ਪੰਜਾਬ ਕਲਾ ਭਵਨ ਦੇ ਵਿਹੜੇ ਢੁਕੀ ਰਾਸ਼ਟਰੀ ਸਾਹਿਤ ਅਕਾਦਮੀ

ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਦੇ ਵਸਨੀਕਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਲੰਘੇ ਹਫ਼ਤੇ ਪੰਜਾਬ ਕਲਾ ਭਵਨ ਦੇ ਰੰਧਾਵਾ ਆਡਟੋਰੀਅਮ ਵਿਚ ਨੈਸ਼ਨਲ ਸਾਹਿਤ ਅਕਾਦਮੀ ਨੇ ਆਪਣਾ ਇਕ ਵਿਸ਼ੇਸ਼ ਸਮਾਗਮ ਕਰਵਾਇਆ।

ਏਥੇ 27 ਮਈ ਦੀ ਸ਼ਾਮ ਪੰਜਾਬੀ ਦੇ ਜਾਣੇ-ਪਛਾਣੇ ਅਨੁਵਾਦਕ ਤੇ ਆਲੋਚਕ ਤੇਜਵੰਤ ਸਿੰਘ ਗਿੱਲ ਨੂੰ ਸਾਹਿਤ ਅਕਾਦਮੀ ਦੀ ੳੱੁਚਤਮ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਇਸ ਤੋਂ ਪਹਿਲਾਂ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਭਾਵੇਂ ਗੁਰਬਖਸ਼ ਸਿੰਘ ਪ੍ਰੀਤਲੜੀ, ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ ਤੇ ਗੁਰਦਿਆਲ ਸਿੰਘ ਨਾਵਲਕਾਰ ਵਰਗੇ ਉੱਚ ਦੁਮਾਲੜੇ ਸਾਹਿਤਕਾਰ ਸਨ ਪਰ ਉਹ ਸਾਹਿਤ ਅਕਾਦਮੀ ਦੇ ਪ੍ਰਬੰਧਕਾਂ ਨੂੰ ਚੰਡੀਗੜ੍ਹ ਲਿਆਉਣ ਦਾ ਵਸੀਲਾ ਨਹੀਂ ਬਣ ਸਕੇ। ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਫੈਲੋਸ਼ਿਪ ਨਾਲ ਤੇਜਵੰਤ ਗਿੱਲ ਨੂੰ ਨਿਵਾਜਣ ਦੀ ਰਸਮ ਸਾਹਿਤ ਅਕਾਦਮੀ ਦੇ ਪ੍ਰਧਾਨ ਚੰਦਰਸ਼ੇਖਰ ਕੰਬਾਰ ਦੀ ਗ਼ੈਰਹਾਜ਼ਰੀ ਵਿਚ ਚੰਡੀਗੜ੍ਹ ਨਿਵਾਸੀ, ਮਾਧਵ ਕੌਸ਼ਿਕ ਨੇ ਨਿਭਾਈ, ਜਿਹੜਾ ਰਾਸ਼ਟਰੀ ਸਾਹਿਤ ਅਕਾਦਮੀ ਦਾ ਮੀਤ ਪ੍ਰਧਾਨ ਹੈ। ਦਾਸ ਨੂੰ ਏਸ ਸਮਾਗਮ ਲਈ ਮਹਿੰਦਰ ਸਿੰਘ ਰੰਧਾਵਾ ਵਲੋਂ ਸਥਾਪਤ ਪੰਜਾਬ ਕਲਾ ਭਵਨ ਦੇ ਚੁਣੇ ਜਾਣ ਦੀ ਉਚੇਚੀ ਖ਼ੁਸ਼ੀ ਹੈ।
ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਲ ਮੇਂ ਹੈ
ਵਕਤ ਆਨੇ ਪੇ ਬਤਾ ਦੇਂਗੇ ਤੁਝੇ ਐ ਆਸਮਾਂ
