ਕਵਿਤਾ ਕਵਿਤਾ ਹੋਣਾ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿ਼ਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿ਼ਕਸ ਵਰਗੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਸੁਣਾ ਰਿਹਾ ਹੋਵੇ। ਉਹ ਅਸਲ ਵਿਚ ਕਾਵਿਕ ਵਾਰਤਕ ਦੇ ਸ਼ਾਹ-ਅਸਵਾਰ ਹਨ, ਜਿਨ੍ਹਾਂ ਦੀਆਂ ਲਿਖਤਾਂ ਜ਼ਿੰਦਗੀ ਦੇ ਸਰੋਕਾਰਾਂ ਨਾਲ ਸੰਵਾਦ ਰਚਾਉਂਦੀਆਂ ਹਨ, ਜੋ ਅੰਤਰੀਵੀ ਨਾਦ ਬਣ ਕੇ ਉਨ੍ਹਾਂ ਦੀ ਕਿਰਤ ਵਿਚ ਫੈਲਦਾ ਹੈ। ਉਹ ਉਨ੍ਹਾਂ ਵਿਸ਼ਿਆਂ ਦੀਆਂ ਪਰਤਾਂ ਫਰੋਲਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਲੇਖ ਵਿਚ ਉਨ੍ਹਾਂ ਨੇ ਕਵਿਤਾ ਦੀ ਮਹੱਤਤਾ ਨੂੰ ਦਰਸਾਇਆ ਹੈ। ਕਵਿਤਾ ਲਿਖਣ ਲਈ ਕਵਿਤਾ ਵਰਗੀ ਜੀਵਨ-ਜਾਚ ਦਾ ਹੋਣਾ ਜ਼ਰੂਰੀ ਹੈ। ਕਵਿਤਾ ਹੋ ਕੇ ਸਿਰਜੀ ਹੋਈ ਕਵਿਤਾ ਹੀ ਕਵਿਤਾ ਕਹਿਲਾਉਣ ਦੀ ਹੱਕਦਾਰ ਹੁੰਦੀ ਹੈ।

ਕਵਿਤਾ, ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਅ। ਦਿਲ ਵਿਚ ਉਠਿਆ ਆਵੇਸ਼ ਜੋ ਹਰਫ਼ਾਂ ਦੀ ਪ੍ਰਵਾਜ਼ ਰਾਹੀਂ ਵਰਕਿਆਂ ‘ਤੇ ਫੈਲਦਾ। ਇਸ ‘ਚੋਂ ਵਹਿੰਦਾ ਉਨ੍ਹਾਂ ਸੋਚਾਂ ਦਾ ਪ੍ਰਵਾਹ ਜਿਹੜੀਆਂ ਬਣ ਜਾਂਦੀਆਂ ਜੀਵਨ-ਜਾਚ ਲਈ ਰਾਹ।
ਕਵਿਤਾ, ਇਕ ਫੁਰਨਾ। ਮਨ ਵਿਚ ਆਏ ਵਿਚਾਰ ਦੇ ਆਲੇ-ਦੁਆਲੇ ਬੁਣਿਆ ਤਾਣਾ-ਬਾਣਾ। ਇਸ ਦੀਆਂ ਪਰਤਾਂ ਵਿਚ ਛੁਪਿਆ ਹੁੰਦਾ ਏ ਮਾਸੂਮ ਤੇ ਕੋਮਲ ਭਾਵਾਂ ਦਾ ਅਜਿਹਾ ਵਹਾਅ ਜਿਸ ਰਾਹੀਂ ਹੁੰਦੇ ਬੰਦੇ ਦੀ ਰੂਹ ਦੇ ਦੀਦਾਰ।
ਕਵਿਤਾ, ਕਦੇ ਵੀ ਸ਼ਬਦਾਂ ਦਾ ਮੇਲ-ਜੋਲ, ਹਰਫ਼ਾਂ ਦੀ ਕਤਾਰਬੰਦੀ ਜਾਂ ਵਾਕ ਬਣਤਰ ਨੂੰ ਦਿਤੀ ਵੱਖਰੀ ਤੇ ਅਨੂਠੀ ਤਰਜੀਹ ਜਾਂ ਤਰਤੀਬ ਨਹੀਂ ਹੁੰਦੀ। ਇਸ ਵਿਚ ਬਹੁਤ ਕੁਝ ਅਜਿਹਾ ਹੁੰਦਾ ਜੋ ਅਦਿੱਖ ਰਹਿ ਕੇ ਬਹੁਤ ਕੁਝ ਜੱਗ-ਜ਼ਾਹਰ ਕਰ ਜਾਂਦਾ, ਜਿਸਦਾ ਕਈ ਵਾਰ ਸਿਰਜਣਹਾਰੇ ਨੂੰ ਵੀ ਪਤਾ ਨਹੀਂ ਹੁੰਦਾ।
ਕਵਿਤਾ, ਬੰਦੇ ਵਿਚੋਂ ਉਸਦੀ ਬੰਦਿਆਈ, ਖੁਦਾਈ, ਖੁਦਦਾਰੀ, ਰਹਿਨੁਮਾਈ ਜਾਂ ਆਸ਼ਨਾਈ ਦਾ ਬਿਰਤਾਂਤ ਜਿਹੜਾ ਉਸਦੀਆਂ ਸੋਚਾਂ ਤੇ ਕਰਮਾਂ ਨੂੰ ਆਪਣੇ ਰੰਗ ਵਿਚ ਰੰਗਦਾ। ਇਹ ਰੰਗਤ ਹੀ ਹੁੰਦੀ ਹੈ, ਜੋ ਜੀਵਨ ਨੂੰ ਸੁਰਖ਼-ਭਾਅ ਵੀ ਦਿੰਦੀ। ਕਈ ਵਾਰ ਪਲਿੱਤਣਾਂ ਵੀ ਵਣਜਦੀ ਅਤੇ ਕਈ ਵਾਰ ਕਾਲਖ਼ੀ ਰੰਗ ਵੀ ਚਾੜ੍ਹਦੀ। ਪਰ ਕਈ ਵਾਰ ਚੜ੍ਹਦੀ ਧੁੱਪ ਵਰਗੀ ਲਿਸ਼ਕੋਰ ਜੀਵਨ ਦੀਆਂ ਸੁੱਤੀਆਂ ਕਲਾਵਾਂ ਦੇ ਨਾਮ ਕਰ, ਇਸਨੂੰ ਸੁਪਨਿਆਂ ਦਾ ਹਾਣੀ ਵੀ ਬਣਾਉਂਦੀ।
