ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ…

ਸੁਰਜੀਤ ਪਾਤਰ
ਫੋਨ: +91-98145-04272
ਪੰਜਾਬ ਵਿਚ ਨਵੀਂ ਬਣੀ ਸਰਕਾਰ ਨੇ ਪੰਜਾਬ ਦੇ ਲੋਕਾਂ ਅੰਦਰ ਕਈ ਤਰ੍ਹਾਂ ਦੀਆਂ ਆਸਾਂ-ਉਮੀਦਾਂ ਜਗਾਈਆਂ ਹਨ। ਅਸਲ ਵਿਚ ਪੰਜਾਬ ਇਸ ਵਕਤ ਜਿੱਡੇ ਵੱਡੇ ਸੰਕਟ ਨਾਲ ਜੂਝ ਰਿਹਾ ਹੈ, ਹਰ ਕੋਈ ਇਹ ਅਰਜ਼ੋਈ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੀ ਲੀਹੋਂ ਲੱਥੀ ਗੱਡੀ ਲੀਹ ਉਤੇ ਚੜ੍ਹ ਜਾਵੇ। ਉਘੇ ਸ਼ਾਇਰ ਸੁਰਜੀਤ ਪਾਤਰ ਨੇ ਆਪਣੇ ਇਸ ਲੇਖ ਵਿਚ ਲੋਕਾਂ ਦੀਆਂ ਇਨ੍ਹਾਂ ਅਰਜ਼ੋਈਆਂ ਬਾਰੇ ਗੱਲਾਂ ਕੀਤੀਆਂ ਹਨ ਅਤੇ ਕਾਵਿਕ ਅੰਦਾਜ਼ ਵਿਚ ਪੰਜਾਬ ਵਿਚ ਮੌਲਣ ਵਾਲੀ ਨਵੀਂ ਸਿਆਸਤ ਦਾ ਜ਼ਿਕਰ ਛੇੜਿਆ ਹੈ।

ਜਦੋਂ ਵੀ ਪੰਜਾਬ ਵਿਚ ਕੋਈ ਚਿਹਰਾ ਉੱਭਰਦਾ ਹੈ, ਜੋ ਤਨੋਂ ਮਨੋਂ ਰੂਹੋਂ ਵਿਯੋਗੇ ਹੋਏ ਪੰਜਾਬ ਦੇ ਦੁੱਖਾਂ ਨੂੰ ਦੂਰ ਕਰਨ ਦੀ ਗੱਲ ਕਰਦਾ ਹੈ ਤਾਂ ਮੇਰੇ ਮਨ ਵਿਚ ਸਹਿਵਨ ਹੀ ਕਾਦਰਯਾਰ ਦੇ ਕਿੱਸੇ ਪੂਰਨ ਭਗਤ ਦੀਆਂ ਇਹ ਸਤਰਾਂ ਉੱਭਰ ਆਉਂਦੀਆਂ ਹਨ:
ਮੀਮ ਮਿਲਣ ਆਈ ਰਾਣੀ ਇੱਛਰਾਂ ਵੀ
ਲੋਕਾਂ ਆਖਿਆ ਆਇਆ ਏ ਸਾਧ ਕੋਈ
ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ
ਆਇਆ ਕਰਨ ਹੈ ਫੇਰ ਆਬਾਦ ਕੋਈ
ਮੈਂ ਵੀ ਲੈ ਆਵਾਂ ਦਾਰੂ ਅੱਖੀਆਂ ਦਾ
ਪੂਰਨ ਛੱਡ ਨਾ ਗਿਆ ਸੁਆਦ ਕੋਈ
ਕਾਦਰਯਾਰ ਮੈਂ ਤਾਂ ਲੱਖ ਵੱਟਨੀ ਆਂ
ਦਾਰੂ ਦੇਇ ਫਕੀਰ ਮੁਰਾਦ ਕੋਈ
ਕਿੰਨੀ ਵਾਰ ਮੇਰਾ ਇਹ ਅਹਿਸਾਸ ਮੇਰਾ ਭੁਲੇਖਾ ਹੀ ਨਿਕਲਿਆ। ਰਾਜਨੀਤੀ ਦੇ ਖੇਤਰ ਦੀ ਗੱਲ ਕਰਾਂ ਤਾਂ ਇਨ੍ਹਾਂ ਸਾਲਾਂ ਦੌਰਾਨ ਇਸ ਧਰਤੀ ਉੱਤੇ ਗਰਜੇ ਅਤੇ ਲਿਸ਼ਕੇ ਤਾਂ ਬਹੁਤ, ਵਰ੍ਹਿਆ ਕੋਈ ਨਹੀਂ। ਰਾਜੇ ਸ਼ੀਂਹ ਮੁਕੱਦਮ ਕੁੱਤੇ ਰੱਬ ਦੇ ਬੰਦਿਆਂ ਦੀ ਰੱਤ ਪਿੱਤ ਪੀਂਦੇ ਰਹੇ। ਪੰਜਾਬ ਦੀ ਧਰਤੀ ਪੂਰਨ ਦੀ ਮਾਂ ਇੱਛਰਾਂ ਵਾਂਗ ਗਲੀਆਂ ਵਿਚ, ਉਜਾੜਾਂ ਵਿਚ, ਵਸੇਬਿਆਂ ਵਿਚ ਰੋਂਦੀ ਰਹੀ। ਪੰਜਾਬ ਦੀ ਧਰਤੀ ਜਿਸ ਬਾਰੇ ਕਦੀ ਬਾਬੂ ਫੀਰੋਜ਼ਦੀਨ ਸ਼ਰਫ ਹੋਰਾਂ ਲਿਖਿਆ ਸੀ:
