ਕੀ ਪੰਜਾਬ ਦੀ ਹੋਣੀ ਪ੍ਰਵਾਨੇ ਜਾਂ ਸਿੰਗਲੇ ਵਰਗਿਆਂ ਦੇ ਹੱਥ ਛੱਡੀ ਜਾ ਸਕਦੀ ਹੈ?

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਪਟਿਆਲੇ ਵਾਲੀਆਂ ਘਟਨਾਵਾਂ ਨੇ ਇਹ ਗੱਲ ਤਾਂ ਸਾਬਿਤ ਕਰ ਦਿੱਤੀ ਹੈ ਕਿ ਕੁਝ ਧਿਰਾਂ ਕੁਝ ਖਾਸ ਮੁੱਦੇ ਭਖਾ ਕੇ ਰੱਖਣਾ ਚਾਹੁੰਦੀਆਂ ਹਨ। ਇਸ ਦੇ ਨਾਲ ਹੀ ਜੋ ਰਵੱਈਆ ਪ੍ਰਸ਼ਾਸਨ ਨੇ ਅਖਤਿਆਰ ਕੀਤਾ, ਉਹ ਵੀ ਹਾਲਾਤ ਨੂੰ ਵਿਗਾੜਨ ਦਾ ਕਾਰਨ ਬਣਿਆ। ਇਸ ਮਸਲੇ `ਤੇ ਪੰਜਾਬ ਸਰਕਾਰ ਦੀ ਵੀ ਖੂਬ ਨੁਕਤਾਚੀਨੀ ਹੋਈ ਹੈ। ਉਘੇ ਪੱਤਰਕਾਰ ਅਤੇ ਸਿੱਖ ਮਸਲਿਆਂ ਬਾਰੇ ਲਗਾਤਾਰ ਟਿੱਪਣੀ ਕਰਨ ਵਾਲੇ ਸ. ਹਰਚਰਨ ਸਿੰਘ ਪਰਹਾਰ ਨੇ ਇਨ੍ਹਾਂ ਸਮੁੱਚੇ ਹਾਲਾਤ ਅਤੇ ਇਸ ਦੇ ਪਿਛੋਕੜ ਬਾਰੇ ਲੰਮੀ ਟਿੱਪਣੀ ‘ਪੰਜਾਬ ਟਾਈਮਜ਼’ ਲਈ ਭੇਜੀ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

ਪੰਜਾਬ ਅੰਦਰ ਹਿੰਦੂ-ਸਿੱਖ ਤਣਾਅ ਦਾ ਇਤਿਹਾਸ ਕੋਈ ਨਵਾਂ ਨਹੀਂ ਹੈ, ਇਹ 1947 ਵਿਚ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਹੀ ਵੱਖ-ਵੱਖ ਢੰਗਾਂ ਨਾਲ਼ ਚੱਲਿਆ ਆ ਰਿਹਾ ਹੈ। ਇਹ ਵੱਖ-ਵੱਖ ਪੜਾਵਾਂ `ਚੋਂ ਲੰਘਦਾ ਹੀ ਇਥੇ ਤੱਕ ਪਹੁੰਚਿਆ ਹੈ, ਪੰਜਾਬੀਆਂ ਨੇ ਹੁਣ ਤੱਕ ਇਸਦੇ ਕਈ ਰੰਗ ਦੇਖੇ ਹਨ। ਪਰ ਇਹ ਤਣਾਅ ਆਜ਼ਾਦੀ ਤੋਂ ਜਲਦੀ ਬਾਅਦ ਪੰਜਾਬੀ ਸੂਬਾ ਨਾਹਰਾ ਮੋਰਚੇ ਦੇ ਸਮੇਂ ਹੀ ਸ਼ੁਰੂ ਹੋ ਗਿਆ ਸੀ। ਜਦੋਂ ਇੱਕ ਪਾਸੇ ਸਿੱਖ ‘ਪੰਜਾਬੀ ਸੂਬੇ’ ਦਾ ਨਾਅਰਾ ਮਾਰਦੇ ਸਨ ਤਾਂ ਹਿੰਦੂ ਵਿਰੋਧ ਵਿਚ ‘ਮਹਾਂ ਪੰਜਾਬ’ ਦਾ ਨਾਅਰਾ ਮਾਰਦੇ ਸਨ। ਪਿਛਲੇ 60-70 ਸਾਲਾਂ ਵਿਚ ਕਿਸੇ ਵੀ ਧਿਰ ਨੇ ਇਸ ਤਣਾਅ ਦੀਆਂ ਜੜ੍ਹਾਂ ਵਿਚ ਜਾ ਕੇ ਮਸਲਾ ਸਮਝਣ ਤੇ ਹੱਲ ਕਰਨ ਦੀ ਕਦੇ ਸੁਹਿਰਦ ਕੋਸ਼ਿਸ਼ ਨਹੀਂ ਕੀਤੀ। ਜਦੋਂ ਕੁਝ ਘਟਨਾਵਾਂ ਵਾਪਰਦੀਆਂ ਹਨ ਤਾਂ ‘ਹਿੰਦੂ-ਸਿੱਖ ਭਾਈ-ਭਾਈ’ ਜਾਂ ‘ਹਿੰਦੂਆਂ-ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ’ ਆਦਿ ਦੇ ਵਕਤੀ ਜਜ਼ਬਾਤੀ ਨਾਅਰਿਆਂ ਹੇਠ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਤੀਜਾ ਇਹ ਹੈ ਕਿ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ ਅਨੇਕਾਂ ਵੱਡੀਆਂ ਤ੍ਰਾਸਦੀਆਂ ਵਾਪਰਨ ਤੋਂ ਬਾਅਦ ਵੀ ਲਗਦਾ ਹੈ ਕਿ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ? ਕਿਸੇ ਧਿਰ ਨੇ ਕੋਈ ਸਬਕ ਨਹੀਂ ਸਿੱਖਿਆ? ਸਭ ਧਿਰਾਂ ਸਾਰਾ ਦੋਸ਼ ਦੂਜਿਆਂ `ਤੇ ਥੋਪ ਕੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਿਤ ਕਰਦੀਆਂ ਹਨ। ਕੁਝ ਸਮੇਂ ਦੇ ਰੌਲ਼ੇ-ਰੱਪੇ ਤੋਂ ਬਾਅਦ ਸ਼ਾਂਤੀ ਹੋਣ ਨਾਲ਼ ਸਮਝ ਲਿਆ ਜਾਂਦਾ ਹੈ ਕਿ ਸਭ ਕੁਝ ਠੀਕ ਹੋ ਗਿਆ ਹੈ। ਪਰ ਕੁਝ ਜਜ਼ਬਾਤੀ ਜਾਂ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਜ਼ਰਾ ਕੁ ਜਿੰਨੀ ਇੱਲਤ ਨਾਲ਼ ਸਥਿਤੀ ਵਿਸਫੋਟਕ ਹੋ ਜਾਂਦੀ ਹੈ। ਰਾਜਸੀ ਤੇ ਧਾਰਮਿਕ ਲੋਕ ਆਪਣੇ ਸੌੜੇ ਹਿੱਤਾਂ ਲਈ ਇਸ ਮਸਲੇ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਾ ਚਾਹੁੰਦੇ ਹਨ ਤਾਂ ਕਿ ਲੋੜ ਅਨੁਸਾਰ ਇਸਨੂੰ ਆਪਣੇ ਹਿੱਤਾਂ ਲਈ ਵਰਤਿਆ ਜਾ ਸਕੇ? ਆਮ ਹਾਲਾਤ ਵਿਚ ਲੋਕਾਂ ਦਾ ਆਪਸੀ ਭਾਈਚਾਰਾ ਬੜਾ ਮਜ਼ਬੂਤ ਲਗਦਾ ਹੈ, ਪਰ ਜਦੋਂ ਹੀ ਕੋਈ ਸ਼ਰਾਰਤੀ ਧਿਰ ਕੋਈ ਇੱਲਤ ਕਰਦੀ ਹੈ ਤਾਂ ਲੋਕ ਝੱਟ ਇੱਕ ਦੂਜੇ ਦੇ ਵਿਰੋਧ ਵਿਚ ਆ ਖੜ੍ਹਦੇ ਹਨ?
ਹਾਲੀਆ 29 ਅਪਰੈਲ, 2022 ਨੂੰ ਕਥਿਤ ‘ਖਾਲਿਸਤਾਨ ਦਿਵਸ’ ਦੇ ਮੌਕੇ ਇੱਕ ਪਾਸੇ ਅਮਰੀਕਾ ਸਥਿਤ ਭਾਰਤ ਵਿਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵਲੋਂ ਐਲਾਨ ਕੀਤਾ ਗਿਆ ਸੀ ਕਿ ਡੀ. ਸੀ. ਦਫਤਰਾਂ `ਤੇ ਖਾਲਿਸਤਾਨੀ ਝੰਡੇ ਲਹਿਰਾਉਣ ਵਾਲ਼ਿਆਂ ਨੂੰ 12 ਘੰਟਿਆਂ ਵਿਚ ਅਮਰੀਕਨ ਸਵਾ ਲੱਖ ਡਾਲਰ ਦਿੱਤਾ ਜਾਵੇਗਾ ਅਤੇ ਦੂਸਰੇ ਪਾਸੇ ਸ਼ਿਵ ਸੈਨਾ (ਬਾਲੇ ਠਾਕਰੇ) ਆਗੂ ਹਰੀਸ਼ ਸਿੰਗਲਾ ਤੇ ਕੁਝ ਹੋਰ ਹਿੰਦੂ ਜਥੇਬੰਦੀਆਂ ਵਲੋਂ ਇਸੇ ਦਿਨ ਪੰਨੂੰ ਦੀ ਕਾਲ ਦੇ ਵਿਰੋਧ ਵਿਚ ਖਾਲਿਸਤਾਨ ਵਿਰੋਧੀ ਰੋਸ ਮਾਰਚ ਕਰਨ ਦੇ ਸੱਦੇ ਨੂੰ ਲੈ ਕੇ ਪਟਿਆਲ਼ਾ ਵਿਚ ਜਿਸ ਕਿਸਮ ਦੀਆਂ ਹਿੰਸਕ ਘਟਨਾਵਾਂ ਵਾਪਰੀਆਂ, ਉਸਨੇ ਇੱਕ ਵਾਰ ਫਿਰ ਦੁਨੀਆ ਭਰ ਵਿਚ ਵਸਦੇ ਅਮਨ ਪਸੰਦ ਪੰਜਾਬ ਹਿਤੈਸ਼ੀਆਂ ਦੇ ਮਨਾਂ ਵਿਚ ਧੁੜਕੂ ਛੇੜ ਦਿੱਤਾ ਹੈ। ਜਿਸ ਤਰ੍ਹਾਂ ਕੁਝ ਸ਼ਰਾਰਤੀ ਲੋਕਾਂ ਨੇ ਗੁਰਦੁਆਰਾ ਦੂਖ ਨਿਵਾਰਨ ਬੈਠੇ ਸਿੱਖ ਨੌਜਵਾਨਾਂ ਨੂੰ ਇਹ ਅਫਵਾਹ ਫੈਲਾ ਕੇ ਉਕਸਾਇਆ ਕਿ ਕਾਲ਼ੀ ਮਾਤਾ ਮੰਦਰ ਕੋਲ਼ ਸ਼ਿਵ ਸੈਨਿਕਾਂ ਨੇ ਸਿੱਖ ਨੌਜਵਾਨਾਂ `ਤੇ ਹਮਲਾ ਕਰ ਦਿੱਤਾ ਹੈ ਤਾਂ ਉਥੇ ਬੈਠੇ ਕੁਝ ਨੌਜਵਾਨ ਭੜਕ ਕੇ ਜਿਵੇਂ ਕਾਲ਼ੀ ਮਾਤਾ ਮੰਦਰ ਵੱਲ ਗਏ, ਉਥੇ ਦੋਨਾਂ ਗਰੁੱਪਾਂ ਵਿਚ ਤਲਵਾਰਾਂ, ਡੰਡਿਆਂ ਨਾਲ਼ ਝੜਪਾਂ ਹੋਈਆਂ, ਪੱਥਰਬਾਜ਼ੀ ਹੋਈ, ਦੁਕਾਨਾਂ ਦੀ ਤੋੜ-ਭੰਨ ਹੋਈ, ਇਹ ਸਭ ਬੜੀ ਚਿੰਤਾ ਦਾ ਵਿਸ਼ਾ ਹੈ। ਹਾਲ ਦੀ ਘੜੀ ਪ੍ਰਸ਼ਾਸਨ ਨੇ ਫੌਰੀ ਕਾਰਵਾਈ ਕਰਦਿਆਂ, ਸ਼ਰਾਰਤੀ ਅਨਸਰਾਂ `ਤੇ ਕਾਬੂ ਪਾ ਤਾਂ ਲਿਆ ਹੈ, ਪਰ ਇਨ੍ਹਾਂ ਘਟਨਾਵਾਂ ਨੂੰ ਵੇਖਦਿਆਂ ਮਨ ਵਿਚ ਸੱਠਵਿਆਂ ਦੇ ਦਹਾਕੇ ਵਿਚ ‘ਪੰਜਾਬੀ ਸੂਬਾ ਮੋਰਚੇ’ ਤੋਂ ਸ਼ੁਰੂ ਹੋਈਆਂ ਅਜਿਹੀਆਂ ਅਨੇਕਾਂ ਯਾਦਾਂ ਤਾਜ਼ਾ ਹੋ ਰਹੀਆਂ ਹਨ।
ਇਥੇ ਹੁਣ ਅਸੀਂ 50ਵਿਆਂ ਜਾਂ 60ਵਿਆਂ ਵਿਚ ਜੋ ਕੁਝ ਵਾਪਰਿਆ, ਉਸ ਦੀਆਂ ਰਾਮ ਕਹਾਣੀਆਂ ਨੂੰ ਛੱਡ ਕੇ 80ਵਿਆਂ ਤੋਂ ਗੱਲ ਸ਼ੁਰੂ ਕਰਦੇ ਹਾਂ। ਗੱਲ ਸਾਲ 1981 ਦੇ ਸ਼ੁਰੂ ਵਿਚ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਮਦਮੀ ਟਕਸਾਲ (ਚੌਕ ਮਹਿਤਾ) ਵਲੋਂ ਸ਼ੁਰੂ ਕੀਤੀ ਮੁਹਿੰਮ ਤੋਂ ਕਰਨੀ ਚਾਹਾਂਗਾ। ਜਦੋਂ ‘ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ’ ਦੇਣ ਦੀ ਮੰਗ ਕਾਰਨ ਅੰਮ੍ਰਿਤਸਰ ਵਿਚ ਹਿੰਦੂ-ਸਿੱਖ ਦੰਗਿਆਂ ਦੇ ਹਾਲਾਤ ਬਣ ਗਏ ਸਨ। ਇਸ ਸਬੰਧੀ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਗੁਰਬਚਨ ਜਗਤ, (ਜੋ ਉਸ ਸਮੇਂ ਅੰਮ੍ਰਿਤਸਰ ਵਿਚ ਐਸ ਐਸ ਪੀ ਵਜੋਂ ਤਾਇਨਾਤ ਸਨ) ਦੀ ‘ਇੰਗਲਿਸ਼ ਟ੍ਰਿਬਿਊਨ’ ਵਿਚ 8 ਨਵੰਬਰ, 2020 ਨੂੰ ਛਪੀ ਇੱਕ ਲਿਖਤ ‘ਲੈਸਨਜ਼ ਫਰੌਮ ਅੰਮ੍ਰਿਤਸਰ-1981’ (ਲੲਸਸੋਨਸ ਾਰੋਮ ਅਮਰਟਿਸਅਰ-1981) ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ 13 ਅਪਰੈਲ, 1978 ਦੇ ਸਿੱਖ-ਨਿਰੰਕਾਰੀ ਕਾਂਡ ਤੋਂ ਬਾਅਦ ਚੜ੍ਹਤ ਹੋਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਅਨੁਸਾਰ 1981 ਆਉਂਦਿਆਂ ਉਸਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਹੋ ਚੁੱਕੀ ਸੀ। ਸੰਤਾਂ ਤੇ ਉਸਦੇ ਸਾਥੀਆਂ ਨੂੰ ਤਕੜੇ ਕਰਨ, ਹਥਿਆਰਬੰਦ ਕਰਨ ਵਿਚ ਕਈ ਰਾਜਨੀਤਕ ਤਾਕਤਾਂ ਆਪਣੇ ਸੌੜੇ ਰਾਜਸੀ ਮੰਤਵਾਂ ਲਈ ਯੋਗਦਾਨ ਪਾ ਰਹੀਆਂ ਸਨ। ਉਸ ਸਮੇਂ ਦੌਰਾਨ ਸੰਤਾਂ ਨੇ ਐਲਾਨ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਵਿਚ 29 ਮਈ, 1981 ਨੂੰ ਆਪਣੇ ਹਥਿਆਰਬੰਦ ਸਾਥੀਆਂ ਤੇ ਫੈਡਰੇਸ਼ਨ ਦੇ ਸਹਿਯੋਗ ਨਾਲ਼ ਦਰਬਾਰ ਸਾਹਿਬ ਤੋਂ ਬਾਰਾਂਦਰੀ ਅੰਮ੍ਰਿਤਸਰ ਤੱਕ ਆਪਣੀ ਅਗਵਾਈ ਵਿਚ ਇੱਕ ਵਿਸ਼ਾਲ ਮਾਰਚ ਕੱਢਣਗੇ ਅਤੇ ਮੰਗ ਕਰਨਗੇ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਜਿਸਦਾ ਭਾਵ ਸੀ ਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਸ਼ਰਾਬ, ਸਿਗਰਟਾਂ (ਜਾਂ ਤਮਾਖੂ), ਮੀਟ ਨਾਲ਼ ਸਬੰਧਤ ਸਭ ਦੁਕਾਨਾਂ ਤੋਂ ਇਸਦੀ ਵਿਕਰੀ ਅਤੇ ਕਿਸੇ ਵੀ ਵਿਅਕਤੀ ਦੇ ਇਨ੍ਹਾਂ ਨੂੰ ਸੇਵਨ ਕਰਨ `ਤੇ ਪਾਬੰਦੀ ਲਗਾਈ ਜਾਵੇ। ਸੰਤਾਂ ਦੇ ਇਸ ਐਲਾਨ ਨਾਲ਼ ਸ਼ਹਿਰ ਵਿਚ ਤਣਾਅ ਦੀ ਸਥਿਤੀ ਬਣ ਗਈ। ਹਿੰਦੂ ਜਥੇਬੰਦੀਆਂ ਇਸਦਾ ਵਿਰੋਧ ਕਰਨ ਲੱਗੀਆਂ। ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਇਸ ਮਾਰਚ ਨੂੰ ਕਿਸੇ ਵੀ ਹਾਲਤ ਵਿਚ ਰੋਕਣਾ ਚਾਹੁੰਦੀ ਸੀ, ਇਸ ਲਈ ਸ੍ਰੀ ਗੁਰਬਚਨ ਜਗਤ ਦੀ ਡਿਊਟੀ ਸੰਤ ਭਿੰਡਰਾਂਵਾਲ਼ਿਆਂ ਨੂੰ ਮਨਾਉਣ ਲਈ ਲਗਾਈ ਗਈ ਕਿ ਉਹ ਇਸ ਜਲੂਸ ਨੂੰ ਰੱਦ ਕਰ ਦੇਣ। ਸ੍ਰੀ ਜਗਤ ਜਦੋਂ ਸੰਤਾਂ ਕੋਲ਼ ਗਏ ਤੇ ਇਸ ਸਬੰਧੀ ਗੱਲ ਕੀਤੀ ਤਾਂ ਸੰਤ ਜੀ ਪਹਿਲਾਂ ਤਾਂ ਇੱਕਦਮ ਭੜਕ ਪਏ ਤੇ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸਨ। ਪਰ ਜਦੋਂ ਸ੍ਰੀ ਜਗਤ ਨੇ ਬੜੀ ਨਿਮਰਤਾ ਤੇ ਆਜਜ਼ੀ ਨਾਲ਼ ਸੰਤਾਂ ਅੱਗੇ ਅਰਜ਼ੋਈ ਕੀਤੀ ਕਿ ਉਹ ਸ਼ਹਿਰ ਵਿਚ ਭਾਈਚਾਰਕ ਸਾਂਝ ਨੂੰ ਮੁੱਖ ਰੱਖ ਕੇ ਇਸ ਮਸਲੇ `ਤੇ ਗੰਭੀਰਤਾ ਨਾਲ਼ ਵਿਚਾਰ ਕਰਨ ਨਹੀਂ ਤਾਂ ਉਸ ਨੇ ਅੱਜ ਸੰਤਾਂ ਦੇ ਦਰਾਂ ਤੋਂ ਉਠ ਕੇ ਜਾਣਾ ਹੀ ਨਹੀਂ ਹੈ। ਇਸ `ਤੇ ਸੰਤ ਜੀ ਨੇ ਕਮਰੇ ਤੋਂ ਬਾਹਰ ਜਾ ਕੇ ਭਾਈ ਅਮਰੀਕ ਸਿੰਘ ਨਾਲ਼ ਕੁਝ ਸਮਾਂ ਗੱਲ ਕੀਤੀ। ਫਿਰ ਆ ਕੇ ਉਹ ਇਸ ਗੱਲ `ਤੇ ਸਹਿਮਤ ਹੋ ਗਏ ਕਿ ਉਹ ਮਾਰਚ ਦੀ ਅਗਵਾਈ ਨਹੀਂ ਕਰਨਗੇ, ਮਾਰਚ ਸ਼ਾਂਤਮਈ ਤੇ ਹਥਿਆਰਾਂ ਤੋਂ ਬਗੈਰ ਹੋਵੇਗਾ ਅਤੇ ਕੋਤਵਾਲ਼ੀ ਕਿਸੇ ਉਚ ਅਧਿਕਾਰੀ ਨੂੰ ਮੈਮੋਰੰਡਮ ਦੇ ਕੇ ਵਾਪਿਸ ਆ ਜਾਵੇਗਾ। ਸ੍ਰੀ ਜਗਤ ਨੇ ਸੰਤ ਜੀ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਜਲਦੀ ਕਾਰਵਾਈ ਕਰੇਗੀ। ਸੰਤਾਂ ਦੇ ਇਸ ਮਾਰਚ ਦਾ ਵਿਰੋਧ ਕਰ ਰਹੀ ਧਿਰ ਨੂੰ ਇਸਦਾ ਕੋਈ ਇਲਮ ਨਹੀਂ ਸੀ ਕਿ ਸ੍ਰੀ ਜਗਤ ਨੇ ਸੰਤਾਂ ਨਾਲ਼ ਕੋਈ ਸਮਝੌਤਾ ਕਰ ਲਿਆ ਹੈ। ਸ੍ਰੀ ਜਗਤ ਨੂੰ ਅਜਿਹੀ ਗਲਬਾਤ ਦੀ ਡਿਪਲੋਮੇਸੀ ਦੂਸਰੇ ਖੇਮੇ ਵਿਚ ਜਾ ਕੇ ਵੀ ਵਰਤਣੀ ਚਾਹੀਦੀ ਸੀ, ਜੇ ਅਜਿਹੀ ਡਿਪਲੋਮੇਸੀ ਦੂਸਰੀ ਧਿਰ ਦੇ ਗੁਸੈਲ਼ ਭਾਜਪਾ ਆਗੂ ਹਰਬੰਸ ਲਾਲ ਖੰਨਾ ਦੇ ਕੋਲ ਜਾ ਕੇ ਵੀ ਕੀਤੀ ਹੁੰਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੀ ਹੁੰਦੇ? ਸ੍ਰੀ ਜਗਤ ਅਨੁਸਾਰ ਇਸ ਮਾਰਚ ਤੋਂ ਇੱਕ ਦਿਨ ਪਹਿਲਾਂ 28 ਮਈ ਨੂੰ ਸਥਿਤੀ ਉਸ ਵਕਤ ਇਕਦਮ ਬਦਲ ਗਈ, ਜਦੋਂ ਕੁਝ ਹਿੰਦੂ ਨੌਜਵਾਨ ਹਰਬੰਸ ਲਾਲ ਖੰਨਾ ਦੀ ਅਗਵਾਈ ਵਿਚ ਬਜ਼ਾਰਾਂ ਵਿਚ ਸਿਗਰਟਾਂ ਪੀਂਦੇ ਤੇ ਡੰਡਿਆਂ `ਤੇ ਸਿਗਰਟਾਂ ਲਹਿਰਾਉਂਦੇ ਭੜਕਾਊ ਨਾਅਰਿਆਂ ਨਾਲ਼ ਜਲੂਸ ਕੱਢਣ ਲੱਗੇ। ਜਿਸ ਨਾਲ਼ ਸੰਤਾਂ ਨੇ ਹੋਏ ਫੈਸਲੇ ਨੂੰ ਤੋੜ ਕੇ 29 ਮਈ ਨੂੰ ਆਪਣਾ ਜਲੂਸ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਆਪਣੀ ਅਗਵਾਈ ਵਿਚ ਆਪਣੇ ਹਥਿਆਰਬੰਦ ਸਾਥੀਆਂ ਨਾਲ਼ ਕੱਢਿਆ। ਜਿਸ ਨਾਲ਼ ਸ਼ਹਿਰ ਵਿਚ ਅਜਿਹਾ ਸਹਿਮ ਦਾ ਮਾਹੌਲ ਸੀ ਕਿ ਲੋਕ ਬਾਜ਼ਾਰ ਬੰਦ ਕਰ ਕੇ ਘਰਾਂ ਨੂੰ ਚਲੇ ਗਏ। ਜਲੂਸ ਆਪਣੇ ਪਹਿਲੇ ਰੂਟ ਮੁਤਾਬਿਕ ਬਾਰਾਂਦਰੀ ਸਮਾਪਤ ਹੋਇਆ, ਪਰ ਸ਼ਹਿਰ ਵਿਚ ਅਜਿਹੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਹਿੰਦੂ-ਸਿੱਖਾਂ ਵਿਚ ਦੰਗੇ ਹੋ ਗਏ ਹਨ, ਕੁਝ ਬੰਦੇ ਮਾਰੇ ਗਏ ਹਨ ਪਰ ਅਜਿਹਾ ਕੁਝ ਨਹੀਂ ਹੋਇਆ ਸੀ? ਪਰ ਉਸ ਦਿਨ ਤੋਂ ਬਾਅਦ ਬਹੁਤ ਕੁਝ ਅਜਿਹਾ ਵਾਪਰਨਾ ਸ਼ੁਰੂ ਹੋ ਗਿਆ ਸੀ, ਜਿਸਨੇ ਅਗਲੇ ਦਹਾਕੇ ਵਿਚ ਹਜ਼ਾਰਾਂ ਜਾਨਾਂ ਲੈਣੀਆਂ ਸਨ। ਕੁਝ ਖਾਸ ਰਾਜਸੀ ਮੰਤਵਾਂ ਲਈ ਦੋਨਾਂ ਭਾਈਚਾਰਿਆਂ ਵਿਚਲੇ ਕੱਟੜਪੰਥੀ ਤੇ ਖਾੜਕੂ ਟੋਲਿਆਂ ਰਾਹੀਂ ਹਾਲਾਤ ਕਿਸੇ ਖਾਸ ਦਿਸ਼ਾ ਵਿਚ ਲਿਜਾਣ ਵੱਲ ਧੱਕੇ ਜਾ ਰਹੇ ਸਨ। ਇੱਕ ਅਜਿਹੀ ਸ਼ਤਰੰਜ ਵਿਛਾਈ ਜਾ ਰਹੀ ਸੀ, ਜਿਸ ਬਾਰੇ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ।
29 ਮਈ, 1981 ਦੀਆਂ ਘਟਨਾਵਾਂ ਤੋਂ ਬਾਅਦ ਹਾਲਾਤ ਤੇਜ਼ੀ ਨਾਲ਼ ਬਦਲਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ 17 ਮਾਰਚ, 1982 ਨੂੰ ਦਲ ਖਾਲਸਾ ਵਲੋਂ ਚੰਡੀਗੜ੍ਹ ਵਿਚ ਪੂਰੇ ਧੂਮ-ਧੜੱਕੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਪਹਿਲਾਂ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਤੇ ਫਿਰ 4 ਅਪਰੈਲ, 1982 ਨੂੰ ਦਲ ਖਾਲਸਾ ਦੇ ਇੱਕ ਹੋਰ ਪੰਚ ਮਨਮੋਹਨ ਸਿੰਘ ਨੇ, ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਧਮਕੀ ਦਿੱਤੀ ਕਿ ਜੇ 13 ਅਪਰੈਲ, 1982 ਤੱਕ ਸ਼ਹਿਰ ਵਿਚੋਂ ਤੰਬਾਕੂ, ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਾ ਹਟਾਈਆਂ ਗਈਆਂ ਤਾਂ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸੇ ਸਮੇਂ ਦੌਰਾਨ ਸੰਤਾਂ ਨੇ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ਼ ਦਿੱਲੀ ਦੀ ਯਾਤਰਾ ਕੀਤੀ ਅਤੇ ਦਿੱਲੀ ਦੀਆਂ ਗਲ਼ੀਆਂ ਵਿਚ ਹਥਿਆਰਾਂ ਦੇ ਪ੍ਰਦਰਸ਼ਨ ਵਾਲ਼ੇ ਜਲੂਸ ਕੱਢੇ ਗਏ। ਦਲ ਖਾਲਸਾ ਵਲੋਂ ਆਪਣੀ ਧਮਕੀ ਨੂੰ ਅਮਲੀ ਰੂਪ ਦਿੰਦਿਆਂ 25-26 ਅਪਰੈਲ ਦੀ ਰਾਤ ਨੂੰ ਅੰਮ੍ਰਿਤਸਰ ਵਿਚ ਕਾਲ਼ੀ ਮਾਤਾ ਦੇ ਮੰਦਰਾਂ ਵਿਚ ਗਾਵਾਂ ਦੇ ਸਿਰ ਵੱਢ ਕੇ ਟੰਗ ਦਿੱਤੇ ਗਏ, ਜਿਸਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਨੇ ਲਈ। ਇਸ ਨਾਲ਼ ਅੰਮ੍ਰਿਤਸਰ ਵਿਚ ਇੱਕ-ਦਮ ਤਣਾਅ ਵਧ ਗਿਆ। ਇਸ ਘਟਨਾ ਨਾਲ਼ ਹਿੰਦੂ ਭਾਈਚਾਰਾ ਪੂਰੀ ਤਰ੍ਹਾਂ ਭੜਕ ਉਠਿਆ। ਇਹ ਸਿਲਸਿਲਾ ਹਰ ਪੜਾਅ `ਤੇ ਬਦ ਤੋਂ ਬਦਤਰ ਹੁੰਦਾ ਗਿਆ। ਪੰਜਾਬ ਵਿਚ ਹਿੰਸਾ ਦਾ ਨਵਾਂ ਦੌਰ ਸ਼ੁਰੂ ਹੋਇਆ, ਜਿਸਦੇ ਫਲਸਰੂਪ ਜੂਨ, `84 ਦਾ ਮੰਦਭਾਗਾ ਭਾਣਾ ਤੇ ਫਿਰ ਨਵੰਬਰ `84 ਦਾ ਸਿੱਖ ਕਤਲੇਆਮ ਵਾਪਰਿਆ। ਉਸ ਤੋਂ ਬਾਅਦ ਚੱਲੀ ਖਾੜਕੂ ਲਹਿਰ ਦੌਰਾਨ ਲਗਾਤਾਰ ਇੱਕ ਦਹਾਕਾ ਪੰਜਾਬ ਕਤਲੋਗਾਰਤ ਦਾ ਮੈਦਾਨ ਬਣਿਆ ਰਿਹਾ।
