ਬੇਈਮਾਨ ਈਮਾਨਦਾਰੀ !

ਤੁਸੀਂ ਕਹੋਗੇ ਇਹ ਬੇਈਮਾਨ ਈਮਾਨਦਾਰੀ ਕੀ ਹੋਈ ਵਈ? ਦੱਸਦਾ ਹਾਂ। ਜਿਵੇਂ ਇੱਕ ਮਿਲਾਵਟੀ ਖਾਦ ਪਦਾਰਥ ਹੁੰਦੇ ਹਨ ਅਤੇ ਦੂਜੇ ਖਾਲਸ ਇਵੇਂ ਇੱਕ ਖਾਲਸ ਈਮਾਨਦਾਰੀ ਹੁੰਦੀ ਹੈ ਤੇ ਦੂਜੀ ਮਿਲਾਵਟੀ ਭਾਵ ਬੇਈਮਾਨ।

ਸਬਰ ਕਰੋ ਮਿਸਾਲਾਂ ਵੀ ਦਿਆਂਗਾ। ਕੈਨੇਡਾ ਵਿਖੇ ਐਨ.ਡੀ.ਪੀ. ਦੇ ਨਵੇਂ ਬਣੇ ਮੁਖੀ ਜਗਮੀਤ ਸਿੰਘ ਨੇ ਸੀ ਬੀ ਸੀ ਇੰਟਰਵਿਊ ਦੌਰਾਨ 1985 ਵਿਚ ਏਅਰ ਇੰਡੀਆ ਦੀ ਉਡਾਣ 182 ਨੂੰ ਅੱਧ ਅਸਮਾਨ ਵਿਚ ਬੰਬ ਨਾਲ ਉਡਾਉਣ ਵਾਲੇ ਮਾਸਟਰ ਮਾਈਂਡ ਦੀਆਂ ਕੁਝ ਕੈਨੇਡੀਅਨ ਗੁਰਦੁਆਰਿਆਂ ਵਿਚ ਲੱਗੀਆਂ ਤਸਵੀਰਾਂ ਬਾਰੇ ਨਿੰਦਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਦਹਿਸ਼ਤਗਰਦਾਂ ਦੇ ਹਮਦਰਦ ਬਣੇ ਇਸ ਆਗੂ ਨੂੰ ਹੁਣ ਭਾਰਤ ਵਿਚ ਮੁਸਲਮਾਨਾਂ `ਤੇ ਹੋ ਰਹੇ ਹਮਲਿਆਂ ਦੀ ਬਹੁਤ ਚਿੰਤਾ ਸਤਾ ਰਹੀ ਹੈ। ਉਹ ਮੋਦੀ ਨੂੰ ਇਹ ਸਭ ਰੋਕਣ ਦੀ ਸਲਾਹ ਦੇ ਰਿਹਾ ਹੈ ਅਤੇ ਆਪਣੀ ਬੇਈਮਾਨ ਈਮਾਨਦਾਰੀ ਦਾ ਸਬੂਤ ਦੇ ਰਿਹਾ ਹੈ। ਕੁਝ ਸਮਾਂ ਪਹਿਲਾਂ ਯੂ ਪੀ ਦੇ ਗਾਜ਼ੀਆਬਾਦ ਕੋਰਟ ਵਿਖੇ ਇੱਕ ਹਿੰਦੂ ਲੜਕੀ ਨਾਲ ਵਿਆਹ ਕਰਾਉਣ ਆਏ ਇੱਕ ਮੁਸਲਿਮ ਨੌਜਵਾਨ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟ ਦਿੱਤਾ ਸੀ। ਬੜਾ ਮਾੜਾ ਹੋਇਆ ਕਿਉਂਕਿ ਭਾਰਤੀ ਸੰਵਿਧਾਨ ਸਭ ਬਾਲਗਾਂ ਨੂੰ ਮਰਜ਼ੀ ਮੁਤਾਬਕ ਵਿਆਹ ਕਰਾਉਣ ਦੀ ਖੁੱਲ੍ਹ ਦਿੰਦਾ ਹੈ। ਇਸ ਲਈ ਇਸ ਘਟਨਾ ਨੂੰ ਲੈ ਕੇ ਸੰਸਦ, ਸੜਕਾਂ ਅਤੇ ਮੀਡੀਆ ਵਿਚ ਬੜਾ ਹੰਗਾਮਾ ਹੋਇਆ ਹੈ, ਜੋ ਹੋਣਾ ਵੀ ਚਾਹੀਦਾ ਸੀ।
ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਬਾੜਮੇਰ ਦੇ ਇੱਕ ਪਿੰਡ ਮੇਕਰਨਵਾਲਾ ਵਿਚ 22 ਸਾਲਾ ਖੇਤਾਰਾਮ ਭੀਲ ਨੂੰ ਇੱਕ ਸਮਾਜ ਦੇ ਲੋਕਾਂ ਨੇ ਕੁੱਟ ਕੁੱਟ ਮਾਰ ਦਿੱਤਾ ਸੀ ਕਿਉਂਕਿ ਉਸ ਨੇ ਹਿੰਦੂ ਹੁੰਦੇ ਹੋਏ ਮੁਸਲਿਮ ਕੁੜੀ ਨਾਲ ਪਿਆਰ ਕਰਨ ਦੀ ਜੁਰਅਤ ਕੀਤੀ ਸੀ। ਇਸ ਮਾਮਲੇ ਵਿਚ ਬਣਦੀ ਪੁਲਿਸ ਕਾਰਵਾਈ ਹੀ ਹੋਈ ਪਰ ਸੰਸਦ ਜਾਂ ਮੀਡੀਆ ਵਿਚ ਕੋਈ ਹੰਗਾਮਾ ਨਹੀਂ ਹੋਇਆ। ਇਹੋ ਜਿਹੇ ਅਨੇਕਾਂ ਮਾਮਲੇ ਹਨ ਜਿੱਥੇ ਮੁਸਲਿਮ ਕੁੜੀ ਨਾਲ ਸੰਬੰਧ ਰੱਖਣ ਵਾਲੇ ਹਿੰਦੂ ਯੁਵਕ ਮੁਸਲਮ ਕੱਟੜਪੰਥੀਆਂ ਵੱਲੋਂ ਮਾਰ ਮੁਕਾਏ ਗਏ ਪਰ ਇਹ ਮਾਮੂਲੀ ਖਬਰਾਂ ਬਣ ਕੇ ਰਹਿ ਗਏ। ਜਦ ਇਸ ਦਾ ਉਲਟਾ ਹੁੰਦਾ ਹੈ ਭਾਵ ਮੁਸਲਿਮ ਲੜਕਾ ਹਿੰਦੂ ਕੁੜੀ ਨਾਲ ਰਿਸ਼ਤਾ ਰਖਦਿਆਂ ਹਿੰਦੂਆਂ ਦੀ ਹਿੰਸਾ ਦਾ ਸਿ਼ਕਾਰ ਹੁੰਦਾ ਹੈ ਤਾਂ ਸੈਕੂਲਰ ਮੀਡੀਆ ਭੂਚਾਲ ਲਿਆ ਦਿੰਦਾ ਹੈ। ਫਿਰ ਹਿੰਦੁਤਵ ਭਾਰਤ ਦੀ ਅਖੰਡਤਾ ਲਈ ਵੱਡਾ ਖਤਰਾ ਬਣ ਜਾਂਦਾ ਹੈ। ਹੁਣ ਵੀ ਇਹੀ ਹੋ ਰਿਹੈ। ਹਿੰਦੂ-ਮੁਸਲਿਮ ਦੰਗਿਆਂ ਵਿਚ ਹਿੰਸਾ ਲਈ ਵਧੇਰੇ ਹਿੰਦੂਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹੈ। ਬਚਪਨ ਤੋਂ ਲੈ ਕੇ ਲੰਮਾ ਸਮਾਂ ਯੂ ਪੀ ਦੇ ਮੁਸਲਿਮ ਬਹੁਗਿਣਤੀ ਸ਼ਹਿਰਾਂ (ਅਲੀਗੜ੍ਹ, ਮੁਰਾਦਾਬਾਦ, ਰਾਮਪੁਰ ਆਦਿ) ਵਿਚ ਰਿਹਾ ਹਾਂ ਅਤੇ ਦੇਖਿਆ ਹੈ ਕਿ ਕਾਂਗਰਸ ਰਾਜ ਵੇਲੇ ਵੀ ਇਸ ਤਰ੍ਹਾਂ ਦੇ ਦੰਗੇ ਅਕਸਰ ਹੁੰਦੇ ਰਹੇ ਹਨ ਪਰ ਅੱਜ-ਕੱਲ੍ਹ ਦੇ ਦੰਗਿਆਂ ਨੂੰ ਬਹੁਤੀ ਕਵਰੇਜ ਦੇ ਸਿਰਫ ਇਸ ਲਈ ਹਿੰਦੂਆਂ ਸਿਰ ਮੜ੍ਹਿਆ ਜਾ ਰਿਹੈ ਕਿਉਂਕਿ ਇੱਕ ਵਿਸ਼ੇਸ਼ ਵਰਗ ਭਾਜਪਾ ਅਤੇ ਮੋਦੀ ਦਾ ਘੋਰ ਵਿਰੋਧੀ ਹੈ। ਤਰਕਸ਼ੀਲ ਕਾਮਰੇਡ ਅਤੇ ਅਖੌਤੀ ਪ੍ਰਗਤੀਸ਼ੀਲ ਵੀ ਸਿਰਫ ਮੋਦੀ ਅਤੇ ਹਿੰਦੁਤਵ ਨਾਲ ਵਿਰੋਧ ਸਦਕਾ ਹਿਜਾਬ, ਮਸਜਿਦਾਂ `ਤੇ ਲਾਊਡ ਸਪੀਕਰਾਂ ਦੁਆਰਾ ਅਜਾਨ ਅਤੇ ਸਰਵਜਨਕ ਸਥਾਨਾਂ `ਤੇ ਨਮਾਜ਼ ਅਦਾ ਕਰਨ ਦੇ ਹੱਕ ਵਿਚ ਡਟ ਜਾਂਦੇ ਹਨ। ਉਂਝ ਅਖੌਤੀ ਸੈਕੁਲਰਾਂ ਦੀ ਇਹ ਇੱਕਤਰਫਾ ਨਫਰਤ ਹਿੰਦੂਆਂ ਦਾ ਧਰੂਵੀਕਰਨ ਕਰ ਬੀ ਜੇ ਪੀ ਨੂੰ ਰਾਸ ਵੀ ਆ ਰਹੀ ਹੈ। ਭਾਰਤ ਵਿਚਲੇ ਮੁਸਲਮਾਨਾਂ ਲਈ ਹਾਏ ਤੌਬਾ ਮਚਾਉਣ ਵਾਲਿਆਂ ਲਈ ਇੱਕ ਸਵਾਲ ਹੈ। ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਇਸਲਾਮਿਕ ਮੁਲਕਾਂ ਤੋਂ ਹਿੰਦੂਆਂ-ਸਿੱਖਾਂ ਦਾ ਲਗਾਤਾਰ ਪਲਾਇਨ ਹੋ ਰਿਹੈ ਪਰ ਭਾਰਤ ਦੇ ਮੁਸਲਿਮ ਕਿਸੇ ਕੀਮਤ `ਤੇ ਇਸਲਾਮਕ ਮੁਲਕਾਂ ਵਿਚ ਵੜਨ ਲਈ ਤਿਆਰ ਨਹੀਂ। ਕਿਉਂ? ਕਿਉਂਕਿ ਉਹ ਆਪਣੇ ਆਪ ਨੂੰ ਭਾਰਤ ਵਿਚ ਹਾਲੇ ਵੀ ਇਸਲਾਮਕ ਮੁਲਕਾਂ ਤੋਂ ਵਧੇਰੇ ਸੁਰੱਖਿਅਤ ਸਮਝਦੇ ਹਨ। ਇਸ ਲਈ ਸਾਨੂੰ ਈਮਾਨਦਾਰੀ ਦਾ ਪੱਲਾ ਫੜਦਿਆਂ ਭਾਰਤ ਵਿਚਲੀ ਹੁਣ ਤੱਕ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਨਾ ਕਿ ਬੇਈਮਾਨ ਈਮਾਨਦਾਰੀ ਦਿਖਾਉਂਦਿਆਂ ਇਸ ਸਾਂਝ ਦਾ ਘਾਣ ਕਰਨਾ ਕਿਉਂਕਿ ਇੱਕ ਤਰਫਾ ਨਿਰਪੱਖਤਾ ਕਦੇ ਨਿਰਪੱਖਤਾ ਨਹੀਂ ਹੁੰਦੀ। ਜੇ ਹੁੰਦੀ ਹੈ ਤਾਂ ਬੇਈਮਾਨ ਨਿਰਪੱਖਤਾ ਜੋ ਦੋ ਧਿਰਾਂ ਵਿਚਲਾ ਪਾੜਾ ਵਧਾਉਂਦੀ ਹੈ, ਘਟਾਉਂਦੀ ਨਹੀਂ।
-ਹਰਜੀਤ ਦਿਉਲ