ਸੁਹਣਾ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ
ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ
ਹੁਣ ਉਸ ਧਰਤੀ ‘ਤੇ ਸਮੂਹ-ਗਾਨ ਚੱਲ ਰਿਹਾ ਹੈ: ਚਲੋ ਏਥੋਂ ਚੱਲੀਏ।
ਪੰਛੀ ਤਾਂ ਉੱਡ ਗਏ ਨੇ
ਰੁੱਖ ਵੀ ਸਲਾਹਾਂ ਕਰਨ
ਚਲੋ ਏਥੋਂ ਚੱਲੀਏ
ਘਰ ਘਰ ਪੁੱਤ ਕਹਿਣ
ਛੱਡ ਬਾਪੂ
ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚਲ ਏਥੋਂ ਚੱਲੀਏ
ਤੂੰ ਨਈਂ ਸੁਣੇ
ਟਿਕੀ ਰਾਤੇ
ਪਿੰਡ ਦੇ ਉਜਾੜਾਂ ਵਿਚ
ਮੋਏ ਕ੍ਰਿਸਾਨ ਤੇ ਮਜੂਰ ਸਾਰੇ
ਏਹੀ ਵ੍ਰਿੰਦਗਾਨ ਗਾਉਂਦੇ
ਚਲੋ ਏਥੋਂ ਚੱਲੀਏ
ਏਹੀ ਹੈ ਸਮੂਹ-ਗਾਨ
ਏਹੀ ਹੈ ਵਰਿੰਦ-ਗਾਨ
ਗੈਰ-ਸਰਕਾਰੀ ਅੱਜ ਏਹੀ ਕੌਮੀ ਗੀਤ ਹੈ:
ਚਲੋ ਏਥੋਂ ਚੱਲੀਏ … … ਚਲੋ ਏਥੋਂ ਚੱਲੀਏ
ਪਰਦੇਸੀ ਹੋਣਾ ਕੋਈ ਮਿਹਣਾ ਨਹੀਂ ਪਰ ਪਰਦੇਸੀ ਹੋਣ ਦਾ ਵਿਸ਼ੇਸ਼ ਕਾਰਨ ਤਾਂ ਹਾਕਮਾਂ ਲਈ ਮਿਹਣਾ ਹੀ ਹੈ:
ਲੱਖ ਕੋਈ ਪਰਦੇਸੀ ਹੋਵੇ,
ਇਲਮ ਗਿਆਨ ਦੀ ਖਾਤਰ
ਲੱਖ ਕੋਈ ਪਰਦੇਸੀ ਹੋਵੇ,
ਦਰਸ ਜਹਾਨ ਦੀ ਖਾਤਰ
ਸਦਕੇ ਜੋ ਪਰਦੇਸੀ ਹੋਵੇ,
ਨੂਰ ਫੈਲਾਣ ਦੀ ਖਾਤਰ
ਪਰ ਕਿਉਂ ਮਾਂ ਧਰਤੀ ਤੋਂ ਵਿਛੜਨ,
ਹਾਏ ਬੱਸ ਗੁਜ਼ਰਾਨ ਦੀ ਖਾਤਰ
ਹੁੰਦੇ ਜੇ ਹਾਕਮ ਚੱਜ ਦੇ
ਸਾਡੇ ਪੁੱਤ ਪਰਦੇਸੀ ਨਾ ਹੁੰਦੇ
ਚੱਜ ਦੇ ਹਾਕਮਾਂ ਦੀ ਆਸ ਦੇ ਬਣਨ ਤੇ ਮਿਟਣ ਕਾਰਨ ਮੈਂ ਅਸਥਿਰ ਮਤਦਾਤਾ ਹਾਂ; ਯਾਨੀ ਮੈਂ ਜਦ ਦਾ ਵੋਟਰ ਬਣਿਆ, ਮੈਂ ਵੋਟ ਪਾਉਣ ਵੇਲੇ ਕਈ ਪਾਰਟੀਆਂ ਬਦਲੀਆਂ। ਮੇਰੀ ਇਹ ਅਸਥਿਰਤਾ ਡਾਂਵਾਂਡੋਲ ਹੋਣਾ ਜਾਂ ਬੇਵਫਾਈ ਨਹੀਂ, ਇਹ ਮੇਰੀ ਤੜਫ ਹੈ, ਮੇਰਾ ਜੀ-ਭਿਆਣਾਪਨ ਹੈ, ਮੇਰੀ ਤਲਾਸ਼ ਹੈ। ਜਿਵੇਂ ਕਹਿੰਦੇ ਹਨ ਕਿ ਪੰਜਾਬ ਉਸ ਬਿਮਾਰ ਵਾਂਗ ਹੈ ਜੋ ਕਰਵਟਾਂ ਬਦਲਦਾ ਰਹਿੰਦਾ ਹੈ ਤਾਂ ਜੋ ਕਿਸੇ ਤਰ੍ਹਾਂ ਉਸ ਦੀ ਪੀੜ ਘਟੇ। ਮੈਂ ਵੀ ਪੰਜਾਬ ਵਾਂਗ ਕਰਵਟਾਂ ਬਦਲਦਾ ਰਹਿੰਦਾ ਹਾਂ। ਸ਼ਾਇਦ ਅਸੀਂ ਬਹੁਤ ਸਾਰੇ।
