਰਟ ਦੇ ਸ਼ਬਦਾਂ ਤੇ ਉਸ ਦੇ ਬੋਲਣ ਦੇ ਨਤੀਜੇ ਵਜੋਂ ਬੁਲਡੋਜ਼ਰ ਰੁਕ ਗਏ; ਸੁਪਰੀਮ ਕੋਰਟ ਵਿਚ ਵਕੀਲ ਕਪਿਲ ਸਿੱਬਲ ਤੇ ਦੁਸ਼ਯੰਤ ਦਵੇ ਬੋਲੇ; ਹੋਰ ਕਈ ਸਿਆਸਤਦਾਨ, ਚਿੰਤਕ, ਵਿਦਵਾਨ ਤੇ ਸਮਾਜਕ ਕਾਰਕੁਨ ਵੀ ਬੁਲਡੋਜ਼ਰ-ਸਿਆਸਤ ਵਿਰੁੱਧ ਬੋਲੇ ਪਰ ਕੁਝ ਚੁੱਪ ਰਹੇ।
ਭਾਰਤ ਦੇ ਵੱਡੇ ਅਹੁਦਿਆਂ ‘ਤੇ ਰਹੇ 108 ਸਾਬਕਾ ਅਧਿਕਾਰੀਆਂ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰਕੂ ਹਿੰਸਾ ‘ਤੇ ਆਪਣੀ ਖਾਮੋਸ਼ੀ ਤੋੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, “ਪ੍ਰਧਾਨ ਮੰਤਰੀ ਜੀ, ਅਸੀਂ ਸੰਵਿਧਾਨਕ ਆਚਰਨ ਗਰੁੱਪ ਦੇ ਮੈਂਬਰ, ਉਹ ਸਾਬਕਾ ਅਫਸਰ ਜਿਨ੍ਹਾਂ ਨੇ ਕਈ ਦਹਾਕੇ ਸੰਵਿਧਾਨ ਅਨੁਸਾਰ ਕੰਮ ਕੀਤਾ ਹੈ, ਇਹ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਅਜਿਹੇ ਖਤਰੇ ਦਾ ਸਾਹਮਣਾ ਕਰ ਰਹੇ ਹਾਂ ਜਿਸ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਅਤੇ ਸਿਰਫ ਸੰਵਿਧਾਨਕ ਨੈਤਿਕਤਾ ਅਤੇ ਵਿਹਾਰ ਹੀ ਖਤਰੇ ਵਿਚ ਨਹੀਂ; ਸਾਡਾ ਵਿਲੱਖਣ ਸਾਂਝੀਵਾਲਤਾ ਵਾਲਾ ਸਮਾਜਕ ਤਾਣਾ-ਬਾਣਾ, ਜਿਹੜਾ ਸਾਡੀ ਸਭ ਤੋਂ ਮਹਾਨ ਸਭਿਆਚਾਰਕ ਵਿਰਾਸਤ ਹੈ ਅਤੇ ਜਿਸ ਨੂੰ ਕਾਇਮ ਰੱਖਣ ਲਈ ਸਾਡੇ ਸੰਵਿਧਾਨ ਦੀ ਇੰਨੀ ਬਾਰੀਕਬੀਨੀ ਨਾਲ ਰਚਨਾ ਕੀਤੀ ਗਈ ਹੈ, ਲੀਰੋ-ਲੀਰ ਹੋ ਜਾਣ ਵਾਲਾ ਹੈ। ਇਸ ਵਿਰਾਟ ਸਮਾਜਕ ਖਤਰੇ ਦਾ ਸਾਹਮਣਾ ਕਰਨ ਦੇ ਸਮਿਆਂ ਵਿਚ ਤੁਹਾਡੀ ਖਾਮੋਸ਼ੀ ਬਹੁਤ ਖਤਰਨਾਕ ਹੈ।”