ਮੌਜੂਦਾ ਘਟਨਾਵਾਂ ਦਾ ਸਬੰਧ ‘ਖਾਲਿਸਤਾਨ ਦਿਵਸ’ ਨਾਲ਼ ਹੋਣ ਕਰਕੇ, ਇੱਥੇ 29 ਅਪਰੈਲ, 1986 ਦੇ ‘ਖਾਲਿਸਤਾਨ ਐਲਾਨਨਾਮੇ’ ਬਾਰੇ ਜ਼ਿਕਰ ਪਾਠਕਾਂ ਦੀ ਜਾਣਕਾਰੀ ਲਈ ਲਾਹੇਵੰਦ ਰਹੇਗਾ। ਜੂਨ, 1984 ਤੇ ਫਿਰ ਨਵੰਬਰ, 1984 ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਵਿਚ ਪਾਏ ਜਾ ਰਹੇ ਰੋਸ ਤੋਂ ਬਾਅਦ ਕੁਝ ਖਾੜਕੂ ਸੁਰ ਵਾਲ਼ੀਆਂ ਜਥੇਬੰਦੀਆਂ ਵਲੋਂ ਦਮਦਮੀ ਟਕਸਾਲ ਦੀ ਅਗਵਾਈ ਵਿਚ 26 ਜਨਵਰੀ, 1986 ਨੂੰ ਸ੍ਰੀ ਅਕਾਲ ਤਖਤ ਸਾਹਿਬ `ਤੇ ‘ਸਰਬੱਤ ਖਾਲਸਾ ਸੰਮੇਲਨ’ ਦਾ ਸੱਦਾ ਦਿਤਾ ਗਿਆ, ਜਿਸ ਵਿਚ ਵੱਡੀ ਗਿਣਤੀ ਨੌਜਵਾਨ ਹਾਜ਼ਰ ਹੋਏ। ਇਸ ਸਰਬੱਤ ਖਾਲਸਾ ਵਿਚ ਸਿੱਖਾਂ ਦੇ ਰਾਜਸੀ ਮਸਲਿਆਂ ਬਾਰੇ ਦਮਦਮੀ ਟਕਸਾਲ ਨਾਲ਼ ਸਬੰਧਤ ਪੰਜ ਖਾੜਕੂਆਂ ਦੀ ਇੱਕ ‘ਪੰਥਕ ਕਮੇਟੀ’ ਬਣਾਈ ਗਈ, ਜੋ ਆਉਣ ਵਾਲ਼ੇ ਸਮੇਂ ਵਿਚ ਸ਼ੁਰੂ ਹੋਣ ਵਾਲ਼ੇ ਖਾੜਕੂ ਸੰਘਰਸ਼ ਦੀ ਅਗਵਾਈ ਕਰੇਗੀ। ਇਸੇ ‘ਸਰਬਤ ਖਾਲਸਾ’ ਵਿਚ ਸਾਰੇ ਤਖਤਾਂ ਦੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਹਟਾ ਦਿੱਤੇ ਗਏ, ਸ਼੍ਰੋਮਣੀ ਕਮੇਟੀ ਭੰਗ ਕਰ ਦਿੱਤੀ ਗਈ। ਭਾਰਤ ਸਰਕਾਰ ਵਲੋਂ ਨਿਹੰਗ ਸੰਤਾ ਸਿੰਘ ਦੀ ਅਗਵਾਈ ਵਿਚ ਜੂਨ, 84 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਨੁਕਸਾਨੀ ਗਈ ਇਮਾਰਤ ਦੀ ਕਾਰ ਸੇਵਾ ਰਾਹੀਂ ਕਰਵਾਈ ਮੁਰੰਮਤ ਰੱਦ ਕਰ ਕੇ ਨੌਜਵਾਨਾਂ ਨੇ ਮੌਕੇ `ਤੇ ਇਮਾਰਤ ਢਾਹੁਣੀ ਸ਼ੁਰੂ ਕਰ ਦਿੱਤੀ ਸੀ। ਇਸ ਸੰਮੇਲਨ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਸੰਤ ਭਿੰਡਰਾਂਵਾਲ਼ਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ। ਉਸ ਵਕਤ ਉਹ ਜੇਲ੍ਹ ਵਿਚ ਸਨ ਤਾਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਬਣਾਇਆ ਗਿਆ। ਇੱਥੇ ਵਰਣਨਯੋਗ ਹੈ ਕਿ ਇਸ ਸਰਬੱਤ ਖਾਲਸੇ ਤੋਂ ਪਹਿਲਾਂ ਹੀ ਖਾੜਕੂਆਂ ਵਿਚ ਦੋ ਧਿਰਾਂ ਖੜ੍ਹੀਆਂ ਹੋ ਚੁੱਕੀਆਂ ਸਨ, ਇੱਕ ਧਿਰ ਭਾਰਤੀ ਸੰਵਿਧਾਨ ਵਿਚ ਰਹਿ ਕੇ ਸ਼ਾਂਤਮਈ ਢੰਗ ਨਾਲ਼ ‘ਆਨੰਦਪੁਰ ਦੇ ਮਤੇ ਤੇ ਸਿੱਖ ਸਟੇਟ’ ਲਈ ਸੰਘਰਸ਼ ਕਰਨ ਦੇ ਹੱਕ ਵਿਚ ਸੀ ਅਤੇ ਦੂਜੀ ਧਿਰ ਭਾਰਤੀ ਸਟੇਟ ਨਾਲ਼ ਸਿੱਧੀ ਹਥਿਆਰਬੰਦ ਲੜਾਈ ਰਾਹੀਂ ਭਾਰਤ ਤੋਂ ਵੱਖਰਾ ਦੇਸ਼ ‘ਖਾਲਿਸਤਾਨ’ ਬਣਾਉਣਾ ਚਾਹੁੰਦੀ ਸੀ। ਭਾਰਤ ਵਿਚ ਰਹਿ ਕੇ ਸੰਘਰਸ਼ ਕਰਨ ਵਾਲ਼ੀ ਧਿਰ ਦੀ ਅਗਵਾਈ ਸੰਤ ਭਿੰਡਰਾਂਵਾਲ਼ਿਆਂ ਦੇ ਟਕਸਾਲੀ ਬੁਲਾਰੇ ਤੇ ਸੀਨੀਅਰ ਪੱਤਰਕਾਰ ਭਾਅਜੀ ਦਲਬੀਰ ਸਿੰਘ ਕਰ ਰਹੇ ਸਨ ਅਤੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਨ ਵਾਲ਼ੀ ਧਿਰ ਦੀ ਅਗਵਾਈ ਸਾਬਕਾ ਆਈ ਏ ਐਸ ਅਧਿਕਾਰੀ ਡਾ. ਸੋਹਣ ਸਿੰਘ ਅਤੇ ਸੰਤਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਕਰ ਰਹੇ ਸਨ। ਪਰ ‘ਖਾਲਿਸਤਾਨ’ ਪੱਖੀ ਧਿਰ ਸਰਬੱਤ ਖਾਲਸੇ ਵਿਚ ਅਜਿਹਾ ਮਤਾ ਪਾਸ ਕਰਾਉਣ ਤੋਂ ਅਸਮਰੱਥ ਰਹਿਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਰਾਹੀਂ 13 ਅਪਰੈਲ, 1986 ਨੂੰ ਵਿਸਾਖੀ ਮੌਕੇ ਮਤਾ ਪਾਸ ਕਰਾਉਣਾ ਚਾਹੁੰਦੀ ਸੀ, ਪਰ ਉਥੇ ਵੀ ਜਥੇਦਾਰ ਕਾਉਂਕੇ ਵਲੋਂ ਇਨਕਾਰ ਕਰਨ `ਤੇ ਉਨ੍ਹਾਂ ਨੇ 29 ਅਪਰੈਲ, 1986 ਨੂੰ ਪੰਥਕ ਕਮੇਟੀ ਰਾਹੀਂ ਅਚਾਨਕ ਬੜੀ ਕਾਹਲੀ ਵਿਚ ਸੱਦੀ ਗੁਪਤ ਪ੍ਰੈਸ ਕਾਨਫਰੰਸ ਵਿਚ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਇੱਕ ਕਮਰੇ ਵਿਚ ‘ਖਾਲਿਸਤਾਨ ਦਾ ਐਲਾਨ’ ਕਰਵਾ ਲਿਆ।
ਬੇਸ਼ਕ ਪਿਛਲੇ 36 ਸਾਲਾਂ ਵਿਚ ਪੰਜਾਬ ਵਿਚ ਇਸ ‘ਖਾਲਿਸਤਾਨ ਐਲਾਨਨਾਮੇ’ `ਤੇ ਨਾ ਕਦੇ ਕੋਈ ਖਾਸ ਪ੍ਰੋਗਰਾਮ ਹੀ ਹੋਇਆ ਅਤੇ ਨਾ ਹੀ ਇਸ ਬਾਰੇ ਕਦੇ ਚਰਚਾ ਹੋਈ ਪਰ 1994 ਤੋਂ ਵਿਦੇਸ਼ਾਂ ਵਿਚ ਕੁਝ ਥਾਵਾਂ `ਤੇ ਇਹ ਦਿਨ ਕੁਝ ਖਾਲਿਸਤਾਨੀਆਂ ਵਲੋਂ ਜ਼ਰੂਰ ਮਨਾਇਆ ਜਾਂਦਾ ਰਿਹਾ ਹੈ। ਇਸ ਵਾਰ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਅਮਰੀਕਾ ਵਸਦੇ ਕਰਤਾ ਧਰਤਾ ਵਕੀਲ ਗੁਰਪਤਵੰਤ ਸਿੰਘ ਪੰਨੂੰ ਵਲੋਂ ਇੱਕ ਕਾਲ ਦਿੱਤੀ ਗਈ ਕਿ ਜਿਹੜੇ ਵਿਅਕਤੀ 29 ਅਪਰੈਲ ਨੂੰ ਡੀ ਸੀ ਦਫਤਰਾਂ `ਤੇ ਖਾਲਿਸਤਾਨ ਦੇ ਝੰਡੇ ਝੁਲਾਉਣਗੇ, ਉਨ੍ਹਾਂ ਨੂੰ 12 ਘੰਟਿਆਂ ਵਿਚ ਸਵਾ ਲੱਖ ਅਮਰੀਕਨ ਡਾਲਰ ਵੰਡੇ ਜਾਣਗੇ। ਯਾਦ ਰਹੇ ਪੰਨੂੰ ਵਲੋਂ ਅਜਿਹੀ ਕਾਲ 26 ਜਨਵਰੀ, 2021 ਨੂੰ ਵੀ ਦਿੱਤੀ ਗਈ ਸੀ ਕਿ ਜਿਹੜਾ ਵਿਅਕਤੀ ਦਿੱਲੀ ਲਾਲ ਕਿਲ੍ਹੇ `ਤੇ ਖਾਲਿਸਤਾਨ ਦਾ ਝੰਡਾ ਲਹਿਰਾਵੇਗਾ, ਉਸਨੂੰ ਢਾਈ ਲੱਖ ਅਮਰੀਕਨ ਡਾਲਰ ਦਿੱਤੇ ਜਾਣਗੇ, ਪੰਨੂੰ ਨੇ ਢਾਈ ਲੱਖ ਡਾਲਰ ਦਿੱਤੇ ਜਾਂ ਨਹੀਂ, ਬਾਰੇ ਤਾਂ ਪਤਾ ਨਹੀਂ, ਪਰ ਸੈਂਕੜੇ ਨੌਜਵਾਨਾਂ ਉਪਰ ਲਾਲ ਕਿਲ੍ਹੇ `ਤੇ ਝੰਡੇ ਝੁਲਾਉਣ ਤੇ ਉਥੇ ਹੋਈ ਹਿੰਸਾ ਵਿਚ ਪੁਲਿਸ ਕੇਸ ਦਰਜ ਕੀਤੇ ਗਏ। ਕਈ ਨੌਜਵਾਨ ਜੇਲ੍ਹਾਂ ਵਿਚ ਵੀ ਬੰਦ ਹਨ। ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਮੋਗੇ ਪੰਜਾਬ ਸਰਕਾਰ ਦੀ ਮਿੰਨੀ ਸਕੱਤਰੇਤ `ਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੇ ਦੋਸ਼ ਵਿਚ ਨੌਜਵਾਨ ਜੇਲ੍ਹਾਂ ਵਿਚ ਹਨ। ਪੰਨੂੰ ਦੇ 29 ਅਪਰੈਲ ਵਾਲ਼ੇ ਬਿਆਨ ਤੋਂ ਬਾਅਦ ਪੰਜਾਬ ਵਿਚਲੇ ‘ਸ਼ਿਵ ਸੈਨਾ’ ਦੇ ਇੱਕ ਗਰੁੱਪ ਦੇ ਲੀਡਰ ਹਰੀਸ਼ ਸਿੰਗਲਾ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਕੋਈ ਉਸ ਦਿਨ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਵੇਗਾ ਤਾਂ ਅਸੀਂ ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਮਾਰਦੇ ਪਟਿਆਲ਼ਾ ਵਿਚ ਜਲੂਸ ਕੱਢਾਂਗੇ। ਜਿਸ ਤੋਂ ਬਾਅਦ ਖਾਲਿਸਤਾਨੀ ਧਿਰਾਂ ਵਲੋਂ ਦਮਦਮੀ ਟਕਸਾਲ ਨਾਲ਼ ਸਬੰਧਤ ਬਲਜਿੰਦਰ ਸਿੰਘ ਪ੍ਰਵਾਨਾ ਨੇ ਐਲਾਨ ਕਰ ਦਿੱਤਾ ਕਿ ਜੇ ਸ਼ਿਵ ਸੈਨਾ ਵਾਲ਼ੇ ‘ਖਾਲਿਸਤਾਨ ਮੁਰਦਾਬਾਦ’ ਜਲੂਸ ਕੱਢਣਗੇ ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਤੇ ਉਸਨੇ ਨੌਜਵਾਨਾਂ ਨੂੰ ਕਿਰਪਾਨਾਂ, ਡੰਡਿਆਂ ਤੇ ਹਥਿਆਰਾਂ ਨਾਲ਼ ਲੈਸ ਹੋ ਕੇ ਗੁਰਦੁਆਰਾ ਦੂਖ ਨਿਵਾਰਨ ਪਹੁੰਚਣ ਦੀ ਕਾਲ ਵੀ ਦਿੱਤੀ? ਇਸ ਤੋਂ ਬਾਅਦ 29 ਅਪਰੈਲ ਵਾਲ਼ੇ ਦਿਨ ਪਟਿਆਲ਼ੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਥੋੜਾ ਜਿਹਾ, ਧਿਆਨ ਨਾਲ਼ ਸੋਚੋ ਕਿ ਕੀ ਇਹ ਘਟਨਾਵਾਂ ਉਸੇ ਤਰ੍ਹਾਂ ਤੇ ਨਹੀਂ ਵਾਪਰ ਰਹੀਆਂ, ਜਿਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਉਪਰ ਜ਼ਿਕਰ ਕੀਤਾ ਗਿਆ ਹੈ? ਕੀ ਇਨ੍ਹਾਂ ਘਟਨਾਵਾਂ ਰਾਹੀਂ ਦੋ ਭਾਈਚਾਰਿਆਂ ਵਿਚ ਫਿਰਕੂ ਨਫਰਤ ਦਾ ਜ਼ਹਿਰ ਤੇ ਨਹੀਂ ਫੈਲਾਇਆ ਜਾ ਰਿਹਾ? ਕੀ ਇਸ ਤਰ੍ਹਾਂ ਦੇ ਮੁੱਦਿਆਂ ਰਾਹੀਂ ਦੋਨਾਂ ਭਾਈਚਾਰਿਆਂ ਦੇ ਜੋਸ਼ੀਲੇ ਨੌਜਵਾਨਾਂ ਨੂੰ ਵਰਤਿਆ ਤੇ ਨਹੀਂ ਜਾ ਰਿਹਾ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਕੇ ਭਵਿੱਖ ਲਈ ਕੋਈ ਰਾਜਸੀ ਮੰਤਵ ਹਾਸਲ ਕੀਤੇ ਜਾਣ? ਕੀ ਇਸਦਾ ਮਕਸਦ ਪੰਜਾਬ ਦੇ ਲੋਕਾਂ ਵਲੋਂ ਭਾਰੀ ਬਹੁਮਤ ਨਾਲ਼ ਚੁਣੀ ‘ਆਪ’ ਸਰਕਾਰ ਲਈ ਮੁਸੀਬਤਾਂ ਖੜ੍ਹੀਆਂ ਕਰਨਾ ਤੇ ਨਹੀਂ? ਇੱਥੇ ਗੱਲ ਕਿਸੇ ਇੱਕ ਧਿਰ ਨੂੰ ਦੋਸ਼ ਦੇਣ ਜਾਂ ਦੂਜੀ ਨੂੰ ਬਰੀ ਕਰਨ ਦੀ ਨਹੀਂ, ਸਗੋਂ ਇਹ ਸਮਝਣ ਦੀ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਹਨ, ਜੋ ਅਜਿਹੇ ਮੁੱਦੇ ਖੜੇ੍ਹ ਕਰਦੀਆਂ ਹਨ, ਫਿਰ ਦੋ ਫਿਰਕਿਆਂ ਦੇ ਕੁਝ ਵਿਅਕਤੀਆਂ ਨੂੰ ਉਕਸਾ ਕਿ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾ ਕਰਦੀਆਂ ਹਨ? ਪਿਛਲੇ 10 ਕੁ ਸਾਲਾਂ ਤੋਂ ਸਿੱਖ ਭਾਈਚਾਰਾ ਬੇਅਦਬੀਆਂ ਦੇ ਮੁੱਦੇ ਨਾਲ਼ ਵੀ ਇਸੇ ਤਰ੍ਹਾਂ ਜੂਝ ਰਿਹਾ ਹੈ?