ਕਵਿਤਾ, ਆਵੇਗ, ਅਦਲੀ, ਅਜ਼ਲੀ ਤੇ ਅਜ਼ੀਮ ਹੁੰਦੀ ਤਾਂ ਇਹ ਵਿਲੱਖਣ ਤੇ ਵਿਕਲੋਤਰੀ। ਸਥਾਪਤ ਦਾਇਰਿਆਂ ਨੂੰ ਨਕਾਰਦੀ। ਆਪਣੀਆਂ ਸੀਮਾਵਾਂ ਤੇ ਕਦਰਾਂ-ਕੀਮਤਾਂ ਨੂੰ ਖੁ਼ਦ ਨਿਸ਼ਚਿਤ ਕਰਦੀ ਕਿਉਂਕਿ ਬਹੁਤੀ ਵਾਰ ਬਣੀਆਂ ਰਾਹਾਂ ‘ਤੇ ਤੁਰਦਿਆਂ ਤੁਹਾਡੀ ਪਛਾਣ ਨੂੰ ਨਵੀਨਤਾ ਨਹੀਂ ਮਿਲਦੀ। ਜਦ ਵੱਖਰਤਾ ਵਿਚੋਂ ਕੋਈ ਕਵਿਤਾ ਆਪਣੀ ਪਛਾਣ ਸਿਰਜਦੀ ਤਾਂ ਇਹ ਸਮਿਆਂ ਦੀ ਅੱਖ ਵਿਚ ਅੱਖ ਪਾ ਕੇ ਵੀ ਝਾਕਦੀ। ਆਪਣੀ ਤੋਰ ਅਤੇ ਮਟਕ ਨਾਲ ਅਜੇਹੀ ਰੂਹ-ਰੇਜ਼ਤਾ ਨੂੰ ਵਰਕਿਆਂ ਦੇ ਨਾਮ ਕਰਦੀ ਕਿ ਪੈਰ ਵਿਚ ਪੈਰ ਧਰਨ ਵਾਲੀ ਕਵਿਤਾ ਨੂੰ ਵੀ ਇਸ ਨਿਕੋਰ ਪਛਾਣ ‘ਤੇ ਮਾਣ ਮਹਿਸੂਸ ਹੁੰਦਾ। ਸਿਰਫ਼ ਉਹ ਕਵੀ ਹੀ ਵਕਤ ਦੇ ਹਰ ਦੌਰ ਵਿਚ ਆਪਣੀ ਭਰਵੀਂ ਹਾਜ਼ਰੀ ਨਾਲ ਹਾਜ਼ਰ-ਨਾਜ਼ਰ ਰਹਿੰਦਾ, ਜਿਸ ਨੇ ਕਵਿਤਾ ਨੂੰ ਆਪਣੀ ਰੂਹ ਵਿਚ ਰੰਗ ਕੇ ਇਸ ਨੂੰ ਮਨ ਦੀ ਸਰਜਮ਼ੀਂ ‘ਤੇ ਪੁੰਗਰਾਇਆ ਹੋਵੇ। ਹਿਰਦੇ ਦੀਆਂ ਭਾਵਨਾਵਾਂ ਦਾ ਪਾਣੀ ਅਤੇ ਦਿਲ ਦੀਆਂ ਝੀਤਾਂ ਵਿਚੋਂ ਆਉਂਦੀ ਧੁੱਪ ਨਾਲ ਇਸਦੀ ਨੁਹਾਰ ਨੂੰ ਚਾਨਣ-ਰੰਗਾ ਕੀਤਾ ਹੋਵੇ।
ਕਵਿਤਾ ਸਿਰਫ਼ ਕਵੀ ਮਨ ਦਾ ਚਿਤਰਨ ਜਾਂ ਉਸਦੇ ਖਿ਼ਆਲਾਂ ਦੀ ਪ੍ਰਵਾਜ਼ ਹੀ ਨਹੀਂ। ਕਵਿਤਾ ਦੇ ਊਦੈ ਹੋਣ ਤੋਂ ਪਹਿਲਾਂ ਬਹੁਤ ਕੁਝ ਵਾਪਰਦਾ ਹੈ ਕਵੀ-ਮਨ ਵਿਚ। ਅਵਚੇਤਨੀ ਉਥਲ-ਪੁਥਲ ਵਿਚ ਉਹ ਕਵਿਤਾ ਦੀਆਂ ਪੀੜਾਂ ਵੀ ਹੰਢਾਉਂਦਾ ਅਤੇ ਫਿਰ ਆਵੇਸ਼ੀ ਪਲ ਵਿਚ ਕਵਿਤਾ ਦੀ ਆਮਦ ਉਸ ਲਈ ਰਾਹਤ ਤੇ ਸਕੂਨ ਦਾ ਸਬੱਬ ਬਣਦੀ। ਉਹ ਇਸਨੂੰ ਅੱਖਰਾਂ ਦੇ ਹਵਾਲੇ ਕਰ, ਪਾਠਕ ਦੀ ਕਚਹਿਰੀ ਵਿਚ ਪੇਸ਼ ਕਰਦਾ। ਕਵਿਤਾ ਵਿਚੋਂ ਝਰਦੀ ਚਾਨਣੀ ਨਾਲ ਆਪਣੇ ਅੰਤਰੀਵ ਨੂੰ ਰੌਸ਼ਨ-ਰੌਸ਼ਨ ਕਰਨ ਦੇ ਆਹਰ ਵਿਚ ਹਮੇਸ਼ਾ ਜੁਟਿਆ ਰਹਿੰਦਾ।
ਕਵਿਤਾ ਨੂੰ ਪ੍ਰਭਾਵਿਤ ਕਰਦਾ ਹੈ ਕਵੀ ਮਨ, ਉਸਦੀ ਜਿ਼ੰਦਗੀ ਵਿਚ ਵਾਪਰਦੇ ਹਾਦਸੇ ਤੇ ਘਟਨਾਵਾਂ। ਉਸਦੇ ਆਲੇ-ਦੁਆਲੇ ਵਿਚ ਵਾਪਰ ਰਹੀਆਂ ਕਿਰਿਆਵਾਂ ਤੇ ਸਮਾਜਿਕ ਸਰੋਕਾਰਾਂ ਦੀ ਸਮਝ। ਸਮਾਜ ਵਿਚ ਵਾਪਰ ਰਹੇ ਤੇ ਹੋ ਰਹੇ ਵਰਤਾਰਿਆਂ ਵਿਚੋਂ ਝਲਕਦਾ ਮਨੁੱਖੀ ਕਿਰਦਾਰ। ਕੁਦਰਤ ਦੀਆਂ ਅਸੀਮਤ ਕਿਰਿਆਵਾਂ, ਰੰਗਾਂ ਅਤੇ ਕਿਰਤਾਂ ਵਿਚੋਂ ਕੁਝ ਅਛੋਹ ਤੇ ਅਨੂਠਾ ਦੇਖਣਾ। ਇਨ੍ਹਾਂ ਨੂੰ ਅੱਖ ਦੇ ਲੈਂਜ਼ ਰਾਹੀਂ ਬਾਰੀਕਬੀਨੀ ਨਾਲ ਨਿਹਾਰਨ ਦੀ ਅਦਾਅ ਅਤੇ ਅਦਾਇਗੀ ਹੀ ਮਨੁੱਖ ਨੂੰ ਕਵੀ ਬਣਾਉਂਦੀ ਹੈ।
ਕਵਿਤਾ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਖੁ਼ਦ ਦਾ ਕਵਿਤਾ-ਕਵਿਤਾ ਹੋਣਾ। ਰੋਂਦੀ ਅੱਖ ਵਿਚਲਾ ਹੰਝੂ ਬਣਨਾ। ਬਸਤੇ ਵਿਚ ਰੋਂਦੇ ਪੂਰਨਿਆਂ ਨੂੰ ਵਰਾਉਣ ਵਾਲਾ ਤਰਲਾ ਬਣ ਜਾਣਾ। ਭੁੱਖੇ ਪੇਟ ਦੀ ਚੀਖ਼ ਨੂੰ ਸਮਝਣ ਦੀ ਆਦਤ। ਖੇਤ ਵਿਚ ਹਰਕੋਟੇ ਭਰਦੀਆਂ ਫਸਲਾਂ ਵਿਚੋਂ ਖੁਦਕੁਸ਼ੀ ਦੇ ਰਾਹ ਤੁਰੇ ਕਿਸਾਨ ਨੂੰ ਦੇਖਣਾ। ਖੜਸੁੱਕ ਹੋ ਰਹੀ ਧਰਤੀ ਦੇ ਵਿਰਲਾਪ ਨੂੰ ਰੂਹ ਵਿਚ ਵਸਾਉਣ ਦੀ ਲੋਚਾ। ਪੱਤਹੀਣ ਬਿਰਖ਼ਾਂ ਦਾ ਵੇਦਨ ਅਤੇ ਆਲ੍ਹਣੇ ਵਿਚ ਪਸਰੀ ਉਜਾੜ ਨੂੰ ਮੁਖ਼ਾਤਬ ਹੋਣ ਦਾ ਹੁਨਰ।
ਕਵਿਤਾ ਲਈ ਜ਼ਰੂਰੀ ਹੁੰਦਾ ਹੈ ਅੱਖਾਂ ਵਿਚ ਖਾਰੇ ਪਾਣੀ ਦਾ ਸਮੁੰਦਰ ਉਗਾਉਣਾ। ਪੈਰਾਂ ਵਿਚ ਉਨ੍ਹਾਂ ਰਾਹਾਂ ਦੀ ਇਬਾਰਤ ਨੂੰ ਲਿਖਣਾ ਜਿਨ੍ਹਾਂ ਰਾਹਾਂ ਵਿਚੋਂ ਜਿ਼ੰਦਗੀ ਨੂੰ ਮੁਖਾਤਬ ਹੋਣ ਦਾ ਮੌਕਾ ਮਿਲਿਆ। ਝੁਰੜੀਆਂ ਵਿਚੋਂ ਜੀਵਨ ਦੀ ਦਾਸਤਾਨ ਨੂੰ ਪੜ੍ਹਨ ਦੀ ਆਦਤ ਵੀ ਹੋਣੀ ਚਾਹੀਦੀ ਹੈ। ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦਰਾਂ ‘ਤੇ ਬੈਠੀ, ਪ੍ਰਦੇਸੀ ਪੁੱਤ ਨੂੰ ਉਡੀਕਦੀ ਮਾਂ ਦੇ ਨੈਣਾਂ ਵਿਚ ਉਗ ਰਹੀਆਂ ਉਨ੍ਹਾਂ ਰਾਹਾਂ ਨੂੰ ਕੀ ਨਾਮ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਰਾਹਾਂ ਥੀਂ ਉਸਦੇ ਪ੍ਰਦੇਸੀ ਪੁੱਤ ਨੇ ਘਰ ਪਰਤਣਾ ਹੈ।
ਕਵੀ ਲਈ ਇਹ ਵੀ ਜਾਨਣਾ ਜ਼ਰੂਰੀ ਹੁੰਦਾ ਕਿ ਮਾਂ ਲਈ ਮਾਂ ਬਣਨ ਦੇ ਕੀ ਅਰਥ ਨੇ? ਬਾਪ ਨੇ ਧੀ ਦੀ ਹਿੱਕ ਵਿਚ ਉਗੀ ਸਿਸਕੀ ਨੂੰ ਕਿਵੇਂ ਉਲਥਾਉਣਾ ਹੈ? ਆਪਣੇ ਪੁੱਤ ਦੇ ਨੈਣਾਂ ਵਿਚ ਉਗੇ ਸੁਪਨਿਆਂ ਨੂੰ ਕਿਵੇਂ ਪੂਰਨਤਾ ਦਾ ਮਾਰਗ ਦਰਸਾਉਣਾ ਹੈ ਅਤੇ ਬੱਚੇ ਦੇ ਲੀਰਾਂ ਹੋਏ ਸੁਪਨਿਆਂ ਨੂੰ ਕਿਵੇਂ ਸਿਉਣਾ ਹੈ?
ਕਵੀ ਨੂੰ ਇਸਦਾ ਵੀ ਅਹਿਸਾਸ ਹੁੰਦਾ ਕਿ ਜਦ ਘਰ ਤੋਂ ਬੇਦਖ਼ਲ ਕੀਤਾ ਜਾਵੇ ਤਾਂ ਘਰ ਕਿਵੇਂ ਹੁੱਬਕੀਂ ਹੁੱਬਕੀ ਰੋਂਦਾ ਹੈ? ਘਰ ਤੋਂ ਬਾਹਰ ਨੂੰ ਜਾਂਦੇ ਪੈਰਾਂ ਵਿਚ ਕਿਵੇਂ ਕਿੱਲ ਠੁੱਕ ਜਾਂਦੇ ਨੇ? ਘਰ ਵਿਚ ਉਸਰਦੀਆਂ ਕੰਧਾਂ ਅਤੇ ਖੇਤਾਂ ਵਿਚ ਉਗਦੀਆਂ ਵੱਟਾਂ ਕਿਵੇਂ ਕਬਰਾਂ ਬਣਦੀਆਂ ਨੇ ਅਤੇ ਇਨ੍ਹਾਂ ਕਬਰਾਂ ‘ਤੇ ਆਪਣੇ ਹੀ ਕਿਵੇਂ ਮਹਿਲਾਂ ਦੀ ਤਾਮੀਰਦਾਰੀ ਕਰਦੇ ਨੇ?
ਕਵੀ ਨੂੰ ਇਸਦਾ ਵੀ ਪਤਾ ਹੁੰਦਾ ਕਿ ਆਪਣੇ ਹਿੱਸੇ ਦੇ ਅੰਬਰ ਨੂੰ ਕਿਵੇਂ ਤਲਾਸ਼ਣਾ? ਇਹ ਤਲਾਸ਼ ਕਿਵੇਂ ਸੁਪਨਹੀਣ ਦੀਦਿਆਂ ਵਿਚ ਆਲ੍ਹਣਾ ਪਾਉਂਦੀ ਹੈ? ਇਸ ਵਿਚੋਂ ਹੀ ਆਸਾਂ ਦੇ ਪਰਿੰਦੇ ਆਪਣੀ ਪ੍ਰਵਾਜ਼ ਨੂੰ ਨਵਾਂ ਨਕੋਰ ਨਾਮਕਰਨ ਦਿੰਦੇ। ਕਿਵੇਂ ਚਾਨਣੀ ਵਿਚ ਭਿੱਜੀਆਂ ਰੂਹਾਂ ਵਿਚੋਂ ਤ੍ਰਿਪਤੀ ਦੀ ਵਰਖਾ ਹੁੰਦੀ ਹੈ? ਇਸ ਬਾਰਸ਼ ਵਿਚ ਕਿਵੇਂ ਤਪਦਿਆਂ ਤਨਾਂ ਨੂੰ ਰਾਹਤ ਅਤੇ ਸੁੱਕਣੇ ਪਈਆਂ ਆਸ਼ਾਵਾਂ ਨੂੰ ਫਿਰ ਤੋਂ ਪੁੰਗਰਨ ਅਤੇ ਫਲਣ-ਫੁੱਲਣ ਦਾ ਵਰਦਾਨ ਮਿਲਦਾ ਹੈ?