10 ਮਾਰਚ 2022 ਦੇ ਦਿਨ ਵੀ ਅਸੀਂ ਸਭ ਦੇਖ ਰਹੇ ਸਾਂ ਕਿ ਦੇਖੀਏ ਪੰਜਾਬ ਕਿਸ ਪਾਸੇ ਵੱਲ ਕਰਵਟ ਲੈਂਦਾ ਹੈ। 10 ਮਾਰਚ 2022 ਦਾ ਵੱਡਾ ਤੜਕਾ ਆਸ਼ਾ ਨਿਰਾਸ਼ਾ ਦਾ ਮਿਸ਼ਰਨ ਸੀ, ਚਾਨਣ ਥੋੜ੍ਹਾ ਅਤੇ ਨ੍ਹੇਰਾ ਜ਼ਿਆਦਾ ਸੀ। ਮਨ ਸੰਸਿਆਂ ਤੇ ਵਿਸਵਿਸਿਆਂ ਨਾਲ ਭਰੇ ਹੋਏ ਸਨ। ਲਟਕਵੀਂ ਸਰਕਾਰ ਦੀ ਤਲਵਾਰ ਲਟਕ ਰਹੀ ਸੀ। ਵਿਧਾਇਕ ਘੋੜਿਆਂ ਵਾਂਗ ਵਿਕਦੇ ਨਜ਼ਰ ਆ ਰਹੇ ਸਨ। ਮੇਰੇ ਆਸਪਾਸ ਦਾਨਿਸ਼ਵਰਾਂ ਦੇ ਕਹੇ ਬੋਲ ਘੁੰਮ ਰਹੇ ਹਨ:
ਏਥੇ ਚੋਣਾਂ ਪੈਸੇ ਨਾਲ ਲੜੀਆਂ ਜਾਂਦੀਆਂ ਹਨ ਤੇ ਪੈਸੇ ਵਾਸਤੇ ਲੜੀਆਂ ਜਾਂਦੀਆਂ ਹਨ। ਲੋਕਾਂ ਦਾ ਲੁੱਟਿਆ ਹੋਇਆ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ। ਪੈਸਾ ‘ਕੱਠਾ ਕਰਦਿਆਂ ਜੇ ਹੱਥ ਦਾਗੀ ਹੋ ਜਾਣ ਤਾਂ ਉਹ ਦਾਗ ਧੋਣ ਲਈ ਵੀ ਉਸੇ ਪੈਸੇ ਨੂੰ ਪਾਣੀ ਵਾਂਗ ਵਹਾਇਆ ਜਾਂਦਾ ਹੈ।
ਇਕ ਨੇ ਦੂਜੇ ਨੂੰ ਪੁੱਛਿਆ: ਤੁਹਾਡੇ ਖਿਆਲ ਮੁਤਾਬਿਕ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ।
ਦੂਜਾ ਕਹਿਣ ਲੱਗਾ: ਵੀ.ਐੱਚ.ਵੀ. ਦੀ, ਯਾਨੀ ਵਿਕੇ ਹੋਏ ਵਿਧਾਇਕਾਂ ਦੀ।
ਇਕ ਨੇ ਕਿਹਾ: ਇਸ ਵਾਰ ਕਤਾਰਬੰਦੀ ਧਰਮਾਂ ਮੁਤਾਬਿਕ ਹੋ ਗਈ ਹੈ। ਮਹਾਨ ਆਤਮਾਵਾਂ ਦੀਆਂ ਰੂਹਾਂ ਵਿਚੋਂ ਧਰਮ ਜਨਮਦੇ ਹਨ। ਚਤੁਰ ਬੰਦੇ ਧਰਮ ਦਾ ਇਸਤੇਮਾਲ ਕਰਦੇ ਹਨ ਤੇ ਭੋਲੇ ਲੋਕ ਉਨ੍ਹਾਂ ਪਿੱਛੇ ਲੱਗ ਕੇ ਗੁਮਰਾਹ ਹੋ ਜਾਂਦੇ ਹਨ।
ਇਕ ਨੇ ਕਿਹਾ: ਇਹ ਵੀ ਹੋ ਸਕਦਾ ਪੰਜਾਬ ‘ਤੇ ਗਵਰਨਰੀ ਰਾਜ ਹੋ ਜਾਏ।
ਪਰ ਜਿਉਂ-ਜਿਉਂ ਦਿਨ ਚੜ੍ਹਦਾ ਗਿਆ, ਪੰਜਾਬ ਦੇ ਰੁੱਖਾਂ ਨੂੰ ਫੁੱਲ ਪੈਣੇ ਸ਼ੁਰੂ ਹੋ ਗਏ। ਦੇਖਦਿਆਂ-ਦੇਖਦਿਆਂ ਸਾਰਾ ਪੰਜਾਬ ਬਸੰਤੀ ਫੁੱਲਾਂ ਨਾਲ ਭਰ ਗਿਆ।
ਲੋਕਾਂ ਨੇ ਪੰਜਾਬ ਨੂੰ ਕਈ ਸ਼ਰਮਸਾਰੀਆਂ ਤੋਂ ਬਚਾ ਲਿਆ
ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਕਈ ਸ਼ਰਮਸਾਰੀਆਂ ਤੋਂ ਬਚਾ ਲਿਆ। ਲੋਕਾਂ ਨੂੰ ਫਿਰਕਾਪ੍ਰਸਤੀ ਦੇ ਇਲਜ਼ਾਮ ਤੋਂ, ਵਿਧਾਇਕਾਂ ਨੂੰ ਵਿਕਣ ਦੀ ਤੁਹਮਤ ਤੋਂ। ਲੋਕਾਂ ਨੇ ਮੌਸਮ ਬਦਲ ਦਿੱਤਾ। ਲੋਕਾਂ ਨੇ ਚੁੱਪ-ਚੁਪੀਤੇ ਸੰਸਿਆਂ ਅਤੇ ਦੋ-ਚਿੱਤੀਆਂ ਦੇ ਦਿਨ ਨੂੰ ਨਵੀਆਂ ਆਸਾਂ ਉਮੀਦਾਂ, ਨਵੀਂ ਚੇਤਨਾ ਦਾ ਦਿਨ ਬਣਾ ਦਿੱਤਾ। ਲੋਕ-ਸਿਆਣਪ ਨੇ ਕੂਟਨੀਤੀ ਵਾਲਿਆਂ ਦੀਆਂ ਚਤੁਰਾਈਆਂ ਚਾਲਾਕੀਆਂ ਨੂੰ ਸ਼ਰਮਸਾਰ ਕਰ ਦਿੱਤਾ। ਉੱਚੀਆਂ ਮਮਟੀਆਂ ‘ਤੇ ਖੜੋਤੇ ਵੱਡੇ ਲੋਕ ਮੂਧੇ ਮੂੰਹ ਲੋਕਾਂ ਦੇ ਪੈਰਾਂ ਵਿਚ ਡਿੱਗ ਪਏ। ਗੱਲ ਇਸ ਜਾਂ ਉਸ ਪਾਰਟੀ ਦੀ ਨਹੀਂ, ਗੱਲ ਤਾਂ ਇਹ ਹੈ ਕਿ ਲੋਕਾਂ ਨੇ ਇਹ ਦੱਸ ਦਿੱਤਾ ਕਿ ਅਸੀਂ ਜਾਗਦੇ ਹਾਂ।
ਦਾਨਿਸ਼ਵਰ ਕੁੜੀ ਕਹਿਣ ਲੱਗੀ: ਇਹ ਵੋਟਾਂ ਲੋਕਾਂ ਨੇ ਨਹੀਂ ਪਾਈਆਂ। ਲੋਕਾਂ ਦੇ ਦੁੱਖਾਂ ਦੀ ਸ਼ਿੱਦਤ ਨੇ ਪਾਈਆਂ। ਲੋਕਾਂ ਦੇ ਦਿਲਾਂ ਵਿਚ ਦੱਬੇ ਗੁੱਭਗਰ੍ਹਾਟ ਨੇ ਪਾਈਆਂ। ਪੀੜ ਘਟਾਉਣ ਲਈ ਕਰਵਟ ਬਦਲਣ ਦੀ ਥਾਂ ਇਸ ਵਾਰ ਲੋਕ ਉੱਠ ਕੇ ਬੈਠ ਗਏ। ਉਨ੍ਹਾਂ ਕਿਹਾ: ਕੋਈ ਨਵਾਂ ਰਾਹ, ਕੋਈ ਨਵਾਂ ਦਰਵਾਜ਼ਾ।
ਇਕ ਆਸ ਜਗੀ
ਇਕ ਚੋਟ ਨਗਾਰੇ ਤੇ ਟੁਣਕੀ
ਸਾਜ਼ਾਂ ਤੇ ਛਿੜੀ ਝਣਕਾਰ ਨਵੀਂ
ਉੱਠ ਕਲਮ ਉਠਾ
ਜੀਅ ਜਾਨ ਲਗਾ
ਅਪਣਾ ਤੇ ਅਪਣੀ ਧਰਤੀ ਦਾ
ਦੁਨੀਆ ਦੇ ਵਿਚ ਤੂੰ ਨਾਂ ਚਮਕਾ
ਉੱਠ ਬੁੱਲ੍ਹਿਆ
ਉਸ ਠੱਗਾਂ ਦੇ ਠੱਗ ਨੂੰ ਠੱਗ
ਕਿਸੇ ਨੇ ਕਿਹਾ- ਇਸ ਵਾਰ ਲੋਕਾਂ ਨੇ ਠੱਗਾਂ ਨੂੰ ਠੱਗ ਲਿਆ: ਬਈ ਜੇ ਕੋਈ ਪੈਸੇ ਦੇਵੇ, ਨਿਸ਼ੰਗ ਲੈ ਲਿਓ। ਇਹ ਪੈਸੇ ਤੁਹਾਡੇ ਹੀ ਹਨ, ਤੁਹਾਡੇ ਹੀ ਖੂਨ ਪਸੀਨੇ ਦੀ ਕਮਾਈ ਪਰ ਵੋਟ ਉਸ ਨੂੰ ਹੀ ਪਾਇਓ ਜਿਹੜਾ ਤੁਹਾਨੂੰ ਸਹੀ ਲੱਗੇ। ਲੋਕਾਂ ਦਾ ਵਿਸ਼ਵਾਸ ਤੋੜਨ ਵਾਲਿਆਂ ਨਾਲ ਕੀਤੇ ਵਾਅਦੇ ਤੋੜੋਗੇ ਤਾਂ ਅੰਤਰਜਾਮੀ ਰੱਬ ਤੁਹਾਡੇ ਨਾਲ ਨਾਰਾਜ਼ ਨਹੀਂ ਹੋਵੇਗਾ। ਕਈ ਥਾਈਂ ਇਉਂ ਵੀ ਹੋਇਆ ਕਿ ਘਰਾਂ ‘ਤੇ ਝੰਡੇ ਹੋਰ ਸਨ, ਦਿਲਾਂ ਵਿਚ ਹਕੀਕਤਾਂ ਹੋਰ। ਭੇਸ ਬਦਲ ਕੇ ਲੁਟੇਰਿਆਂ ਕੋਲੋਂ ਆਪਣੇ ਹੱਕ ਦੇ ਘੋੜੇ ਲਿਆਉਣ ਵਾਲਾ ਬਿਧੀ ਚੰਦ ਚੋਰ ਨਹੀਂ ਹੁੰਦਾ। ਠੱਗਾਂ ਨੂੰ ਠੱਗਣ ਵਾਲਾ ਠੱਗ ਨਹੀਂ ਹੁੰਦਾ।
10 ਮਾਰਚ 2022 ਨੂੰ ਮੈਨੂੰ 20 ਨਵੰਬਰ 2021 ਦੀ ਸ਼ਾਮ ਯਾਦ ਆਈ ਜਦੋਂ ਕਿਸਾਨਾਂ ਦੀ ਸ਼ਾਂਤਮਈ ਸੂਰਬੀਰਤਾ ਵਾਲੇ ਸੰਘਰਸ਼ ਤੇ 700 ਸ਼ਹਾਦਤਾਂ ਤੋਂ ਬਾਅਦ ਆਖਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਹ ਪੰਜਾਬ ਲਈ ਮਾਣਯੋਗ ਜਸ਼ਨ ਦਾ ਦਿਨ ਸੀ। ਦਸ ਮਾਰਚ 2022 ਵੀ ਪੰਜਾਬ ਲਈ ਜਸ਼ਨ ਦਾ ਦਿਨ ਹੈ। ਲੋਕਾਂ ਨੇ ਡੂੰਘੀਆਂ ਜੜ੍ਹਾਂ ਵਾਲੇ ਭ੍ਰਿਸ਼ਟ ਹੋ ਚੁੱਕੇੇ ਨੇਤਾਵਾਂ ਨੂੰ ਪੁੱਟ ਕੇ ਰੱਖ ਦਿੱਤਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਤੇ ਆਪਣੀਆਂ ਪਾਰਟੀਆਂ ਨੂੰ ਖੋਖਲੀਆਂ ਕਰ ਦਿੱਤਾ ਸੀ ਜਿਨ੍ਹਾਂ ਪਾਰਟੀਆਂ ਦਾ ਮੁੱਢਲਾ ਇਤਿਹਾਸ ਨਿਰਸੰਦੇਹ ਮਾਣਮੱਤਾ ਹੈ ਪਰ ਵਰਤਮਾਨ ਨੇਤਾਵਾਂ ਨੇ ਉਸ ਇਤਿਹਾਸ ਨੂੰ ਭੁਲਾ ਦਿੱਤਾ। ਇਨ੍ਹਾਂ ਪਾਰਟੀਆਂ ਨੂੰ ਡੋਬਣ ਦੇ ਜ਼ਿੰਮੇਵਾਰ ਇਨ੍ਹਾਂ ਦੇ ਮਲਾਹ ਆਪ ਹੀ ਹਨ।
ਮੈਨੂੰ ਇਕ ਵਾਰ ਫੇਰ ਲੱਗਾ ਕਿ ਪੰਜਾਬ ਦੀ ਧਰਤੀ ਜਿਵੇਂ ਇੱਛਰਾਂ ਹੈ, ਪੁੱਤਰ ਵਿਯੋਗ ਵਿਚ ਰੋ ਰੋ ਅੰਨ੍ਹੀ ਹੋਈ ਮਾਂ ਤੇ ਅੱਜ ਦਾ ਦਿਨ ਉਸ ਦੇ ਪੂਰਨ ਪੁੱਤਰ ਦੀ ਆਮਦ। ਪੂਰਨ ਨੇ ਦੂਰੋਂ ਆਉਂਦੀ ਆਪਣੀ ਮਾਂ ਨੂੰ ਦੇਖਿਆ:
ਨੂਨ ਨਜ਼ਰ ਕੀਤੀ ਪੂਰਨ ਭਗਤ ਡਿੱਠਾ
ਮਾਤਾ ਆਂਵਦੀ ਏ ਕਿਸੇ ਹਾਲ ਮੰਦੇ
ਅੱਡੀ ਖੋੜਿਆਂ ਨਾਲ ਬਿਹੋਸ਼ ਹੋਈ
ਉਹਨੂੰ ਨਜ਼ਰ ਨਾ ਆਂਵਦੇ ਖਾਰ ਕੰਡੇ
ਪੂਰਨ ਵੇਖ ਕੇ ਸਹਿ ਨਾ ਸਕਿਆ ਈ
ਰੋਏ ਉੱਠਿਆ ਹੋਇ ਹੈਰਾਨ ਬੰਦੇ
ਕਾਦਰਯਾਰ ਮੀਆਂ ਅੱਗੋਂ ਉੱਠ ਪੂਰਨ,
ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ
ਲੋਕ ਜੋ ਕਰ ਸਕਦੇ ਸਨ, ਉਨ੍ਹਾਂ ਨੇ ਕਰ ਦਿਖਾਇਆ। ਹੁਣ ਵਾਰੀ ਹੈ ਜਿੱਤੇ ਹੋਏ ਵਿਧਾਇਕਾਂ ਦੀ ਤੇ ਬੁੱਧੀਜੀਵੀਆਂ ਦੀ, ਕਲਾਕਾਰਾਂ ਦੀ, ਰੰਗਕਰਮੀਆਂ ਦੀ, ਸਾਇੰਸਦਾਨਾਂ ਦੀ, ਸੱਚੇ ਧਾਰਮਿਕ ਨੇਤਾਵਾਂ ਦੀ। ਧਰਮ ਨਹੀਂ ਹਾਰਿਆ, ਧਰਮ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਲੇ ਅਧਰਮੀ ਹਾਰੇ ਹਨ।
ਯੇ ਯਾਦ ਨਾ ਮਾਤਾ ਨੂੰ ਗਮ ਰਿਹਾ
ਪੜਦੇ ਬੇ-ਦੀਦੇ ਸੁਣ ਕੇ ਖੁੱਲ੍ਹ ਗਏ
ਪੂਰਨ ਵੇਖਦੀ ਨੂੰ ਥਣੀਂ ਦੁੱਧ ਪਇਆ
ਧਾਰ ਮੁੱਖ ਪਰਨਾਲੜੇ ਚੱਲ ਗਏ
ਉਹਨੂੰ ਉੱਠ ਕੇ ਸੀਨੇ ਦੇ ਨਾਲ ਲਾਇਆ
ਰੱਬ ਸੁੱਖ ਦਿੱਤੇ ਦੁੱਖ ਭੁੱਲ ਗਏ
ਵਾਉ ਵਰਤਿਆ ਕੀ ਤੇਰੇ ਨਾਲ ਮਾਤਾ
ਪੂਰਨ ਆਖਦਾ ਦੱਸ ਖਾਂ ਸਾਰ ਮੈਨੂੰ
ਤੇਰੇ ਰੋਂਦੀ ਦੇ ਨੈਣ ਬੇਸੀਰ ਹੋਏ,
ਨਜ਼ਰ ਆਂਵਦਾ ਏ ਆਜ਼ਾਰ ਮੈਨੂੰ
ਮਾਤਾ ਆਖਦੀ ਦੁੱਖ ਨਾ ਫੋਲ ਬੇਟਾ
ਪਿਆ ਪੁੱਤਰ ਬੈਰਾਗ ਗੁਬਾਰ ਮੈਨੂੰ
ਕਾਦਰਯਾਰ ਬੁਰੇ ਦੁੱਖ ਪੁੱਤਰਾਂ ਦੇ,
ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ
ਪੂਰਨ ਕਿਸ ਤਰ੍ਹਾਂ ਮਾਉਂ ਦੇ ਦੁੱਖ ਵੰਡੇ
ਹੁਣ ਦੇਖਣਾ ਹੈ ਕਿ ਨਵੀਂ ਸਰਕਾਰ ਰੋ-ਰੋ ਅੰਨ੍ਹੀ ਹੋਈ ਇੱਛਰਾਂ ਮਾਂ ਜਿਹੀ ਧਰਤੀ ਦੇ ਦੁੱਖ ਕਿਸ ਤਰ੍ਹਾਂ ਵੰਡਾਉਂਦੀ ਹੈ। ਭਗਵੰਤ ਮਾਨ ਮੁੱਖ ਮੰਤਰੀ ਬਣਿਆ ਤਾਂ ਕਵੀ ਕਹਿਣ ਲੱਗਾ: ਲੈ ਬਈ ਆਪਣੇ ਕਾਵਿ ਕਬੀਲੇ ਦਾ ਬੰਦਾ ਮੁੱਖ ਮੰਤਰੀ ਬਣ ਗਿਆ।
ਦੂਜਾ ਕਵੀ ਕਹਿਣ ਲੱਗਾ:
ਹੱਸਦਾ ਹੱਸਦਾ ਜੁਗਨੂੰ ਸੂਰਜ ਬਣ ਗਿਆ
ਉਸ ਦੇ ਸੁੱਚੇ ਹਾਸੇ ਦਾ ਪ੍ਰਤਾਪ ਹੈ
ਜਿਸ ਵਿਚ ਅਤਿ ਦਲੇਰੀ, ਤਿੱਖੀ ਸਮਝ ਹੈ
ਜਿਸ ਵਿਚ ਨਸ਼ਤਰ ਵੀ ਹੈ,
ਨਾਲੇ ਮਲਮ ਵੀ
ਜਿਸ ਵਿਚ ਲੋਕਾਂ ਖਾਤਰ
ਗਹਿਰਾ ਪਿਆਰ ਹੈ
ਸ਼ੀਂਹਾਂ ਰਾਜਿਆਂ ਦੀ ਖਾਤਰ ਲਲਕਾਰ ਹੈ
ਕੁਝ ਦਿਨ ਬਾਅਦ ਦਾਨਿਸ਼ਵਰ ਦੋਸਤ ਕਹਿਣ ਲੱਗਾ: ਕਵੀਆ ਐਵੇਂ ਖੁਸ਼ ਨਾ ਹੋ। ਤੈਨੂੰ ਇਕ ਵਾਰ ਫੇਰ ਪੂਰਨ ਦੇ ਆਉਣ ਦਾ ਭੁਲੇਖਾ ਪਿਆ ਹੈ। ਤੇਰਾ ਇਹ ਭੁਲੇਖਾ ਵੀ ਛੇਤੀ ਹੀ ਦੂਰ ਹੋ ਜਾਵੇਗਾ। ਬਹੁਤ ਵੱਡੇ ਮਸਲੇ ਹਨ। ਬਹੁਤ ਵੱਡੀਆਂ ਵੰਗਾਰਾਂ। ਬਹੁਤ ਵੱਡੇ ਮਾਫੀਏ। ਬਹੁਤ ਵੱਡੇ ਮਗਰਮੱਛ। ਦੋ ਅਲੱਗ ਅਲੱਗ ਸ਼ਕਤੀ ਕੇਂਦਰ: ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ। ਆਹ ਦੇਖ ਰਾਜ ਸਭਾ ਵਿਚ ਭੇਜੇ ਗਏ ਬੰਦਿਆਂ ਦੀ ਲਿਸਟ। ਗੱਲ ਇਹ ਹੈ ਕਿ ਸਾਡਾ ਪੁਲੀਟੀਕਲ ਕਲਚਰ ਆਪ ਹੀ ਮਸਲਾ ਬਣ ਚੁੱਕਿਆ ਹੈ। ਇਸ ਉਲਝੀ ਤਾਣੀ ਨੂੰ ਸੁਲਝਾਉਣਾ ਸੌਖਾ ਨਹੀਂ।