ਖਾਲਿਸਤਾਨ ਦਾ ਐਲਾਨਨਾਮਾ ਕਿਵੇਂ ਹੋਇਆ, ਉਸਦੇ ਸਿੱਕੇਬੰਦ ਅੰਦਰੂਨੀ ਵੇਰਵੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ ‘ਸੰਤ ਭਿੰਡਰਾਂਵਾਲ਼ੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’ ਵਿਚ ਪੰਨਾ 372-380 ਅਤੇ ਸੀਨੀਅਰ ਪੱਤਰਕਾਰ ਭਾਅਜੀ ਦਲਬੀਰ ਸਿੰਘ ਦੀ ਕਿਤਾਬ ‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ, ਮੇਰੀ ਹੱਡਬੀਤੀ-ਜੱਗਬੀਤੀ’ ਵਿਚ ਪੰਨਾ 143-155 `ਤੇ ਵਿਸਥਾਰ ਵਿਚ ਦਰਜ ਹਨ, ਜਿਨ੍ਹਾਂ ਨੂੰ ਪਾਠਕ ਆਪਣੀ ਜਾਣਕਾਰੀ ਲਈ ਪੜ੍ਹ ਸਕਦੇ ਹਨ। ਜੋ ਕਿ ਪਾਠਕਾਂ ਲਈ ਇਸ ਮਸਲੇ ਨੂੰ ਸਮਝਣ ਵਿਚ ਸਹਾਈ ਹੋਣਗੇ।
‘ਜੂਨ 84 ਦੀ ਪੱਤਰਕਾਰੀ’ ਦੇ ਪੰਨਾ 372-380 ਵਿਚੋਂ ਕੁਝ ਨੁਕਤੇ ‘ਖਾਲਿਸਤਾਨ ਦੇ ਐਲਾਨਮਾਮੇ’ ਨੂੰ ਸਮਝਣ ਲਈ ਪੇਸ਼ ਕਰਦੇ ਹਾਂ;
‘ਡਾ. ਸੋਹਣ ਸਿੰਘ ਵਲੋਂ ਉਠਾਏ ‘ਖਾਲਿਸਤਾਨ’ ਦੇ ਮੁੱਦੇ ਤੋਂ ਦਲਬੀਰ ਸਿੰਘ ਚੌਕੰਨਾ ਹੋ ਗਿਆ। ਪਰ ਉਸਦਾ ਖਾੜਕੂ ਆਗੂਆਂ ਤੋਂ ਵਿਸ਼ਵਾਸ ਅਜੇ ਤਿੜਕਿਆ ਨਹੀਂ ਸੀ। ਉਸਦਾ ਭਰੋਸਾ ਬਰਕਰਾਰ ਸੀ ਕਿ ‘ਸਿੱਖ ਸੰਘਰਸ਼’ ਲਈ ਉਸ ਵਲੋਂ ਘੜੇ ਜਾ ਰਹੇ ਸਿਆਸੀ ਦਾਅ ਪੇਚਾਂ ਨੂੰ ਅਪਨਾਉਣ ਤੇ ਲਾਗੂ ਕਰਨ ਵਿਚ ‘ਸਿੱਖ ਖਾੜਕੂ ਨੈਟਵਰਕ’ ਉਸਦਾ ਪੂਰਾ ਸਾਥ ਦਿੰਦਾ ਰਹੇਗਾ। ਫੈਡਰੇਸ਼ਨ ਦੇ ਲੀਡਰ ਜਨਤਕ ਸਿਆਸੀ ਕਾਰਵਾਈਆਂ ਨੂੰ ਨੇਪਰੇ ਚਾੜ੍ਹਨ ਵਿਚ ਠੀਕ ਮੁਹਾਰਤ ਹਾਸਿਲ ਕਰ ਲੈਣਗੇ। …’
‘…ਦਲਬੀਰ ਸਿੰਘ ਅੱਗੇ ਬੋਲਿਆ: ਜਨਤਕ ਰੂਪ ਵਿਚ ਮਜ਼ਬੂਤ ਹੋ ਰਹੇ ਸਿੱਖ ਸੰਘਰਸ਼ ਦਾ ਭਾਵੁਕ ਨਾਹਰਿਆਂ ਨਾਲ਼ ਲੀਹੋਂ-ਲਹਿ ਜਾਣ ਦਾ ਵੱਡਾ ਖਤਰਾ ਹੈ। ਕੱਚੀ-ਭਾਵੁਕ ਸੋਝੀ ਵਾਲ਼ੇ ਸਿੱਖ ਨੌਜਵਾਨਾਂ ਦੇ ਵਧੀਆ ਕੇਡਰ ਨੂੰ ਕਦੇ ਵੀ ਕੋਈ ਸਰਕਾਰੀ ਗੋਲ਼ੀਆਂ ਸਾਹਮਣੇ ਡਾਹ ਸਕਦੈ। ਮਰਨ-ਮਾਰਨ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹਨ। ਸਵਾਲ ਤਾਂ ਇਹ ਹੈ ਕਿ ਹੀਰਿਆਂ ਵਰਗੇ ਸਿੱਖ ਗੱਭਰੂਆਂ ਨੂੰ ਐਵੇਂ ਹੀ ਬਲ਼ੀ ਨਾ ਚੜ੍ਹਾਅ ਦਿੱਤਾ ਜਾਵੇ, ਤੇ ਸਿੱਖ ਭਾਈਚਾਰੇ ਲਈ ਕੋਈ ਸਿਆਸੀ ਪ੍ਰਾਪਤੀ ਵੀ ਨਾ ਹੋਵੇ। ਸਿਆਸਤ ਹਠ-ਧਰਮੀ ਨਹੀਂ ਹੁੰਦੀ …ਨਿਰੋਲ ਬਦਲਾ ਲੈਣ ਦੀ ਪ੍ਰਕਿਰਿਆ ਵੀ ਨਹੀਂ ਹੁੰਦੀ….ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਸਿਆਸੀ ਫਾਇਦਾ ਲੈਣ ਨੂੰ ਹੀ ‘ਸਟੇਟਸਮੈਨਸ਼ਿਪ’ ਕਿਹਾ ਜਾਂਦਾ ਹੈ…..’
‘…ਡਾ. ਸੋਹਣ ਸਿੰਘ ਸਰਬੱਤ ਖਾਲਸਾ ਵਿਚ ਕਿਸੇ ਵੀ ਹਾਲਤ ਵਿਚ ਖਾਲਿਸਤਾਨ ਦੀ ਮੰਗ ਪਵਾਉਣਾ ਚਾਹੁੰਦਾ ਸੀ, ਜਿਸ ਬਾਰੇ ਸਰਬੱਤ ਖਾਲਸਾ ਤੋਂ ਇੱਕ ਰਾਤ ਪਹਿਲਾਂ ਹੋਈ ਮੀਟਿੰਗ ਵਿਚ ਉਸਨੇ ਖਾੜਕੂਆਂ ਸਾਹਮਣੇ ਆਪਣਾ ਵਿਚਾਰ ਰੱਖਿਆ: ‘ਸਰਬੱਤ ਖਾਲਸੇ ਦੇ ਖਰੜੇ ਵਿਚ ਖਾਲਿਸਤਾਨ ਦਾ ਮੁੱਦਾ ਹੋਣਾ ਚਾਹੀਦਾ ਹੈ?’ ਜਿਸਦੇ ਜਵਾਬ ਵਿਚ ਦਲਬੀਰ ਸਿੰਘ ਨੇ ਕਿਹਾ: ‘ਖਾਲਿਸਤਾਨ ਨੂੰ ਮੁੱਖ ਮੁੱਦਾ ਪੇਸ਼ ਕਰ ਲਓ, ਪਰ ਮੈਂ ਇਸਦਾ ਭਾਈਵਾਲ਼ ਨਹੀਂ ਬਣਦਾ। ’
‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ’ ਕਿਤਾਬ ਅਨੁਸਾਰ;
‘ਜੂਨ 84 ਤੇ ਨਵੰਬਰ 84 ਦੀਆਂ ਘਟਨਾਵਾਂ ਤੋਂ ਬਾਅਦ ਗੁੱਸੇ ਵਿਚ ‘ਖਾਲਿਸਤਾਨ ਦਾ ਨਾਹਰਾ’ ਇੱਕ ਕੁਦਰਤੀ ਜਿਹਾ ਪ੍ਰਤੀਕਰਮ ਤਾਂ ਦਿਸਦਾ ਸੀ, ਪਰ ਇਹ ਕੋਈ ਡੂੰਘੀ ਰਾਜਨੀਤਕ ਸੋਚ ਵਿਚੋਂ ਉਪਜਿਆ ਹੋਇਆ ਪੈਂਤੜਾ ਨਹੀਂ ਸੀ। ’ (ਪੰਨਾ-205)
‘ਗੁਰਬਾਣੀ ‘ਚੋਂ ਉਪਜੇ ਦੋ ਨਿਸ਼ਾਨਿਆਂ ‘ਹਲੇਮੀ ਰਾਜ’ ਅਤੇ ‘ਬੇਗਮਪੁਰੇ’ ਦੀ ਸਿਰਜਣਾ ਨੂੰ ਅਧਾਰ ਬਣਾ ਕੇ ਜੋ ‘ਖਾਲਿਸਤਾਨ’ ਦਾ ਨਿਸ਼ਾਨਾ ਚਿਤਵਿਆ ਗਿਆ ਹੈ, ਉਸ ਰਾਜ ਦੀ ਪੂਰਤੀ ਲਈ ਸਿੱਖਾਂ ਵਿਚ ਅਜਿਹੇ ਲੋਕ ਜਾਂ ਅਜਿਹੀ ਕੋਈ ਸੰਸਥਾ ਕਿੱਧਰੇ ਨਜ਼ਰ ਨਹੀਂ ਆਉਂਦੀ, ਜੋ ਇਹੋ ਜਿਹਾ ਵਧੀਆ ਰਾਜ ਅਤੇ ਸਮਾਜ ਸਿਰਜਣ ਦੇ ਯੋਗ ਹੋਵੇ? ਬਾਕੀ ਗੁਰਬਾਣੀ ਦੇ ਪੈਂਤੜੇ ਤੋਂ ਇਸਦਾ ਕਲ਼ਾਵਾ ਸਮੁੱਚੀ ਦੁਨੀਆ ਬਣਦਾ ਹੈ। ਇਹ ਵੱਖਵਾਦੀ, ਨਸਲਵਾਦੀ ਅਤੇ ਭੂਗੋਲਿਕ ਨਹੀਂ। ’ (ਪੰਨਾ-206)
‘ਸਰਬੱਤ ਖਾਲਸਾ ਦਾ ਇਹ ਮਹਾਨ ਇਤਿਹਾਸਕ ਇਕੱਠ ਇਹ ਫਿਰ ਦੁਹਰਾਉਂਦਾ ਹੈ ਕਿ ਸਿੱਖ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਅਤੇ ਕਾਂਗਰਸੀ ਆਗੂਆਂ ਵੱਲੋਂ ਸਿੱਖਾਂ ਨਾਲ਼ ਕੀਤੇ ਹੋਏ ਵਾਅਦਿਆਂ ਦੀ ਪ੍ਰਾਪਤੀ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ’ (ਪੰਨਾ-226)
’25 ਜਨਵਰੀ, 1986 ਤੱਕ ਅਜੇ ਸਿੰਘਾਂ ਵਿਚ ਕੋਈ ਬਹੁਤੀ ਫੁੱਟ ਨਹੀਂ ਸੀ, ਜੋ ਬਾਅਦ ਵਿਚ ਆਪਸੀ ਮਾਰ-ਮਰਾਈ ਤੱਕ ਪਹੁੰਚ ਗਈ। ਇਸ ਫੁੱਟ ਦੇ ਮੁੱਖ ਦੋਸ਼ੀ ਡਾ. ਸੋਹਣ ਸਿੰਘ ਅਤੇ ਬਾਬਾ ਜੋਗਿੰਦਰ ਸਿੰਘ ਸਨ, ਜਿਨ੍ਹਾਂ ਨੂੰ ਆਪਣੀ ਲੀਡਰੀ ਦਾ ਬਹੁਤ ਖਿਆਲ ਸੀ। ’ (ਪੰਨਾ;-145)
