ਸਾਧਸੰਗਤਿ ਗੁਰੁ ਸਬਦੁ ਵਸਾਇਆ

ਗੁਰਨਾਮ ਕੌਰ
ਕੈਨੇਡਾ
ਸਤਵੀਂ ਵਾਰ ਦੀ ਗਿਆਰਵੀਂ ਪਉੜੀ ਵਿਚ ਭਾਈ ਗੁਰਦਾਸ ਜੀ ਗਿਆਰਾਂ ਦੀ ਗਿਣਤੀ ਰਾਹੀਂ ਗੁਰਮੁਖਿ ਦੀ ਵਿਆਖਿਆ ਕਰਦੇ ਹਨ। ਆਮ ਤੌਰ `ਤੇ ਹਿੰਦੂ ਪ੍ਰੰਪਰਾ ਵਿਚ ਇਕਾਦਸ਼ੀ ਅਰਥਾਤ ਚੰਦਰਮਾ ਦੇ ਚਾਨਣੇ ਪੱਖ ਦੇ ਗਿਆਰਵੇਂ ਦਿਨ ਦਾ ਵਰਤ ਰੱਖਣਾ ਖਾਸ ਕਰਕੇ ਇਸਤ੍ਰੀਆਂ ਲਈ ਚੰਗਾ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਅਨੁਸਾਰ ਗੁਰਮੁਖਿ ਲਈ ਮਨ ਦੀ ਇਕਾਗਰਤਾ ਨੂੰ ਬਣਾ ਕੇ ਰੱਖਣਾ ਹੀ ਪਤੀਬ੍ਰਤ ਧਰਮ ਅਤੇ ਇਕਾਦਸ਼ੀ ਵਰਤ ਹੈ (ਵਰਤ ਆਦਿ ਰੱਖਣ ਨੂੰ ਗੁਰਮਤਿ ਵਿਚ ਕੋਈ ਮਾਨਤਾ ਪ੍ਰਾਪਤ ਨਹੀਂ ਹੈ।

ਇੱਥੇ ਭਾਈ ਗੁਰਦਾਸ ਗਿਆਰਾਂ ਦੀ ਗਿਣਤੀ ਨਾਲ ਜੁੜੀਆਂ ਕੁੱਝ ਪੁਰਾਤਨ ਪ੍ਰੰਪਰਾਵਾਂ ਦੀਆਂ ਉਦਾਹਰਨਾਂ ਲੈ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੁਰੂ ਦੀ ਮਤਿ ਅਨੁਸਾਰ ਚੱਲਣ ਵਾਲੇ ਗੁਰਸਿੱਖ ਲਈ ਆਪਣਾ ਧਿਆਨ ਗੁਰੂ ਦੀਆਂ ਸਿੱਖਿਆਵਾਂ `ਤੇ ਚੱਲਦੇ ਹੋਏ ਵਾਹਿਗੁਰੂ ਵੱਲ ਲਾਉਣ ਵਿਚ ਹੀ ਸਭ ਕੁੱਝ ਆ ਜਾਂਦਾ ਹੈ); ਜਿਵੇਂ ਭਾਈ ਗੁਰਦਾਸ ਨੇ ਕਬਿੱਤ-ਸਵੱਈਆ ਵਿਚ ਵੀ ਇਸ ਤੱਥ ਦਾ ਇਜ਼ਹਾਰ ਕੀਤਾ ਹੈ ‘ਗੁਰ ਸਿਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ।’ ਅੱਗੇ ਗਿਆਰਾਂ ਦੀ ਗਿਣਤੀ ਨੂੰ ਲੈ ਕੇ ਦੱਸਿਆ ਹੈ ਕਿ ਰੁਦਰ (ਸ਼ਿਵ) ਦੇ ਗਿਆਰਾਂ ਸਰੂਪ ਵੀ ਇਸ ਸੰਸਾਰ ਸਮੁੰਦਰ ਵਿਚ ਪਰਮਾਤਮਾ ਦੀ ਸਚਾਈ ਨੂੰ ਇੱਕ ਪਲ ਲਈ ਵੀ ਨਹੀਂ ਸਮਝ ਸਕੇ। (ਸ਼ਿਵ ਨੂੰ ਰੁਦਰ ਵੀ ਕਿਹਾ ਜਾਂਦਾ ਹੈ ਖਾਸ ਕਰਕੇ ਰਿਗ ਵੇਦ ਵਿਚ। ਕਿਹਾ ਜਾਂਦਾ ਹੈ ਕਿ ਸ਼ਿਵ ਨੇ ਅਵਤਾਰਾਂ ਦੇ ਰੂਪ ਵਿਚ ਆਪਣੇ ਗਿਆਰਾਂ ਸਰੂਪ ਪੈਦਾ ਕੀਤੇ, ਜਿਨ੍ਹਾਂ ਦੇ ਨਾਮ ਹਨ ਕਪਿਲ, ਪਿੰਗਲਾ, ਭੀਮ, ਵਿਰੁਪਕਸ਼, ਵਿਲੋਹਿਤ, ਅਜੇਸ਼, ਸ਼ਾਸਨ, ਸ਼ਾਸਤ, ਸ਼ੰਭੂ, ਚੰਦ ਅਤੇ ਭਵ ਆਦਿ)। ਏਨੇ ਅਵਤਾਰ ਧਾਰ ਕੇ ਵੀ ਉਹ ਪਰਮਾਤਮਾ ਨੂੰ ਨਹੀਂ ਸਮਝ ਸਕਿਆ।
