29 ਅਪ੍ਰੈਲ:ਵਗਦੀਆਂ ਹਨੇਰੀਆਂ ਵਿਚ ਬਲਦਾ ਚਿਰਾਗ।

ਕਰਮਜੀਤ ਸਿੰਘ ਚੰਡੀਗੜ੍ਹ
99150-91063
29 ਅਪ੍ਰੈਲ 1986 ਦਾ ਦਿਨ ਸਿੱਖ ਇਤਿਹਾਸ ਦੀ ਸ਼ਾਨਾਮੱਤੀ ਯਾਦਗਾਰ ਹੈ। ਰਾਜਨੀਤਕ ਸੋਝੀ ਦੀ ਸਿਖਰ ਹੈ। ਗੁਰਬਾਣੀ ਦੀ ਅੰਤਰੀਵ ਸਮਝ ਨੂੰ ਦਰਸਾਉਂਦਾ ਇਕ ਰਾਜਨੀਤਕ ਦਸਤਾਵੇਜ਼ ਹੈ। ਸਿਆਸੀ ਮੰਜ਼ਿਲ ਬਾਰੇ ਪੈਦਾ ਕੀਤੇ ਤਮਾਮ ਭੁਲੇਖਿਆਂ ਦਾ ਸਦੀਵੀ ਖ਼ਾਤਮਾ ਹੈ।

ਦੁਬਿਧਾ ਅਤੇ ਦੋਚਿਤੀ ਵਾਲੀ ਮਾਨਸਿਕਤਾ ਨੂੰ ਅਲਵਿਦਾ ਹੈ। ਜ਼ਮੀਰਾਂ ਦੇ ਜਾਗਣ ਦੀ ਨਵੀਂ ਪ੍ਰਭਾਤ ਹੈ। ਇਤਿਹਾਸ ਦੀ ਤੋਰ ਵਿਚ ਉਠਿਆ ਗਰਜਵਾਂ ਨਾਦ ਹੈ। ਇਹ ਦਿਨ ਪੂਰਵ-ਸਿੱਖ ਇਤਿਹਾਸ ਤੇ ਉਤਰ-ਸਿੱਖ ਇਤਿਹਾਸ ਵਿਚ ਵੰਡਿਆ ਗਿਆ ਹੈ। ਇਹ ਸਿੱਖ ਇਤਿਹਾਸ ਵਿਚ ਪਿਆ ਪਾੜ (ਰੁਪਟੁਰੲ) ਹੈ, ਜਦੋਂ ਕੌਮ ਦੀ ਜ਼ਿੰਦਗੀ ਵਿਚ ਸਿਫ਼ਤੀ ਤਬਦੀਲੀ (ਤੁਅਲਿਟਅਟਿਵੲ ਚਹਅਨਗੲਸ) ਦਾ ਇਕ ਨਵਾਂ ਯੁੱਗ ਆਰੰਭ ਹੁੰਦਾ ਹੈ। ਇਹ ਦਿਨ ਪਾਤਸ਼ਾਹੀ ਦਾਅਵਿਆਂ ਹਲੇਮੀ ਰਾਜ, ਖ਼ਾਲਸਾ ਰਾਜ, ਖੁਦਮੁਖਤਿਆਰੀ, (ਰਗਿਹਟ ੋਾ ਸੲਲਾ ਦੲਟੲਰਮਿਨਅਟਿੋਨ) ਦਾ ਅਸਲ ਆਧੁਨਿਕ ਬਦਲ ਹੈ। ਇਹ ਦਿਨ ਦਸਮੇਸ਼-ਪਿਆਰ ਦੀ ਸਿੱਖ ਇਤਿਹਾਸ ਵਿਚ ਸ਼ਮੂਲੀਅਤ ਅਤੇ ਪ੍ਰਵਾਨਗੀ ਦਾ ਦਿਨ ਹੈ। ਇਹ ਦਿਨ ਆਜ਼ਾਦੀ ਅਰਥਾਤ ਸਿੱਖ ਸਾਵਰਨ ਸਟੇਟ ਦਾ ਇਕ ਪਵਿੱਤਰ ਇਕਰਾਰਨਾਮਾ ਹੈ। ਇਹ ਦਿਨ ਸਿੱਖ ਪੰਥ ਦੇ ਅਸਮਾਨ ‘ਤੇ ਭੂਤ, ਭਵਿੱਖ ਤੇ ਵਰਤਮਾਨ ਨੂੰ ਵੱਖਰੇ ਤੇ ਮੌਲਿਕ ਨਜ਼ਰੀਏ ਤੋਂ ਵੇਖਣ ਦਾ ਨਵਾਂ ਸੂਰਜ ਚੜ੍ਹਿਆ ਹੈ। ਇਹ ਦਿਨ ਹਿੰਦ-ਪੰਜਾਬ ਦੀ ਜੰਗ ਦਾ ਐਲਾਨਨਾਮਾ ਹੈ ਜਾਂ ਜਲਾਵਤਨ ਭਾਈ ਗਜਿੰਦਰ ਸਿੰਘ ਦੀ ਇਤਿਹਾਸਕ ਕਵਿਤਾ ਮੁਤਾਬਕ 1849 ਵਿਚ ਹਾਰੀਆਂ ਹੋਈਆਂ ਖ਼ਾਲਸਾਈ ਫੌਜਾਂ ਦੇ ਜਿੱਤਣ ਦੀਆਂ ਕਨਸੋਆਂ ਦਾ ਦਿਨ ਹੈ। ਇਹ ਦਿਨ ਵਗਦੀਆਂ ਹਵਾਵਾਂ ਵਿਚ ਕੋਈ ਬਲਦਾ ਚਿਰਾਗ਼ ਆਇਆ ਹੈ। ਇਹ ਦਿਨ ਅਵਚੇਤਨ-ਮਨ ਵਿਚ ਦੱਬੀਆਂ ਰੀਝਾਂ ਅਤੇ ਵਲਵਲਿਆਂ ਦਾ ਚੇਤਨ-ਮਨ ਵਿਚ ਨਵਾਂ ਪ੍ਰਵੇਸ਼ ਹੈ। ਉਲਾਰ-ਜਜ਼ਬਿਆਂ ਦਾ ਵਿਚਾਰਧਾਰਕ-ਜਜ਼ਬਿਆਂ ਵਿਚ ਤਬਦੀਲ ਹੋਣ ਦਾ ਦਿਨ ਹੈ। ਸਿੱਖ ਇਤਿਹਾਸ ਵਿਚ ਨਵੀਂ ਰੂਹ ਫੂਕਣ ਦੇ ਨਵੇਂ ਦੌਰ ਦੀ ਸ਼ੁਰੂਆਤ ਹੈ। ਸ਼ਾਇਰਾਂ ਦੀਆਂ ਸੁੱਤੀਆਂ ਕਲਮਾਂ ਦੇ ਜਾਗਣ ਦਾ ਵੇਲਾ ਹੈ। ਸਿੱਖ ਵਿਦਵਾਨਾਂ ਅੰਦਰ ਖੋਜ ਦੇ ਨਵੇਂ ਅਧਾਰ ਲੱਭਣ ਦੀ ਜਗਿਆਸਾ ਦਾ ਦਿਨ ਹੈ। ਵਿਦੇਸ਼ੀ ਦਾਨਸ਼ਵਰਾਂ ਵਿਚ ਸਿੱਖ ਇਤਿਹਾਸ ਨੂੰ ਨਵੇਂ ਸਿਰਿਓਂ ਵੇਖਣ ਦੀ ਰੀਝ ਅਤੇ ਨੀਝ ਨਾਲ ਖੋਜ ਦਾ ਦਿਨ ਹੈ।
29 ਅਪ੍ਰੈਲ ਦੇ ਦਿਨ ਦੀ ਇਤਿਹਾਸਕ ਮਹਾਨਤਾ ਬਾਰੇ ਜੋ ਮੈਂ ਉਕਤ ਟਿੱਪਣੀਆਂ ਕੀਤੀਆਂ ਹਨ, ਉਹ ਟਿੱਪਣੀਆਂ ਮੇਰਾ ਆਪਣਾ ਅਨੁਭਵ ਵੀ ਹੈ ਜੋ ਮੈਨੂੰ ਉਸ ਦੌਰ ਵਿਚੋਂ ਹੋਇਆ, ਜਿਸ ਨੂੰ ਮੈਂ ਨੇੜਿਓਂ, ਬਹੁਤ ਨੇੜਿਓਂ ਅਤੇ ਬਹੁਤ ਹੀ ਨੇੜਿਓਂ ਹੋ ਕੇ ਵੇਖਿਆ, ਮਾਣਿਆ ਅਤੇ ਮਹਿਸੂਸ ਕੀਤਾ।