‘ਸਰਬਤ ਖਾਲਸਾ ਵਲੋਂ ਪਾਸ ਕੀਤੇ ਜਾਣ ਵਾਲ਼ੇ ਖਰੜੇ ਵਿਚ ਖਾਲਿਸਤਾਨ ਦੀ ਕੋਈ ਗੱਲ ਨਹੀਂ ਸੀ, ਸਾਰੇ ਸਿੰਘ ਸਾਰੀ ਤਿਆਰੀ ਕਰਕੇ 25 ਜਨਵਰੀ ਦੀ ਰਾਤ ਨੂੰ ਆਪਣੇ ਠਿਕਾਣਿਆਂ `ਤੇ ਚਲੇ ਗਏ ਸਨ। ਫਿਰ ਰਾਤ ਨੂੰ ਦੋ ਵਜੇ ਮੈਸੇਜ ਆਇਆ ਕਿ ਦੁਬਾਰਾ ਮੀਟਿੰਗ ਕਰਨੀ ਹੈ, ਜਦੋਂ ਮੈਂ ਮਹਿਤੇ ਚੌਂਕ ਪਹੁੰਚਾ ਤਾਂ ਡਾ. ਸੋਹਣ ਸਿੰਘ ਪਹਿਲਾਂ ਹੀ ਉਥੇ ਬੈਠੇ ਸਨ। ਮੈਨੂੰ ਦੇਖ ਕੇ ਕਹਿਣ ਲੱਗੇ: ਦਲਬੀਰ ਸਿੰਘ ਜੀ, ਤੁਸੀਂ ਤਾਂ ਚਲੇ ਗਏ ਸੀ, ਫਿਰ ਆ ਗਏ। ਡਾਕਟਰ ਦਾ ਇਹ ਕਥਨ ਮੇਰੇ `ਤੇ ਰੋਅਬ ਜਮਾਉਣ ਵਾਲ਼ਾ ਸੀ, ਮੈਂ ਇਸਨੂੰ ਭਾਂਪ ਕੇ ਇੱਕਦਮ ਗੁੱਸੇ ਵਿਚ ਜਵਾਬ ਦਿੱਤਾ: ‘ਡਾਕਟਰ ਤੇਰੇ ਵਰਗੇ ਮੈਂ ਬਹੁਤ ਖਾਧੇ-ਪੀਤੇ ਹਨ।’ ਇਸ ਤੋਂ ਮਗਰੋਂ ਕੁਝ ਤਲਖੀ ਬਾਅਦ ਮੀਟਿੰਗ ਫਿਰ ਸ਼ੁਰੂ ਹੋਈ ਤਾਂ ਸਾਰੀਆਂ ਮੰਗਾਂ ਦੁਬਾਰਾ ਪੜ੍ਹੀਆਂ ਗਈਆਂ ਤਾਂ ਡਾਕਟਰ ਸੋਹਣ ਸਿੰਘ ਕਹਿਣ ਲੱਗਾ ਕਿ ਖਾਲਸਾ ਮੰਗਾਂ ਨਹੀਂ ਕਰਦਾ, ਉਹ ਤਾਂ ਹੱਕ ਲੈਂਦਾ ਹੈ। ਮੈਂ ਝੱਟ ਸਾਰੀਆਂ ਮੰਗਾਂ `ਤੇ ਲੀਕ ਫੇਰ ਦਿੱਤੀ। ਡਾਕਟਰ ਫਿਰ ਕਹਿਣ ਲੱਗਾ ਕਿ ਇਸ ਖਰੜੇ ਵਿਚ ‘ਖਾਲਿਸਤਾਨ’ ਦੀ ਮੰਗ ਹੋਣੀ ਚਾਹੀਦੀ ਹੈ। ਮੇਰਾ ਉਤਰ ਸੀ, ਤੁਸੀਂ ਜੀਅ ਸਦਕੇ ਇਹ ਮੰਗ ਪਾ ਲਉ, ਪਰ ਮੈਂ ਇਸਦਾ ਭਾਈਵਾਲ਼ ਨਹੀਂ ਬਣ ਸਕਦਾ। ਇਸ ਤੋਂ ਬਾਅਦ ਕੁਝ ਬਹਿਸ ਬਸੱਈਏ ਤੋਂ ਬਾਅਦ ਪਹਿਲਾਂ ਵਾਲ਼ਾ ਖਰੜਾ ਰੱਖਣ ਦਾ ਫੈਸਲਾ ਹੋਇਆ। ਸੰਤਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ, ਜੋ ਉਨ੍ਹੀਂ ਦਿਨੀਂ ਸੰਘਰਸ਼ ਦੀ ਮੁੱਖ ਧਾਰਾ ਦੇ ਆਗੂ ਹੋਣ ਦਾ ਭਰਮ ਪਾਲ਼ੀ ਬੈਠੇ ਸਨ, ਉਥੋਂ ਵਾਕ-ਆਊਟ ਕਰ ਗਏ।’ (ਪੰਨਾ-145)
‘ਫਿਰ ਅਪਰੈਲ, 1986 ਵਿਚ ਇੱਕ ਨਵਾਂ ਸਰਬੱਤ ਖਾਲਸਾ ਸੱਦਿਆ ਗਿਆ। ਜਿਸ ਵਿਚ ਮੁੱਖ ਰੂਪ ਵਿਚ ਡਾ. ਸੋਹਣ ਸਿੰਘ, ਬਾਬਾ ਜੋਗਿੰਦਰ ਸਿੰਘ, ਹਰਚਰਨ ਸਿੰਘ ਰੋਡੇ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸ਼ਾਮਿਲ ਹੋਏ। ਜਿਸ ਵਿਚ ਨਾ ਕੋਈ ਨਵੀਂ ਸੇਧ ਦਿੱਤੀ ਗਈ ਤੇ ਨਾ ਹੀ ਕੋਈ ਨਵਾਂ ਪੈਂਤੜਾ ਉਲੀਕਿਆ ਗਿਆ। ਪਰ ਕੁਝ ਦਿਨਾਂ ਬਾਅਦ ਪੱਤਰਕਾਰਾਂ ਨੂੰ ਦਰਬਾਰ ਸਾਹਿਬ ਸੱਦ ਕੇ ਪੰਥਕ ਕਮੇਟੀ ਰਾਹੀਂ 29 ਅਪਰੈਲ, 1986 ਨੂੰ ਖਾਲਿਸਤਾਨ ਦਾ ਐਲਾਨ ਕਰਵਾ ਦਿੱਤਾ ਗਿਆ। ਇਸ ਤੋਂ ਪਹਿਲਾਂ (13 ਅਪਰੈਲ ਤੋਂ 28 ਅਪਰੈਲ ਵਿਚਕਾਰ) ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਗ੍ਰੰਥ ਸਾਹਿਬ ਦਾ ਵਾਕ ‘ਖਾਲਿਸਤਾਨ’ ਦੇ ਵਿਰੁੱਧ ਆਇਆ। ਫਿਰ ਗੁਰੂ ਰਾਮਦਾਸ ਸਰੋਵਰ ਵਿਚ ਦੋ ਪਰਚੀਆਂ ਪਾਈਆਂ ਗਈਆਂ, ‘ਖਾਲਿਸਤਾਨ’ ਵਾਲ਼ੀ ਪਰਚੀ ਡੁੱਬ ਗਈ। ਪਰ ਫਿਰ ਵੀ ਗੁਰੂ ਵਰਤਾਰੇ ਨੂੰ ਠੁਕਰਾ ਕੇ ਡਾ. ਸੋਹਣ ਸਿੰਘ ਨੇ ‘ਖਾਲਿਸਤਾਨ’ ਦਾ ਐਲਾਨ ਕਰਵਾ ਦਿੱਤਾ। ਇਸ ਤੋਂ ਬਾਅਦ ਜੋ ਵਾਪਰਿਆ, ਹੁਣ ਇਤਿਹਾਸ ਦਾ ਹਿੱਸਾ ਹੈ। ‘ਖਾਲਿਸਤਾਨ; ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਤੋਰ ਸਕਣਾ, ਸਰਕਾਰੀ ਮੋਟੀ ਪੈਨਸ਼ਨ ਪ੍ਰਾਪਤ ਕਰ ਕੇ ਵਿਹਲੇ ਹੋਏ ਸੋਹਣ ਸਿੰਘ ਲਈ ਤਾਂ ਇੱਕ ਰੁਝੇਵਾਂ ਹੋ ਸਕਦਾ ਸੀ, ਪਰ ਸਿੱਖ ਗੱਭਰੂਆਂ ਨੂੰ ਤਾਂ ਖੂਨ ਦੀ ਹੋਲੀ ਖੇਡਣੀ ਪਈ। ਸਮੁੱਚਾ ਸਿੱਖ ਸੰਘਰਸ਼ ਖੇਰੂੰ-ਖੇਰੂੰ ਹੋ ਗਿਆ, ਜਿਸਦਾ ਸਿਖਰ ਆਪਸੀ ਮਾਰ-ਮਰਾਈ ਤੱਕ ਜਾ ਪਹੁੰਚਾ ਸੀ। ਸਮਾਂ ਪਾ ਕੇ ਬਰਸਾਤੀ ਡੱਡੂਆਂ ਵਾਂਗ ਅਨੇਕ ਲੀਡਰ ਪੈਦਾ ਹੋਏ, ਜਿਨ੍ਹਾਂ ਸਰਕਾਰੀ ਚੋਗਾ ਵੀ ਖਾਧਾ ਅਤੇ ਲੁੱਟ-ਮਾਰ ਦੇ ਪੈਸੇ ਨਾਲ਼ ਕਾਰਾਂ, ਕੋਠੀਆਂ ਤੇ ਜ਼ਮੀਨਾਂ ਖਰੀਦੀਆਂ। ਪਾਠਕਾਂ ਨੂੰ ਇੱਥੇ ਦੱਸਣਾ ਵਾਜਿਬ ਰਹੇਗਾ ਕਿ ਡਾ. ਸੋਹਣ ਸਿੰਘ ਦੇ ਵਾਰ-ਵਾਰ ਕਹਿਣ `ਤੇ ਵੀ ਸੰਤਾਂ ਨੇ ਕਦੇ ‘ਖਾਲਿਸਤਾਨ’ ਦੀ ਗੱਲ ਨਹੀਂ ਕਹੀ ਸੀ। ਪਰ 84 ਤੋਂ ਬਾਅਦ ਦੇ ਸੰਘਰਸ਼ ਵਿਚ ਡਾ. ਸੋਹਣ ਸਿੰਘ ਨੇ ਫੁੱਟ ਦੇ ਬੀਜ ਪਾ ਦਿੱਤੇ ਸਨ। ਡਾ. ਦੀ ਇਹ ਪਹੁੰਚ ਆਪਣੀ ਭਾਵੁਕਤਾ ਵਿਚੋਂ ਸੀ ਜਾਂ ਕਿਸੇ ‘ਚੁੱਕਣਾ’ ਵੱਸ ਸੀ, ਇਸਦੀ ਜਾਣਕਾਰੀ ਭਵਿੱਖ ਵਿਚ ਸਰਕਾਰੀ ਰਿਕਾਰਡ ਵਿਚੋਂ ਹੀ ਮਿਲ ਸਕੇਗੀ। ਇਹ ਵੀ ਦੱਸਣਾ ਵਾਜਿਬ ਰਹੇਗਾ ਕਿ ਸੋਹਣ ਸਿੰਘ ਦੀ ਗ੍ਰਿਫਤਾਰੀ ਚੰਡੀਗੜ੍ਹ ਤੋਂ ਹੋਈ ਸੀ, ਪਰ ਬਾਅਦ ਵਿਚ ਦਿਖਾਈ ਨੇਪਾਲ ਬਾਰਡਰ ਤੋਂ ਸੀ। ’ (ਪੰਨਾ-146)
‘ਖਾਲਿਸਤਾਨ ਦੀ ਮੰਗ ਪਹਿਲਾਂ ਡਾ. ਜਗਜੀਤ ਸਿੰਘ ਚੌਹਾਨ ਨੇ ਕੀਤੀ ਸੀ, ਜਿਸਨੇ ਕਾਂਗਰਸ ਨਾਲ਼ ਰਲ਼ ਕੇ ਸ. ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਡੇਗ ਕੇ ਸ. ਲਛਮਣ ਸਿੰਘ ਨੂੰ ਮੁੱਖ ਮੰਤਰੀ ਬਣਵਾਇਆ ਸੀ ਤੇ ਆਪ ਖਜ਼ਾਨਾ ਮੰਤਰੀ ਬਣਿਆ ਸੀ। ’ (ਪੰਾਨ-147)
ਇਹ ਸਾਰੀ ਜਾਣਕਾਰੀ ਦੇਣ ਤੋਂ ਭਾਵ ਇਹੀ ਹੈ ਕਿ ਬੇਸ਼ਕ ਖਾਲਿਸਤਾਨ ਦੇ ਨਾਅਰੇ ਤਾਂ ਲੰਬੇ ਸਮੇਂ ਤੋਂ ਮਾਰੇ ਜਾ ਰਹੇ ਹਨ, ਖਾਲਿਸਤਾਨ ਦੇ ਝੰਡੇ ਝੁਲਾਉਣ ਦੇ ਨਾਮ `ਤੇ ਪੰਜਾਬ ਦਾ ਮਾਹੌਲ ਵੀ ਖਰਾਬ ਕੀਤਾ ਜਾ ਰਿਹਾ ਹੈ, ਪਰ ਜਿਸ ਤਰ੍ਹਾਂ ਸਿੱਖ ਲੀਡਰਸ਼ਿਪ 1947 ਤੋਂ ਪਹਿਲਾਂ ਆਪਣੇ ਰਾਜਸੀ ਨਿਸ਼ਾਨਿਆਂ ਪ੍ਰਤੀ ਸਪੱਸ਼ਟ ਨਹੀਂ ਸੀ, ਉਸੇ ਤਰ੍ਹਾਂ 47 ਤੋਂ 84 ਤੱਕ ਸਪੱਸ਼ਟ ਨਹੀਂ ਸੀ, ਫਿਰ 84 ਤੋਂ ਬਾਅਦ ਉਭਰੀ ਨਵੀਂ ਖਾੜਕੂ ਲੀਡਰਸ਼ਿਪ ਵੀ ਆਪਣੇ ਨਿਸ਼ਾਨੇ ਪ੍ਰਤੀ ਸਪੱਸ਼ਟ ਨਹੀਂ ਸੀ, 1995 ਤੱਕ ਖਾੜਕੂ ਮੂਵਮੈਂਟ ਖਤਮ ਹੋਣ ਤੋਂ 27 ਸਾਲ ਬਾਅਦ ਵੀ ਮੌਜੂਦਾ ਪੰਥਕ ਲੀਡਰਸ਼ਿਪ ਸਪੱਸ਼ਟ ਨਹੀਂ ਹੈ ਕਿ ਉਹ ਅਸਲ ਵਿਚ ਕਰਨਾ ਕੀ ਚਾਹੁੰਦੇ ਹਨ? ਸਿੱਖ ਲੀਡਰਸ਼ਿਪ ਵਲੋਂ ਬਿਨਾਂ ਸਪੱਸ਼ਟ ਨਿਸ਼ਾਨੇ ਅਤੇ ਵਿਉਂਤਬੰਦੀ ਦੇ ਕੌਮ ਨੂੰ ਬਲਦੀ ਦੇ ਬੂਥੇ ਦੇਈ ਰੱਖਣਾ ਕਿਤਨੀ ਕੁ ਸਿਆਣਪ ਹੈ? ਜੇ ਆਮ ਸਿੱਖਾਂ ਦੀ ਖਾਲਿਸਤਾਨ ਵਿਚ ਕੋਈ ਦਿਲਚਸਪੀ ਨਹੀਂ ਤਾਂ ਫਿਰ ਕਮਿਊਨਿਟੀ ਦੇ ਇੱਕ ਛੋਟੇ ਜਿਹੇ ਸੈਕਸ਼ਨ ਵਲੋਂ ਆਪਣੀਆਂ ਜਜ਼ਬਾਤੀ ਅਕਾਂਖਿਆਵਾਂ ਕਾਰਨ ਸਾਰੇ ਪੰਜਾਬ ਦੇ ਲੋਕ ਸੰਤਾਪ ਕਿਉਂ ਹੰਢਾ ਰਹੇ ਹਨ? ਇਸ ਬਾਰੇ ਸਭ ਨੂੰ ਸਪੱਸ਼ਟ ਹੋਣ ਦੀ ਲੋੜ ਹੈ?
