‘ਅਮੋਲਕ ਹੀਰਾ’ ਦੀ ਦਾਸਤਾਨ

ਸੁਰਿੰਦਰ ਸਿੰਘ ਤੇਜ
ਸਾਬਕਾ ਸੰਪਾਦਕ, ਪੰਜਾਬੀ ਟ੍ਰਿਬਿਊਨ
ਫੋਨ: +91-98555-01488
ਸਾਲ 2000 ਵਿਚ ਆਰੰਭ ਹੋਏ ਹਫਤਾਵਾਰੀ ਪਰਚੇ ‘ਪੰਜਾਬ ਟਾਈਮਜ਼’ ਦੇ ਕਰਤਾ-ਧਰਤਾ ਅਮੋਲਕ ਸਿੰਘ ਨੂੰ ਸਰੀਰਕ ਤੌਰ ‘ਤੇ ਰੁਖਸਤ ਹੋਇਆਂ ਇਕ ਵਰ੍ਹਾ ਲੰਘ ਗਿਆ ਹੈ। ਇਸ ਇਕ ਵਰ੍ਹੇ ਦੌਰਾਨ ਪਰਚੇ ਨੂੰ ਉਸੇ ਲੀਹ ਉਤੇ ਚੱਲਦਾ ਰੱਖਣ ਲਈ ਅਦਾਰੇ ਨੂੰ ਬੜੀ ਮੁਸ਼ੱਕਤ ਕਰਨੀ ਪਈ ਹੈ। ਮੁਸ਼ੱਕਤ ਦੀ ਇਹ ਉਹੀ ਮੁਹਰਾਨੀ ਹੈ ਜੋ ਅਮੋਲਕ ਸਿੰਘ ਦੀ ਰਗ-ਰਗ ਅੰਦਰ ਸਮਾਈ ਹੋਈ ਸੀ ਅਤੇ ਉਹ ਆਪਣੇ ਸੰਗੀ-ਸਾਥੀਆਂ ਨੂੰ ਇਸ ਕਾਰਜ ਵਿਚ ਲਾਈ ਰੱਖਦੇ ਸਨ। ਉਨ੍ਹਾਂ ਦੇ ‘ਪੰਜਾਬੀ ਟ੍ਰਿਬਿਊਨ’ ਦੇ ਵੇਲਿਆਂ ਦੇ ਸਹਿਕਰਮੀ ਅਤੇ ਮਿੱਤਰ ਸੁਰਿੰਦਰ ਸਿੰਘ ਤੇਜ ਨੇ ਅਮੋਲਕ ਸਿੰਘ ਦੀਆਂ ਯਾਦਾਂ ਅਤੇ ਯੋਗਦਾਨ ਨੂੰ ਸਾਂਭਣ ਹਿਤ ਪੁਸਤਕ ‘ਅਮੋਲਕ ਹੀਰਾ ਤਿਆਰ ਕੀਤੀ ਹੈ। ਇਸ ਲਿਖਤ ਵਿਚ ਉਨ੍ਹਾਂ ਨੇ ਇਸ ਪੁਸਤਕ ਬਾਰੇ ਚਰਚਾ ਦੇ ਨਾਲ-ਨਾਲ ਅਮੋਲਕ ਸਿੰਘ ਅਤੇ ਪਰਿਵਾਰ ਨਾਲ ਆਪਣੀ ਸਾਂਝ ਦਾ ਜ਼ਿਕਰ ਵੀ ਕੀਤਾ ਹੈ।

ਅਮੋਲਕ ਇਨਸਾਨ ਸੀ ਅਮੋਲਕ ਸਿੰਘ ਜੰਮੂ। ਪੁਰਖ਼ਲੂਸ ਦੋਸਤ, ਕਾਬਲ ਸਹਿਕਰਮੀ, ਸੂਝਵਾਨ ਅਦੀਬ ਅਤੇ ਸੁਹਿਰਦ ਪੱਤਰਕਾਰ। ਸਾਡੀ ਸਾਂਝ ਸਤੰਬਰ 1978 ਤੋਂ ਸ਼ੁਰੂ ਹੋਈ, ਟ੍ਰਿਬਿਊਨ ਅਦਾਰੇ ਵਿਚ ਮੇਰੀ ਆਮਦ ਦੇ ਦੋ ਦਿਨ ਬਾਅਦ। ਸਾਡਾ ਜਨਮ ਵਰ੍ਹਾ (1955) ਇਕ ਸੀ। ਕੌਣ ਮਹੀਨਾ-ਅੱਧ ਛੋਟਾ-ਵੱਡਾ ਸੀ, ਇਹ ਮੈਂ ਨਹੀਂ ਜਾਣਦਾ ਪਰ ਉਸ ਨੇ ਮੈਨੂੰ ਹਮੇਸ਼ਾ ਵੱਡਿਆਂ ਵਾਲਾ ਮਾਣ-ਸਤਿਕਾਰ ਦਿੱਤਾ; ਸ਼ਾਇਦ ਮੇਰਾ ਅਹੁਦਾ ਥੋੜ੍ਹਾ ਜਿਹਾ ਵੱਡਾ ਹੋਣ ਕਰਕੇ (ਹੋਰ ਕੋਈ ਵਜ੍ਹਾ ਮੇਰੇ ਸਮਝ ਨਹੀਂ ਆਈ)। ਮੇਰੇ ਨਾਲੋਂ ਵੱਧ ਪੜ੍ਹਿਆ ਹੋਇਆ ਸੀ ਉਹ। ਭਾਸ਼ਾ ਦੀ ਸੂਝ ਵੀ ਉਸ ਨੂੰ ਮੇਰੇ ਨਾਲੋਂ ਜ਼ਿਆਦਾ ਸੀ ਪਰ ਨੌਕਰੀਆਂ ਦੀ ਖੇਡ ਨਿਰਾਲੀ ਹੈ। ਇਸ ਖੇਡ ਵਿਚ ਅਹਿਮੀਅਤ ਦਾਅ ਲੱਗਣ ਦੀ ਹੈ; ਕਾਬਲੀਅਤ ਦੀ ਪਰਖ ਤਾਂ ਭੀੜ ਪੈਣ ‘ਤੇ ਹੀ ਹੁੰਦੀ ਹੈ। ਅਮੋਲਕ ਨੂੰ ਆਪਣੀ ਕਾਬਲੀਅਤ ਦਰਸਾਉਣ ਲਈ ਬੜੀ ਜੱਦੋਜਹਿਦ ਕਰਨੀ ਪਈ। ਚੰਡੀਗੜ੍ਹ ਵਿਚ ਵੀ, ਅਮਰੀਕਾ ਵਿਚ ਵੀ। ਇਹ ਵੀ ਤਕਦੀਰ ਦਾ ਪੁੱਠਾ ਗੇੜ ਸੀ ਕਿ ਜਦੋਂ ਉਸ ਦੀ ਕਾਬਲੀਅਤ ਨਿਖਰ ਕੇ ਸਾਹਮਣੇ ਆਉਣੀ ਸ਼ੁਰੂ ਹੋਈ, ਉਸ ਦੀ ਕਾਇਆ ਉਸ ਦੇ ਮਨ-ਮਸਤਕ ਤੋਂ ਬਾਗ਼ੀ ਹੋਣ ਲੱਗੀ। ਸ਼ਾਇਦ ਉਹ ਸਦਾ ਸੰਘਰਸ਼ ਕਰਨ ਲਈ ਹੀ ਜਨਮਿਆ ਸੀ। ਇਸ ਸੰਘਰਸ਼ ਦੇ ਬਾਵਜੂਦ ਜ਼ਿੰਦਗੀ ਦਾ ਰਸ-ਰੰਗ ਮਾਨਣ ਦਾ ਜਜ਼ਬਾ ਉਸ ਅੰਦਰ ਅਸੀਮ ਸੀ। ਇਹ ਕੁਝ ਉਸ ਦੀਆਂ ਲਿਖਤਾਂ ਤੋਂ ਵੀ ਸਪਸ਼ਟ ਹੈ ਅਤੇ ਉਸ ਦੀ ਜੀਵਨ ਯਾਤਰਾ ਤੋਂ ਵੀ। ਉਸ ਦੀਆਂ ਯਾਦਾਂ ਰੰਗਲੀਆਂ ਹਨ, ਸੁਰੀਲੀਆਂ ਹਨ, ਰਸੀਲੀਆਂ ਹਨ।