ਕਵਿਤਾ ਸਿਰਫ਼ ਵਰਕਿਆਂ ‘ਤੇ ਹੀ ਨਹੀਂ ਲਿਖੀ ਜਾਂਦੀ ਅਤੇ ਨਾ ਹੀ ਕਿਸੇ ਕਲਮ ਦੀ ਮੁਥਾਜ ਹੁੰਦੀ। ਕਵਿਤਾ ਬਹੁਤ ਸਾਰੇ ਰੂਪਾਂ ਵਿਚ ਸਾਡੇ ਆਲੇ-ਦੁਆਲੇ ਪਸਰੀ ਹੁੰਦੀ ਹੈ। ਸਿਰਫ਼ ਸਾਨੂੰ ਹੀ ਇਸਨੂੰ ਪੜ੍ਹਨ ਲਈ ਕਵਿਤਾ ਦੇ ਹਾਣੀ ਹੋਣ ਦਾ ਚੱਜ ਨਹੀਂ ਹੁੰਦਾ ਅਤੇ ਨਾ ਹੀ ਅਸੀਂ ਇਸਦੀ ਇਬਾਰਤ ਵਿਚੋਂ ਇਬਾਦਤ ਦੇ ਦੀਦਾਰੇ ਕਰ ਸਕਦੇ।
ਕਵਿਤਾ ਤਾਂ ਅੰਬਰ ਦੇ ਵਿਹੜੇ ਵਿਚ ਤਾਰੇ ਵੀ ਲਿਖਦੇ। ਇਨ੍ਹਾਂ ਦੀਆਂ ਖਿੱਤੀਆਂ ਦੇ ਵੱਖੋ- ਵੱਖਰੇ ਅਕਾਰ ਬਹੁਤ ਕੁਝ ਅੰਬਰ ਦੇ ਪਿੰਡੇ ‘ਤੇ ਉਕਰਦੇ। ਸਿਰਫ਼ ਮਨੁੱਖ ਹੀ ਇਸਨੁੰ ਸਮਝਣ ਦੇ ਕਾਬਲ ਨਹੀਂ। ਪੁੰਨਿਆ ਦੀ ਰਾਤੇ ਛੱਤ ‘ਤੇ ਅਲਸਾਏ ਪਿੰਡਿਆਂ ‘ਤੇ ਚਾਨਣੀ ਵਲੋਂ ਖੁਣੀ ਜਾ ਰਹੀ ਕਵਿਤਾ ਦੇ ਸੰਗੀਤ ਵਿਚ ਹੀ ਜੀਵਨ ਦੀਆਂ ਮਦਹੋਸ਼ੀਆਂ ਨੂੰ ਮਾਣਿਆ ਅਤੇ ਮਨਾਇਆ ਜਾ ਸਕਦਾ। ਬਹੁਤ ਵਿਰਲੇ ਹੁੰਦੇ ਜਿਹੜੇ ਇਸ ਕਵਿਤਾ ਦੇ ਕਦਰਦਾਨ ਬਣ ਕੇ ਆਪਣੀਆਂ ਪੱਲੇ ਵਿਚਲੇ ਪਲਾਂ ਨੂੰ ਸੁਨਹਿਰੀ ਸਮੇਂ ਦਾ ਰੁਤਬਾ ਪ੍ਰਦਾਨ ਕਰਦੇ।
ਵਗਦੇ ਦਰਿਆ ਤੇ ਪਾਣੀ ਦੀਆਂ ਲਹਿਰਾਂ ਨਾਲ ਲਿਖੀ ਵਰਣਮਾਲਾ ਵਿਚੋਂ ਜਿਹੜੀ ਕਵਿਤਾ ਸਿਰਜੀ ਜਾਂਦੀ ਇਸਨੂੰ ਸਿਰਫ਼ ਰਾਵੀ ਦੀ ਹਿੱਕ ਨੂੰ ਚੀਰਦੀ ਸੋਹਣੀ ਪੜ੍ਹ ਸਕਦੀ ਹੈ ਜਾਂ ਅਟਕ ਦਰਿਆ ਦੀ ਹਿੱਕ ‘ਤੇ ਪੈੜ ਪਾਉਂਦੀ ਰਣਜੀਤ ਸਿੰਘ ਦੀ ਲਲਕਾਰ ਜਾਂ ਸਰਸਾ ਨਦੀ ਦੇ ਪਾਣੀ ਵਿਚ ਗੁਰੂਆਂ ਦੀ ਲਾਡਲੀ ਵਹੀਰ ਨੂੰ ਹੀ ਇਸ ਕਵਿਤਾ ਨੂੰ ਉਲਥਾਉਣ ਦਾ ਮਾਣ ਮਿਲਦਾ। ਇਸ ਕਵਿਤਾ ਨੂੰ ਸਰਸਾ ਦੇ ਪਾਣੀ ਹੁਣ ਵੀ ਗੁਣਗੁਣਾਉਂਦੇ ਨੇ। ਕਦੇ ਇਸਦੇ ਕੰਢੇ ਬਹਿ ਕੇ ਆਪਣੀ ਸੁਰਤੀ ਨੂੰ ਸਰਸਾ ਨਦੀ ਦੀ ਕਵਿਤਾ ਨਾਲ ਜ਼ਰੂਰ ਜੋੜਨਾ।
ਕਵਿਤਾ ਤਾਂ ਕੁਦਰਤ ਦੀ ਗੋਦ ਵਿਚ ਮੌਲਦੀ ਹਰ ਵਸਤ ਅਤੇ ਵਰਤਾਰੇ ਵਿਚ ਹਰਦਮ ਪ੍ਰਕਾਸ਼ਮਾਨ ਹੁੰਦੀ। ਇਹ ਕਵਿਤਾ ਜੋ ਜੀਵਨਦਾਨੀ ਹੈ, ਬ੍ਰਹਮ ਗਿਆਨੀ ਹੈ, ਅੰਤਰ-ਧਿਆਨੀ ਹੈ ਅਤੇ ਰੂਹ ਦੀ ਜਾਨੀ ਹੈ। ਸਿਰਫ਼ ਇਸ ਕਵਿਤਾ ਨੂੰ ਪੜ੍ਹਨ ਲਈ ਕੁਦਰਤ ਨਾਲ ਇਕਮਿਕਤਾ ਬਹੁਤ ਜ਼ਰੂਰੀ ਕਿਉਂਕਿ ਕੁਦਰਤ ਸਰੂਰੀ ਨੂੰ ਮਾਨਣ ਲਈ ਇਸ ਵਿਚੋਂ ਆਪਣੀ ਹੋਂਦ ਨੂੰ ਸਮਝਣਾ ਅਤੇ ਇਸਦੇ ਅਹਿਸਾਸ ਨੂੰ ਆਪਣੀਆਂ ਤਰਜੀਹਾਂ ਤੇ ਤਰਕੀਬਾਂ ਬਣਾਉਣਾ ਬਹੁਤ ਜ਼ਰੂਰੀ ਹੁੰਦਾ।