ਇਸ ਸਾਰੀ ਵਾਰਤਾਲਾਪ ਦਾ ਸਾਰ ਤੱਤ ਇਹੀ ਹੈ ਕਿ ਜਿੱਥੇ ਖਾਲਿਸਤਾਨ ਦਾ ਨਾਅਰਾ ਕੁਝ ਜਜ਼ਬਾਤੀ ਤੇ ਜੋਸ਼ੀਲੇ ਲੋਕ ਅਗਿਆਨਤਾ ਵਿਚ ਮਾਰ ਰਹੇ ਹਨ, ਉਥੇ ਸਰਕਾਰੀ ਏਜੰਸੀਆਂ ਵਲੋਂ ਆਪਣੇ ਬੰਦਿਆਂ ਰਾਹੀਂ ਸਿੱਖਾਂ ਨੂੰ ਅਤਿਵਾਦੀ ਤੇ ਵੱਖਵਾਦੀ ਸਾਬਿਤ ਕਰਨ ਲਈ ਵੀ ਅਜਿਹੇ ਨਾਅਰੇ ਮਰਾਏ ਜਾਂਦੇ ਹਨ ਤੇ ਮੁੱਦੇ ਖੜ੍ਹੇ ਕੀਤੇ ਜਾਂਦੇ ਹਨ। ਫਿਰ ਇਸ ਨਾਅਰੇ ਨੂੰ ਅਧਾਰ ਬਣਾ ਕੇ ਪਿਛਲੇ 40-50 ਸਾਲਾਂ ਤੋਂ ਸਿੱਖਾਂ ਨੂੰ ਅਤਿਵਾਦੀ ਤੇ ਵੱਖਵਾਦੀ ਸਾਬਿਤ ਕਰਨ ਲਈ ਰਾਜਨੀਤਕ ਲੋਕ ਵਰਤ ਰਹੇ ਹਨ। ਬੇਸ਼ਕ ਸਿੱਖਾਂ ਦੀ ਬਹੁ-ਗਿਣਤੀ ਇਸ ਨਾਅਰੇ ਜਾਂ ਨਿਸ਼ਾਨੇ ਨਾਲ਼ ਬਿਲਕੁਲ ਸਹਿਮਤ ਨਹੀਂ, ਪਰ ਇੱਕ ਛੋਟੇ ਜਿਹੇ ਸੈਕਸ਼ਨ ਖਿ਼ਲਾਫ ਕੋਈ ਸਪੱਸ਼ਟ ਸਟੈਂਡ ਨਾ ਲੈਣ ਕਾਰਨ, ਇਹ ਨਾਅਰਾ ਸਿੱਖਾਂ ਦਾ ਖਹਿੜਾ ਨਹੀਂ ਛੱਡ ਰਿਹਾ। ਕਿਸਾਨੀ ਸੰਘਰਸ਼ ਦੌਰਾਨ ਵੀ ਇਸ ਛੋਟੇ ਜਿਹੇ ਸੈਕਸ਼ਨ ਦੀਆਂ ਹਰਕਤਾਂ ਕਾਰਨ ਸਾਰੇ ਸੰਘਰਸ਼ ਨੂੰ ਖਾਲਿਸਤਾਨ ਨਾਲ਼ ਜੋੜ ਕੇ ਬਦਨਾਮ ਕਰਨ ਦੀ ਸਰਕਾਰ ਵਲੋਂ ਚਾਲ ਚੱਲੀ ਗਈ ਸੀ, ਜਿਸਨੂੰ ਕਿਸਾਨ ਲੀਡਰਾਂ ਸਫਲ ਨਹੀ ਹੋਣ ਦਿੱਤਾ ਸੀ।
ਸਿੱਖ ਵਿਦਵਾਨ ਵੀ ਇਸ ਸਬੰਧੀ ਬੜੀ ਦੁਬਿਧਾ ਦਾ ਸ਼ਿਕਾਰ ਹਨ, ਕੋਈ ਕੁਝ ਕਹਿ ਰਿਹਾ ਹੈ ਤੇ ਕੋਈ ਕੁਝ ਕਹਿ ਰਿਹਾ ਹੈ। ਪਟਿਆਲ਼ੇ ਦੀਆਂ ਘਟਨਾਵਾਂ ਦੇ ਸਬੰਧ ਵਿਚ ਸਿੱਖ ਵਿਦਵਾਨ ਸ. ਗੁਰਤੇਜ ਸਿੰਘ, ਜਿੱਥੇ ਆਪਣੀ ‘ਤਖਤ ਪੰਜਾਬ’ ਯੂ ਟਿਊਬ ਚੈਨਲ `ਤੇ ਦਿੱਤੀ ਤਾਜ਼ਾ ਇੰਟਰਵਿਊ ਵਿਚ ਖਾਲਿਸਤਾਨ ਨੂੰ ਸਿੱਖਾਂ ਸਿਰ ਭਾਰਤ ਦੀ ਹਿੰਦੂ ਸਟੇਟ ਵਲੋਂ ਕੁੱਟਣ ਲਈ ਮੜ੍ਹਿਆ ਨਾਅਰਾ ਦੱਸਦੇ ਹਨ, ਉਥੇ ਉਹ ਇੱਕ ਹੋਰ ਅਜੀਬ ਜਿਹਾ ਤਰਕ ਵੀ ਦਿੰਦੇ ਹਨ ਕਿ ਮੁਸਲਮਾਨ ਵੀ ਪਾਕਿਸਤਾਨ ਬਣਾਉਣ ਦੇ ਹੱਕ ਵਿਚ ਨਹੀਂ ਸਨ, ਪਰ ਹਿੰਦੂਆਂ ਨੇ ਹੀ ਉਨ੍ਹਾਂ ਸਿਰ ਵੀ ਪਾਕਿਸਤਾਨ ਮੜਿਆ ਸੀ ਤਾਂ ਕਿ ਮੁਸਲਮਾਨਾਂ ਨੂੰ ਭਾਰਤ ਵਿਚੋਂ ਬਾਹਰ ਕੱਢਿਆ ਜਾ ਸਕੇ ਤੇ ਭਾਰਤ ਸਿਰਫ ਹਿੰਦੂਆਂ ਦਾ ਦੇਸ਼ ਰਹਿ ਜਾਵੇ। ਪਰ ਸਾਡੇ ਇਹ ਸੂਝਵਾਨ ਵਿਦਵਾਨ ਹਿੰਦੂ ਲੀਡਰਾਂ ਪੰਡਤ ਨਹਿਰੂ ਜਾਂ ਮਹਾਤਮਾ ਗਾਂਧੀ ਵਰਗੇ ਕੌਮੀ ਨੇਤਾਵਾਂ ਦੀ ਨੀਚਤਾ ਸਾਬਿਤ ਕਰਨ ਲਈ ਇਤਿਹਾਸਕ ਤੱਥਾਂ ਦੀ ਜਹੀ-ਤਹੀ ਫੇਰਨ ਦੇ ਜੋਸ਼ ਵਿਚ ਸਾਰੇ ਇਤਿਹਾਸਕ ਤੱਥਾਂ ਨੂੰ ਵਿਸਾਰ ਦਿੰਦੇ ਹਨ। ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ 18ਵੀਂ ਸਦੀ ਵਿਚ ਮੁਗਲ ਸਾਮਰਾਜ ਦੇ ਢਹਿ-ਢੇਰੀ ਹੋਣ ਮਗਰੋਂ ਸ਼ਾਹ ਵਲੀ ਉਲ੍ਹਾ ਦਹੇਲਵੀ ਵਰਗੇ ਇਸਲਾਮਕਿ ਸਕਾਲਰ ਤੇ ਸੁਧਾਰਕ ਕਿਵੇਂ ਸਾਰੇ ਹਿੰਦੁਸਤਾਨ ਵਿਚ ਹੈਦਰੀ ਝੰਡਾ ਝੁਲਾਉਣ ਲਈ ਅਹਿਮਦ ਸ਼ਾਹ ਅਬਦਾਲੀ ਅੱਗੇ ਹਾੜ੍ਹੇ ਕੱਢਣ ਜਾਂਦੇ ਸਨ ਕਿ ਉਨ੍ਹਾਂ ਦੀ ਮੱਦਦ ਕੀਤੀ ਜਾਵੇ ਤਾਂ ਕਿ ਭਾਰਤ ਵਿਚ ਇੱਕ ਵਾਰ ਫਿਰ ਇਸਲਾਮ ਦਾ ਰਾਜ ਹੋ ਸਕੇ। ਡਾ. ਮੁਬਾਰਕ ਅਲੀ ਦੀ ਕਿਤਾਬ ‘ਅਲਮੀਆਹ-ਏ-ਤਾਰੀਖ’ ਅਨੁਸਾਰ ਸ਼ਾਹ ਵਲੀ ਉਲ੍ਹਾ ਕਿਵੇਂ 18ਵੀਂ ਸਦੀ ਵਿਚ ਮਰਾਠਿਆਂ ਦੇ ਵਧਦੇ ਪ੍ਰਭਾਵ ਤੋਂ ਦੁਖੀ ਸੀ ਤੇ ਉਹ ਆਪਣੇ ਪ੍ਰਵਚਨਾਂ ਵਿਚ ਅਕਸਰ ਕਹਿੰਦਾ ਸੀ ਕਿ ਅੱਲ੍ਹਾ ਦਾ ਉਸ ਉਪਰ ਫੁਰਮਾਨ ਨਾਜ਼ਲ ਹੋਇਆ ਹੈ ਤੇ ਉਹ ਦੇਖ ਰਿਹਾ ਹੈ ਕਿ ਸਾਰੇ ਕਾਫਰ ਮਾਰ ਦਿੱਤੇ ਹਨ ਅਤੇ ਸਭ ਪਾਸੇ ਇਸਲਾਮ ਦਾ ਹੈਦਰੀ ਝੰਡਾ ਝੂਲ ਰਿਹਾ ਹੈ।
ਇਸੇ ਤਰ੍ਹਾਂ ਜੇ ਸਾਡੇ ਵਿਦਵਾਨ 19ਵੀਂ ਸਦੀ ਦੇ ਇਸਲਾਮ ਦੇ ਸਕਲਾਰ ਤੇ ਲੀਡਰ ਸਰ ਸਈਅਦ ਅਹਿਮਦ ਖਾਨ ਬਾਰੇ ਪੜ੍ਹ ਲੈਂਦੇ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਤਿਹਸਾਕ ਤੱਥਾਂ ਅਨੁਸਾਰ ਉਨ੍ਹਾਂ ਨੂੰ ਦੋ ਕੌਮਾਂ ਹਿੰਦੂ ਤੇ ਮੁਸਲਮਾਨ ਦੀ ਥਿਊਰੀ ਦੇ ‘ਪਿਤਾਮਾ’ ਮੰਨਿਆ ਜਾਂਦਾ ਹੈ। ਜਿਨ੍ਹਾਂ ਨੇ ਟੂ ਨੇਸ਼ਨ ਥਿਊਰੀ 19ਵੀਂ ਸਦੀ ਦੇ ਆਖਰੀ 2 ਦਹਾਕਿਆਂ ਵਿਚ ਦਿੱਤੀ ਸੀ। ਬਸਤੀਵਾਦੀ ਅੰਗਰੇਜ਼ਾਂ ਦੇ ਭਾਰਤ ਵਿਚ ਕਾਬਿਜ ਹੋਣ ਤੋਂ ਬਾਅਦ ਜਦੋਂ ਮੁਸਲਮਾਨਾਂ ਨੇ ਇਹ ਭਾਂਪ ਲਿਆ ਸੀ ਕਿ ਹੁਣ ਸਾਰੇ ਭਾਰਤ ਵਿਚ ਇਸਲਾਮ ਦਾ ਰਾਜ ਸੰਭਵ ਨਹੀਂ ਤਾਂ ਉਨ੍ਹਾਂ ਨੇ ਸਰ ਸਈਅਦ ਅਹਿਮਦ ਦੀ ਦੋ ਨੇਸ਼ਨ ਥਿਊਰੀ `ਤੇ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅੰਗਰੇਜ਼ਾਂ ਲਈ ਵੀ ਹਿੰਦੂ-ਮੁਸਲਮਾਨਾਂ ਵਿਚ ਪਾੜ ਰਾਸ ਆਉਂਦਾ ਸੀ। ਪਾਕਿਸਤਾਨ ਬਣਾਉਣ ਵਾਲ਼ੇ ਦੋ ਮੁੱਖ ਲੀਡਰ ਇਲਾਮਾ ਇਕਬਾਲ ਤੇ ਮੁਹੰਮਦ ਅਲੀ ਜਿਨਾਹ, ਉਨ੍ਹਾਂ ਤੋਂ ਹੀ ਪ੍ਰਭਾਵਤ ਹੋ ਕੇ ਉਸੇ ਪ੍ਰੌਜੈਕਟ ਨੂੰ ਹੀ ਅੱਗੇ ਲਿਜਾ ਰਹੇ ਸਨ ਤਾਂ ਕਿ ਮੁਸਲਮਾਨਾਂ ਲਈ ਵੱਖਰਾ ਦੇਸ਼ ਪਾਕਿਸਤਾਨ ਬਣਾਇਆ ਜਾਵੇ।