ਖ਼ਾਲਿਸਤਾਨ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਵੀਹਵੀਂ ਸਦੀ ਦੇ ਕਈ ਦੌਰਾਂ ਵਿਚ ਖ਼ਾਲਿਸਤਾਨ ਦੀ ਰੀਝ ਸ਼ਬਦਾਂ ਵਿਚ ਉਤਰਦੀ ਰਹੀ ਹੈ ਪਰ ਉਹ ਰੀਝ ਕਦੇ ਵੀ ਵੱਡੀ ਲਹਿਰ ਨਹੀਂ ਸੀ ਬਣ ਸਕੀ। ਖ਼ਾਲਿਸਤਾਨ ਦਾ ਜਜ਼ਬਾ ਕੌਮ ਦੇ ਜਜ਼ਬੇ ਵਿਚ ਤਬਦੀਲ ਨਹੀਂ ਸੀ ਹੋ ਸਕਿਆ।
ਪਰ 29 ਅਪ੍ਰੈਲ ਦੇ ਇਤਿਹਾਸਕ ਐਲਾਨਨਾਮੇ ਪਿੱਛੋਂ ਖ਼ਾਲਿਸਤਾਨ ਦੀ ਹਕੀਕਤ ਨੇ, ਖ਼ਾਲਿਸਤਾਨ ਦੇ ਸੰਕਲਪ ਨੇ, ਖਾਲਿਸਤਾਨ ਦੇ ਜਜ਼ਬੇ ਨੇ ‘ਦਿਲਾਂ ਤੋਂ ਦਿਮਾਗ਼ਾਂ ਵੱਲ’ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਮੇਰੇ ਲਈ ਉਹ ਸੁਭਾਗਾ ਦੌਰ ਸੀ, ਜਦੋਂ ਮੈਂ ਇਸ ਸਫ਼ਰ ਦੇ ਵੱਖ ਵੱਖ ਪੜਾਵਾਂ ਨੂੰ ਇਕ ਗੰਭੀਰ ਪੱਤਰਕਾਰ ਦੇ ਤੌਰ `ਤੇ ਵੀ ਵੇਖਿਆ ਅਤੇ ਸਮੇਂ ਸਮੇਂ ਵਿਸ਼ਲੇਸ਼ਣ ਵੀ ਕਰਦਾ ਰਿਹਾ। ਇਸ ਦੌਰ ਵਿਚ ਹਿੱਸਾ ਪਾ ਰਹੇ ਯੋਧਿਆਂ ਦੇ ਨੇੜੇ ਵੀ ਹੋਇਆ ਅਤੇ ਉਨ੍ਹਾਂ ਦੇ ਦਰਦ ਨੂੰ, ਉਨ੍ਹਾਂ ਦੀ ਇਤਿਹਾਸਕ ਸਮਝ ਨੂੰ, ਰਣਨੀਤੀ ਨੂੰ, ਉਨ੍ਹਾਂ ਦੇ ਬੁਲੰਦ ਹੌਸਲਿਆਂ ਨੂੰ, ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਅਤੇ ਇੱਥੋਂ ਤਕ ਉਨ੍ਹਾਂ ਅੰਦਰ ਇੱਕੋ ਨਿਸ਼ਾਨੇ ਨੂੰ ਲੈ ਕੇ ਆਪਣੇ ਤੋਂ ਵੱਖਰੇ ਚੱਲ ਰਹੇ ਸਾਥੀਆਂ ਲਈ ਮਿੱਠੀ ਈਰਖਾ, ਸਾੜਾ, ਖੁਣਸ ਵਰਗੀਆਂ ਕਮੀਆਂ ਵੀ ਦੇਖੀਆਂ ਤੇ ਇੱਥੋਂ ਤਕ ਕਈ ਵਾਰ ਬਦਲੇ ਦੀਆਂ ਭਾਵਨਾਵਾਂ ਵਰਗੇ ਰੁਝਾਨ ਵੀ ਮਹਿਸੂਸ ਕੀਤੇ। ਪਰ ਨਾਲ ਹੀ ਉਨ੍ਹਾਂ ਵਿਚ ਬਹੁਤ ਵੱਡੀਆਂ ਗੱਲਾਂ ਵੀ ਸਨ ਜਿਨ੍ਹਾਂ ਅੰਦਰ ਇਤਿਹਾਸ ਦੇ ਵਹਿਣ ਨੂੰ ਹੀ ਮੋੜ ਦੇਣ ਦੀ ਸਮਰੱਥਾ, ਤਾਕਤ ਤੇ ਹੈਰਾਨਕੁਨ ਜਨੂੰਨ ਸੀ। ਬਸ, ਇਉਂ ਸਮਝੋ ਜਿਵੇਂ 18ਵੀਂ ਸਦੀ ਦੇ ਇਤਿਹਾਸ ਦੇ ਦਰਸ਼ਨ ਹੋ ਰਹੇ ਸਨ।
