ਪ੍ਰਿੰ. ਸਰਵਣ ਸਿੰਘ
ਦਾਰੇ ਪਹਿਲਵਾਨ ਦੋ ਹੋਏ ਹਨ। ਦੋਹੇਂ ਅੰਬਰਸਰੀਏ ਮਝੈਲ ਸਨ। ਦੋਹੇਂ ਪਹਿਲਵਾਨੀ ਕਰਦਿਆਂ ਫਿਲਮੀ ਐਕਟਰ ਬਣੇ। ਦੋਹਾਂ ਦੀ ਅਸਲੀ-ਨਕਲੀ ਭਲਵਾਨ ਹੋਣ ਵਜੋਂ ਖੁੰਢ ਚਰਚਾ ਵੀ ਹੁੰਦੀ ਰਹੀ।
ਲੋਕ ਪੁੱਛਦੇ ਰਹੇ ਕਿ ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਦਾਰਾ ਕਿਹੜਾ? ਅਸਲੀਅਤ ਇਹੋ ਹੈ ਕਿ ਦੋਵੇਂ ਦਾਰੇ ਅਸਲੀ ਸਨ। ਇਕ ਦਾ ਤਾਂ ਜਮਾਂਦਰੂ ਨਾਂ ਹੀ ਦਾਰਾ ਸਿੰਘ ਸੀ ਜਦਕਿ ਦੂਜੇ ਦਾਰੇ ਦਾ ਨਾਂ ਸੀ ਦੀਦਾਰ ਸਿੰਘ ਜਿਸ ਨੂੰ ਘਰ ਦੇ ਤੇ ਆਂਢੀ ਗੁਆਂਢੀ ‘ਦਾਰੀ’ ਕਹਿੰਦੇ ਸਨ। ਦਾਰਾ ਸਿੰਘ, ਦੀਦਾਰ ਸਿੰਘ ਤੋਂ ਦਸ ਸਾਲ ਵੱਡਾ ਸੀ। ਵੱਡੇ ਦਾਰੇ ਦੀ ਗੁੱਡੀ ਚੜ੍ਹੀ ਤਾਂ ਦਾਰੀ ਨੂੰ ਵੀ ਦਾਰਾ ਕਿਹਾ ਜਾਣ ਲੱਗਾ। ਫਿਰ ਦੋੜੇਂ ਪਹਿਲਵਾਨ ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਬਣੇ। ਛੋਟੇ ਦਾਰੇ ਨੂੰ ਤਾਂ ਜੱਗ ਜਾਣਦੈ ਜਿਸ ਨੇ ਅਨੇਕਾਂ ਫਿਲਮਾਂ `ਚ ਰੋਲ ਅਦਾ ਕੀਤਾ ਅਤੇ ਆਪਣੀ ਸਵੈ-ਜੀਵਨੀ ‘ਮੇਰੀ ਆਤਮ ਕਥਾ’ ਲਿਖੀ। ਵੱਡੇ ਦਾਰੇ ਬਾਰੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ‘ਗੁੰਮਨਾਮ ਚੈਂਪੀਅਨ’ ਨਾਵਲ ਲਿਖ ਕੇ ਉਸ ਨੂੰ ਸੁਪਰ ਨਾਇਕ ਬਣਾਇਆ।
ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਕਰਕੇ ਹੈ। ਦਾਰੇ ਦੁਲਚੀਪੁਰੀਏ ਨੂੰ ਦਾਰਾ ਕਿੱਲਰ ਤੇ ਦਾਰਾ ਜੇਲ੍ਹਰ ਵੀ ਕਿਹਾ ਜਾਂਦੈ। ਦੋਹੇਂ ਦਾਰੇ ਰੋਟੀ ਰੋਜ਼ੀ ਲਈ ਸਿੰਗਾਪੁਰ ਗਏ ਸਨ। ਦੋਹਾਂ ਨੇ ਉਥੋਂ ਫਰੀ ਸਟਾਈਲ ਕੁਸ਼ਤੀਆਂ ਸਿੱਖੀਆਂ। ਉਥੇ ਉਹ ਭਾੜੇ `ਤੇ ਕੁਸ਼ਤੀਆਂ ਲੜਦੇ ਰਹੇ ਪਰ ਆਪਸ ਵਿਚ ਨਾ ਭਿੜੇ। ਫਿਰ ਵੱਡੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਕਤਲ ਕਰਨ ਦੀ ਸਜ਼ਾ ਭੁਗਤਦਾ ਦਾਰਾ ਦੁਲਚੀਪੁਰੀਆ ਪਹਿਲਾਂ ਜੇਲ੍ਹਰ ਤੇ ਰਿਹਾਅ ਹੋਣ ਪਿੱਛੋਂ ਪਿੰਡ ਦਾ ਸਰਪੰਚ ਬਣਿਆ। ਆਖ਼ਰ ਅਧਰੰਗ ਦੀ ਬਿਮਾਰੀ ਨਾਲ ਪਿੰਡ ਵਿਚ ਹੀ ਹੱਡ ਰਗੜਾਉਂਦਾ ਜਹਾਨੋਂ ਤੁਰ ਗਿਆ।