ਕਦੇ ਕਮਰੇ ਵਿਚ ਮੂਕ ਹੋਈ ਕਵਿਤਾ ਨੂੰ ਪੜ੍ਹਨ ਦਾ ਤਰਦੱਦ ਕਰਨਾ। ਕੰਧ ‘ਤੇ ਇਕ ਪਾਸੇ ਲਟਕਦੀ ਹੈ ਬਾਪ ਦੀ ਤਸਵੀਰ ਅਤੇ ਦੂਸਰੇ ਪਾਸੇ ਮਾਂ ਦੀ ਤਸਵੀਰ ਵਿਚੋਂ ਦੁਆਵਾਂ ਦੀਆਂ ਕਿਰਨਾਂ ਦਾ ਫੁਟਾਰਾ ਹੁੰਦਾ। ਇਹ ਕਵਿਤਾ ਸਮਝਾਉਂਦੀ ਹੈ ਕਿ ਤੁਹਾਡੇ ਮਾਪੇ ਮਰ ਕੇ ਵੀ ਕਿਧਰੇ ਨਹੀਂ ਜਾਂਦੇ। ਉਹ ਸਦਾ ਤੁਹਾਡੇ ਕੋਲ ਤੁਹਾਡੀਆਂ ਖੈ਼ਰਾਂ-ਸੁੱਖਾਂ ਮੰਗਦੇ, ਤੁਹਾਨੂੰ ਅਸ਼ੀਰਵਾਦਾਂ ਨਾਲ ਨਿਵਾਜਦੇ। ਸਿਰਫ਼ ਤੁਸੀਂ ਹੀ ਇੰਨੇ ਨਿਰਮੋਹੇ ਹੋ ਜਾਂਦੇ ਹੋ ਕਿ ਇਨ੍ਹਾਂ ਦੁਆਵਾਂ ਦੀ ਅਧੀਨਗੀ ਵਿਚੋਂ ਆਪਣੀ ਨਵੀਂ ਜੀਵਨ-ਜਾਚ ਤੇ ਰੰਗਤ ਬਖਸ਼ਣ ਤੋਂ ਮਹਿਰੂਮ ਹੋ ਜਾਂਦੇ ਹੋ।
ਕਦੇ ਕਦਾਈਂ ਕਮਰੇ ਵਿਚ ਅਣਲਿਖੀ ਉਸ ਕਵਿਤਾ ਨੂੰ ਜ਼ਰੂਰ ਪੜ੍ਹਨਾ ਜਿਹੜੀ ਕਵਿਤਾ ਇਕ ਹੀ ਮੰਜੇ ‘ਤੇ ਲੇਟੇ ਦੋ ਜਿਸਮਾਂ ਵਿਚਲੀ ਦੂਰੀ ਨੂੰ ਬਿਆਨਦੀ ਹੈ। ਜਿਸਦੀ ਅਬੋਲਤਾ ਵਿਚੋਂ ਕਮਰੇ ਵਿਚ ਸੁੰਨ ਪਸਰਦੀ ਹੈ, ਜਿਸਦੀ ਅੱਖ ਵਿਚ ਸੁੱਕੇ ਅੱਥਰੂਆਂ ਦਾ ਬੜਬੋਲਾਪਣ ਹੁੰਦਾ। ਬਿਨ-ਅੱਖਰੀ ਇਸ ਕਵਿਤਾ ਨੂੰ ਕੋਈ ਹੋਰ ਕਵਿਤਾ ਕਿਵੇਂ ਸਮਝ ਅਤੇ ਸਮਝਾ ਸਕਦੀ ਹੈ। ਉਹ ਕਵਿਤਾ ਸਭ ਤੋਂ ਅਜ਼ੀਮ ਅਤੇ ਸੋਹਣੀ ਹੁੰਦੀ ਹੈ ਜਿਹੜੀ ਦੋ ਤਾਬੂਤਾਂ ਨੂੰ ਰੂਹਾਂ ਬਣਾਉਣ ਅਤੇ ਸੁੰਨ ਵਿਚ ਹਾਸੇ ਲਰਜ਼ਾਉਣ ਦੇ ਸਮਰੱਥ। ਪਰ ਅਸੀਂ ਇਸ ਕਵਿਤਾ ਤੋਂ ਬੇਮੁੱਖ ਹੋ ਕੇ ਸਿਰਫ਼ ਆਪਣੇ ਚਾਵਾਂ ਦੀ ਧੂਣੀ ਨੂੰ ਅੰਦਰ ਵਿਚ ਧੁਖਾਉਣ ਲਈ ਰੁਚਿਤ ਹਾਂ। ਇਸ ਸੋਚ ਕਾਰਨ ਹੀ ਅਸੀਂ ਤੁਰਦੀਆਂ ਫਿਰਦੀਆਂ ਲਾਸ਼ਾ ਹਾਂ। ਦੁਨਿਆਵੀ ਦੌੜ ਵਿਚ ਹੰਭੂ ਹਾਰੇ ਖੁਦ ਤੋਂ ਬੇਮੁਖਤਾ ਨੂੰ ਹੰਢਾਉਣ ਜੋਗੇ ਹੀ ਰਹਿ ਗਏ ਹਾਂ।
‘ਵਾ ਦੀ ਰੁਮਕਣੀ ਵਿਚ ਤੈਰਦੀ ਉਸ ਕਵਿਤਾ ਨੂੰ ਕਿਹੜਾ ਨਾਮ ਦੇਵੋਗੇ ਜਿਸ ਵਿਚ ਉਡੀਕ ਦੀ ਆਸ ਵੀ ਹੁੰਦੀ, ਦੂਰ-ਦੇਸ਼ਾਂਤਰਾਂ ਤੋਂ ਭੇਜੇ ਹੋਏ ਸੁਨੇਹੇ ਵੀ, ਸਿਸਕੀਆਂ ਦੀ ਗੂੰਜ ਵੀ, ਮਹਿਕੀਲੇ ਪਲਾਂ ਦੀ ਸੁਗੰਧ ਵੀ ਅਤੇ ਸੜਦੀਆਂ ਤਮੰਨਾਵਾਂ ਦੀ ਤਿੱਖੀ ਦੁਰਗੰਧ ਵੀ। ਬਾਰਸ਼ ਤੋਂ ਬਾਅਦ ਧਰਤ ਵਿਚੋਂ ਉਠੀ ਮਿੱਟੀ ਦੀ ਮਹਿਕ ਵੀ ਹੁੰਦੀ। ਸੋਕਾ ਹੰਢਾਉਂਦੀ ਫਸਲ ਦੀ ਪਾਣੀ ਲਈ ਸਹਿਕ ਵੀ ਅਤੇ ਪੱਤਿਆਂ ਸੰਗ ਲਰਜਦੀ ਕੂਲੀਆਂ ਲਗਰਾਂ ਦੀ ਟਹਿਕ ਵੀ। ‘ਵਾ ਸੁਗਮ ਸੁਨੇਹਿਆਂ ਦੀ ਅਜੇਹੀ ਸੰਦੇਸ਼-ਵਾਹਕ ਜਿਸਦੀ ਸਭ ਨੂੰ ਉਡੀਕ ਤੇ ਆਸ ਹੁੰਦੀ। ਇਸ ਵਿਚੋਂ ਵਕਤ ਨੂੰ ਜਿਉਂਦੇ ਜਾਗਦੇ ਹੋਣ ਦਾ ਅਹਿਸਾਸ ਤੇ ਆਭਾਸ ਹੁੰਦਾ।
ਕਦੇ ਸਮਾਂ ਮਿਲੇ ਤਾਂ ਮਾਰੂਥਲ ਦੇ ਪਿੰਡੇ ‘ਤੇ ਕਵਿਤਾ ਦੀਆਂ ਲਹਿਰ-ਰੂਪੀ ਤਰੰਗਾਂ ਨੂੰ ਪੜ੍ਹਨਾ। ਇਸਦੀ ਸੂਖ਼ਮ ਭਾਸ਼ਾ, ਸਮੋਏ ਹੋਏ ਸੰਵੇਦਨਸ਼ੀਲ ਅਰਥਾਂ ਅਤੇ ਇਨ੍ਹਾਂ ਵਿਚੋਂ ਕੁਦਰਤੀ ਸੁੰਦਰਤਾ, ਸਹਿਜਤਾ, ਸਾਰਥਿਕਤਾ ਅਤੇ ਸਮਰਪਣ ਨੂੰ ਉਲਥਾਉਣਾ। ਪਤਾ ਲੱਗੇਗਾ ਕਿ ਕਿਵੇਂ ਟਿੱਬਿਆਂ ਦੀ ਕਾਵਿ-ਚਿੱਤਰਕਾਰੀ ਦੀ ਜੁਗਲਬੰਦੀ ਵਿਚੋਂ ਮਨੁੱਖ ਨੂੰ ਸੁਖਨ ਅਤੇ ਸਕੂਨ ਮਿਲਦਾ ਹੈ ਪਰ ਮਨੁੱਖ ਨੂੰ ਯਾਦ ਰਹਿੰਦਾ ਹੈ ਵਗਦੀ ਹਨੇਰੀ ਵਿਚ ਧੂੜ ਨਾਲ ਭਰਿਆ ਪਿੰਡਾ। ਉਹ ਕਦੇ ਵੀ ਮਾਰਥੂਲ ‘ਤੇ ਉਕਰੀ ਕਵਿਤਾ ਵਿਚੋਂ ਆਪਣੇ ਨਕਸ਼ਾਂ ਦੀ ਨਿਸ਼ਾਨਦੇਹੀ ਨਹੀਂ ਕਰਦਾ। ਇਸ ਵਿਚੋਂ ਜੀਵਨ ਦੀਆਂ ਉਨ੍ਹਾਂ ਅਦਾਵਾਂ ਦੀ ਦ੍ਰਿਸ਼ਮਾਨੀ ਹੁੰਦੀ ਜੋ ਸਾਡੀਆਂ ਕਲਪਨਾਵਾਂ ਅਤੇ ਕਿਰਿਆਸ਼ੀਲਤਾ ਨੂੰ ਕਰਮਯੋਗਤਾ ਦਾ ਰੁਤਬਾ ਪ੍ਰਦਾਨ ਕਰਦੀਆਂ।
ਕਵਿਤਾ ਜਦ ਕਵਿਤਾ ਕਵਿਤਾ ਹੋ ਕੇ ਉਤਰਦੀ ਹੈ ਤਾਂ ਸ਼ਬਦਾਂ ਦਾ ਅਥਾਹ ਭੰਡਾਰ ਤੁਹਾਡੀਆਂ ਬਰੂਹਾਂ ‘ਤੇ ਖ਼ੁਦ-ਬ-ਖ਼ੁਦ ਹਾਜ਼ਰ। ਇਸ ਵਿਚੋਂ ਸ਼ਬਦ-ਮੋਤੀਆਂ ਨੂੰ ਚੁਣਨਾ ਅਤੇ ਪਰੋਣਾ, ਇਕ ਆਵੇਸ਼ੀ ਅੰਦਾਜ਼ ਤੇ ਕਵੀ ਦੀ ਮਾਨਸਿਕ ਪ੍ਰਵਾਜ਼। ਇਨ੍ਹਾਂ ਹਰਫ਼ਾਂ ਵਿਚ ਨਾਦ ਤੇ ਰਾਜ਼ ਹੁੰਦੇ। ਇਨ੍ਹਾਂ ਰਾਜ਼ਾਂ ਨੇ ਮਨੁੱਖ ਨੂੰ ਮਨੁੱਖਤਾ ਦੇ ਹਾਣੀ ਬਣਨ ਲਈ ਕਰਨਾ ਹੁੰਦਾ ਆਗਾਜ਼।
ਲੋਕ ਵੀ ਕਵਿਤਾ ਦੇ ਵਿਭਿੰਨ ਰੂਪਾਂ ਵਰਗੇ ਹੀ ਹੁੰਦੇ ਤਾਂ ਹੀ ਕਲਮ ਕਹਿੰਦੀ;
ਕੁਝ ਲੋਕ
ਹੰਝੂਆਂ ‘ਚ ਖੁਰੀ ਕਵਿਤਾ ਹੰਢਾਉਂਦੇ
ਤੇ ਹੰਝੂ ਦੀ ਤਕਦੀਰ ਹੋ ਜਾਂਦੇ।
ਕੁਝ ਲੋਕ
ਵਰਕਿਆਂ ‘ਤੇ ਉਕਰੀ ਕਵਿਤਾ ਜਿਉਂਦੇ,
ਤੇ ਪਾਟੇ ਵਰਕੇ ਦੀ ਤਫ਼ਸੀਲ ਹੁੰਦੇ।
ਕੁਝ ਲੋਕ
ਪਾਣੀ ‘ਚ ਘੁਲੀ ਕਵਿਤਾ ਪੀਂਦੇ,
ਤੇ ਪਾਣੀ ਦੀ ਤਾਸੀਰ ਹੋ ਜਾਂਦੇ।
ਕੁਝ ਲੋਕ
‘ਵਾ ‘ਤੇ ਉਕਰੀ ਕਵਿਤਾ ਨੂੰ ਸਾਹ ਬਣਾਉਂਦੇ
ਤੇ ਹਵਾ ਦਾ ਹਉਕਾ ਬਣ ਜਾਂਦੇ।
ਕੁਝ ਲੋਕ
ਬਿਰਖ਼ਾਂ ‘ਤੇ ਖੁਣੀ ਕਵਿਤਾ ਕਿਆਸਦੇ,
ਤੇ ਬਿਰਖ਼ ਬਿਰਖ਼ ਹੋ ਜਾਂਦੇ।
ਕੁਝ ਲੋਕ
ਧਰਤ ‘ਤੇ ਪੁੰਗਰੀ ਕਵਿਤਾ ਉਚਾਰਦੇ,
ਤੇ ਧੋਲ-ਧਰਮ ਬਣ ਜਾਂਦੇ।
ਕੁਝ ਲੋਕ
ਚਾਨਣੀ ਵਿਚ ਲਿਪਟੀ ਕਵਿਤਾ ਓੜਦੇ
ਤੇ ਪੁੰਨਿਆ ਬਣ ਜਾਂਦੇ।
ਕੁਝ ਲੋਕ
ਧੁੱਪ ਵਿਚ ਸਮਾਈ ਕਵਿਤਾ ਉਘਾੜਦੇ