ਗੁਰਮੁਖਿ ਨੇ ਪੰਜੇ ਗਿਆਨ ਇੰਦ੍ਰੀਆਂ, ਪੰਜੇ ਕਰਮ ਇੰਦ੍ਰੀਆਂ ਅਤੇ ਗਿਆਰਵੇਂ ਮਨ ਨੂੰ ਕਾਬੂ ਵਿਚ ਕਰ ਕੇ ਇਨ੍ਹਾਂ ਗਿਆਰਾਂ ਦੇ ਵਿਸ਼ਿਆਂ ਅਰਥਾਤ ਇਨ੍ਹਾਂ ਦੇ ਕਾਰਜਾਂ ਨੂੰ ਵੀ ਕਾਬੂ ਵਿਚ ਕਰ ਲਿਆ ਹੈ ਅਤੇ ਮਨ ਨੂੰ ਭਗਤੀ ਦੀ ਕਸਵੱਟੀ `ਤੇ ਲਾ ਕੇ ਪਵਿੱਤਰ ਕਰ ਲਿਆ ਹੈ। ਗੁਰਮੁਖਿ ਨੇ ਗਿਆਰਾਂ ਗੁਣ ਆਪਣੇ ਅੰਦਰ ਪੈਦਾ ਕਰ ਕੇ ਉਨ੍ਹਾਂ ਦੇ ਵਿਸਥਾਰ ਰਾਹੀਂ ਆਪਣੇ ਕੱਚੇ ਅਤੇ ਅਘੜ ਮਨ ਨੂੰ ਘੜ ਲਿਆ ਹੈ ਅਤੇ ਸਥਿਰ/ਪੱਕਾ ਕਰ ਲਿਆ ਹੈ। ਸਿੱਖ ਨੈਤਿਕਤਾ ਅਨੁਸਾਰ ਸਤਿ, ਸੰਤੋਖ, ਦਇਆ, ਧਰਮ/ਨਿਆਉਂ, ਧੀਰਜ, ਸਿਆਣਪ, ਗਿਆਨ, ਸੰਜਮ, ਹਲੀਮੀ, ਸਿਫ਼ਤਿ, ਸ਼ੀਲ, ਨਿਰਭੈਤਾ ਆਦਿ ਨੈਤਿਕ ਗੁਣ ਮੰਨੇ ਗਏ ਹਨ, ਜਿਨ੍ਹਾਂ ਦਾ ਗੁਰਸਿੱਖ ਜਾਂ ਗੁਰਮੁਖਿ ਨੂੰ ਧਾਰਨੀ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਅਨੁਸਾਰ ਇਨ੍ਹਾਂ ਨੈਤਿਕ ਗੁਣਾਂ ਦਾ ਵਿਸਥਾਰ ਕਰ ਕੇ ਗੁਰਮੁਖਿ ਨੇ ਆਪਣੇ ਮਨ ਵਿਚੋਂ ਦਵੈਤਭਾਵ (ਦੂਜਾ ਭਾਉ) ਅਤੇ ਸੰਦੇਹ ਨੂੰ ਦੂਰ ਕਰ ਦਿੱਤਾ ਹੈ। ਗਿਆਰਾਂ ਵਾਰ ਗੁਰੂ ਤੋਂ ਗੁਰਮੰਤਰ ਸੁਣ ਕੇ ਉਸ ਨੂੰ ਮਨ ਵਿਚ ਦਿਰੜਾ ਲਿਆ ਹੈ ਅਤੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਸਿੱਖ ਸਦਵਾਇਆ ਹੈ। ਭਾਵ ਆਪਣੀਆਂ ਪੰਜੇ ਗਿਆਨ ਇੰਦ੍ਰੀਆਂ, ਪੰਜੇ ਕਰਮ ਇੰਦ੍ਰੀਆਂ ਅਤੇ ਮਨ ਨੂੰ ਚੰਗੀ ਤਰ੍ਹਾਂ ਸਿਧਾ ਲਿਆ ਹੈ ਅਤੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਸ ਦਾ ਮਨਣ ਕੀਤਾ ਅਤੇ ਉਸ `ਤੇ ਧਿਆਨ ਧਰਿਆ ਹੈ। ਇਸ ਤਰ੍ਹਾਂ ਆਪਣੀ ਸ਼ਖਸੀਅਤ ਨੂੰ ਗੁਰੂ ਦੀ ਸਿੱਖਿਆ ਅਨੁਸਾਰ ਢਾਲ ਕੇ ਗੁਰਸਿੱਖ ਬਣ ਗਿਆ ਹੈ। ਭਾਈ ਸਾਹਿਬ ਨਤੀਜਾ ਇਹ ਕੱਢਦੇ ਹਨ ਕਿ ਸਤਿਸੰਗਤਿ ਵਿਚ ਕੇਵਲ ਗੁਰੂ ਦਾ ਸ਼ਬਦ ਮਨਾਂ ਵਿਚ ਵਸਦਾ ਹੈ ਭਾਵ ਗੁਰੂ ਨੇ ਆਪਣਾ ਸ਼ਬਦ ਸਤਿਸੰਗਤਿ ਵਿਚ ਵਸਾਇਆ ਹੈ:
ਇਕ ਮਨਿ ਹੋਇ ਇਕਾਦਸੀ
ਗੁਰਮੁਖਿ ਵਰਤੁ ਪਤਿਬ੍ਰਤਿ ਭਾਇਆ।
ਗਿਆਰਹ ਰੁਦ੍ਰ ਸਮੁਦ੍ਰ ਵਿਚਿ
ਪਲ ਦਾ ਪਾਰਾਵਾਰੁ ਨ ਪਾਇਆ।
ਗਿਆਰਹ ਕਸ ਗਿਆਰਹ ਕਸੇ
ਕਸਿ ਕਸਵੱਟੀ ਕਸਕਸਾਇਆ।
ਗਿਆਰਹ ਗੁਣ ਫੈਲਾਉ ਕਰਿ
ਕਚ ਪਕਾਈ ਅਘੜ ਘੜਾਇਆ।
ਗਿਆਰਹ ਦਾਉ ਚੜ੍ਹਾਉ ਕਰਿ
ਦੂਜਾ ਭਾਉ ਕੁਦਾਉ ਰਹਾਇਆ।
ਗਿਆਰਹ ਗੇੜਾ ਸਿਖੁ ਸੁਣਿ
ਗੁਰ ਸਿਖੁ ਲੈ ਗੁਰਸਿਖੁ ਸਦਾਇਆ।
ਸਾਧਸੰਗਤਿ ਗੁਰੁ ਸਬਦੁ ਵਸਾਇਆ॥11॥