ਸਾਡੇ ਪਰਿਵਾਰਕ ਸੰਬੰਧ ਅਮੋਲਕ ਤੇ ਜਸਪ੍ਰੀਤ ਦੇ ਵਿਆਹ ਤੋਂ ਬਾਅਦ ਬਣੇ। ਮੇਰੀ (ਹੁਣ ਮਰਹੂਮ) ਹਮਸਫ਼ਰ ਤੇਜਿੰਦਰ ਨੂੰ ਜਸਪ੍ਰੀਤ ਦੇ ਭੋਲੇਪਣ ਨਾਲ ਬੜਾ ਮੋਹ ਸੀ। ਵੱਡੀ ਭੈਣ ਵਾਲਾ ਮੋਹ। ਜਦੋਂ ਅਮੋਲਕ ਦੀ ਲਾਇਲਾਜ ਮਰਜ਼ ਬਾਰੇ ਪਤਾ ਲੱਗਾ ਤਾਂ ਉਹ ਅਮੋਲਕ ਨਾਲ ਜਸਪ੍ਰੀਤ ਬਾਰੇ ਵੱਧ ਫਿ਼ਕਰਮੰਦ ਸੀ ਪਰ ਮੁਸੀਬਤ ਨੇ ਜਸਪ੍ਰੀਤ ਦੀ ਕੋਮਲ ਕਾਇਆ ਅੰਦਰ ਜੋ ਸਵਿੱਤਰੀਨੁਮਾ ਮਜ਼ਬੂਤੀ ਜਗਾਈ, ਉਸ ਤੋਂ ਤੇਜਿੰਦਰ ਨੂੰ ਵੀ ਦੁੱਖਾਂ ਨਾਲ ਖਿੜੇ-ਮੱਥੇ ਜੂਝਣ ਦੀ ਪ੍ਰੇਰਨਾ ਮਿਲੀ। ਜਸਪ੍ਰੀਤ ਦੇ ਸਬਰ-ਸੰਜਮ ਤੇ ਰੂਹਾਨੀ ਦ੍ਰਿੜਤਾ ਨੇ ਅਮੋਲਕ ਦੀ ਜਿਸਮਾਨੀ ਅਉਧ ਤੇ ਅਦਬੀ ਕੱਦ ਵਧਾਉਣ ਵਿਚ ਨਿੱਗਰ ਯੋਗਦਾਨ ਪਾਇਆ। ਜਦੋਂ ਕਾਦਿਰ ਨੇ ਅਮੋਲਕ ਨੂੰ ਸਿਰਫ਼ ਦਿਮਾਗ ਤੱਕ ਮਹਿਦੂਦ ਕਰ ਦਿੱਤਾ ਤਾਂ ਜਸਪ੍ਰੀਤ ਇਸ ਦਿਮਾਗ ਜਿਸਮ ਵਜੋਂ ਵਿਚਰਦੀ ਰਹੀ। ਉਸ ਨੇ ਅਮੋਲਕ ਨੂੰ ਅਖੀਰ ਤੱਕ ਅਧੂਰਾ ਨਹੀਂ ਰਹਿਣ ਦਿੱਤਾ।
ਇਹ ਪੁਸਤਕ ਜਿੱਥੇ ਅਮੋਲਕ ਦੇ ਬੇਮਿਸਾਲ ਸੰਘਰਸ਼ ਨੂੰ ਸਲਾਮ ਹੈ, ਉਥੇ ਜਸਪ੍ਰੀਤ ਦੇ ਸਿਰੜ-ਸਿਦਕ ਨੂੰ ਸਿਜਦਾ ਵੀ ਹੈ। ਮੈਂ ‘ਪੰਜਾਬ ਟਾਈਮਜ਼’ ਦਾ ਨਿਯਮਿਤ ਪਾਠਕ ਨਹੀਂ। ਜਸਪ੍ਰੀਤ ਵੱਲੋਂ ਇਸ ਸੰਗ੍ਰਹਿ ਦੇ ਸੰਪਾਦਨ ਦੀ ਜ਼ਿੰਮੇਵਾਰੀ ਸੌਂਪੇ ਜਾਣ ‘ਤੇ ਮੈਂ ਦੁਬਿਧਾ ਵਿਚ ਸਾਂ ਕਿ ਇਹ ਕਾਰਜ ਕਿੱਥੋਂ ਆਰੰਭਾਂ। ਇਹ ਦੁਬਿਧਾ ਪਰਮ ਮਿੱਤਰ ਗੁਰਦਿਆਲ ਸਿੰਘ ਬਲ ਹੁਰਾਂ ਨੇ ਦੂਰ ਕਰ ਦਿੱਤੀ। ਵਿਦਵਤਾ ਤੇ ਵਿਚਾਰਵਾਨਤਾ ਦੀ ਮੂਰਤ ਬਾਬਾ ਬਲ ਦਾ ਅਮੋਲਕ ਤੇ ਪੰਜਾਬ ਟਾਈਮਜ਼’ ਨਾਲ ਨਾਤਾ ਬਹੁਤ ਗਹਿਰਾ ਹੈ। ਉਨ੍ਹਾਂ ਨੇ ਜੋ ਸਮੱਗਰੀ ਚੁਣੀ, ਉਹ ਮੇਰੇ ਲਈ ਰੂਹਾਨੀ ਖੁਰਾਕ ਸਾਬਤ ਹੋਈ। ਮੇਰਾ ਕੰਮ ਇਸ ਸਮੱਗਰੀ ਨੂੰ ਤਰਤੀਬ ਦੇਣ, ਬਿੰਦੀਆਂ-ਟਿੱਪੀਆਂ ਠੀਕ ਕਰਨ ਅਤੇ ਤੱਥਾਂ-ਤਿੱਥਾਂ ਨੂੰ ਦਰੁਸਤ ਕਰਨ ਦਾ ਰਹਿ ਗਿਆ। ਬਾਕੀ ਜਿੱਥੇ ਕਿਤੇ ਵੀ ਮਸ਼ਵਰੇ ਤੇ ਮਦਦ ਦੀ ਲੋੜ ਪਈ, ਅਜ਼ੀਜ਼ ਜਸਵੀਰ ਸਮਰ (ਜੋ ਖ਼ੁਦ ਪ੍ਰਬੁੱਧ ਪੱਤਰਕਾਰ ਹੈ), ਸਦ-ਸਹਾਈ ਸਾਬਤ ਹੋਇਆ।
ਇਸ ਸੰਗ੍ਰਹਿ ਦੇ ਪੰਜ ਅਨੁਭਾਗ ਹਨ। ਪਹਿਲੇ ਤਿੰਨ ਅਮੋਲਕ ਦੀ ਸਵੈ-ਜੀਵਨੀ ਵਾਂਗ ਹਨ। ਇਹ ਹੁਸੀਨ ਪਲਾਂ ਦੀ ਦਾਸਤਾਂ ਵੀ ਹਨ ਅਤੇ ਸੰਘਰਸ਼ਾਂ ਦੀ ਕਥਾ-ਵਾਰਤਾ ਵੀ। ਚੌਥਾ ਅਨੁਭਾਗ ਅਮੋਲਕ ਦੀ ਸਿਰਜੀ ਸ਼ਖਸੀਅਤ ਨੂੰ ਅਕੀਦਤਾਂ ਦੇ ਰੂਪ ਵਿਚ ਹੈ। ਕੋਸ਼ਿਸ਼ ਇਹ ਰਹੀ ਕਿ ਬੇਲੋੜੀ ਵਡਿਆਈ ਦੀ ਥਾਂ ਇਸ ਅਨੁਭਾਗ ਨੂੰ ਯਥਾਰਥ ਦੇ ਆਈਨੇ ਨਾਲ ਲੈਸ ਕੀਤਾ ਜਾਵੇ। ਪੰਜਵਾਂ ਅਨੁਭਾਗ ‘ਪੰਜਾਬ ਟਾਈਮਜ਼’ ਦੀ ਬੌਧਿਕ ਅਮੀਰੀ ਦਾ ਤਸੱਵੁਰ ਪੇਸ਼ ਕਰਦਾ ਹੈ। ਇਹ ਇਸ ਹਕੀਕਤ ਦੀ ਤਸਦੀਕ ਕਰਦਾ ਹੈ ਕਿ ਅਮੋਲਕ ਨੇ ਆਪਣੀ ਅਖ਼ਬਾਰ ਨੂੰ ਮਿਆਰੀ ਵਿਚਾਰ ਚਿੰਤਨ ਦਾ ਮੰਚ ਬਣਾਇਆ। ਇਸ ਅਨੁਭਾਗ ਅੰਦਰਲੀ ਹਰ ਲਿਖਤ ਦੇ ਅਖੀਰ ਵਿਚ ਉਸ ਦੀ ਛਪਣ ਤਿਥੀ ਵੀ ਦਰਜ ਕੀਤੀ ਗਈ ਹੈ ਤਾਂ ਜੋ ਲਿਖਤ ਦਾ ਪ੍ਰਸੰਗ ਤੇ ਪਰਿਪੇਖ ਸਪਸ਼ਟ ਹੋ ਸਕੇ। ਇਹ ਸਮੁੱਚਾ ਉੱਦਮ ਕਿੰਨਾ ਕੁ ਕਾਮਯਾਬ ਰਿਹਾ ਹੈ, ਇਸ ਬਾਰੇ ਤੁਹਾਡੇ ਹੁੰਗਾਰੇ ਦੀ ‘ਪੰਜਾਬ ਟਾਈਮਜ਼’ ਨੂੰ ਉਡੀਕ ਰਹੇਗੀ।