ਦੇਸ਼ ਦਾ ਮੁਖੀ ਦੇਸ਼ ਦੇ ਸਮੁੱਚੇ ਭਾਈਚਾਰਿਆਂ ਦੇ ਲੋਕਾਂ ਦਾ ਮੁਖੀ ਹੁੰਦਾ ਹੈ। ਮਹਾਰਾਜਾ ਵਿਕਰਮਾਦਿੱਤਿਆ ਜਿਸ ਦੇ ਨਾਂ ਤੋਂ ਵਿਕਰਮੀ/ਬਿਕਰਮੀ ਸੰਮਤ ਦਾ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ, ਨੂੰ ਨਿਆਂ ਕਰਨ ਲਈ ਜਾਣਿਆ ਜਾਂਦਾ ਹੈ। ਉਸ ਦੀ ਇਤਿਹਾਸਕਤਾ ਬਾਰੇ ਸਵਾਲ ਉਠਾਏ ਜਾਂਦੇ ਹਨ ਪਰ ਲੋਕ ਸਿਮਰਤੀ ਵਿਚ ਉਸ ਦਾ ਅਕਸ ਨਿਰਪੱਖ ਤੇ ਨਿਆਂ ਕਰਨ ਵਾਲੇ ਰਾਜੇ ਦਾ ਹੈ। ਨਿਆਂ ਸਿਰਫ ਅਦਾਲਤਾਂ ਵਿਚ ਨਹੀਂ ਹੁੰਦਾ ਹੈ, ਨਿਆਂ ਦੇ ਬੁਨਿਆਦੀ ਸਮਾਜਕ ਤੇ ਸਿਆਸੀ ਪ੍ਰਬੰਧ ਘਰ, ਪਰਿਵਾਰ, ਸਮਾਜ, ਧਾਰਮਿਕ ਅਦਾਰੇ, ਰਾਜ ਪ੍ਰਬੰਧ ਤੇ ਹਕੂਮਤਾਂ ਹਨ। ਹਾਕਮਾਂ ਦੀਆਂ ਕਾਰਵਾਈਆਂ ਇਹ ਨਿਸ਼ਚਿਤ ਕਰਦੀਆਂ ਹਨ ਕਿ ਲੋਕਾਂ ਨੂੰ ਨਿਆਂ ਮਿਲ ਰਿਹਾ ਹੈ ਜਾਂ ਨਹੀਂ, ਸਮਾਜਕ ਤੇ ਆਰਥਕ ਨਿਆਂ ਹੋ ਰਿਹਾ ਹੈ ਜਾਂ ਨਹੀਂ। ਨਿਆਂ ਕਰਨ ਲਈ ਬੋਲਣਾ ਪੈਂਦਾ ਹੈ। ਖਾਮੋਸ਼ੀ ਨਿਆਂ ਨਹੀਂ ਬਣ ਸਕਦੀ। ਅਨਿਆਂ ਹੁੰਦਿਆਂ ਖਾਮੋਸ਼ ਰਹਿਣਾ ਅਨਿਆਂ ਦਾ ਪੱਖ ਪੂਰਨਾ ਹੈ। ਇਹੀ ਯਾਂ ਪਾਲ ਸਾਰਤਰ ਨੇ ਕਿਹਾ ਸੀ, ਇਹੀ ਸੰਵਿਧਾਨ ਆਚਰਨ ਗਰੁੱਪ ਦੇ ਮੈਂਬਰ ਕਹਿ ਰਹੇ ਹਨ; ਉਹ ਪ੍ਰਧਾਨ ਮੰਤਰੀ ਤੋਂ ਪੁੱਛ ਰਹੇ ਹਨ ਕਿ ਉਹ ਖਾਮੋਸ਼ ਕਿਉਂ ਹਨ; ਇਹ ਪ੍ਰਸ਼ਨ ਚੁੱਪ ਰਹਿਣ ਵਾਲੇ ਹੋਰ ਸਿਆਸਤਦਾਨਾਂ, ਚਿੰਤਕਾਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਜਕ ਕਾਰਕੁਨਾਂ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ।
ਹਰ ਹਕੂਮਤ ਆਪਣਾ ‘ਸੱਚ’ ਬਣਾਉਂਦੀ ਅਤੇ ਉਸ ਦੇ ਸਿਰ ‘ਤੇ ਰਾਜ ਕਰਦੀ ਹੈ। ਹਕੂਮਤ ਦਾ ‘ਸੱਚ’ ਬਹੁਤ ਜਟਿਲ ਅਤੇ ਬਹੁਪਰਤੀ ਹੁੰਦਾ ਹੈ। ਉਹ ਆਪਣੇ ‘ਸੱਚ’ ਦਾ ਢੰਡੋਰਾ ਪਿੱਟਦੀ ਅਤੇ ਉਸ ਨੂੰ ਲੋਕਾਂ ਦਾ ‘ਸੱਚ’ ਬਣਾ ਦੇਣਾ ਚਾਹੁੰਦੀ ਹੈ। ਕੇਂਦਰ ਵਿਚ ਸੱਤਾਧਾਰੀ ਪਾਰਟੀ ਨੇ ਵੀ ਕਈ ਦਹਾਕਿਆਂ ਦੀ ਮੁਸ਼ੱਕਤ ਨਾਲ ਆਪਣਾ ‘ਸੱਚ’ ਬਣਾਇਆ ਹੈ; ਉਸ ‘ਸੱਚ’ ਦੀ ਇਕ ਪਰਤ ਹੁਣੇ-ਹੁਣੇ ਹੋਈ ਫਿਰਕੂ ਹਿੰਸਾ ਵਿਚ ਦਿਖਾਈ ਦਿੱਤੀ। ਜਹਾਂਗੀਰਪੁਰੀ ਵਿਚ ਹਨੂੰਮਾਨ ਜੈਅੰਤੀ ਮੌਕੇ ਹੋਈ ਫਿਰਕੂ ਹਿੰਸਾ ਤੋਂ ਬਾਅਦ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਉੱਤਰ ਦਿੱਲੀ ਦੀ ਮਿਉਂਸਿਪਲ ਕਮਿਸ਼ਨਰ ਦੇ ਮੁਖੀ ਰਾਜਾ ਇਕਬਾਲ ਸਿੰਘ ਨੂੰ ਲਿਖੀ ਚਿੱਠੀ ਵਿਚ ਦੰਗਾ ਕਰਨ ਵਾਲਿਆਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਢਾਹੁਣ ਲਈ ਕਿਹਾ ਸੀ। ਉਸ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਇਸ ਕੰਮ ਲਈ 700 ਪੁਲਿਸ ਕਰਮਚਾਰੀ ਤਾਇਨਾਤ ਕਰਨ ਲਈ ਵੀ ਕਿਹਾ ਸੀ। ਜਿਸ ਦਿਨ ਦਿੱਲੀ ਵਿਚ ਬੁਲਡੋਜ਼ਰ ਚੱਲੇ, ਉਸ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਆਗੂਆਂ ਦੀ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਆਦੇਸ਼ ਗੁਪਤਾ ਨੇ ਦੱਸਿਆ ਕਿ ਉਸ ਨੇ ਪੂਰਬੀ ਤੇ ਦੱਖਣੀ ਦਿੱਲੀ ਦੀਆਂ ਮਿਉਂਸਿਪਲ ਕਮੇਟੀਆਂ ਦੇ ਮੁਖੀਆਂ ਨੂੰ ਇਹ ਲਿਖਿਆ ਹੈ ਕਿ ਉਹ ‘ਰੋਹਿੰਗੀਆ, ਬੰਗਲਾਦੇਸ਼ੀਆਂ ਅਤੇ ਅਸਮਾਜਕ ਤੱਤਾਂ ਦੁਆਰਾ ਸਰਕਾਰੀ ਜ਼ਮੀਨ ‘ਤੇ ਕੀਤੇ ਗਏ ਗੈਰ-ਕਾਨੂੰਨੀ ਕਬਜ਼ੇ ਹਟਾਉਣ ਲਈ ਕਾਰਵਾਈ ਕਰਨ।’ ਸਪਸ਼ਟ ਹੈ ਕਿ ਭਾਜਪਾ ਅਜਿਹਾ ‘ਸੱਚ’ ਬਣਾਉਣ ਵਿਚ ਸਫਲ ਹੋ ਰਹੀ ਹੈ ਜਿਸ ਅਨੁਸਾਰ ਦੇਸ਼ ਵਿਚ ਸਭ ਮੁਸ਼ਕਿਲਾਂ ਤੇ ਖੁਆਰੀਆਂ ਦਾ ਕਾਰਨ ‘ਰੋਹਿੰਗੀਆ, ਬੰਗਲਾਦੇਸ਼ੀ ਅਤੇ ਅਜਿਹੇ ਹੋਰ ਅਸਮਾਜਕ ਤੱਤ’ ਹਨ। ਇਹ ਵੀ ਸਪਸ਼ਟ ਹੈ ਕਿ ਕਿਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਰਾਮਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਹੋਈਆਂ ਘਟਨਾਵਾਂ ਕੋਈ ਵਿਕੋਲਿਤਰੀਆਂ ਘਟਨਾਵਾਂ ਨਹੀਂ ਹਨ; ਕਈ ਵਰ੍ਹਿਆਂ ਤੋਂ ਘੱਟਗਿਣਤੀ ਫਿਰਕੇ ਦੇ ਲੋਕਾਂ ਨੂੰ ਭੋਜਨ ਜਾਂ ਲਿਬਾਸ ਦੇ ਆਧਾਰ ‘ਤੇ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ; ਸਮੇਂ-ਸਮੇਂ ‘ਲਵ ਜਹਾਦ’ ਤੇ ਧਰਮ ਤਬਦੀਲੀ ਦੇ ਮੁੱਦਿਆਂ ‘ਤੇ ਉਤੇਜਨਾ ਪੈਦਾ ਕਰ ਕੇ ਨਫਰਤ ਫੈਲਾਈ ਜਾਂਦੀ ਹੈ। ਬਹੁਗਿਣਤੀ ਫਿਰਕੇ ਦੇ ਲੋਕਾਂ ਨੂੰ ਵਾਰ-ਵਾਰ ਦੱਸਿਆ ਜਾਂਦਾ ਹੈ ਕਿ ਸਦੀਆਂ ਪਹਿਲਾਂ ਹੋਏ ਅੱਤਿਆਚਾਰਾਂ ਲਈ ਘੱਟਗਿਣਤੀ ਫਿਰਕੇ ਦੇ ਲੋਕਾਂ ਦੇ ਵਡੇਰੇ ਜ਼ਿੰਮੇਵਾਰ ਸਨ; ਇਸ ਲਈ ਇਨ੍ਹਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਬਹੁਗਿਣਤੀ ਫਿਰਕੇ ਦੇ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਭਾਵਨਾਤਮਕ ਸਮਾਜ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਹੜਾ ਘੱਟਗਿਣਤੀ ਫਿਰਕੇ ਨੂੰ ਨਫਰਤ ਕਰਨਾ ਆਪਣਾ ਕੌਮੀ ਤੇ ਧਾਰਮਿਕ ਫਰਜ਼ ਅਤੇ ਦੇਸ਼ ਭਗਤੀ ਸਮਝਦਾ ਹੈ। ਇਹ ਬਿਰਤਾਂਤ ਭਾਵਨਾਤਮਕ ਬਣਾਏ ਗਏ ਬਹੁਗਿਣਤੀ ਫਿਰਕੇ ਦਾ ‘ਸੱਚ’ ਬਣ ਗਿਆ ਹੈ ਅਤੇ ਨਫਰਤ ਕਰਨੀ ਉਸ ਦੀ ਜੀਵਨ ਜਾਚ ਦਾ ਹਿੱਸਾ।
ਇਸ ਹਕੂਮਤੀ ‘ਸੱਚ’ ਵਿਰੁੱਧ ਸਾਂਝੀਵਾਲਤਾ, ਏਕਤਾ ਅਤੇ ਸਮਤਾ ਦਾ ਸੱਚ ਸਿਰਜਣਾ ਕਠਿਨ ਕਾਰਜ ਹੈ। ਉਸ ਲਈ ਸਮਾਜਕ ਕਾਰਕੁਨਾਂ, ਚਿੰਤਕਾਂ, ਵਿਦਵਾਨਾਂ, ਸਿਆਸਤਦਾਨਾਂ ਅਤੇ ਨਾਗਰਿਕਾਂ ਨੂੰ ਬੁਲੰਦ ਆਵਾਜ਼ ਵਿਚ ਬੋਲਣ ਦੀ ਜ਼ਰੂਰਤ ਹੈ। ਬੁੱਲ੍ਹੇ ਸ਼ਾਹ ਨੇ ਸਾਨੂੰ ਸੱਚ ਬੋਲਣ ਲਈ ਕਿਹਾ ਸੀ: ਸੱਚ ਆਖ ਮਨਾ ਕਿਉਂ ਡਰਨਾ ਏਂ/ਇਹ ਸੱਚ ਪਿਛੇ ਤੂੰ ਤਰਨਾ ਏਂ/ਸੱਚ ਸਦਾ ਆਬਾਦੀ ਕਰਨਾ ਏਂ/ਸੱਚ ਵਸਤ ਅਚੰਭਾ ਆਈ ਏਂ।
ਸੱਚ ਅਚੰਭਾ ਵਸਤ ਹੈ; ਇਸ ਨੂੰ ਬੋਲਣ ਲਈ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਦਾ ਸਾਹਮਣਾ ਕਰਨ ਤੋਂ ਡਰ ਵੀ ਲੱਗਦਾ ਹੈ।
ਲੋਕਾਂ ਦੇ ਸੱਚ ਨੂੰ ਜ਼ਬਾਨ ਦਿੰਦਿਆਂ ਸੰਵਿਧਾਨਕ ਆਚਰਨ ਗਰੁੱਪ ਦੇ ਮੈਂਬਰਾਂ ਨੇ ਕਿਹਾ ਹੈ, “ਅਸੀਂ ਦੇਸ਼ ਵਿਚ ਨਫਰਤ ਨਾਲ ਭਰੀ ਤਬਾਹੀ ਦਾ ਜਨੂਨ ਦੇਖ ਰਹੇ ਹਾਂ ਜਿਸ ਵਿਚ ਨਾ ਸਿਰਫ ਮੁਸਲਮਾਨਾਂ ਅਤੇ ਹੋਰ ਘੱਟਗਿਣਤੀ ਫਿਰਕਿਆਂ ਦੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਗੋਂ ਸੰਵਿਧਾਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਹੈ। … ਪਿਛਲੇ ਕੁਝ ਸਾਲਾਂ ਤੇ ਮਹੀਨਿਆਂ ਤੋਂ ਕਈ ਰਾਜਾਂ, ਅਸਾਮ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿਚ ਘੱਟਗਿਣਤੀ ਫਿਰਕਿਆਂ, ਖਾਸਕਰ ਮੁਸਲਮਾਨਾਂ ਵਿਰੁੱਧ ਨਫਰਤ ਤੇ ਹਿੰਸਾ ਵਿਚ ਡਰਾਉਣ ਵਾਲੇ ਪਾਸਾਰਾਂ ਵਾਲਾ ਵਾਧਾ ਹੋਇਆ ਹੈ; ਸਿਵਾਏ ਦਿੱਲੀ ਦੇ (ਜਿੱਥੇ ਪੁਲਿਸ ਕੇਂਦਰ ਸਰਕਾਰ ਅਧੀਨ ਹੈ), ਇਨ੍ਹਾਂ ਸਭ ਸੂਬਿਆਂ ਵਿਚ ਭਾਜਪਾ ਦਾ ਸ਼ਾਸਨ ਹੈ।”
ਸਥਿਤੀ ਦਾ ਵਿਰੋਧਾਭਾਸ ਇਹ ਹੈ ਕਿ ਜਦ ਅਸੀਂ ਨਫਰਤ, ਹਿੰਸਾ ਅਤੇ ‘ਬੁਲਡੋਜ਼ਰਾਂ ਨਾਲ ਕੀਤੇ ਜਾ ਰਹੇ ਨਿਆਂ’ ਜੋ ਵੱਡਾ ਸਮਾਜਕ ਅਨਿਆਂ ਹੈ, ਦਾ ਵਿਰੋਧ ਕਰਦੇ ਹਾਂ ਤਾਂ ਇਹ ਵਿਰੋਧ ਵੀ ਕੱਟੜਪੰਥੀ ਤਾਕਤਾਂ ਦੇ ਹੱਕ ਵਿਚ ਜਾਂਦਾ ਹੈ, ਕਿਉਂਕਿ ਇਹ ਉਸੇ ਬਿਰਤਾਂਤ ਦਾ ਹਿੱਸਾ ਬਣਦਾ ਹੈ ਜਿਸ ਨੂੰ ਕੱਟੜਪੰਥੀ ਤਾਕਤਾਂ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਰੱਖਣਾ ਚਾਹੁੰਦੀਆਂ ਹਨ। ਕੱਟੜਪੰਥੀ ਸਾਡੇ ਵਿਰੋਧ ਬਾਰੇ ਆਪਣੇ ਪੈਰੋਕਾਰਾਂ ਨੂੰ ਦੱਸਦੇ ਹਨ ਕਿ ਦੇਖੋ ਇਹ ਬੰਦੇ ਕਿਹੋ ਜਿਹੇ ਲੋਕਾਂ ਦਾ ਸਾਥ ਦਿੰਦੇ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਸਾਡੇ ਕੋਲ ਬੋਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਦਾ।
ਸ਼ਾਇਦ ਮਿਰਜ਼ਾ ਗਾਲਿਬ ਦਾ ਇਹ ਸ਼ਿਅਰ ਸਾਡੇ ਹਾਲਾਤ ਦੀ ਕੁਝ ਹੱਦ ਤਕ ਤਰਜਮਾਨੀ ਕਰ ਸਕਦਾ ਹੈ: ਜ਼ਖਮੀ ਹੂਆ ਹੈ ਪਾਸ਼ਨਾ, ਪਾ-ਏ-ਸਬਾਤ ਕਾ/ਨ ਭਾਗਨੇ ਕੀ ਗੌਂ, ਨ ਇਕਾਮਤ ਕੀ ਤਾਬ ਹੈ। ਭਾਵ, ਅੱਡੀ ਪੈਰਾਂ ਦੇ ਰੁਕਣ ਕਾਰਨ ਜ਼ਖਮੀ ਹੋਈ ਹੈ; ਹੁਣ ਨਾ ਤਾਂ ਦੌੜਨ ਦੀ ਤਾਂਘ ਹੈ ਨਾ ਹੀ ਖੜ੍ਹੇ/ਸਥਿਰ ਰਹਿਣ ਦੀ ਤਾਬ ਹੈ। … ਅੱਡੀ- ਪਾਸ਼ਨਾ, ਪੈਰਾਂ ਦੇ ਰੁਕਣ- ਪਾ-ਏ-ਸਬਾਤ, ਤਾਂਘ- ਗੌਂ, ਖੜ੍ਹੇ/ਸਥਿਰ ਰਹਿਣਾ- ਇਕਾਮਤ, ਤਾਬ- ਸਥਿਤੀ ਜਾਂ ਸਹਿਣਸ਼ਕਤੀ।
ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਕਰੀਏ। ਪ੍ਰਧਾਨ ਮੰਤਰੀ ਸਾਹਮਣੇ ਗੁਹਾਰ ਲਗਾਈਏ ਜਾਂ ਆਪਣੀ ਪੱਥਰ ਹੁੰਦੀ ਜਾਂਦੀ ਜ਼ਮੀਰ ਦੇ ਸਾਹਮਣੇ ਸਿਰ ਪਟਕੀਏ। ਜਦ ਸ਼ਬਦ ਤੇ ਖਾਮੋਸ਼ੀ ਦੋਵੇਂ ਖਤਰਨਾਕ ਹੋ ਜਾਣ ਤਾਂ ਤੜਫ ਤੇ ਚੀਕ ਹੀ ਮਨੁੱਖ ਦੀ ਆਵਾਜ਼ ਬਣ ਸਕਦੇ ਹਨ। ਸੋਵੀਅਤ ਯੂਨੀਅਨ ਵਿਚ ਸਟਾਲਿਨ ਦੇ ਜ਼ੁਲਮ ਸਹਿਣ ਵਾਲੇ ਸ਼ਾਇਰ ਓਸਿਪ ਮੈਂਡਲਸਟਾਮ ਦੀ ਘਰ ਵਾਲੀ ਤੇ ਲੇਖਿਕਾ ਨਾਦੇਜ਼ਦਾ ਮੈਂਡਲਸਟਾਮ ਨੇ ਬਹੁਤ ਔਖੇ ਦਿਨਾਂ ਵਿਚ ਲਿਖਿਆ ਸੀ, “ਮੈਂ ਫੈਸਲਾ ਕੀਤਾ ਕਿ ਚੀਕਣਾ ਬਿਹਤਰ ਹੈ। ਚੁੱਪ ਮਨੁੱਖਤਾ ਦੇ ਵਿਰੁੱਧ ਅਸਲੀ ਅਪਰਾਧ ਹੈ।” ਸ਼ਾਦ ਅਜ਼ੀਮਾਬਾਦੀ ਨੇ ਲਿਖਿਆ ਹੈ: ਖਾਮੋਸ਼ੀ ਸੇ ਮੁਸੀਬਤ ਔਰ ਭੀ ਸੰਗੀਨ ਹੋਤੀ ਹੈ/ਤੜਪ ਐ ਦਿਲ, ਤੜਪਨੇ ਸੇ ਜ਼ਰਾ ਤਸਕੀਨ ਹੋਤੀ ਹੈ।
ਇਨ੍ਹਾਂ ਸਮਿਆਂ ਵਿਚ ਤੜਫਦਾ ਹੋਇਆ ਦਿਲ ਕੁਝ ਅਜਿਹੀ ਬੁੜਬੁੜ ਹੀ ਲਿਖ ਸਕਦਾ ਹੈ: ਸ਼ਬਦ ਖਤਰਨਾਕ ਨੇ/ਚੁੱਪ ਖਤਰਨਾਕ ਹੈ/ਇਹ ਅਜਬ ਦਿਨ ਨੇ/ਇਹ ਅਜਬ ਰਾਤ ਹੈ/ਆਪਣੇ ਹੀ ਜਾਲ ਵਿਚ/ਫਸਿਆ ਹੈ ਮਨ ਸਾਡਾ/ਦਿਸਦੀ ਨ ਮੰਜ਼ਿਲ ਕੋਈ/ਐਸਾ ਹੈ ਸਫਰ ਡਾਢਾ/ਨਾ ਗਲ ‘ਤੇ ਅੰਗੂਠਾ ਏ/ਨਾ ਚੀਖਣ ਦੀ ਔਕਾਤ ਹੈ/ਸ਼ਬਦ ਖਤਰਨਾਕ ਨੇ/ਚੁੱਪ ਖਤਰਨਾਕ ਹੈ!