ਬਾਰ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਬਾਰਾਂ (12) ਦੀ ਗਿਣਤੀ ਰਾਹੀਂ ਗੁਰਮੁਖਿ ਦਾ ਵਰਣਨ ਕਰਦੇ ਹਨ। ਨਾਥ-ਜੋਗੀਆਂ ਦੇ ਬਾਰਾਂ ਪੰਥ ਜਾਂ ਫਿਰਕੇ ਮੰਨੇ ਜਾਂਦੇ ਹਨ। ਭਾਈ ਗੁਰਦਾਸ ਅਨੁਸਾਰ ਜੋਗੀਆ ਦੇ ਬਾਰਾਂ ਪੰਥਾਂ ਨੂੰ ਜਿੱਤ ਕੇ ਗੁਰਮੁਖਾਂ ਨੇ ਗੁਰਮਤਿ ਦਾ ਗਾਡੀ ਰਾਹ ਚਲਾਇਆ ਹੈ ਜੋ ਮੁਕਤੀ ਪ੍ਰਾਪਤ ਕਰਨ ਦਾ ਸਿੱਧਾ, ਸਪੱਸ਼ਟ ਅਤੇ ਸੌਖਾ ਰਸਤਾ ਹੈ। ਸੂਰਜ ਨੂੰ ਇੱਥੇ ਤਮੋ ਅਤੇ ਰਜੋ ਗੁਣਾਂ ਦਾ ਪ੍ਰਤੀਕ ਮੰਨਿਆ ਗਿਆ ਹੈ ਜੋ ਬਾਰਾਂ ਮਹੀਨੇ ਵਿਚ ਚੱਕਰ ਪੂਰਾ ਕਰਦਾ ਹੈ ਅਤੇ ਚੰਦ੍ਰਮਾ ਨੂੰ ਸਤੋ ਗੁਣ ਦਾ ਪ੍ਰਤੀਕ ਮੰਨਿਆ ਹੈ, ਜੋ ਇੱਕ ਮਹੀਨੇ ਵਿਚ ਚੱਕਰ ਪੂਰਾ ਕਰਦਾ ਹੈ। ਇਸ ਦਾ ਭਾਵਅਰਥ ਹੈ ਕਿ ਤਮੋ ਅਤੇ ਰਜੋ ਗੁਣੀ ਸਾਧਨਾ ਵਿਚ ਜੋ ਕਾਰਜ ਬਾਰਾਂ ਮਹੀਨੇ ਵਿਚ ਸਿਰੇ ਚੜ੍ਹਦਾ ਹੈ, ਉਹ ਸਤੋ ਗੁਣੀ ਸਾਧਨਾ ਵਿਚ ਇੱਕ ਮਹੀਨੇ ਵਿਚ ਪੂਰਾ ਹੋ ਜਾਂਦਾ ਹੈ। (ਗੁਰਮੁਖਿ ਨੂੰ ਸਤੋ ਗੁਣਾਂ ਵਾਲਾ ਮੰਨਿਆ ਗਿਆ ਹੈ)। ਸੂਰਜ ਦੇ ਬਾਰਾਂ ਮਹੀਨੇ (ਦਸ ਇੰਦ੍ਰੇ-ਪੰਜ ਗਿਆਨ ਇੰਦ੍ਰੇ ਅਤੇ ਪੰਜ ਕਰਮ ਇੰਦ੍ਰੇ + ਮਨ ਅਤੇ ਬੁੱਧੀ) ਅਤੇ ਚੰਦਰਮਾ ਦੀਆਂ 16 ਅਵਸਥਾਵਾਂ (ਦਸ ਪ੍ਰਾਣ, ਪੰਜ ਤੱਤ ਅਤੇ ਮਨ) ਮਿਲ ਕੇ ਸੂਰਜ ਚੰਦਰਮਾ ਦੇ ਘਰ ਵਿਚ ਚਲਾ ਗਿਆ ਭਾਵ ਰਜਸ ਅਤੇ ਤਮਸ ਜਾ ਕੇ ਸਤਵ ਵਿਚ ਸਮਿਲਤ ਹੋ ਗਏ ਅਰਥਾਤ ਦਿਨ ਚੜ੍ਹ ਗਿਆ ਅਤੇ ਗਿਆਨ ਦਾ ਚਾਨਣ ਹੋ ਗਿਆ। ਸੂਰਜ ਚੜ੍ਹਨ `ਤੇ ਚੰਦਰਮਾ ਅਲੋਪ ਹੋ ਜਾਂਦਾ ਹੈ। ਗੁਰੂ ਦੇ ਦਿੱਤੇ ਗਿਆਨ ਨਾਲ ਅਗਿਆਨ ਦਾ ਹਨੇਰਾ ਮਿਟ ਗਿਆ ਅਤੇ ਗਿਆਨ ਦਾ ਚਾਨਣ ਹੋ ਗਿਆ। ਗੁਰਮੁਖਾਂ ਨੇ ਜੋਗੀਆਂ ਦੇ 12 ਪੰਥਾਂ ਦੇ ਮੱਥੇ ਦੇ ਬਾਰਾਂ ਤਿਲਕਾਂ (ਨਿਸ਼ਾਨਾਂ) ਨੂੰ ਮਿਟਾ ਕੇ ਆਪਣੇ ਮੱਥੇ `ਤੇ ਕੇਵਲ ਪਰਮਾਤਮਾ ਦੇ ਪ੍ਰੇਮ ਦਾ ਤਿਲਕ (ਨਿਸ਼ਾਨ) ਸਰਵ ਸਮਿਆਂ ਲਈ ਲਾ ਲਿਆ ਹੈ। ਗੁਰਮੁਖਿ ਨੇ 12 ਰਾਸ਼ੀਆਂ (ਮੇਖ, ਵਰਿਸ਼, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਵਰਿਸ਼ਚਕ, ਧਨੁ, ਮਕਰ, ਕੁੰਭ, ਮੀਨ ਆਦਿ) ਨੂੰ ਜਿੱਤ ਕੇ ਸੱਚੀ ਰਾਸ਼ੀ ਪਰਮਾਤਮਾ ਦੇ ਧਨ ਦੀ ਰਾਸ਼ੀ ਦੇ ਸੱਚੇ ਆਚਰਨ ਦੀ ਰਸਮ ਕੀਤੀ ਹੈ। ਗੁਰਮੁਖਿ ਬਾਰਾਂ ਬੰਨੀਆਂ ਦਾ ਸੋਨਾ ਹੋ ਕੇ ਅਰਥਾਤ ਸ਼ੁਧ ਸੋਨਾ ਹੋ ਕੇ ਤੁਲਦੇ ਹਨ ਭਾਵ ਦੁਨੀਆ ਦੇ ਵਰਤੋਂ-ਵਿਹਾਰ ਵਿਚ ਆਪਣੇ ਚਰਿੱਤਰ ਵਿਚ ਪੂਰੇ ਉਤਰਦੇ ਹਨ। ਭਾਈ ਸਾਹਿਬ ਤੱਤ ਕੱਢਦੇ ਹਨ ਕਿ ਗੁਰਮੁਖਿ ਸੱਚੇ ਗੁਰੂ-ਰੂਪ ਪਾਰਸ ਨਾਲ ਪਰਸ ਕੇ ਆਪ ਵੀ ਪਾਰਸ ਹੋ ਜਾਂਦੇ ਹਨ:
ਬਾਰਹ ਪੰਥ ਸਧਾਇ ਕੈ
ਗੁਰਮੁਖਿ ਗਾਡੀ ਰਾਹ ਚਲਾਇਆ।
ਸੂਰਜ ਬਾਰਹ ਮਾਹ ਵਿਚਿ
ਸਸੀਅਰੁ ਇਕਤੁ ਮਾਹਿ ਫਿਰਾਇਆ।
ਬਾਰਹ ਸੋਲਹ ਮੇਲਿ ਕਰਿ
ਸਸੀਅਰ ਅੰਦਰਿ ਸੂਰ ਸਮਾਇਆ।
ਬਾਰਹ ਤਿਲਕ ਮਿਟਾਇ ਕੈ
ਗੁਰਮੁਖਿ ਤਿਲਕੁ ਨੀਸਾਣੁ ਚੜਾਇਆ।
ਬਾਰਹ ਰਾਸੀ ਸਾਧਿ ਕੈ
ਸਚਿ ਰਾਸਿ ਰਹਰਾਸਿ ਲੁਭਾਇਆ।
ਬਾਰਹ ਬੰਨੀ ਹੋਇ ਕੈ
ਬਾਰਹ ਮਾਸੇ ਤੋਲਿ ਤੁਲਾਇਆ।
ਪਾਰਸ ਪਾਰਸਿ ਪਰਸਿ ਕਰਾਇਆ॥12॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਤੇਰਾਂ ਦੀ ਸੰਖਿਆ ਲੈ ਕੇ ਗੁਰਮੁਖਿ ਦੇ ਵਿਅਕਤੀਤਵ ਨੂੰ ਦਰਸਾਉਂਦੇ ਹਨ। ਭਾਈ ਗੁਰਦਾਸ ਦੱਸਦੇ ਹਨ ਕਿ ਸੰਗੀਤ ਦੇ ਤੇਰਾਂ ਤਾਲ ਅਧੂਰੇ ਹਨ ਪ੍ਰੰਤੂ ਗੁਰਮੁਖਿ ਗ੍ਰਹਿਸਤ ਵਿਚ ਰਹਿ ਕੇ ਹੀ ਵਾਹਿਗੁਰੂ ਦੀ ਪ੍ਰੇਮਾ-ਭਗਤੀ ਦੇ ਤਪ ਰਾਹੀਂ ਆਪਣਾ ਤਾਲ ਪੂਰਾ ਕਰਦੇ ਹਨ। ਤੇਰਾਂ ਰਤਨ (ਭਾਰਤੀ ਮਿਥਿਹਾਸ ਅਨੁਸਾਰ ਖੀਰ-ਸਮੁੰਦਰ ਨੂੰ ਰਿੜਕ ਕੇ ਨਿਕਲੇ ਚੌਦਾਂ ਰਤਨਾਂ ਲੱਛਮੀ, ਰੰਭਾ, ਅਪਸਰਾ, ਧਨਵੰਤਰ ਵੈਦ, ਕਲਪ ਬ੍ਰਿਖ, ਸੁਰਾ, ਸੁਧਾ, ਬਾਜ, ਪਾਂਚ ਜਨਯ ਸੰਖ, ਸਾਰੰਗ ਧਨੁਖ, ਕਪਿਲਾ ਗਊ, ਅਰਾਵਤ ਗਜ, ਕੌਤਲੰਭ ਮਣਿ, ਚੰਦ੍ਰਮਾਆਦਿ ਵਿਚੋਂ ਤੇਰਾਂ ਰਤਨ। ਚੌਦਾਂ ਰਤਨਾਂ ਦੇ ਨਾਮਾਂ ਬਾਰੇ ਵੱਖ-ਵੱਖ ਰਾਵਾਂ ਹਨ ਅਤੇ ਵਿਸ਼ ਨੂੰ ਵੀ ਇਨ੍ਹਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਚੌਦਾਂ ਵਿਚੋਂ ਵਿਖ ਜਾਂ ਵਿਸ਼ ਰਤਨ ਨਹੀਂ ਹੈ ਇਸ ਲਈ ਰਤਨ ਤੇਰਾਂ ਹਨ) ਵਿਅਰਥ ਹਨ ਪ੍ਰੰਤੂ ਗੁਰਮੁਖਿ ਨੇ ਗੁਰੂ ਦੀ ਸਿੱਖਿਆ ਰੂਪੀ ਰਤਨ ਧਾਰਨ ਕਰ ਕੇ ਪਰਮਾਤਮਾ ਦਾ ਨਾਮ-ਰਤਨ ਪਾਇਆ ਹੈ। ਦੁਨੀਆ ਵਿਚ ਪਿਤਰ-ਕਰਮ ਆਦਿ ਤੇਰਾਂ ਕਿਸਮ ਦੇ ਕਰਮ ਪ੍ਰਚੱਲਤ ਕਰ ਕੇ ਕਰਮ ਕਾਂਡੀਆਂ ਨੇ ਸੰਸਾਰ ਨੂੰ ਕਰਮ ਕਾਂਡਾਂ ਅਤੇ ਭਰਮਾਂ ਰਾਹੀਂ ਡਰਾ ਕੇ ਕਾਬੂ ਕਰ ਲਿਆ ਹੈ (ਗੁਰਮੁਖਿ ਗੁਰੂ ਦੀ ਸਿੱਖਿਆ ਅਨੁਸਾਰ ਚੱਲਦੇ ਹਨ ਅਤੇ ਇਨ੍ਹਾਂ ਕਰਮਕਾਂਡਾਂ ਵਿਚ ਨਹੀਂ ਉਲਝਦੇ)। ਗੁਰਮੁਖਿ ਦੇ ਚਰਨਾਂ ਦਾ ਜਲ ਪਾਨ ਕਰਨ ਦੀ ਬਰਾਬਰੀ ਲੱਖਾਂ ਯੱਗ ਵੀ ਨਹੀਂ ਕਰ ਸਕਦੇ। ਗੁਰਮੁਖਿ ਦੇ ਮੂੰਹ ਵਿਚ ਇੱਕ ਦਾਣਾ ਪਾਉਣਾ ਵੀ ਲੱਖਾਂ ਭੰਡਾਰਿਆਂ ਦੇ ਭੋਗ ਅਤੇ ਠਾਕਰਾਂ ਦੇ ਨੈਵੇਦਾਂ ਤੋਂ ਉਪਰ ਹੈ। ਗੁਰਮੁਖਿ ਆਪਣੇ ਗੁਰਭਾਈਆਂ ਨੂੰ ਸੰਤੁਸ਼ਟ ਕਰ ਕੇ ਵਾਹਿਗੁਰੂ ਦੇ ਪ੍ਰੇਮ ਦਾ ਸੁੱਖਫਲ ਪ੍ਰਾਪਤ ਕਰ ਲੈਂਦੇ ਹਨ। ਕਹਿਣ ਤੋਂ ਭਾਵ ਹੈ ਕਿ ਗੁਰਮੁਖਿ ਆਪਣੇ ਗੁਰਭਾਈਆਂ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਦੇ ਹਨ ਅਤੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰ ਕੇ ਉਸ ਨੂੰ ਪਾ ਲੈਂਦੇ ਹਨ, ਜੋ ਉਨ੍ਹਾਂ ਲਈ ਸੁੱਖਫਲ ਦੀ ਪ੍ਰਾਪਤੀ ਹੈ। ਪਰਮਾਤਮਾ ਅਛਲ ਹੈ, ਕਿਸੇ ਤੋਂ ਛਲਿਆ ਨਹੀਂ ਜਾ ਸਕਦਾ ਪ੍ਰੰਤੂ ਗੁਰਮੁਖਿ ਆਪਣੇ ਪ੍ਰੇਮ ਰਾਹੀਂ ਉਸ ਨੂੰ ਛਲ ਲੈਂਦੇ ਹਨ ਅਰਥਾਤ ਵਾਹਿਗੁਰੂ ਆਪਣੇ ਭਗਤਾਂ ਦੇ ਪ੍ਰੇਮ `ਤੇ ਰੀਝ ਪੈਂਦਾ ਹੈ:
ਤੇਰਹ ਤਾਲ ਅਊਰਿਆ ਗੁਰਮੁਖ ਸੁਖ ਤਪੁ ਤਾਲ ਪੁਰਾਇਆ।
ਤੇਰਹ ਰਤਨ ਅਕਾਰਥੇ ਗੁਰ ਉਪਦੇਸੁ ਰਤਨੁ ਧਨੁ ਪਾਇਆ।
ਤੇਰਹ ਪਦ ਕਰਿ ਜਗ ਵਿਚਿ ਪਿਤਰਿ ਕਰਮ ਕਰਿ ਭਰਮਿ ਭੁਲਾਇਆ।
ਲਖ ਲਖ ਜਗ ਨ ਪੁਜਨੀ ਗੁਰਸਿਖ ਚਰਣੋਦਕ ਪੀਆਇਆ।
ਜਗ ਭੋਗ ਨਈਵੇਦ ਲਖ ਗੁਰਮੁਖਿ ਮੁਖਿ ਇਕੁ ਦਾਣਾ ਪਾਇਆ।
ਗੁਰਭਾਈ ਸੰਤੁਸ਼ਟ ਕਰਿ ਗੁਰਮੁਖਿ ਸੁਖ ਫਲੁ ਪਿਰਮੁ ਚਖਾਇਆ।
ਭਗਤਿ ਵਛਲੁ ਹੋਇ ਅਚਲੁ ਛਲਾਇਆ॥13॥
ਚੌਧਵੀਂ ਪਉੜੀ ਵਿਚ ਚੌਦਾਂ, ਪੰਦਰਾਂ ਅਤੇ ਸੋਲਾਂ ਦੀ ਗਿਣਤੀ ਰਾਹੀਂ ਦੱਸਿਆ ਹੈ ਕਿ ਗੁਰਮੁਖਿ ਦਾ ਰਸਤਾ ਕੀ ਹੈ ਅਤੇ ਉਸ ਰਸਤੇ `ਤੇ ਚੱਲ ਕੇ ਉਹ ਮੁਕਤਿ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਭਾਈ ਗੁਰਦਾਸ ਦਾ ਕਥਨ ਹੈ ਕਿ ਗੁਰਮੁਖਿ ਚੌਦਾਂ ਕਿਸਮ ਦੇ ਹੁਨਰਾਂ ਦੀ ਵਿੱਦਿਆ ਜਿੱਤ ਕੇ ਗੁਰੂ ਦੀ ਮਤਿ ਲੈ ਕੇ ਅਵਿਗਤ ਪਰਮਾਤਮਾ ਦੀ ਨਾ ਕਥੀ ਜਾ ਸਕਣ ਵਾਲੀ ਅਕੱਥ ਕਹਾਣੀ ਵਿਚ ਪਹੁੰਚ ਗਏ ਹਨ (ਵਾਹਿਗੁਰੂ ਨੂੰ ਅਵਿਗਤ ਅਤੇ ਅਕੱਥ ਮੰਨਿਆ ਜਾਂਦਾ ਹੈ, ਇਸ ਲਈ ਅਕੱਥ ਕਹਾਣੀ ਵੀ ਉਸ ਅਕਾਲ ਪੁਰਖ ਨਾਲ ਸਬੰਧਤ ਹੈ)। ਚੌਦਾਂ ਭਵਨਾਂ ਅਰਥਾਤ ਚੌਦਾਂ ਲੋਕਾਂ ਨੂੰ ਲੰਘ ਕੇ ਗੁਰਮੁਖਿ ਆਪਣੇ ਸਵੈ ਵਿਚ ਟਿਕ ਗਏ ਹਨ (ਆਪਣੇ ਸਵੈ ਵਿਚ ਟਿਕਣ ਦਾ ਅਰਥ ਹੈ ਆਪਣੇ ਸਵੈ ਦਾ ਅਨੁਭਵ ਕਰ ਲੈਣਾ; ਆਪਣੇ ਜੋਤਿ ਸਰੂਪ ਹੋਣ ਦਾ ਅਨੁਭਵ ਕਰ ਲੈਣਾ) ਅਤੇ ਉਨ੍ਹਾਂ ਨੇ ਨਿਰਵਾਣ ਅਥਵਾ ਮੁਕਤਿ ਪਦਾਰਥ ਪਾ ਲਿਆ ਹੈ। ਚੰਦਰਮਾ ਅਨੁਸਾਰ 