ਤੇ ਰੰਗਰੇਜ਼ ਹੋ ਜਾਂਦੇ।
ਕੁਝ ਲੋਕ
ਅੰਬਰ ‘ਤੇ ਚਿੱਤਰੀ ਕਵਿਤਾ ਉਲਥਾਉਂਦੇ,
ਤੇ ਅੰਬਰ ਹੋ ਜਾਂਦੇ।
ਕੁਝ ਲੋਕ
ਸ਼ਬਦਾਂ ‘ਚੋਂ ਸਿੰਮਦੀ ਕਵਿਤਾ ਸਿਮਰਦੇ
ਤੇ ਸ਼ਬਦ ਸ਼ਬਦ ਹੋ ਜਾਂਦੇ।
ਪਰ
ਬਹੁਤ ਘੱਟ ਲੋਕ
ਅੰਤਰੀਵ ‘ਚ ਸਿਮਟੀ ਕਵਿਤਾ ਪਲੋਸਦੇ
ਤੇ ਕਵਿਤਾ ਕਵਿਤਾ ਹੋ ਜਾਂਦੇ।

ਕਵਿਤਾ ਕੋਈ ਧਿੰਗੋਜ਼ੋਰੀ ਜਾਂ ਜ਼ੋਰ-ਜ਼ਬਰਦਸਤੀ ਲਿਖਤ ਨਹੀਂ। ਨਾ ਹੀ ਇਸਨੁੰ ਅਗਵਾ ਕੀਤਾ ਜਾ ਸਕਦਾ, ਖਰੀਦਿਆ ਜਾ ਸਕਦਾ ਜਾਂ ਇਸਨੂੰ ਮਨਮਰਜ਼ੀ ਦਾ ਮੁਹਾਂਦਰਾ ਦਿਤਾ ਜਾ ਸਕਦਾ। ਕਵਿਤਾ ਆਪਣਾ ਰੰਗ, ਅੰਦਾਜ਼, ਸਰੂਪ, ਸਮਰੂਪ ਅਤੇ ਪ੍ਰਤੀਰੂਪ ਖੁਦ ਲੈ ਕੇ ਦਸਤਕ ਦਿੰਦੀ। ਕਵਿਤਾ ਸਿਰਫ਼ ਕਵਿਤਾ ਹੁੰਦੀ ਅਤੇ ਇਸਨੂੰ ਇਸਦੇ ਅੰਦਾਜ਼ ਅਤੇ ਰੂਪ ਵਿਚ ਸਮਝਦਿਆਂ ਹੀ ਇਸਨੂੰ ਪੜ੍ਹਿਆ ਜਾਂ ਮਾਣਿਆ ਜਾ ਸਕਦਾ।
ਕਵਿਤਾ ਨੂੰ ਕਦੇ ਵੀ ਕਿਸੇ ਸਥਾਪਤ ਫਰੇਮ ਦੀ ਅੱਖ ਰਾਹੀਂ ਪੜ੍ਹਨ ਜਾਂ ਸਮਝਣ ਦੀ ਕੋਸਿ਼ਸ਼ ਨਾ ਕਰੋ ਕਿਉਂਕਿ ਸਥਾਪਤ ਦਾਇਰਿਆਂ ਵਿਚੋਂ ਸਿਰਫ਼ ਸਥਾਪਤ ਕਵਿਤਾ ਨੂੰ ਹੀ ਪੜ੍ਹਿਆ ਜਾ ਸਕਦਾ। ਜਦ ਅਸੀਂ ਕਵਿਤਾ ਨੂੰ ਫਰੇਮਹੀਣ ਕਰ ਕੇ ਪੜ੍ਹਦੇ ਤਦ ਇਸਦੀ ਉਡਾਣ, ਅਰਥਾਂ ਦੀ ਤਸ਼ਬੀਹ ਅਤੇ ਅਲੰਕਾਰਾਈ ਧਾਰਨਾਵਾਂ ਨੂੰ ਨਵੇਂ ਰੂਪ ਵਿਚ ਪਰਿਭਾਸ਼ਤ ਅਤੇ ਪ੍ਰਤੀਬੱਧਤ ਕਰ ਕੇ, ਇਸਨੂੰ ਇਸਦੀ ਰੰਗਤ ਅਤੇ ਮੌਲਿਕਤਾ ਵਿਚ ਮਾਨਣ ਦੇ ਸਮਰੱਥ ਹੁੰਦੇ।
ਕਵਿਤਾ ਨੂੰ ਕਦੇ ਵੀ ਰਖੇਲ ਨਾ ਬਣਾਓ ਅਤੇ ਨਾ ਹੀ ਇਸਨੂੰ ਨਿੱਜ ਤੀਕ ਸੀਮਤ ਕਰੋ। ਇਸਦੀ ਵਸੀਹਤਾ ਵਿਚੋਂ ਹੀ ਕਵਿਤਾ ਨੂੰ ਆਪਣੇ ਬਹੁ-ਪਾਸਾਰੀ ਕੋਣਾਂ ਰਾਹੀ ਵਰਤਾਰਿਆਂ ਨੂੰ ਦੇਖਣ, ਆਪਣੇ ਵਿਚ ਜਜ਼ਬ ਕਰਨ, ਉਲਥਾਉਣ ਅਤੇ ਪ੍ਰਗਟਾਉਣ ਦੀ ਖੁੱਲ੍ਹ ਹੋਵੇਗੀ।
ਕਵਿਤਾ, ਖੁੱਲ੍ਹੀ ਅੱਖ ਰਾਹੀਂ ਚੌਗਿਰਦੇ ਨੂੰ ਨਿਹਾਰਨ ਦੀ ਅਦਾਅ। ਦਿਮਾਗ ਦੇ ਖੁੱਲ੍ਹੇ ਕਪਾਟਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਸਮੁੱਚਤਾ ਅਤੇ ਸੱਚ ਨੂੰ ਸਮਝਣ ਦੀ ਸੋਝੀ। ਮਾਨਸਿਕ ਧਰਾਤਲ ‘ਤੇ ਸਕਾਰਾਤਮਕ ਕਿਰਿਆਵਾਂ ਨੂੰ ਹਰਫ਼ਾਂ ਦੇ ਹਵਾਲੇ ਕਰਨ ਦੀ ਕਲਾਕਾਰੀ। ਮਨੋਵਿਗਿਆਨਕ ਅਵਸਥਾ, ਭਾਵਨਾਤਮਿਕ ਪਹਿਲੂਆਂ ਅਤੇ ਸਰੀਰਕ ਸੰਬੰਧਾਂ ਵਿਚਲੀ ਖੂਬਸੂਰਤੀ ਜਾਂ ਕਰੂਪਤਾ ਨੂੰ ਸ਼ਬਦਾਂ ‘ਚ ਪਰੋਣ ਦਾ ਅਲਾਹੀ ਹੁਨਰ।