ਪਰ ਇਸ ਇਤਿਹਾਸ ਨੂੰ ਸਾਂਭਣ ਲਈ ਬਹੁਤ ਕੁਝ ਕਰਨ ਵਾਲਾ ਹੈ। ਲੇਕਿਨ ਉਸ ਦੌਰ ਦੇ ਚਸ਼ਮਦੀਦ ਗਵਾਹਾਂ ਵਿਚ ਇਹ ਅਹਿਸਾਸ ਲਗਪਗ ਖ਼ਤਮ ਹੋ ਗਿਆ ਜਾਪਦਾ ਹੈ। ਇੱਥੋਂ ਤੱਕ ਸਿੱਖ ਸੋਵਰੇਨ ਸਟੇਟ (ਖਾਲਿਸਤਾਨ) ਦੀ ਵਿਚਾਰਧਾਰਾ ਨੂੰ ਵੀ ਕਈ ਵਾਰ ਚਲਾਕ ਵਿਦਵਤਾ ਦੇ ਜ਼ੋਰ ਨਾਲ ਪੇਤਲਾ ਕਰਨ ਦੇ ਯਤਨ ਹੋ ਰਹੇ ਹਨ ਅਤੇ ਕਈ ਵਾਰ ਬਦਲ ਰਹੀਆਂ ਹਾਲਤਾਂ ਦਾ ਮੋਢਾ ਵਰਤ ਕੇ ਨਿਸ਼ਾਨੇ ਬਾਰੇ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਇਹ ਬੇਹੱਦ ਅਫ਼ਸੋਸਨਾਕ ਰੁਝਾਨ ਹੈ ਅਤੇ ਸਾਨੂੰ ਸਭਨਾਂ ਨੂੰ ਇਨ੍ਹਾਂ ਰੁਝਾਨਾਂ ਨਾਲ ਜੁੜੇ ਵੀਰਾਂ ਵੱਲੋਂ ਪੇਸ਼ ਕੀਤੀ ਤੇ ਪ੍ਰਚਾਰੀ ਜਾ ਰਹੀ ਇਕ ਪੱਖੀ ਤੇ ਸੌੜੀ ਸਮਝ ਦੀਆਂ ਸਾਰੀਆਂ ਗੁੱਝੀਆਂ ਤੇ ਪ੍ਰਤੱਖ ਪਰਤਾਂ ਨੂੰ ਪਛਾਣਨ ਤੇ ਉਨ੍ਹਾਂ ਦਾ ਸਿਧਾਂਤਕ ਅਤੇ ਦਲੀਲ-ਪੂਰਨ ਮੁਕਾਬਲਾ ਕਰਨ ਲਈ ਜਥੇਬੰਦਕ ਰੂਪ ਵਿਚ ਤਿਆਰ ਰਹਿਣਾ ਚਾਹੀਦਾ ਹੈ।
ਸਾਨੂੰ ਅੰਤਰਰਾਸ਼ਟਰੀ ਵਿਹੜੇ ਵਿਚ ਹੋ ਰਹੀਆਂ ਸਰਗਰਮੀਆਂ ਵਿਚ ਵੀ ਭਰਪੂਰ ਦਿਲਚਸਪੀ ਲੈਣ ਦਾ ਮਾਹੌਲ ਤਿਆਰ ਕਰਨਾ ਪਵੇਗਾ। ਯੂਕਰੇਨ-ਰੂਸ ਦੀ ਜੰਗ ਨਾਲ ਵੀ ਇਕ ਨਵਾਂ ਵਿਸ਼ਵ ਨਿਜ਼ਾਮ ਕੀ ਹੋਂਦ ਵਿਚ ਆਵੇਗਾ? ਕੀ ਇਹ ਜੰਗ ਅਸਲ ਵਿਚ ਪੂਰਬ ਤੇ ਪੱਛਮ ਦੀ ਜੰਗ ਹੈ? ਕੀ ਅਸਲ ਵਿਚ ਨਵਾਂ ਵਿਸ਼ਵ ਨਿਜ਼ਾਮ ਮਲਟੀਪੋਲਰ (ਮੁਲਟਿਪੋਲਅਰ) ਹੋਣ ਜਾ ਰਿਹਾ ਹੈ? ਕੀ ਇਸ ਨਵੇਂ ਨਿਜ਼ਾਮ ਵਿਚ ਸਿੱਖ ਕੌਮ ਦਾ ਆਪਣਾ, ‘ਹਾਂ ਆਪਣਾ’ ਕੋਈ ਰੋਲ ਹੋ ਸਕਦੈ? ਇਹੋ ਜਿਹੇ ਗੁੰਝਲਦਾਰ ਤੇ ਅਹਿਮ ਸਵਾਲਾਂ ਦਾ ਜਵਾਬ ਅੱਜ ਵਿਦਵਾਨਾਂ ਤੇ ਖਾਸ ਕਰਕੇ ਵਿਦੇਸ਼ਾਂ ਵਿਚ ਰਾਜਨੀਤੀ ਤੇ ਧਰਮ ਦੇ ਪਿੜ ਵਿਚ ਉਚੀਆਂ ਪੜ੍ਹਾਈਆਂ ਕਰ ਰਹੇ ਵਿਦਿਆਰਥੀਆਂ ਨੂੰ ਦੇਣਾ ਹੀ ਪੈਣਾ ਹੈ। ਕੀ ਉਨ੍ਹਾਂ ਨੂੰ ਇਸ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੈ?
29 ਅਪ੍ਰੈਲ ਦੇ ਐਲਾਨਨਾਮੇ ਬਾਰੇ ਬਹੁਤ ਕੁਝ ਕਹਿਣ ਨੂੰ ਦਿਲ ਕਰਦਾ ਹੈ ਜੋ ਕਿਹਾ ਨਹੀਂ ਗਿਆ, ਜੋ ਸਮਝਿਆ ਨਹੀਂ ਗਿਆ।
ਪਰ ਅਜ ਐਲਾਨਨਾਮੇ ਦੀ ਸੱਜਰੀ ਸਵੇਰ `ਤੇ ਖ਼ਾਲਸਾ ਪੰਥ ਨੂੰ ਮੁਬਾਰਕਾਂ, ਉਨ੍ਹਾਂ ਯੋਧਿਆਂ ਨੂੰ ਮੁਬਾਰਕਾਂ ਜਿਨ੍ਹਾਂ ਨੇ ਆਪਣਾ ਖ਼ੂਨ ਸਿੰਜ ਕੇ ਇਸ ਐਲਾਨਨਾਮੇ `ਤੇ ਪਹਿਰਾ ਦਿੱਤਾ, ਜੇਲ੍ਹਾਂ ਵਿਚ ਬੰਦ ਜੁਝਾਰੂ ਵੀਰਾਂ ਨੂੰ ਮੁਬਾਰਕਾਂ, ਅੱਜ ਦੀ ਉਸ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਮੁਬਾਰਕਾਂ ਜੋ ਘੁੱਪ ਹਨੇਰਿਆਂ ਵਿਚ ਵੀ ਆਜ਼ਾਦੀ ਦੇ ਦੀਪ ਨੂੰ ਜਗਦਾ ਰੱਖਣ ਲਈ ਕਿਸੇ ਨਾ ਕਿਸੇ ਢੰਗ ਨਾਲ਼ ਜੱਦੋ-ਜਹਿਦ ਕਰ ਰਹੇ ਹਨ। ਆਜ਼ਾਦੀ ਲਈ ਲੜ ਰਹੇ ਦੁਨੀਆ ਭਰ ਦੇ ਯੋਧਿਆਂ ਨੂੰ ਮੁਬਾਰਕਾਂ ਜੋ ਖਾਲਸਾ ਪੰਥ ਦੇ ਦਿਲਾਂ ਵਿਚ ਵਸਦੇ ਹਨ।