ਹਮ ਅਭੀ ਸੇ ਕਿਆ ਬਤਾਏਂ ਜੋ ਹਮਾਰੇ ਦਿਲ ਮੇਂ ਹੈ।
ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਅਜਾਇਬਘਰ ਵਿਚ ਪ੍ਰਵੇਸ਼ ਕਰੀਏ ਤਾਂ ਉਪਰੋਕਤ ਬੋਲਾਂ ਦੀ ਮਧੁਰ ਧੁਨੀ ਕੰਨਾਂ ਵਿਚ ਰਸ ਘੋਲਣ ਲੱਗਦੀ ਹੈ। ਏਥੇ ਸੁਤੰਤਰਤਾ ਸੰਗਰਾਮ ਦੀ ਗੌਰਵਮਈ ਦਿੱਖ ਪੇਸ਼ ਕਰਦੀਆਂ ਅੱਧੀ ਦਰਜਨ ਗੈਲਰੀਆਂ ਹਨ, ਜਿਨ੍ਹਾਂ ਵਿਚ 1857 ਦੀਆਂ ਘਟਨਾਵਾਂ, ਗਦਰ ਪਾਰਟੀ ਲਹਿਰ, ਨਾਮਧਾਰੀ ਅੰਦੋਲਨ, ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਅਕਾਲੀ ਲਹਿਰ ਨਾਲ ਸਬੰਧਤ ਜੁਝਾਰੂ ਤੇ ਪ੍ਰਭਾਵੀ ਦਿ੍ਰਸ਼ ਪੇਸ਼ ਕੀਤੇ ਗਏ ਹਨ। ਪੜ੍ਹਨ ਵਾਲਿਆਂ ਲਈ ਸਬੰਧਤ ਜਾਣਕਾਰੀ ਲਿਖਤੀ ਰੂਪ ਵਿਚ ਪੇਸ਼ ਕੀਤੀ ਗਈ ਹੈ ਤੇ ਸੁਣਨ ਵਾਲੇ ਤਾਂ ਬਟਨ ਦਬਾ ਕੇ ਸੁਣ ਸਕਦੇ ਹਨ। ਅਖੰਡ ਹਿੰਦੁਸਤਾਨ ਦੇ ਹਿੰਦੂ, ਮੁਸਲਮਾਨ ਤੇ ਸਿੱਖ ਵਸਨੀਕਾਂ ਨੇ ਕਿਵੇਂ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀ ਕਰੁਣਾਮਈ ਪੇਸ਼ਕਾਰੀ ਵੇਖ ਕੇ ਅੰਤਾਂ ਦਾ ਗੌਰਵ ਹੁੰਦਾ ਹੈ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਅਜਾਇਬਘਰ ਦੇ ਦਰਸ਼ਕ ਕੇਵਲ ਪੰਜਾਬੀ ਹੀ ਨਹੀਂ ਉੱਤਰ, ਦੱਖਣ, ਪੂਰਬ, ਪੱਛਮ ਦੇ ਪਹਿਰਾਵੇ ਤੇ ਵਰਤਾਰੇ ਵਾਲੇ ਭਾਰਤੀ ਹੁੰਦੇ ਹਨ। ਭਾਵੇਂ ਅੰਮ੍ਰਿਤਸਰ ਵਿਖੇ ਦੇਸ਼ ਵੰਡ ਵਾਲਾ ਅਜਾਇਬਘਰ ਵੀ ਖਿੱਚ ਦਾ ਕੇਂਦਰ ਹੈ। ਉਥੋਂ ਦੇ ਦਰਸ਼ਕਾਂ ਵਿਚ ਏਥੇ ਵਾਲੀ ਧਰਮ-ਨਿਰਪੱਖਤਾ ਨਹੀਂ ਦਿਖਾਈ ਦਿੰਦੀ। ਵਡੇਰੀ ਉਮਰ ਦੇ ਬਜ਼ੁਰਗਾਂ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਸਾਂਝੇ ਵਿਰਸੇ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਖੁ਼ਦ ਵੀ ਦੇਖਣ ਤੇ ਨਵੀਂ ਪੀੜ੍ਹੀ ਦੇ ਬੱਚੇ ਬੱਚੀਆਂ ਨੂੰ ਵੀ ਦਿਖਾਉਣ ਤਾਂ ਕਿ ਉਨ੍ਹਾਂ ਦੇ ਮਨਾਂ ਉੱਤੇ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਦੀ ਮੋਹਰ ਲੱਗੇ ਤੇ ਉਹ ਲੋੜ ਪੈਣ `ਤੇ ਅਜਿਹੀ ਕੁਰਬਾਨੀ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਨ।
ਚੇਤੇ ਰਹੇ ਕਿ ਜਿਹੜੀ ਗ਼ਜ਼ਲ ਦੇ ਸ਼ਿਅਰ ਇਸ ਅਜਾਇਬਘਰ ਵਿਚ ਤੁਹਾਡਾ ਸਵਾਗਤ ਕਰਦੇ ਹਨ ਉਹ ਸਈਅਦ ਸ਼ਾਹ ਮੁਹੰਮਦ ਹੁਸੈਨ ਬਿਸਮਲ ਅਜ਼ੀਮਾਬਾਦੀ ਦੀ ਲਿਖੀ ਹੋਈ 1921 ਵਿਚ ‘ਸਬਾ’ ਨਾਂ ਦੇ ਪਰਚੇ ਵਿਚ ਛਪੀ ਸੀ। ‘ਸਬਾ’ ਦਾ ਮਾਲਕ ਕਾਜ਼ੀ ਅਬਦੁਲ ਗਫਾਰ ਪਟਨੇ ਦਾ ਅਮੀਰ ਜ਼ਿਮੀਂਦਾਰ ਸੀ। ਇਸ ਦੇ ਛਪਣ ਉਪਰੰਤ ਸਰਕਾਰੀ ਕਰਿੰਦਿਆਂ ਦੀ ਘੁਸਰ-ਮੁਸਰ ਤੱਕਦਿਆਂ ਸ਼ਾਹ ਮੁਹੰਮਦ ਦੇ ਮਾਪਿਆਂ ਨੇ ਉਸ ਨੂੰ ਇਸ ਰਚਨਾ ਤੋਂ ਪਾਸਾ ਵੱਟਣ ਲਈ ਕਿਹਾ ਤਾਂ ਉਸਦੀ ਇਹ ਰਚਨਾ ਗ਼ਜ਼ਲਗੋ ਹਸਰਤ ਮੁਹਾਨੀ ਦੇ ਨਾਂ ਲੱਗ ਗਈ।
ਇਹ ਵੀ ਕਿ ਸਮਾਂ ਪਾ ਕੇ ਇਸ ਦਾ ਕਰਤਾ ਰਾਮ ਪ੍ਰਸਾਦ ਬਿਸਮਿਲ ਮੰਨਿਆ ਜਾਣ ਲੱਗਿਆ। ਫੇਰ ਜਦੋਂ ਅਜੀਮਾਬਾਦੀ ਦੇ ਪੋਤਰਿਆਂ ਨੇ ਆਪਣੇ ਪੜ੍ਹਦਾਦੇ ਦਾ ਮੁੱਦਾ ਚੁੱਕਿਆ ਤਾਂ ਇਸਦੇ ਅਸਲ ਲੇਖਕ ਦਾ ਨਾਂ ਤਾਂ ਪਤਾ ਲੱਗ ਗਿਆ ਪਰ ਸੁਤੰਤਰਤਾ ਸੰਗਰਾਮ ਵਿਚ ਏਨੀ ਹਰਮਨ-ਪਿਆਰੀ ਹੋਈ ਕਿ ਆਮ ਲੋਕ ਇਸਨੂੰ ਰਾਮ ਪ੍ਰਸਾਦ ਬਿਸਮਿਲ ਦੀ ਰਚਨਾ ਸਮਝਣ ਲੱਗ ਪਏ ਤੇ ਹੁਣ ਤਕ ਇਹੀਓ ਮੰਨਦੇ ਹਨ।
ਨਾਨਕ ਸਿੰਘ ਦੀ ਖ਼ੂਨੀ ਵਿਸਾਖੀ ਦਾ ਮੰਚਨ
ਜਲ੍ਹਿਆਂਵਾਲਾ ਬਾਗ ਦੇ ਕਤਲ-ਏ-ਆਮ ਦੀ ਦਾਸਤਾਨ ਅੱਜ ਤੱਕ ਭਾਰਤ ਤੇ ਪਾਕਿਸਤਾਨ ਦੇ ਵਸਨੀਕਾਂ ਦੀ ਜ਼ੁਬਾਨ ਉੱਤੇ ਹੈ। ਇਸਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਦੀ ਵਿਉਂਤਬੰਦੀ ਤੇ ਕੁਰਬਾਨੀ ਵੀ ਕਿਸੇ ਨੂੰ ਭੁੱਲੀ ਹੋਈ ਨਹੀਂ ਪਰ ਨਵੀਂ ਪੀੜ੍ਹੀ ਨੂੰ ਇਸ ਗੱਲ ਦਾ ਬਹੁਤ ਘੱਟ ਪਤਾ ਹੈ ਕਿ ਪੰਜਾਬੀ ਦਾ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਵੀ ਇਸ ਸਾਕੇ ਦਾ ਚਸ਼ਮਦੀਦ ਗਵਾਹ ਸੀ ਅਤੇ ਉਸ ਨੇ ਇਸਦੇ ਪ੍ਰਤੀਕਰਮ ਵਜੋਂ ਜਿਹੜੀ ਕਾਵਿਕਸ ਰਚਨਾ ‘ਖੂਨੀ ਵਿਸਾਖੀ’ ਦੇ ਨਾਂ ਹੇਠ ਲਿਖੀ ਤੇ ਛਪਵਾਈ ਸੀ ਉਹ ਏਨੀ ਹਰਮਨ ਪਿਆਰੀ ਹੋਈ ਸੀ ਕਿ ਬਰਤਾਨਵੀ ਹਾਕਮਾਂ ਨੇ ਇਸਨੂੰ ਜ਼ਬਤ ਕਰਨ ਦਾ ਆਦੇਸ਼ ਦੇ ਦਿੱਤਾ ਸੀ। ਅਖੰਡ ਹਿੰਦੁਸਤਾਨ ਵਿਚ ਇਸ ਦੀਆਂ ਕੁੱਲ ਕਾਪੀਆਂ ਨਸ਼ਟ ਕਰ ਦਿੱਤੀਆਂ ਗਈਆਂ ਸਨ। ਇਹ ਸਬੱਬ ਦੀ ਗੱਲ ਹੈ ਕਿ ਨਾਨਕ ਸਿੰਘ ਦੇ ਕਿਸੇ ਮੱਦਾਹ ਨੂੰ ਇਸਦੀ ਇਕ ਕਾਪੀ ਲੰਡਨ ਵਿਚੋਂ ਮਿਲ ਗਈ ਜਿਸਨੂੰ ਨਾਨਕ ਨੇ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਮੁੜ ਛਪਾਇਆ ਤੇ ਪਾਠਕਾਂ ਨੇ ਖ਼ੂਬ ਸਲਾਹੀ।
ਹੁਣ ਪੰਜਾਬੀ ਦੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਇਸ ਰਚਨਾ ਦੇ ਆਧਾਰ ਉੱਤੇ ਅਜਿਹਾ ਨਾਟਕੀ ਰੂਪ ਦਿੱਤਾ ਹੈ ਕਿ ਇਸਦੀ ਪੇਸ਼ਕਾਰੀ ਅੱਜ ਕੱਲ੍ਹ ਵਿਰਸਾ ਵਿਹਾਰ ਕੇਂਦਰ ਵਿਚ ਚੱਲ ਰਹੇ ਰਾਸ਼ਟਰੀ ਰੰਗ ਮੰਚ ਉਤਸਵ ਦੇ ਦਰਸ਼ਕਾਂ ਦਾ ਮਨ ਮੋਹ ਰਹੀ ਹੈ। ਖਾਸ ਕਰਕੇ ਏਸ ਲਈ ਕਿ ਇਹ ਉਤਸਵ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਹੈ।
ਭਾਵੇਂ ਕੇਵਲ ਧਾਲੀਵਾਲ ਦੀ ਪੇਸ਼ਕਾਰੀ ਪਹਿਲਾਂ ਹੀ ਹਰਮਨ ਪਿਆਰੀ ਹੋ ਚੁੱਕੀ ਸੀ ਪਰ ਪਿਛਲੇ ਹਫ਼ਤੇ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਵਲੋਂ ਜਦੋਂ ਇਸਨੂੰ ਦੋ ਰੋਜ਼ਾ ਸੈਮੀਨਾਰ ਦਾ ਅੰਗ ਬਣਾਇਆ ਗਿਆ ਤਾਂ ਇਸ ਨਾਲ ਇਸ ਰਚਨਾ ਵਿਚ ਨਵੀਂ ਰੂਹ ਫੂਕੀ ਗਈ। ਇਸ ਪੇਸ਼ਕਾਰੀ ਵਿਚ ਨਾਨਕ ਸਿੰਘ ਨਾਵਲਕਾਰ ਦੇ ਕਾਵਿਕ ਬੋਲਾਂ ਸਮੇਤ ਡੌਲੀ ਸਡਲ ਦੀ ਅਦਾਕਾਰੀ ਅਤਿਅੰਤ ਪ੍ਰਭਾਵਕਾਰੀ ਸੀ ਜਿਸਨੇ ਰਤਨਾ ਦੇਵੀ ਦਾ ਰੋਲ ਅਦਾ ਕੀਤਾ। ਚੇਤੇ ਰਹੇ ਕਿ ਜਲ੍ਹਿਆਂਵਾਲਾ ਕਤਲੇਆਮ ਵਿਚ ਰਤਨਾ ਦੇਵੀ ਦਾ ਪਤੀ ਸ਼ਹੀਦੀ ਪਾ ਗਿਆ ਸੀ ਤੇ ਬੇਟਾ ਏਨਾ ਗੰਭੀਰ ਜ਼ਖ਼ਮੀ ਹੋ ਗਿਆ ਸੀ ਕਿ ਆਪਣੇ ਪਿਤਾ ਦੀ ਲਾਸ਼ ਤਕ ਨਹੀਂ ਸੀ ਪਹੁੰਚ ਸਕਿਆ। ਸਿਤਮਜ਼ਰੀਫੀ ਇਹ ਵੀ ਕਿ ਗੋਰੀ ਸਰਕਾਰ ਨੇ ਰਤਨਾ ਦੇਵੀ ਨੂੰ ਆਪਣੇ ਪਤੀ ਦੀ ਲਾਸ਼ ਤੱਕ ਸੰਭਾਲਣ ਦਾ ਮੌਕਾ ਨਹੀਂ ਦਿੱਤਾ। ਇਹ ਵੀ ਨੋਟ ਕੀਤਾ ਗਿਆ ਹੈ ਕਿ ਕੇਵਲ ਧਾਲੀਵਾਲ ਖ਼ੂਨੀ ਵਿਸਾਖੀ ਨਾਂ ਦੇ ਇਸ ਨਾਟਕ ਨੂੰ ਸਮੇਂ ਸਮੇਂ ਬਦਲਦੇ ਹਾਲਾਤ ਅਨੁਸਾਰ ਢਾਲਦਾ ਰਹਿੰਦਾ ਹੈ। ਆਪਣੀ ਸੱਜਰੀ ਪੇਸ਼ਕਾਰੀ ਵਿਚ ਜਦੋਂ ਉਸਨੇ ਇਸ ਰਚਨਾ ਨੂੰ ਵਰਤਮਾਨ ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ਼ ਦੇ ਵਿਗਾੜੇ ਗਏ ਰੂਪ ਨਾਲ ਜੋੜ ਕੇ ਵਿਰਸਾ ਵਿਹਾਰ ਭਵਨ ਅੰਮ੍ਰਿਤਸਰ ਵਿਚ ਦਰਸ਼ਕਾਂ ਦੇ ਰੂਬਰੂ ਕੀਤਾ ਤਾਂ ਦਰਸ਼ਕਾਂ ਵਿਚ ਹਾਜ਼ਰ ਪੰਜਾਬ ਦੇ ਪੰਚਾਇਤ ਤੇ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਨਾਟਕ ਨੂੰ ਦੂਰ ਦੁਰਾਡੇ ਸ਼ਹਿਰਾਂ ਵਿਚ ਵਿਖਾਉਣ ਦੀ ਚਾਹਨਾ ਜਤਾਈ ਜਿਸ ਲਈ ਪੰਜਾਬ ਸਰਕਾਰ ਲੋੜੀਂਦੀ ਮਾਇਆ ਜੁਟਾ ਸਕਦੀ ਹੈ।
ਅੰਤਿਕਾ
ਗੁਰਚਰਨ ਕੌਰ ਕੋਚਰ
ਸ਼ਹੀਦਾਂ ਦੀ ਸ਼ਹਾਦਤ ਵੀ ਤਾਂ
ਬਹੁਮੁੱਲਾ ਖਜ਼ਾਨਾ ਹੈ,
ਜੋ ਸ਼ਬਦਾਂ ਵਿਚ ਜਾਂ ਉਂਗਲਾਂ `ਤੇ
ਗਿਣਾਇਆ ਜਾ ਨਹੀਂ ਸਕਦਾ।
ਬਲੇ ਦੀਵਾ ਅਜ਼ਾਦੀ ਦਾ
ਜਿਗਰ ਦਾ ਖ਼ੂਨ ਪਾ ਕੇ ਹੀ,
ਤੇ ਇਹ ਦੀਵਾ ਸ਼ਹਾਦਤ ਬਿਨ
ਜਗਾਇਆ ਜਾ ਨਹੀਂ ਸਕਦਾ।
ਜੋ ਮਰਦੇ ਕੌਮ ਦੀ ਖਾਤਰ
ਉਹਦੀ ਪਹਿਚਾਣ ਦਾ ਰੁਤਬਾ,
ਸਮੇਂ ਦੀ ਪੈੜ ਕੋਲੋਂ ਵੀ
ਮਿਟਾਇਆ ਜਾ ਨਹੀਂ ਸਕਦਾ।