ਕਵੀ ਕਹਿਣ ਲੱਗਾ: ਨਿਰਾਸ਼ ਹੋ ਕੇ ਕਿਨਾਰਾ ਕਰ ਲੈਣਾ ਕੋਈ ਬਹਾਦਰੀ ਜਾਂ ਸਿਆਣਪ ਨਹੀਂ। ਲੋਕਾਂ ਨੇ ਆਪਣਾ ਕੰਮ ਕਰ ਦਿੱਤਾ ਹੈ। ਹੁਣ ਸਰਕਾਰ ਦਾ ਕੰਮ ਹੈ। ‘ਕੱਲੀ ਸਰਕਾਰ ਦਾ ਹੀ ਨਹੀਂ। ਦਾਨਿਸ਼ਵਰਾਂ ਦਾ, ਸਾਹਿਤਕਾਰਾਂ ਦਾ, ਪੱਤਰਕਾਰਾਂ ਦਾ, ਕਿਸਾਨਾਂ ਦਾ, ਸਾਰੇ ਕਿਰਤੀਆਂ ਦਾ। ਆਪਾਂ ਸਾਰਿਆਂ ਦਾ। ਜਦੋਂ ਧਰਤੀ ਹੀ ਮਾਂ ਇੱਛਰਾਂ ਬਣ ਜਾਵੇ ਫਿਰ ਉਸ ਦੇ ਦੁੱਖ ਇਕ ਪੂਰਨ ਪੁੱਤਰ ਨਹੀਂ ਦੂਰ ਕਰ ਸਕਦਾ। ਆਪਾਂ ਸਾਰਿਆਂ ਨੂੰ ਉਸ ਦੇ ਪੂਰਨ ਪੁੱਤ ਬਣਨਾ ਪਵੇਗਾ। ਆਪਾਂ ਸਿਰਫ ਨਿੰਦਕ ਨਾ ਬਣੀਏ, ਆਪਾਂ ਸਿਰਜਕ ਬਣੀਏ। ਨਵੀਆਂ ਤਰਕੀਬਾਂ ਸੋਚੀਏ। ਨਵੇਂ ਸੁਪਨੇ ਲਈਏ।
ਜੇ ਇਸ ਵਾਰ ਵੀ ਅਸੀਂ ਆਪਣੀ ਧਰਤੀ ਆਪਣੀ ਇੱਛਰਾਂ ਮਾਂ ਦਾ ਦੁੱਖ ਨਾ ਦੂਰ ਕਰ ਸਕੇ ਤਾਂ ਪੰਜਾਬ ਉਦਾਸੀ ਦੇ ਅੰਧਕਾਰ ਵਿਚ ਖੋ ਜਾਵੇਗਾ। ਬਹੁਤ ਜ਼ਖਮੀ ਨਾਗ ਇਸ ਨੂੰ ਡੰਗਣ ਲਈ ਵਿਸ ਘੋਲ ਰਹੇ ਹਨ। ਬੜੇ ਸ਼ੀਂਹ ਘਾਤ ਲਗਾ ਕੇ ਬੈਠੇ ਹਨ।
ਦੋਸਤ ਉਦਾਸੀ ਦੇ ਆਲਮ ਵਿਚੋਂ ਬੋਲਦਾ ਹੈ: ਭਗਵੰਤ ਦਾ ਹਰਾ ਪੈੱਨ ਕੀ ਕਰ ਲਵੇਗਾ ਜੇ ਉਸ ਦੇ ਹਸਤਾਖਰਾਂ ਉਤਲੀ ਇਬਾਰਤ ਅਜਿਹੇ ਲੋਕਾਂ ਦੀ ਲਿਖੀ ਹੋਈ ਹੋਵੇਗੀ ਜਿਨ੍ਹਾਂ ਦੇ ਮਨਾਂ ਵਿਚ ਪੰਜਾਬ ਲਈ ਭਗਵੰਤ ਵਾਂਗ ਤੇ ਉਸ ਦੇ ਸਾਥੀ ਵਿਧਾਇਕਾਂ ਵਾਂਗ ਪਿਆਰ, ਤੜਪ ਤੇ ਸੁਹਿਰਦਤਾ ਨਾ ਹੋਈ।
ਮੈਂ ਆਖਦਾ ਹਾਂ: ਮੈਨੂੰ ਯਕੀਨ ਹੈ। ਪੰਜਾਬ ਦੇ ਲੋਕਾਂ ਦੀ ਤੜਫ ਤੇ ਸ਼ਕਤੀ ਦੇ ਸਹਾਰੇ, ਸਾਥੀ ਵਿਧਾਇਕਾਂ ਦੀ ਸੁਹਿਰਦਤਾ ਅਤੇ ਪਿਆਰ ਦੇ ਸਹਾਰੇ ਭਗਵੰਤ ਦਾ ਹਰਾ ਪੈੱਨ ਪੰਜਾਬ ਦੀ ਧਰਤੀ ਨੂੰ ਹਰੀ ਭਰੀ ਬਣਾਉਣ ਲਈ ਤੇ ਪੰਜਾਬ ਦੇ ਲੋਕਾਂ ਦੇ ਤਨ ਮਨ ਹਰੇ ਕਰਨ ਲਈ ਚੱਲੇਗਾ। ਇਹ ਸਾਡੀ ਆਸ ਵੀ ਹੈ ਤੇ ਅਰਦਾਸ ਵੀ।