ਕਵਿਤਾ ਕਵਿਤਾ ਹੋਣਾ ਹੁੰਦਾ ਵਿਰਲਿਆਂ ਦਾ ਨਸੀਬ। ਉਹ ਹੀ ਹੁੰਦਾ ਜੋ ਖ਼ੁਦ ਦੇ ਕਰੀਬ। ਕਵਿਤਾ ਕਵਿਤਾ ਹੋਣ ਦੀ ਹੁੰਦੀ ਨਾ ਹੀ ਕੋਈ ਜ਼ਰੀਬ। ਇਹ ਤਾਂ ਹੁੰਦੀ ਖ਼ੁਦ ਨੂੰ ਖ਼ੁਦ ਦੀ ਰਹਿਣੀ ਤਾਮੀਜ਼। ਖੁ਼ਦ ਦੀ ਜਾਗਦੀ ਮਨੁੱਖ-ਭਾਵੀ ਤਹਿਜ਼ੀਬ। ਕਵਿਤਾ ਕਵਿਤਾ ਹੋ ਕੇ ਕਵਿਤਾ ਬਣੇ ਅਦੀਬ ਅਤੇ ਪਰ ਕਵਿਤਾ ਕਦੇ ਨਾ ਬਣਦੀ ਜਿਉਂਦਾ ਜਾਗਦਾ ਰਕੀਬ। ਕਵਿਤਾ ਵਿਚੋਂ ਉਗਦੀ ਚਾਨਣ ਦੀ ਲੀਰ। ਕਵਿਤਾ ਜੀਵਨ-ਜਾਚ ਤੇ ਕਵਿਤਾ ਜੱਗ ਦਾ ਸੀਰ। ਕਵਿਤਾ ਨਹੀਂ ਹੋਂਵਦੀ ਕਦੇ ਅਧੀਰ। ਕਵਿਤਾ ਜਿ਼ੰਦਗੀ ਮੰਗਦੀ, ਚਾਹੇ ਨਾ ਕਬਰ-ਸਰੀਰ। ਕਵਿਤਾ ਦੇ ਵਿਹੜੇ ਹੋਂਦੀ ਨਹੀਂ ਅਖੀਰ ਤੇ ਇਸਦੇ ਸਰਦਲੀਂ ਡੋਲਦੇ ਰਹੋ ਨੀਰ।
ਕਵਿਤਾ, ਓਝਲ ਜਿ਼ੰਦਗੀ ਮੱਥੇ ਧਰਨਾ ਇਕ ਚਿਰਾਗ। ਸੁੰਨ-ਉਜਾੜਾਂ ਵਿਚ ਗੂੰਜਦਾ ਨਾਦੀ ਰਾਗ। ਕਵਿਤਾ ਹੁੰਦੀ ਸੁੱਤੀ ਰੂਹੀਂ, ਲਾਉਣਾ ਚਾਨਣ-ਜਾਗ ਅਤੇ ਖਾਲੀ ਮਸਤਕਾਂ ਉਪਰ ਖੁਣਨੇ ਜਿਊਣ-ਭਾਗ। ਕਵਿਤਾ ਹੁੰਦੀ ‘ਨੇਰਿਆਂ ਜੂਹੇ ਕਰਨੇ ਸਮਝ-ਸੁਰਾਗ। ਤਾਂ ਕਿ ਪੱਤਝੜੀਂ ਉਜਾੜਿਆ, ਵੱਸਦਾ ਹੋਜੇ ਜਿ਼ੰਦਗੀ ਦਾ ਬਾਗ। ਕਵਿਤਾ ਹੁੰਦੀ ਖੁਦ ਦੇ ਵਿਚੋਂ ਖੁਦ ਦਾ ਪਾਇਆ ਦੀਦਾਰ ਅਤੇ ਖੁਦ ਦੀ ਅੱਖ ਵਿਚੋਂ ਦੇਖਣਾ ਆਪਣਾ ਆਰ ਤੇ ਪਾਰ। ਖੁਦ ਦੀ ਥਿੜਕਦੀ ਤੋਰੇ ਲਾਉਣੀ ਉਦਮੀ ਆਰ। ਖੁਦ ਹੀ ਖੁਦ ਦੀ ਗਲਵਕੜੀ ਤੇ ਖੁਦ ਨੂੰ ਬਣਾਉਣਾ ਯਾਰ ਅਤੇ ਖੁਦ ‘ਚੋਂ ਖੁਦ ਨੂੰ ਦੇਖਣਾ, ਖੁਦ ਨੂੰ ਹੀ ਖਲਿਆਰ।
ਕਵਿਤਾ ਹਰ ਕੋਈ ਨਹੀਂ ਲਿਖ ਸਕਦਾ। ਕੁਝ ਕਵਿਤਾ ਦੇ ਨਾਮ ‘ਤੇ ਕਲਮਕਾਰੀ ਕਰਦੇ, ਕੁਝ ਕਵਿਤਾ ਰਾਹੀ ਹਉਮੈ ਨੂੰ ਪੱਠੇ ਪਾਉਂਦੇ ਅਤੇ ਕੁਝ ਕਵਿਤਾ ਰਾਹੀਂ ਅਕਵਿਤਾ ਨੂੰ ਉਤਸ਼ਾਹਿਤ ਕਰਦੇ। ਅਜੇਹੇ ਲੋਕ ਕਵਿਤਾ ਦੀ ਖੁਦਕੁਸ਼ੀ ਦਾ ਕਾਰਨ। ਸਿਰਫ਼ ਕੁਝ ਹੀ ਹੁੰਦੇ ਜੋ ਕਵਿਤਾ ਨੂੰ ਕਵਿਤਾ ਵਾਂਗ ਲਿਖਦੇ ਕਿਉਂਕਿ ਉਨ੍ਹਾਂ ਲਈ ਕਵਿਤਾ ਮਜਬੂਰੀ ਨਹੀਂ ਸਗੋਂ ਮਨ ਦਾ ਅਲੋਕਾਰੀ ਵਹਿਣ ਜੋ ਸ਼ਬਦਾਂ ਰਾਹੀਂ ਆਪ-ਮੁਹਾਰੇ ਹੀ ਵਹਿ ਤੁਰਦਾ।
ਕਵਿਤਾ ਲਈ ਜ਼ਰੂਰੀ ਹੈ ਕਿ ਕਵਿਤਾ ਵਰਗੀ ਜੀਵਨ-ਜਾਚ ਹੋਵੇ। ਕਵਿਤਾ ਦੀ ਅੱਖ ਨਾਲ ਹਰ ਕਿਰਿਆ, ਕਰਮ, ਕਿਰਤ ਜਾਂ ਕਲਾ ਨੂੰ ਸਮਝਣ ਅਤੇ ਨਿਰੀਖਣ ਦੀ ਰੁਚੀ ਹੋਵੇ। ਕਵਿਤਾ ਹੋ ਕੇ ਸਿਰਜੀ ਹੋਈ ਕਵਿਤਾ ਹੀ ਉਹ ਕਵਿਤਾ ਹੁੰਦੀ ਜਿਹੜੀ ਕਵਿਤਾ ਕਹਿਲਾਉਣ ਦੀ ਹੱਕਦਾਰ।