ਪੰਜਾਬ ਰਹਿੰਦਿਆਂ ਮਂੈ ‘ਪੰਜਾਬੀ ਟ੍ਰਿਬਿਊਨ’ ਦਾ ਪਾਠਕ ਸਾਂ। ਅਮਰੀਕਾ ਆ ਕੇ ਜਦੋਂ ਇੱਥੋਂ ਦੇ ਅਖਬਾਰ ਦੇਖੇ ਤਾਂ ਉਹ ਮੇਰੀ ਸਹਿਤਕ ਭੁੱਖ ਤੋਂ ਊਣੇ ਸਨ ਪਰ ਜਦੋਂ ‘ਪੰਜਾਬ ਟਾਈਮਜ਼’ ਨਾਲ ਸਾਂਝ ਪਈ ਤਾਂ ‘ਪੰਜਾਬੀ ਟ੍ਰਿਬਿਊਨ’ ਨਾਲੋਂ ਵੱਧ ਸਹਿਤਕ ਸਾਂਝ ਬਣ ਗਈ।
ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ਭੇਜਣੀਆਂ ਸ਼ੁਰੂ ਕੀਤੀਆਂ। ਜਦੋਂ ਪੰਜਾਬ ਟਾਈਮਜ਼ ਨੇ ਬਹੁਤ ਹੀ ਵਧੀਆ ਢੰਗ ਨਾਲ ਛਾਪੀਆਂ ਤਾਂ ਮਨ ਨੂੰ ਬਹੁਤ ਖੁਸ਼ੀ ਹੋਈ। ਆਪਣੀ ਸੰਸਥਾ ਇੰਡੋ-ਯੂ ਐਸ ਹੈਰੀਟੇਜ ਵਲੋਂ ਜਦੋਂ ਸੰਸਥਾ ਦੇ ਸਮਾਗਮਾਂ ਦੇ ਇਸ਼ਤਿਹਾਰ ਤੇ ਉਸ ਦੀਆਂ ਸਰਗਮੀਆਂ ਦੀ ਰਿਪੋਰਟਿੰਗ ਭੇਜਣੀ ਸ਼ੁਰੂ ਕੀਤੀ ਤਾਂ ਸਾਂਝ ਹੋਰ ਵਧ ਗਈ। ਕਦੇ ਕਦੇ ਭਾਜੀ ਅਮੋਲਕ ਜੀ ਨਾਲ ਗੱਲ ਵੀ ਹੋ ਜਾਂਦੀ। ਭਾਜੀ ਗੱਲ-ਬਾਤ ਵਿਚ ਹਾਸਾ ਠੱਠਾ ਵੀ ਕਰ ਲਂੈਦੇ ਸਨ। ਇੱਕ ਵਾਰੀ ਸਾਡਾ ਸਮਾਗਮ ਦੋ ਕੁ ਮਹੀਨੇ ਲੇਟ ਹੋ ਗਿਆ। ਭਾਜੀ ਦਾ ਫੋਨ ਆਇਆ, “ਮਿਨਹਾਸ ਕੀ ਗੱਲ ਹੋ ਗਈ; ਇਸ ਸਾਲ ਸਮਾਗਮ ਨਹੀਂ ਰੱਖਿਆ” ਮਂੈ ਆਖਿਆ “ਭਾਜੀ ਸਾਡੀ ਸੰਸਥਾ ਦੇ ਬਹੁਤੇ ਮੈਂਬਰ ਕਿਸਾਨ ਹਨ, ਅਜੇ ਸੋਗੀ ਕੱਠੀ ਕਰਨ ਲੱਗੇ ਹੋਏ ਹਨ।” “ਚਲ ਫਿਰ ਓਨਾ ਚਿਰ ਸੋਗੀ ਦਾ ਟਰੱਕ ਭੇਜ ਦੇ, ਇਸ਼ਤਿਹਾਰ ਫੇਰ ਭੇਜ ਦੀਂ”। ਇਸੇ ਤਰ੍ਹਾਂ ਜਦੋਂ ਕਦੇ ਵੀ ਗੱਲ ਹੁੰਦੀ ਉਹ ਜ਼ਰੂਰ ਕੋਈ ਨਾ ਕੋਈ ਹਾਸੇ-ਮਜ਼ਾਕ ਦੀ ਗੱਲ ਕਰਦੇ।
ਸਮਾਂ ਆਪਣੀ ਤੋਰ ਤੁਰਦਾ ਰਿਹਾ। ਅਸੀਂ ਹੌਲੀ-ਹੌਲੀ ਭਾਜੀ ਦੀ ਆਵਾਜ਼ ਤੋਂ ਵੀ ਵਾਂਝੇ ਹੋ ਗਏ। ਬਸ ਈ-ਮੇਲ ਰਾਹੀਂ ਹੀ ਸੁਨੇਹਾ ਆਉਣ ਲੱਗਾ। ਉਨ੍ਹਾਂ ਦਿਨਾਂ ਵਿਚ ‘ਪੰਜਾਬ ਟਾਈਮਜ਼’ ਵਿੱਚ ਮੇਰੇ ਨਿਬੰਧ ਛਪ ਰਹੇ ਸਨ। ਜੇ ਮੈਂ ਦੋ ਕੁ ਮਹੀਨੇ ਕੋਈ ਲੇਖ ਨਾ ਭੇਜਣਾ ਤਾਂ ਉਨ੍ਹਾਂ ਦੀ ਈ-ਮੇਲ ਆ ਜਾਂਦੀ। “ਸਾਨੂੰ ਚੰਗੇ ਵਿਚਾਰ ਛਾਪ ਕੇ ਖੁਸ਼ੀ ਹੁੰਦੀ ਹੈ, ਲੇਖ ਭੇਜਦੇ ਰਿਹਾ ਕਰੋ”। ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਭਾਜੀ ਦਾ ਹੁਕਮ ਹੈ, ਮੈਂ ਫਿਰ ਅਧੂਰੇ ਪਏ ਨਿਬੰਧਾਂ ਨੂੰ ਸੋਧਦਾ ਤੇ ‘ਪੰਜਾਬ ਟਾਈਮਜ਼’ ਨੂੰ ਭੇਜ ਦਿੰਦਾ। ਮੇਰੀ ਨਿਬੰਧਾਂ ਦੀ ਕਿਤਾਬ ‘ਉਕਾਬ ਵਾਲਾ ਪਾਸਪੋਰਟ’ ਭਾਜੀ ਅਮੋਲਕ ਸਿੰਘ ਦੀ ਪੇ੍ਰਰਨਾ ਸਦਕਾ ‘ਪੰਜਾਬ ਟਾਈਮਜ਼’ ਦੀ ਹੀ ਦੇਣ ਹੈ। ਉਨ੍ਹਾਂ ਦੀ ਉਤਸ਼ਾਹੀ ਥਾਪੀ ਨੇ ਮੈਨੂੰ ਹਮੇਸ਼ਾਂ ਬਲ ਦਿੱਤਾ। ਭਾਜੀ ਦੇ ਤੁਰ ਜਾਣ ਦਾ ‘ਪੰਜਾਬ ਟਾਈਮਜ਼’ ਨਾਲ ਜੁੜੇ ਲੇਖਕਾਂ, ਪਾਠਕਾਂ ਤੇ ਪਰਿਵਾਰ ਨੂੰ ਦੁੱਖ ਹੈ ਪਰ ਉਨ੍ਹਾਂ ਦਾ ਸਿਰੜ, ਮਿਹਨਤ ਤੇ ਪਿਆਰ ਸਾਡਾ ਸਦਾ ਰਾਹ ਦਸੇਰਾ ਬਣਿਆ ਰਹੇਗਾ।
-ਸੰਤੋਖ ਸਿੰਘ ਮਿਨਹਾਸ