ਪੰਜਾਬ ਦੇ ਕਾਵਿ ਕਬੀਲੇ ਦੀ। ਚੁੱਲ੍ਹੇ ਵਰਗੀ ਪਿਆਰੀ ਕਵਿਤਾ ਲਿਖਣ ਵਾਲੇ ਭਗਵੰਤ ਮਾਨ ਦੇ ਪੈੱਨ ਤੋਂ ਪੰਜਾਬ ਦੀ ਧਰਤੀ ਨੂੰ ਏਹੀ ਉਮੀਦ ਹੈ। ਉਹ ਲੋਕ ਜਿਨ੍ਹਾਂ ਨੇ ਆਪਣੀ ਸ਼ਾਂਤਮਈ ਸੂਰਬੀਰਤਾ ਨਾਲ ਕਿਸਾਨ ਮੋਰਚੇ ਜਿਹੀ ਵੱਡੀ ਜੰਗ ਜਿੱਤੀ, ਜਿਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਚਿੰਤਕ ਨੌਮ ਚੌਮਸਕੀ ਨੇ ਵਿਸ਼ਵ ਲਈ ਚਾਨਣ-ਮੁਨਾਰੇ ਮੰਨਿਆ। ਉਹ ਭਗਵੰਤ ਦੀ ਸ਼ਕਤੀ ਬਣਨਗੇ। ਪੰਜਾਬ ਦੀ ਧਰਤੀ ਦੇ ਧੀਆਂ ਪੁੱਤਰ, ਸੁਹਿਰਦ ਵਿਧਾਇਕ ਉਹਦੀ ਸ਼ਕਤੀ ਬਣਨਗੇ। ਉਹ ਉਨ੍ਹਾਂ ਦੀ ਸ਼ਕਤੀ ਬਣੇਗਾ। ਜੇ ਕੋਈ ਇਸ ਵੇਲੇ ਆਪਣੀ ਪੂਰੀ ਸੁਹਿਰਦਤਾ ਨਾਲ ਪੰਜਾਬ ਦੇ ਦੁੱਖਾਂ ਨੂੰ ਦੂਰ ਕਰਨ ਲਈ ਨਹੀਂ ਲੜਦਾ ਤਾਂ ਉਹ ਇਸ ਧਰਤੀ ਨਾਲ ਧ੍ਰੋਹ ਕਮਾਉਂਦਾ ਹੈ।
ਸਾਨੂੰ ਹੁਣ ਪਿੱਛੇ ਮੁੜਨਾ ਨਹੀਂ ਪੁੱਗਦਾ। ਪਿੱਛੇ ਤਾਂ ਫਿਰ ਓਹੀ ਅੰਧਕਾਰ ਹੈ, ਭ੍ਰਿਸ਼ਟਾਚਾਰ ਹੈ, ਆਪੋਧਾਪੀ ਹੈ। ਅਸੀਂ ਸ਼ਾਂਤਮਈ ਸੂਰਬੀਰਤਾ ਤੇ ਗਿਆਨ ਖੜਗ ਵਾਲਾ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰੱਖਾਂਗੇ। ਉਹ ਹੁਣ ਪਿੱਛੇ ਨਹੀਂ ਮੁੜ ਸਕਦੇ।
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਇਕ ਬਣ ਰਹੀ ਸੁਹਣੀ ਜਿਹੀ ਕਵਿਤਾ ‘ਚ ਸ਼ਾਮਿਲ ਹੋਣ ਵਾਲੇ
ਲਫਜ਼ ਹਾਂ ਯਾਰੋ
ਅਸੀਂ ਹੁਣ ਥੁੜ ਨਹੀਂ ਸਕਦੇ
ਅਸੀਂ ਹੁਣ ਮੁੜ ਗਏ ਤਾਂ
ਫਿਰ ਤਾਂ ਸਮਝੋ
ਮੁੜ ਗਿਆ ਇਤਿਹਾਸ ਪਿੱਛੇ ਵੱਲ
ਜਿੱਤ ਗਈ
ਹਉਮੈ ਤੇ ਨਫਰਤ ਦੀ ਸਿਆਸਤ
ਜਿੱਤ ਗਏ ਕਾਤਿਲ ਮਨੁੱਖਤਾ ਦੇ
ਅਸੀਂ ਹੁਣ ਮੁੜ ਗਏ ਤਾਂ
ਫਿਰ ਤਾਂ ਸਮਝੋ
ਡੁੱਬ ਗਿਆ ਸੂਰਜ ਉਮੀਦਾਂ ਦਾ
ਚੰਦਰਮਾ ਸੱਚ ਵਾਲਾ
ਬੁਝ ਗਏ ਤਾਰੇ ਉਮੀਦਾਂ ਦੇ
ਤੇ ਕਵਿਤਾ ਰੌਸ਼ਨੀ ਦਾ…
ਗੱਲ ਇਸ ਜਾਂ ਉਸ ਪਾਰਟੀ ਦੀ ਨਹੀਂ ਹੈ, ਗੱਲ ਪੰਜਾਬ ਦੇ ਲੋਕਾਂ ਦੇ ਦਰਦ ਦੀ ਹੈ, ਪੰਜਾਬ ਦੀ ਤੜਫ ਦੀ ਹੈ, ਪੰਜਾਬ ਲਈ ਕੋਈ ਰਾਹ ਲੱਭਣ ਦੀ ਹੈ।
ਆਓ ਸੁਹਣੇ ਲਫਜ਼ ਤੇ ਸੁਹਣੇ ਕਰਮ ਬੀਜੀਏ। ਤੇ ਦੁਆ ਕਰੀਏ ਕਿ ਰੋ ਰੋ ਅੰਨ੍ਹੀ ਹੋਈ ਮਾਂ ਇੱਛਰਾਂ ਤੇ ਪੂਰਨ ਪੁੱਤਰ ਦੇ ਮਿਲਾਪ ਦਾ ਮੰਜ਼ਰ ਇਸ ਵਾਰ ਵੀ ਸਾਡਾ ਭਰਮ ਨਾ ਨਿਕਲੇ।