15 ਤਿੱਥਾਂ ਦਾ ਇੱਕ ਪੱਖ ਬਣਦਾ ਹੈ ਅਤੇ ਇੱਕ ਮਹੀਨੇ ਵਿਚ ਪੰਦਰਾਂ-ਪੰਦਰਾਂ ਦਿਨ ਦੇ ਦੋ ਪੱਖ ਹੁੰਦੇ ਹਨ: ਕ੍ਰਿਸ਼ਨ ਪੱਖ-ਹਨੇਰਾ ਪੱਖ ਅਤੇ ਸ਼ੁਕਲ ਪੱਖ ਚਾਨਣਾ ਪੱਖ। ਚੌਪੜ ਦੇ ਖੇਲ੍ਹ ਵਾਂਗ ਸੋਲਾਂ ਨਰਦਾਂ ਨੂੰ ਮਾਰ ਕੇ ਅਰਥਾਤ ਸੋਲਾਂ ਘਰ ਪਾਰ ਕਰ ਕੇ ਜਦੋਂ ਜੋੜਾ ਬਣਿਆ ਤਾਂ ਜਨਮ-ਮਰਨ ਦੇ ਭੈਅ ਤੋਂ ਮੁਕਤ ਹੋ ਕੇ ਨਿਰਭਉ ਹੋ ਗਿਆ ਅਰਥਾਤ ਨਿਰਭਉ ਪਦ ਦੀ ਪ੍ਰਾਪਤੀ ਕਰ ਲਈ। ਚੰਦਰਮਾ ਜਦੋਂ ਸੋਲਾਂ ਕਲਾਂ ਸੰਪੂਰਣ ਹੋ ਜਾਂਦਾ ਹੈ ਤਾਂ ਸੂਰਜ ਦੇ ਘਰ ਵਿਚ ਦਾਖਲ ਹੋ ਜਾਣ ਕਰਕੇ ਉਹ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਉਹ ਘਾਟੇ ਵਿਚ ਚਲਾ ਜਾਂਦਾ ਹੈ (ਪੂਰਨਮਾਸ਼ੀ ਨੂੰ ਚੰਦਰਮਾ ਪੂਰਾ ਹੋ ਜਾਂਦਾ ਹੈ ਅਤੇ ਉਸ ਤੋਂ ਅੱਗੇ ਫਿਰ ਹਨੇਰਾ ਪੱਖ ਸ਼ੁਰੂ ਹੋ ਜਾਂਦਾ ਹੈ ਅਤੇ ਚੰਦ ਘਟਣ ਲੱਗ ਜਾਂਦਾ ਹੈ)। ਸੂਰਜ ਚੜ੍ਹਨ ਨਾਲ ਰਾਤ ਮੁੱਕ ਜਾਂਦੀ ਹੈ ਅਤੇ ਦਿਨ ਦਾ ਚਾਨਣ ਹੋਣ ਨਾਲ ਚੰਦਰਮਾ ਫਿੱਕਾ ਪੈ ਜਾਂਦਾ ਹੈ। ਇੱਥੇ ਇਸ ਦਾ ਅਰਥ ਹੈ ਕਿ ਚੰਦਰਮਾ ਜਿਸ ਨੂੰ ਸਾਤਵਿਕ ਤੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਦੋਂ ਸੂਰਜ, ਜਿਸ ਨੂੰ ਤਮਸ ਅਤੇ ਰਜਸ ਗੁਣਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੇ ਘਰ ਵਿਚ ਦਾਖਲ ਹੋ ਜਾਂਦਾ ਹੈ ਤਾਂ ਉਸ ਦਾ ਤੇਜ਼ ਘਟਣ ਲੱਗ ਜਾਂਦਾ ਹੈ; ਜਿਸ ਦਾ ਭਾਵ ਇਹ ਵੀ ਲਿਆ ਜਾਂਦਾ ਹੈ ਕਿ ਦੂਸਰੇ ਦੇ ਘਰ ਵਿਚ ਜਾ ਕੇ ਆਪਣਾ ਤੇਜ਼ ਦੱਸਣ ਨਾਲ ਤੇਜ਼ ਫਿੱਕਾ ਪੈ ਜਾਂਦਾ ਹੈ। ਜਗਿਆਸੂ ਰੂਪ ਇਸਤ੍ਰੀ ਜਦੋਂ ਸੋਲਾਂ ਸ਼ਿੰਗਾਰ ਕਰ ਕੇ ਆਪਣੇ ਪਤੀ ਦੀ ਸੇਜ `ਤੇ ਜਾਂਦੀ ਹੈ ਅਰਥਾਤ ਆਪਣੇ ਅੰਤਹਕਰਣ ਵਿਚ ਆਪਣੇ ਸਵੈ ਨਾਲ ਇੱਕਸੁਰ ਹੁੰਦੀ ਹੈ, ਸਵੈ ਦਾ ਅਨੁਭਵ ਕਰ ਲੈਂਦੀ ਹੈ ਤਾਂ ਪਰਮ ਅਨੰਦ ਮਾਣਦੀ ਹੈ (ਗੁਰਮਤਿ ਅਨੁਸਾਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹੀ ਪਰਮ ਮੁਕਤੀ ਹੈ)। ਸ਼ਕਤੀ (ਮਾਇਆ) ਅਤੇ ਸ਼ਿਵ (ਪਰਮਾਤਮਾ) ਦੀਆ ਸਤਾਰਾਂ ਬਾਣੀਆਂ ਹਨ ਅਰਥਾਤ ਸ਼ਕਤੀ ਭਾਵ ਮਾਇਆ ਦੀਆ ਸੋਲਾਂ ਕਲਾ ਹਨ (10 ਪ੍ਰਾਣ, 5 ਤੱਤ, 1 ਮਨ) ਅਤੇ ਸ਼ਿਵ ਭਾਵ ਵਾਹਿਗੁਰੂ ਦੀ ਇਕ ਕਲਾ ਹੈ ਜਿਸ ਦੀ ਏਕਤਾ ਵਿਚ ਸਭ ਕੁੱਝ ਹੈ:
ਚਉਦਹ ਵਿਦਿਆ ਸਾਧਿ ਕੈ ਗੁਰਮਤਿ ਅਬਿਗਗਤਿ ਅਕਥ ਕਹਾਣੀ।
ਚਉਦਹ ਭਵਨ ਉਲੰਗਿ ਕੈ ਨਿਜ ਘਰਿ ਵਾਸੁ ਨੇਹੁ ਨਿਰਬਾਣੀ।
ਪੰਦ੍ਰਹ ਥਿਤੀ ਪਖੁ ਇਕੁ ਕ੍ਰਿਸਨ ਸੁਕਲ ਦੁਇ ਪਖ ਨੀਸਾਣੀ।
ਸੋਲਹ ਸਾਰ ਸੰਘਾਰੁ ਕਰਿ ਜੋੜਾ ਜੁੜਿਆ ਨਿਰਭਉ ਜਾਣੀ।
ਸੋਲਹ ਕਲਾ ਸੰਪੂਰਣੋ ਸਸਿ ਘਰਿ ਸੂਰਜੁ ਵਿਰਤੀਹਾਣੀ।
ਨਾਰਿ ਸੋਲਹ ਸੀਂਗਾਰ ਕਰਿ ਸੇਜ ਭਤਾਰ ਪਿਰਮ ਰਸੁ ਮਾਣੀ।
ਸਿਵ ਤੈ ਸਕਤਿ ਸਤਾਰਹ ਵਾਣੀ॥14॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਅਠਾਰਾਂ ਤੋਂ ਚੌਂਤੀ ਤੱਕ ਦੀ ਗਿਣਤੀ ਨਾਲ ਗੁਰਮੁਖਿ ਦੀ ਕਰਨੀ ਸਮਝਾਉਂਦੇ ਹਨ। ਭਾਈ ਗੁਰਦਾਸ ਦੱਸਦੇ ਹਨ ਕਿ ਗੁਰਮੁਖਿ ਭਾਰਤੀ ਵਰਣ-ਵੰਡ ਅਤੇ ਉਪ-ਵੰਡ ਅਰਥਾਤ ਵਰਣਾਂ ਅਤੇ ਉਨ੍ਹਾਂ ਦੀਆਂ ਅਠਾਰਾਂ ਗੋਤਾਂ ਵਿਚ ਵੰਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ; ਜਿਸ ਵੰਡ ਅਨੁਸਾਰ ਸੋਧ ਕੇ ਪੁਰਾਣ ਪੜ੍ਹੇ ਜਾਂਦੇ ਹਨ। (ਭਾਈ ਵੀਰ ਸਿੰਘ ਨੇ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ: ਅਠਾਰਾਂ ਵਰਣ ਬ੍ਰਾਹਮਣ, ਖੱਤ੍ਰੀ, ਸ਼ੂਦ੍ਰ, ਵੈਸ਼ ਅਤੇ 6 ਅਨਲੋਪ, ਅਰਥਾਤ ਬ੍ਰਾਹਮਣ ਖਤ੍ਰੀ, 1.ਬ੍ਰਾਹਮਣ ਵੈਸ਼ਯ, 2.ਬ੍ਰਾਹਮਣ ਸ਼ੂਦ੍ਰਯ, 3.ਖੱਤ੍ਰੀ ਵੈਸ਼ਯ, 4.ਖੱਤ੍ਰੀ ਸ਼ੂਦ੍ਰਯ, 5.ਵੈਸ਼ ਸ਼ੂਦ੍ਰਯ, 6. ਤੇ 3 ਪ੍ਰਤਿਲੋਮ ਅਰਥਾਤ ਉਲਟਾ ਵਰਣ ਜਿਹਾ ਸ਼ੂਦ੍ਰ ਬ੍ਰਾਹਮਣੀਯ 1, ਸ਼ੂਦ੍ਰ ਖੱਤ੍ਰੀਯ 2, ਸ਼ੂਦ੍ਰ ਵੈਸ਼ਯ 3, ਵੈਸ਼ ਬ੍ਰਾਹਮਣੀਯ 4, ਵੈਸ਼ ਖੱਤ੍ਰੀਯ 5, ਖੱਤ੍ਰੀ ਬ੍ਰਾਹਮਣੀਯ 6, ‘ਗੋਲ’ ਕੁਆਰੀ ਦਾ ਪੁੱਤਰ, ‘ਗੁੰਡ’ (ਵਿਧਵਾ ਦਾ ਪੁੱਤਰ) ਸੋਧ ਕੇ ਅਠਾਰਾਂ ਪੁਰਾਣ ਪੜ੍ਹੇ ਜਾਂਦੇ ਹਨ। ) ਸਾਧ ਲੋਕ ‘ਉੱਨੀ’ ਦੀ ਗਿਣਤੀ-ਅਠਾਰਾਂ ਵਰਣ ਅਤੇ ਉੱਨੀਵਾਂ ਮਨਮੁਖ ਅਰਥਾਤ ਏਕਮ, ਦੁਰਮ ਆਦਿ -19 ਸੰਖਿਆ ਤੋਂ ਗੁਰਮੁਖ ਲੰਘ ਗਏ ਹਨ, ਤਿੰਨ ਬੀਸੀਆਂ ਅਤੇ ਇੱਕੀ ਪੁਰੀਆਂ ਨੂੰ ਲੰਘ ਕੇ ਬਾਈ ਧਾਰ ਪਹਾੜ ਦੇ ਉਮਰਾਵਾਂ (ਹਾਕਮਾਂ) ਨੂੰ ਸਾਧ ਕੇ ਨਿਵਾ ਲੈਂਦੇ ਹਨ। ਕਹਿਣ ਤੋਂ ਭਾਵ ਹੈ ਕਿ ਗੁਰਮੁਖਿ ਇਨ੍ਹਾਂ ਸਾਰੀਆਂ ਵੰਡਾਂ ਤੋਂ ਪਾਰ ਲੰਘ ਜਾਂਦੇ ਹਨ, ਇਹ ਸਭ ਸੰਤਾਂ/ਗੁਰਮੁਖਾਂ ਦੇ ਅਧੀਨ ਹੋ ਜਾਂਦੇ ਹਨ (ਗੁਰਮਤਿ ਵਿਚ ਅਜਿਹੀਆਂ ਵਰਣ-ਵੰਡਾਂ ਅਤੇ ਇਨ੍ਹਾਂ ਨਾਲ ਜੁੜੀਆ ਰਵਾਇਤਾਂ ਆਦਿ ਵਿਚ ਵਿਸ਼ਵਾਸ ਨਹੀਂ ਕੀਤਾ ਜਾਂਦਾ। ਗੁਰਮੁਖਿ ਇਨ੍ਹਾਂ ਚੀਜ਼ਾਂ ਤੋਂ ਬਹੁਤ ਅੱਗੇ ਲੰਘ ਜਾਂਦੇ ਹਨ)। ਗਿਣਤੀ ਤੋਂ ਅਣਗਿਣਤ ਲੁਟਾ ਕੇ ਅਰਥਾਤ ਸਭ ਦੀ ਮਮਤਾ ਨੂੰ ਤਿਆਗ ਕੇ ਜਿੰਨੀਆਂ ਵੀ ਸੰਸਾਰ ਵਿਚ ਗਿਣਤੀਆਂ ਹਨ ਉਹ ਪਾ ਲਈਆਂ ਹਨ। ਕਹਿਣ ਤੋਂ ਭਾਵ ਹੈ ਕਿ ਗੁਰਮੁਖਿ ਤ੍ਰੈਕਾਲ ਗਿਆਤਾ ਹੋ ਗਏ ਹਨ। ਛੱਬੀ (ਮਹਾਂ ਭਾਰਤ ਦੇ ਅਠਾਰਾਂ ਪਰਵ, ਅੱਠ ਵਿਆਕਰਣ), ਜੋੜ ਕੇ ਸਤਾਈ (ਸਿਮ੍ਰਤੀਆਂ ਜਾਂ ਨਛੱਤਰ), ਅਠਾਈਵਾਂ ਅਨੁਰਾਧਾ ਨਛੱਤਰ ਆਦਿ ਦਾ ਮੇਲ ਮੇਲ ਕੇ ਇਨ੍ਹਾਂ ਨੂੰ ਜਿੱਤ ਲੈਂਦੇ ਹਨ। (ਇਹ ਸਭ ਗਿਣਤੀਆਂ ਮਿਣਤੀਆਂ ਜੋਤਿਸ਼ ਨਾਲ ਸਬੰਧ ਰੱਖਦੀਆਂ ਹਨ। ਗੁਰਮੁਖਿ ਜੋਤਿਸ਼ ਵਗੈਰਾ ਦੇ ਭਰਮ ਤੋਂ ਪਾਰ ਲੰਘ ਜਾਂਦੇ ਹਨ। ਉਨ੍ਹਾਂ ਲਈ ਇਹ ਗਿਣਤੀਆਂ-ਮਿਣਤੀਆਂ ਕੋਈ ਮਾਇਨੇ ਨਹੀਂ ਰੱਖਦੀਆਂ)। ਉਨੱਤੀਆਂ ਦੀ ਗਿਣਤੀ ਨੂੰ ਲੰਘ ਕੇ (ਲੌਂਦ ਦਾ ਮਹੀਨਾ ਉਨੱਤੀ ਦਿਨ ਦਾ ਹੁੰਦਾ ਹੈ) ਤੀਹਾਂ (ਰੋਜ਼ਿਆਂ ਦੇ 30 ਦਿਨ) ਨੂੰ ਸਾਧ ਕੇ ਫਿਰ ਇਕੱਤੀ ਸਿਮ੍ਰਤੀਆਂ ਨੂੰ ਉਲੰਘ ਕੇ ਵਧਾਈਆਂ ਵਜਾਉਂਦੇ ਹਨ। ਫਿਰ ਉਹ ਬੱਤੀ ਸਾਧ-ਸੁਲੱਖਣੇ ਧਰੁਵ ਭਗਤ ਵਰਗੇ ਭਗਤਾਂ ਦੀਆਂ ਵਿਸ਼ੇਸ਼ਤਾਈਆਂ ਨੂੰ ਸੰਪੂਰਨ ਕਰਦੇ ਹੋਏ ਤੇਤੀ ਕਰੋੜ ਦੇਵਤਿਆਂ ਨੂੰ ਆਪਣੇ ਗਿਰਦ ਘੁਮਾਉਂਦੇ ਹਨ। ਕਹਿਣ ਤੋਂ ਭਾਵ ਹੈ ਕਿ ਗੁਰਮੁਖਾਂ ਦੀਆ ਵਿਸ਼ੇਸ਼ਤਾਈਆਂ ਬਹੁਤ ਉਚੀਆਂ-ਸੁੱਚੀਆਂ ਹੁੰਦੀਆਂ ਹਨ। ਗੁਰਮੁਿਖ ਚੌਂਤੀ ਦੀ ਗਿਣਤੀ `ਤੇ ਪਹੁੰਚ ਕੇ ਉਸ ਪਾਰਬ੍ਰਹਮ ਦਾ ਅਨੁਭਵ ਆਪਣੇ ਅੰਦਰ ਕਰ ਲੈਂਦੇ ਹਨ। ਇਸ ਸਾਰੀ ਗਿਣਤੀ-ਮਿਣਤੀ ਦਾ ਭਾਵ-ਅਰਥ ਇਹ ਹੈ ਕਿ ਗੁਰਮੁਖਿ ਵਾਹਿਗੁਰੂ ਦੇ ਪ੍ਰੇਮ ਵਿਚ ਏਨੇ ਰੰਗੇ ਜਾਂਦੇ ਹਨ ਕਿ ਉਹ ਜਾਤਾਂ-ਗੋਤਾਂ, ਇਨ੍ਹਾਂ ਗਿਣਤੀਆਂ-ਮਿਣਤੀਆਂ ਤੋਂ ਬਹੁਤ ਉੱਚੇ ਉੱਠ ਜਾਂਦੇ ਹਨ:
ਗੋਤ ਅਠਾਰਹ ਸੋਧਿ ਕੈ ਪੜੈ ਪੁਰਾਣ ਅਠਾਰਹ ਭਾਈ।
ਉਨੀ ਵੀਹ ਇਕੀਹ ਲੰਘਿ ਬਾਈ ਉਮਰੇ ਸਾਧਿ ਨਿਵਾਈ।
ਸੰਖ ਅਸੰਖ ਲੁਟਾਇ ਕੈ ਤੇਈ ਚੌਵੀ ਪੰਜੀਹ ਪਾਈ।
ਛਬੀ ਜੋੜਿ ਸਤਾਈਹਾ ਆਇ ਅਠਾਈਹ ਮੇਲਿ ਮਿਲਾਈ।
ਉਲੰਘਿ ਉਣਤੀਹ ਤੀਹ ਸਾਧ ਲੰਘਿ ਇਕਤੀਹ ਵਜੀ ਵਧਾਈ।
ਸਾਧ ਸੁਲਖਣ ਬਤੀਹੇ ਤੇਤੀਹ ਧ੍ਰੂ ਚਉਫੇਰਿ ਫਿਰਾਈ।
ਚਉਤੀਹ ਲੇਖ ਅਲੇਖ ਲਖਾਈ॥15॥