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਖਾਲਿਸਤਾਨ ਐਲਾਮਨਨਾਮੇ ਦੀ ਮਹਿਮਾ ਕਰਦਿਆਂ ਆਪਣੀ ਤਾਜਾ ਫੇਸਬੁੱਕ ਲਿਖਤ ਵਿਚ ‘ਖਾਲਿਸਤਾਨ ਦੇ ਐਲਾਨਨਾਮੇ’ ਬਾਰੇ ਇਉਂ ਲਿਖਦੇ ਹਨ: ‘29 ਅਪ੍ਰੈਲ, 1986 ਦਾ ਦਿਨ ਸਿੱਖ ਇਤਿਹਾਸ ਦੀ ਸ਼ਾਨਾਮੱਤੀ ਯਾਦਗਾਰ ਹੈ। ਰਾਜਨੀਤਕ ਸੋਝੀ ਦੀ ਸਿਖਰ ਹੈ। ਗੁਰਬਾਣੀ ਦੀ ਅੰਤਰੀਵ ਸਮਝ ਨੂੰ ਦਰਸਾਉਂਦੀ ਇੱਕ ਰਾਜਨੀਤਕ ਦਸਤਾਵੇਜ਼ ਹੈ। ਸਿਆਸੀ ਮੰਜ਼ਿਲ ਬਾਰੇ ਪੈਦਾ ਕੀਤੇ ਤਮਾਮ ਭੁਲੇਖਿਆਂ ਦਾ ਸਦੀਵੀ ਖ਼ਾਤਮਾ ਹੈ। ਦੁਬਿਧਾ ਅਤੇ ਦੋਚਿਤੀ ਵਾਲੀ ਮਾਨਸਿਕਤਾ ਨੂੰ ਅਲਵਿਦਾ ਹੈ। ਜ਼ਮੀਰਾਂ ਦੇ ਜਾਗਣ ਦੀ ਨਵੀਂ ਪ੍ਰਭਾਤ ਹੈ। ਇਤਿਹਾਸ ਦੀ ਤੋਰ ਵਿਚ ਉਠਿਆ ਗਰਜਵਾਂ ਨਾਦ ਹੈ। ਇਹ ਦਿਨ ਪੂਰਵ-ਸਿੱਖ ਇਤਿਹਾਸ ਤੇ ਉੱਤਰ-ਸਿੱਖ ਇਤਿਹਾਸ ਵਿਚ ਵੰਡਿਆ ਗਿਆ ਹੈ। ਇਹ ਸਿੱਖ ਇਤਿਹਾਸ ਵਿਚ ਪਿਆ ਪਾੜ ਹੈ, ਜਦੋਂ ਕੌਮ ਦੀ ਜ਼ਿੰਦਗੀ ਵਿਚ ਸਿਫ਼ਤੀ ਤਬਦੀਲੀ ਦਾ ਇਕ ਨਵਾਂ ਯੁੱਗ ਆਰੰਭ ਹੁੰਦਾ ਹੈ। ਇਹ ਦਿਨ ਪਾਤਸ਼ਾਹੀ ਦਾਅਵਿਆਂ ਹਲੇਮੀ ਰਾਜ, ਖ਼ਾਲਸਾ ਰਾਜ, ਖੁਦਮੁਖਤਿਆਰੀ, ੍ਦਾ ਅਸਲ ਆਧੁਨਿਕ ਬਦਲ ਹੈ। ਇਹ ਦਿਨ ਦਸਮੇਸ਼-ਪਿਆਰ ਦੀ ਸਿੱਖ ਇਤਿਹਾਸ ਵਿਚ ਸ਼ਮੂਲੀਅਤ ਅਤੇ ਪ੍ਰਵਾਨਗੀ ਦਾ ਦਿਨ ਹੈ। ਇਹ ਦਿਨ ਆਜ਼ਾਦੀ ਅਰਥਾਤ ਸਿੱਖ ਸਾਵਰਨ ਸਟੇਟ ਦਾ ਇਕ ਪਵਿੱਤਰ ਇਕਰਾਰਨਾਮਾ ਹੈ। ਇਹ ਦਿਨ ਸਿੱਖ ਪੰਥ ਦੇ ਅਸਮਾਨ `ਤੇ ਭੂਤ, ਭਵਿੱਖ ਤੇ ਵਰਤਮਾਨ ਨੂੰ ਵੱਖਰੇ ਤੇ ਮੌਲਿਕ ਨਜ਼ਰੀਏ ਤੋਂ ਵੇਖਣ ਦਾ ਨਵਾਂ ਸੂਰਜ ਚੜ੍ਹਿਆ ਹੈ। ਇਹ ਦਿਨ ਹਿੰਦ-ਪੰਜਾਬ ਦੀ ਜੰਗ ਦਾ ਐਲਾਨਨਾਮਾ ਹੈ। ਖ਼ਾਲਿਸਤਾਨ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਵੀਹਵੀਂ ਸਦੀ ਦੇ ਕਈ ਦੌਰਾਂ ਵਿਚ ਖ਼ਾਲਿਸਤਾਨ ਦੀ ਰੀਝ ਸ਼ਬਦਾਂ ਵਿਚ ਉਤਰਦੀ ਰਹੀ ਹੈ, ਪਰ ਉਹ ਰੀਝ ਕਦੇ ਵੀ ਵੱਡੀ ਲਹਿਰ ਨਹੀਂ ਸੀ ਬਣ ਸਕੀ। ਖ਼ਾਲਿਸਤਾਨ ਦਾ ਜਜ਼ਬਾ ਕੌਮ ਦੇ ਜਜ਼ਬੇ ਵਿਚ ਤਬਦੀਲ ਨਹੀਂ ਸੀ ਹੋ ਸਕਿਆ। ਪਰ 29 ਅਪ੍ਰੈਲ ਦੇ ਇਤਿਹਾਸਕ ਐਲਾਨਨਾਮੇ ਪਿਛੋਂ ਖ਼ਾਲਿਸਤਾਨ ਦੀ ਹਕੀਕਤ ਨੇ, ਖ਼ਾਲਿਸਤਾਨ ਦੇ ਸੰਕਲਪ ਨੇ, ਖਾਲਿਸਤਾਨ ਦੇ ਜਜ਼ਬੇ ਨੇ “ਦਿਲਾਂ ਤੋਂ ਦਿਮਾਗ਼ਾਂ ਵੱਲ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਸੀ। ’ ਕਰਮਜੀਤ ਸਿੰਘ ਹੋਰਾਂ ਦਾ ਇਹ ਬਿਰਤਾਂਤ ਭਾਅਜੀ ਦਲਬੀਰ ਸਿੰਘ, ਜਸਪਾਲ ਸਿੰਘ ਸਿੱਧੂ ਜਾਂ ਗੁਰਤੇਜ ਸਿੰਘ ਹੋਰਾਂ ਵਰਗੇ ਅਨੇਕਾਂ ਸਿੱਖ ਵਿਦਵਾਨਾਂ ਨਾਲ਼ ਮੇਲ ਨਹੀਂ ਖਾਂਦਾ। ਅਜਿਹੇ ਵਿਦਵਾਨਾਂ ਦੇ ਖੂਬਸੂਰਤ ਸ਼ਬਦੀ ਜਾਲ਼ ਬਾਰੇ ਕੀ ਕਿਹਾ ਜਾਵੇ, ਪਾਠਕ ਆਪ ਹੀ ਸਮਝਣ ਦਾ ਯਤਨ ਕਰਨ?
ਇਸੇ ਤਰ੍ਹਾਂ ਇੱਕ ਹੋਰ ਧੁਨੰਤਰ ਪੱਤਰਕਾਰ ਸੁਖਦੇਵ ਸਿੰਘ ਆਪਣੀ ਤਾਜ਼ਾ ਫੇਸਬੁੱਕ ਪੋਸਟ ਵਿਚ ਪਟਿਆਲ਼ੇ ਦੀਆਂ ਘਟਨਾਵਾਂ ਦੇ ਸੰਦਰਭ ਵਿਚ ਇਵੇਂ ਲਿਖ ਰਹੇ ਹਨ: ‘ਇੱਕ ਧਿਰ (ਹਿੰਦੂਆਂ) ਦੀਆਂ ਹਰਕਤਾਂ ਦਾ ਸਾਰਾ ਰਿਕਾਰਡ ਮੌਜੂਦ ਹੈ। ਜਿਥੋਂ ਤੱਕ ਦੂਜੀ ਧਿਰ (ਸਿੱਖਾਂ) ਦਾ ਸਬੰਧ ਹੈ, ਪਟਿਆਲ਼ੇ ਦੀਆਂ ਘਟਨਾਵਾਂ ਮੋਟੇ ਤੌਰ `ਤੇ ਸ਼ਾਂਤੀਪੂਰਨ ਮਾਹੌਲ ਵਿਚ ਬਗੈਰ ਕਿਸੇ ਵੱਡੇ ਨੁਕਸਾਨ ਦੇ ਗੁਜ਼ਰ ਜਾਣ ਦੇ ਬਾਵਜੂਦ, ਜੋ ਰਾਜ ਪ੍ਰਬੰਧ ਨੂੰ ਝਟਕੇ ਦੂਜੇ ਤੀਜੇ ਦਿਨ ਮਹਿਸੂਸ ਹੋਏ, ਉਨ੍ਹਾਂ ਦਾ ਕੇਂਦਰ ਬਿੰਦੂ ਚੰਡੀਗੜ੍ਹ ਨਹੀਂ, ਦਿੱਲੀ ਸੀ। ਤਾਰਾਂ ਉਥੋਂ ਖੜਕੀਆਂ ਨੇ। ਪਹਿਲਾਂ ਉਸ ਦਫਤਰ ਦਾ ਸਿੱਧਾ ਸੰਪਰਕ ਕਪਤਾਨਾਂ ਅਤੇ ਬਾਦਲਾਂ ਨਾਲ਼ ਹੋਇਆ ਕਰਦਾ ਸੀ, ਹੁਣ ਕੇਜਰੀ ਦੀ ਮਾਰਫਤ ਭਗਵੰਤ ਮਾਨ ਨਾਲ਼ ਹੁੰਦਾ ਹੈ। ਗੱਲ ਇੱਕੋ ਹੈ ਕਿ ‘ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾ, ਭਾਵੇਂ ਗਾਂਧੀ ਦੇ ਮੁਤਵੰਨੇ ਪੁੱਤ ਬਣ ਜਾਣ’ ਵਾਲ਼ੇ ਦਿੱਲੀ ਦੇ ਫਾਰਮੂਲੇ ਮੁਤਾਬਿਕ ਹੀ ਮੁਕੱਦਮੇ (ਪ੍ਰਵਾਨੇ, ਭਾਨੇ ਜਾਂ ਹੋਰ ਸਿੱਖ ਨੌਜਵਾਨਾਂ) ਹੋਏ ਹਨ। ਮੌਕੇ ਦੇ ਹਾਲਾਤ ਦਾ ਇਹ ਫਾਰਮੂਲਾ ਕੋਈ ਲਿਹਾਜ਼ ਨਹੀਂ ਕਰਦਾ? ਸਿੱਖ ਜਿੰਨਾ ਮਰਜ਼ੀ ਪੁਰਅਮਨ ਰਹਿਣ, ਗੋਲ਼ੀਆਂ, ਇੱਟਾਂ ਵੱਟਿਆਂ ਦਾ ਸ਼ਿਕਾਰ ਬਣਨ, ਕਿਸੇ ਨੂੰ ਝਰੀਟ ਵੀ ਨਾ ਮਾਰਨ। ਮੌਕੇ `ਤੇ ਹਾਜ਼ਰ ਪੁਲਿਸ ਭਾਵੇਂ ਸਚਾਈ ਦੀ ਗਵਾਹ ਹੋਵੇ। ਬੱਸ ਇਨ੍ਹਾਂ ਦਾ ਸੜਕਾਂ `ਤੇ ਉਤਰਨਾ ਹੀ ਦੋਸ਼ ਹੈ। ਫਿਰ ਮੁਕੱਦਮੇ `ਤੇ ਮੁਕੱਦਮਾ?’ ਸੁਖਦੇਵ ਸਿੰਘ ਜੀ ਅਜਿਹਾ ਲਿਖ ਕੇ ਕੀ ਕਹਿਣਾ ਚਾਹੁੰਦੇ ਹਨ, ਸਾਡੇ ਤਾਂ ਸਮਝ ਨਹੀਂ ਆਇਆ, ਇਸਨੂੰ ਪਾਠਕਾਂ `ਤੇ ਹੀ ਛੱਡਦੇ ਹਾਂ? ਪਰ ਸਾਡੇ ਅਜਿਹੇ ਵਿਦਵਾਨ ਵਿਤਕਰਿਆਂ ਦਾ ਜੋ ਖਿਆਲੀ ਬਿਰਤਾਂਤ ਸਿਰਜਦੇ ਹਨ, ਉਸ ਤੋਂ ਗਰਮ ਖਿਆਲੀ ਨੌਜਵਾਨ ਗੁੰਮਰਾਹ ਹੋਣ ਤੋਂ ਕਿਵੇਂ ਬਚਣ, ਇਹ ਗੰਭੀਰਤਾ ਨਾਲ਼ ਸੋਚਣ ਦਾ ਵਿਸ਼ਾ ਜ਼ਰੂਰ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆ ਦੇ ਹਰ ਖਿੱਤੇ ਵਿਚ ਹਰ ਕੌਮ, ਜਾਤ, ਨਸਲ, ਧਰਮ, ਸਟੇਟ ਦੀਆਂ ਆਪਣੀਆਂ ਰਾਜਨੀਤਕ, ਸਮਾਜਿਕ, ਆਰਥਿਕ ਸਮੱਸਿਆਵਾਂ ਹਨ, ਬਿਨਾਂ ਸ਼ੱਕ ਪੰਜਾਬੀਆਂ ਦੀਆਂ ਵੀ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਬੇਰੁਜ਼ਗਾਰੀ, ਭ੍ਰਿਸ਼ਾਟਾਚਾਰ ਅਨੇਕਾਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਸਾਰੇ ਭਾਈਚਾਰੇ ਰਲ਼ ਕੇ ਹੀ ਹੱਲ ਕਰ ਸਕਦੇ ਹਨ ਪਰ ਹਰ ਗੱਲ ਨੂੰ ਧਰਮ, ਜਾਤ ਤੇ ਫਿਰਕੇ ਨਾਲ਼ ਜੋੜ ਕੇ ਫਿਰਕੂ ਰੰਗਤ ਦੇਣਾ, ਕਿੱਥੋਂ ਦੀ ਸਿਆਣਪ ਹੈ? ਦੁਨੀਆਂ ਵਿਚ ਹਰ ਫਿਰਕੇ, ਕੌਮ, ਧਰਮ ਵਿਚ ਕੁਝ ਜਜ਼ਬਾਤੀ, ਜੋਸ਼ੀਲੇ, ਖਾੜਕੂ ਸੋਚ ਵਾਲ਼ੇ ਲੋਕ ਹੁੰਦੇ ਹਨ, ਅਜਿਹੇ ਲੋਕਾਂ ਦੀਆਂ ਕਾਰਵਾਈਆਂ ਨੂੰ ਨਿੱਜੀ ਜਾਣ ਕੇ ਕਾਨੂੰਨ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ ਤੇ ਕਾਨੂੰਨ ਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ, ਪਰ ਸਾਡੇ ਭਾਈਚਾਰੇ ਦੀ ਇਹ ਸਮੱਸਿਆ ਬਣ ਚੁੱਕੀ ਹੈ ਕਿ ਲੋਕਾਂ ਦੇ ਨਿੱਜੀ ਮਸਲਿਆਂ, ਝਗੜਿਆਂ ਨੂੰ ਕੌਮ, ਧਰਮ, ਜਾਤ ਨਾਲ਼ ਜੋੜ ਕੇ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਜਾਂਦੀਆਂ ਹਨ। ਹਰ ਛੋਟੀ-ਮੋਟੀ ਘਟਨਾ ਵਿਚੋਂ ਵਿਤਕਰਿਆਂ ਦਾ ਬਿਰਤਾਂਤ ਸਿਰਜਣ ਦੀ ਕਵਾਇਦ ਚੱਲ ਰਹੀ ਹੈ। ਪਟਿਆਲ਼ੇ ਦੀਆਂ ਘਟਨਾਵਾਂ ਨੂੰ ਵੀ ਜੇ ਇਸੇ ਸੰਦਰਭ ਵਿਚ ਦੇਖਿਆ ਜਾਂਦਾ ਤਾਂ ਕੋਈ ਵੱਡੀ ਸਮੱਸਿਆ ਨਹੀਂ ਸੀ? ਜੇ ਅਮਰੀਕਾ ਬੈਠੇ ਪੰਨੂੰ ਨੇ ਕੋਈ ਗੈਰ ਕਾਨੂੰਨੀ ਕੰਮ ਕਰਨ ਦੀ ਕਾਲ ਦਿੱਤੀ ਸੀ ਤਾਂ ਜੇ ਕੋਈ ਉਸ ਮਗਰ ਲੱਗ ਕੇ ਅਜਿਹਾ ਕੰਮ ਕਰਦਾ ਤਾਂ ਪੁਲਿਸ ਜਾਂ ਕਾਨੂੰਨ ਆਪੇ ਕਾਰਵਾਈ ਕਰਦਾ, ਪਰ ਕਿਸੇ ਵਲੋਂ ਕੁਝ ਕੀਤੇ ਤੋਂ ਪਹਿਲਾਂ ਹੀ ਸ਼ਿਵ ਸੈਨਾ ਦੇ ਕੁਝ ਗਰੁੱਪਾਂ ਵਲੋਂ ਰੋਸ ਮਾਰਚ ਕਰਨ ਦਾ ਐਲਾਨ ਗੈਰ-ਜ਼ਰੂਰੀ ਤੇ ਸ਼ਰਾਰਤ ਭਰਪੂਰ ਸੀ। ਪਰ ਉਸਦੇ ਜਵਾਬ ਵਿਚ ਕੁਝ ਸਿੱਖ ਜਥੇਬੰਦੀਆਂ ਤੇ ਪ੍ਰਵਾਨੇ ਵਰਗਿਆਂ ਵਲੋਂ ਇਸਨੂੰ ਚੈਲਿੰਜ ਕਰਨਾ, ਹੋਰ ਵੀ ਜ਼ਿਆਦਾ ਗੈਰ-ਜ਼ਰੂਰੀ ਤੇ ਸ਼ਰਾਰਤਪੂਰਨ ਸੀ? ਜੇ ਭਾਰਤ ਦੀ ਸੁਪਰੀਮ ਕੋਰਟ ਵਲੋਂ ਇੱਕ ਰੂਲਿੰਗ ਵਿਚ ਕੁਝ ਸਾਲ ਪਹਿਲ਼ਾਂ ਲੋਕਤੰਤਰੀ ਢੰਗ ਨਾਲ਼ ਖਾਲਿਸਤਾਨ ਦੀ ਗੱਲ ਕਰਨ ਤੇ ਖਾਲਿਸਤਾਨ ਜਿ਼ੰਦਾਬਾਦ ਦੇ ਨਾਅਰੇ ਮਾਰਨ ਨੂੰ ਗੈਰ-ਕਾਨੂੰਨੀ ਨਹੀਂ ਮੰਨਿਆ ਤਾਂ ਇਸਦਾ ਮਤਲਬ ਇਹ ਕਿਵੇਂ ਹੋ ਗਿਆ ਕਿ ਖਾਲਿਸਤਾਨ ਦਾ ਕੋਈ ਵਿਰੋਧੀ ‘ਖਾਲਿਸਤਾਨ ਮੁਰਦਾਬਾਦ’ ਨਹੀਂ ਕਹਿ ਸਕਦਾ? ਕੀ ਵਿਚਾਰਾਂ ਦੀ ਆਜ਼ਾਦੀ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਸਿਰਫ ਇੱਕ ਭਾਈਚਾਰੇ ਨੂੰ ਹੀ ਲਗਦੀ ਹੈ? ਬੇਸ਼ਕ ਧਾਰਮਿਕ ਮਸਲਿਆਂ ਤੇ ਭਾਵਨਾਵਾਂ ਭੜਕਣ ਤੇ ਠੇਸ ਲੱਗਣ ਦਾ ਰੁਝਾਨ ਤਾਂ ਭਾਰਤ ਵਿਚ ਲੰਬੇ ਸਮੇਂ ਤੋਂ ਚੱਲਦਾ ਰਿਹਾ ਹੈ, ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜਨੀਤਕ ਮਸਲੇ `ਤੇ ਵੀ ਕੁਝ ਲੋਕਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ? ਹੁਣ ਜਦੋਂ ਸਰਕਾਰ ਨੇ ਫਿਰਕੂ ਨਫਰਤ ਫੈਲਾਉਣ ਤੇ ਹਿੰਸਾ ਦੇ ਦੋਸ਼ ਵਿਚ ਦੋਨਾਂ ਧਿਰਾਂ ਦੇ ਕੁਝ ਲੋਕ ਚਾਰਜ ਕੀਤੇ ਹਨ ਤਾਂ ਇਸਨੂੰ ਧਾਰਮਿਕ ਰੰਗਤ ਦੇਣੀ ਕਿਤਨੀ ਕੁ ਜਾਇਜ਼ ਹੋ ਸਕਦੀ ਹੈ? ਇਸ ਸਾਰੇ ਘਟਨਾਕ੍ਰਮ ਵਿਚ ਦੋਸ਼ ਸਿੰਗਲੇ ਜਾਂ ਪ੍ਰਵਾਨੇ ਦਾ ਕਿਤਨਾ ਹੈ, ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿ ਦੋਨਾਂ ਫਿਰਕਿਆਂ ਵਿਚਲੇ ਸਿੰਗਲੇ, ਪਵਨ ਗੁਪਤੇ, ਪੰਚ ਨਾਦ ਗਿਰੀ, ਗੱਗੀ ਪੰਡਤ, ਸੰਜੀਵ ਘਨੌਲ਼ੀ, ਸੁਧੀਰ ਸੂਰੀ ਜਾਂ ਸਿੱਖ ਚਿੰਤਕ ਅਜਮੇਰ ਸਿੰਘ, ਡਾ ਗੁਰਦਰਸ਼ਨ ਢਿਲੋਂ, ਸਰਬਜੀਤ ਸਿੰਘ ਘੁਮਾਣ, ਬਾਬਾ ਬਖਸ਼ੀਸ਼, ਪਲਵਿੰਦਰ ਸਿੰਘ ਤਲਵਾੜਾ, ਅਤਿੰਦਰਪਾਲ ਸਿੰਘ, ਹਰਪ੍ਰੀਤ ਮੱਖੂ, ਸਰਬਜੋਤ ਮੱਕੜ, ਭੁਪਿੰਦਰ ਸਿੰਘ ਸੱਜਣ ਵਰਗੇ ਲੋਕ, ਅਤੇ ਕੁਝ ਸੋਸ਼ਲ ਮੀਡੀਆ ਚੈਨਲ, ਜਿਸ ਕਿਸਮ ਦੇ ਪ੍ਰਵਚਨ ਧੜਾ-ਧੜ ਸੁਣਾ ਰਹੇ ਹਨ ਤੇ ਬਿਰਤਾਂਤ ਸਿਰਜ ਰਹੇ ਹਨ, ਉਨ੍ਹਾਂ ਤੋਂ ਪੰਜਾਬ ਦੀਆਂ ਨੌਜਵਾਨ ਨਸਲਾਂ ਕੀ ਸੇਧ ਲੈਣਗੀਆਂ, ਉਸਦਾ ਸਹਿਜੇ ਕਿਆਸ ਲਾਇਆ ਜਾ ਸਕਦਾ ਹੈ? ਜੋ ਲੋਕ ਫਿਰਕੂ ਜ਼ਹਿਰ ਸੋਸ਼ਲ ਮੀਡੀਆ ਰਾਹੀਂ ਦੇਸ਼-ਵਿਦੇਸ਼ ਵਿਚ ਲਗਾਤਾਰ ਫੈਲਾ ਰਹੇ ਹਨ, ਉਨ੍ਹਾਂ ਬਾਰੇ ਕੀ ਕੀਤਾ ਜਾਵੇ? ਸਾਡਾ ਇਨ੍ਹਾਂ ਵਿਚੋਂ ਕਿਸੇ ਨਾਲ਼ ਨਾ ਨਿੱਜੀ ਵਿਰੋਧ ਹੈ ਤੇ ਨਾ ਹੀ ਨਿੱਜੀ ਸਬੰਧ ਹੈ, ਪਰ ਜੋ ਲੋਕ ਪੰਜਾਬ ਸਮੇਤ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਵਿਚ ਅਮਨ-ਸ਼ਾਂਤੀ ਤੇ ਤਰੱਕੀ ਚਾਹੁੰਦੇ ਹਨ, ਉਨ੍ਹਾਂ ਨੂੰ ਸੋਚਣਾ ਬਣਦਾ ਹੈ ਕਿ ਉਹ ਕੀ ਕਰਨ…? ਬੇਸ਼ਕ ਅਸੀਂ ਵਿਦੇਸ਼ਾਂ ਵਿਚ ਬੈਠੇ ਹਾਂ, ਪਰ ਇੱਥੇ ਵੀ ਅਜਿਹੇ ਲੋਕਾਂ ਦੇ ਪੈਰੋਕਾਰ ਦੇਸ਼-ਵਿਦੇਸ਼ ਵਿਚ ਸਭ ਪਾਸੇ ਮੌਜੂਦ ਹਨ, ਜਿਨ੍ਹਾਂ ਵਿਚੋਂ ਕੁਝ ਜਜ਼ਬਾਤੀ ਹਨ ਅਤੇ ਬਹੁਤ ਸਾਰਿਆਂ ਦੇ ਕਈ ਤਰ੍ਹਾਂ ਦੇ ਹਿੱਤ ਇਨ੍ਹਾਂ ਨਾਲ਼ ਜੁੜੇ ਹੋਏ ਹਨ…?
30 ਅਪਰੈਲ, 2022 ਨੂੰ ਪੰਜਾਬੀ ਟ੍ਰਿਬਿਊਨ ਵਿਚ ਰਣਜੀਤ ਸਿੰਘ ਘੁੰਮਣ ਦਾ ਇੱਕ ਲੇਖ ‘ਮੁਫਤਖੋਰੀ ਦਾ ਮਿੱਠਾ ਜ਼ਹਿਰ ਅਤੇ ਸਿਆਸਤ’ ਪੜ੍ਹਨਯੋਗ ਹੈ, ਜਿਸ ਵਿਚ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ `ਤੇ ਵਿਸਥਾਰ ਵਿਚ ਗੱਲ ਕੀਤੀ ਹੈ। ਪੰਜਾਬ ਦਿਨੋਂ-ਦਿਨ ਕਰਜ਼ੇ ਵਿਚ ਡੁੱਬਦਾ ਜਾ ਰਿਹਾ ਹੈ, ਇਸ ਲਈ ਸਰਕਾਰਾਂ ਨੇ ਸਾਨੂੰ ਮੁਫਤਖੋਰੀ ਦਾ ਲੌਲੀਪੌਪ ਦੇ ਕੇ ਪੰਜਾਬ ਕਰਜ਼ਈ ਬਣਾ ਦਿੱਤਾ ਹੈ। ਪੰਜਾਬ ਲਈ ਦਰਿਆਵਾਂ ਦੇ ਪਾਣੀਆਂ, ਚੰਡੀਗੜ੍ਹ, ਬੇਰੁਜ਼ਗਾਰੀ, ਪ੍ਰਵਾਸ ਤੇ ਹੋਰ ਅਨੇਕਾਂ ਮਸਲੇ ਹਨ, ਉਨ੍ਹਾਂ ਦੀ ਥਾਂ ਸਾਨੂੰ ਕਦੇ ਬੇਅਦਬੀਆਂ ਤੇ ਕਦੇ ‘ਖਾਲਿਸਤਾਨ ਜਿੰ਼ਦਾਬਾਦ’ ਜਾਂ ‘ਖਾਲਿਸਤਾਨ ਮੁਰਦਾਬਾਦ’ ਆਦਿ ਮਸਲਿਆਂ ਵਿਚ ਉਲਝਾ ਕੇ ਲੜਾਇਆ ਜਾ ਰਿਹਾ ਹੈ? ਚਾਹੀਦਾ ਤਾਂ ਇਹ ਹੈ ਕਿ ਸਿੱਖਾਂ ਦਾ ਇਹ ਇਤਰਾਜ਼ ਦੂਰ ਕਰਨ ਲਈ ਕਿ ਪੰਜਾਬ ਦਾ ਹਿੰਦੂ ਭਾਈਚਾਰਾ ਸਿੱਖਾਂ ਦੇ ਨਾਲ਼ ਪੰਜਾਬ ਦੇ ਸਾਂਝੇ ਮਸਲਿਆਂ ਲਈ ਨਹੀਂ ਖੜ੍ਹਦਾ, ਪੰਜਾਬ ਦੀ ਹਿੰਦੂ ਲੀਡਰਸ਼ਿਪ ਨੂੰ ਇਕਮੁੱਠ ਹੋ ਕੇ ਪੰਜਾਬ ਦੇ ਸਾਂਝੇ ਮਸਲਿਆਂ ਲਈ ਦਲਿਤਾਂ ਤੇ ਹੋਰ ਫਿਰਕਿਆਂ ਨੂੰ ਨਾਲ਼ ਲੈ ਕੇ ਸਾਂਝਾ ਸੰਘਰਸ਼ ਆਰੰਭ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਅਸੀਂ ਫਿਰਕਿਆਂ ਦੀ ਥਾਂ ਪੰਜਾਬੀ ਹੋ ਕੇ ਸੋਚੀਏ ਤੇ ਪੰਜਾਬ ਤੇ ਪੰਜਾਬੀਅਤ ਲਈ ਕੁਝ ਰਲ਼ ਕੇ ਕਰ ਸਕੀਏ —-?