ਦਾਰਾ ਧਰਮੂਚੱਕੀਆ ਫਿਲਮਾਂ ਦੇ ਸਿਰ `ਤੇ ਰਾਜ ਸਭਾ ਦਾ ਮੈਂਬਰ ਬਣਿਆ ਤੇ ਮੁੰਬਈ ਦੇ ਫਿਲਮ ਜਗਤ `ਚ ਨਾਮਾਜ਼ਾਦੀ ਖੱਟਦਾ ਸੁੱਖੀਂ ਸਾਂਦੀ ਪਰਲੋਕ ਸਿਧਾਰਿਆ। ਜਨਮ ਸਮੇਂ ਉਹ ਕੱਖਪਤੀ ਸੀ, ਜੁਆਨੀ `ਚ ਲੱਖਪਤੀ ਪਰ ਬੁਢਾਪੇ `ਚ ਕਰੋੜਪਤੀ ਬਣ ਕੇ ਗੁਜ਼ਰਿਆ। ਉਸ ਦੇ ਅਕਾਲ ਚਲਾਣੇ `ਤੇ ਕਰੋੜਾਂ ਲੋਕਾਂ ਨੇ ਸੋਗ ਮਨਾਇਆ। ਪਾਸਪੋਰਟ ਉਤੇ ਦਾਰੇ ਦੁਲਚੀਪੁਰੀਏ ਦਾ ਪੂਰਾ ਨਾਂ ਦਾਰਾ ਸਿੰਘ ਸਿੱਧੂ ਸੀ ਤੇ ਦਾਰੇ ਧਰਮੂਚੱਕੀਏ ਦਾ ਦਾਰਾ ਸਿੰਘ ਰੰਧਾਵਾ। ਵੱਡੇ ਦਾਰੇ ਦਾ ਜਨਮ 1918 ਅਤੇ ਦੇਹਾਂਤ 1988 `ਚ ਹੋਇਆ ਸੀ, ਛੋਟੇ ਦਾਰੇ ਦਾ ਜਨਮ 1928 ਤੇ ਦੇਹਾਂਤ 2012 ਵਿਚ ਹੋਇਆ। ਦੋਹੇਂ ਭਲਵਾਨ ਹੀ ਨਹੀਂ, ਸੁਪਰਮੈਨ ਕਹੇ ਜਾਂਦੇ ਹਨ ਜੋ ਪੰਜਾਬੀਆਂ ਦੇ ਨਾਇਕ ਬਣੇ।
ਪਹਿਲਵਾਨ ਦਾਰਾ ਸਿੰਘ ਰੰਧਾਵਾਂ ਬਾਰੇ ਕਈ ਲੇਖਕਾਂ ਨੇ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਕੱਤਰ ਜਨਰਲ ਪਵਨ ਹਰਚੰਦਪੁਰੀ ਦੀ ਪੁਸਤਕ ਦਾ ਨਾਂ ਹੈ ‘ਜਿ਼ੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ’। ਦਾਰਾ ਸਿੰਘ ਬਾਰੇ ਕਿਤਾਬਾਂ ਲਿਖਣ ਵਾਲਿਆਂ ਨੇ ਵਧੇਰੇ ਕਰ ਕੇ ਦਾਰਾ ਸਿੰਘ ਦੀ ਕਿਤਾਬ ‘ਮੇਰੀ ਆਤਮ ਕਥਾ’ ਨੂੰ ਹੀ ਆਧਾਰ ਬਣਾਇਆ ਹੈ। ਪਵਨ ਹਰਚੰਦਪੁਰੀ ਨੇ ਵੀ ਇਹੋ ਕੁਝ ਕੀਤਾ ਹੈ। ਇਸ ਪੁਸਤਕ ਨਾਲ ਉਹ ਪੰਜਾਬੀ ਖੇਡ ਲੇਖਕਾਂ ਦੀ ਪਾਲ਼ ਵਿਚ ਆ ਰਲਿਆ ਹੈ। ਉਸ ਦੀਆਂ ਹੋਰਨਾਂ ਪੁਸਤਕਾਂ ਦੇ ਨਾਂ ਹਨ: ‘ਜਨਮ-ਏ-ਖ਼ਾਲਸਾ’, ‘ਸਤਲੁਜ ਬੋਲਦਾ ਹੈ’, ‘ਗ਼ਦਰੀ ਬਾਬਾ ਠਾਕਰ ਦਾਸ ਧੂਰਾ’, ‘ਨਿੱਕੇ ਨਿੱਕੇ ਬਾਲ’, ‘ਮਿੱਠੇ ਮਿੱਠੇ ਗੀਤ’, ‘ਪੰਛੀਆਂ ਦੀ ਪੰਚਾਇਤ’, ‘ਅੰਬਰੀ ਛੋਹਾਂ’, ‘ਤਾਰਿਆਂ ਭਰਿਆ ਆਸਮਾਨ’ ਤੇ ‘ਬੱਚਿਓ ਸੁਣੋ ਸੁਣਾਵਾਂ ਬਾਤਾਂ’। ਉਸ ਨੇ ਚਾਰ ਅਭਿਨੰਦਨ ਪੁਸਤਕਾਂ, ‘ਆਪਣੇ ਆਪਣੇ ਬੋਲ’, ‘ਅਭਿਨੰਦਨ ਗ੍ਰੰਥ ਪ੍ਰੀਤਮ ਸਿੰਘ ਰਾਹੀ’, ‘ਅਭਿਨੰਦਨ ਗ੍ਰੰਥ ਜਸਵੰਤ ਸਿੰਘ ਕੰਵਲ’ ਅਤੇ ‘ਆਯੁਰਵੈਦਿਕ ਗਿਆਨ ਭੰਡਾਰ’ ਸੰਪਾਦਤ ਕਰਨ ਵਿਚ ਵੀ ਯੋਗਦਾਨ ਪਾਇਆ ਹੈ।
ਪਵਨ ਉਹਦਾ ਨਿੱਕਾ ਨਾਂ ਹੈ ਤੇ ਹਰਚੰਦਪੁਰ ਉਹਦੇ ਪਿੰਡ ਦਾ ਨਾਂ, ਜੋ ਜਿ਼ਲ੍ਹਾ ਸੰਗਰੂਰ ਵਿਚ ਪੈਂਦਾ ਹੈ। ਰਿਹਾਇਸ਼ ਉਸ ਨੇ ਧੂਰੀ ਰੱਖੀ ਹੋਈ ਹੈ। ਬਚਪਨ ਵਿਚ ਨਹੀਂ ਸੀ ਲੱਗਦਾ ਕਿ ਪੜ੍ਹੇ ਲਿਖੇਗਾ ਪਰ ਪੜ੍ਹ ਗਿਆ ਸੁੱਖ ਨਾਲ ਸੋਲਾਂ ਜਮਾਤਾਂ। ਪੜ੍ਹਨ ਨਾਲ ਗੁੜ੍ਹਦਾ ਵੀ ਗਿਆ। ਰਜਿਸਟਰ ਤੇ ਕਾਪੀਆਂ ਕਿਤਾਬਾਂ ਵਾਲਾ ਝੋਲਾ ਉਹਦੇ ਗਲ਼ `ਚ ਹੀ ਪਿਆ ਰਿਹਾ। ਹੋਰਨਾਂ ਡਿਗਰੀਆਂ ਤੋਂ ਬਿਨਾਂ ਐੱਮਏ ਅਰਥ ਸ਼ਾਸਤਰ ਤੇ ਮਾਸਟਰ ਆਫ਼ ਮਾਸ ਕਮਿਊਨੀਕੇਸ਼ਨ, ਡਿਪਲੋਮਾ ਇਨ ਪਬਲਿਕ ਰਿਲੇਸ਼ਨ ਐਂਡ ਐਡਵਰਟਾਈਜ਼ਮੈਂਟ ਦੀਆਂ ਡਿਗਰੀਆਂ ਵੀ ਝੋਲ਼ੇ `ਚ ਪਾਈ ਫਿਰਦਾ ਹੈ। ਮੈਂ ਉਸ ਨੂੰ ਜਸਵੰਤ ਸਿੰਘ ਕੰਵਲ ਕੋਲ ਢੁੱਡੀਕੇ ਕਈ ਵਾਰ ਆਉਂਦਾ-ਜਾਂਦਾ ਵੇਖਿਆ। ਵੇਖਣ ਨੂੰ ਉਹ ਐਨਾ ਨਹੀਂ ਸੀ ਲੱਗਦਾ ਜਿੰਨਾ ਮਿਲਣ ਪਿੱਛੋਂ ਨਿਕਲਿਆ। ਪਹਿਲੀ ਨਜ਼ਰੇ ਉਹ ਕਿਸੇ ਬੀਮਾ ਕੰਪਨੀ ਦਾ ਏਜੰਟ ਲੱਗਾ ਸੀ ਪਰ ਸੀਗਾ ਸਾਹਿਤ ਸਭਾਵਾਂ ਦਾ ਏਜੰਟ। ਇਉਂ ਤਾਂ ਕੇਂਦਰੀ ਲੇਖਕ ਸਭਾ ਦਾ ਪ੍ਰਧਾਨ ਪ੍ਰੋ. ਤੇਜਵੰਤ ਮਾਨ (ਡਾ.) ਵੀ ਵੇਖਣ ਨੂੰ ਲੰਮੀ ਝੂਲਦੀ ਦਾੜ੍ਹੀ ਕਰਕੇ ਗੁਰੂ ਘਰ ਦਾ ‘ਭਾਈ ਜੀ’ ਹੀ ਲੱਗਦੈ ਪਰ ਹੈਗਾ ਖੱਬਾ ਮਾਰਕਸਵਾਦੀ ਆਲੋਚਕ। ਉਹਦੀ ਪੰਡਤਾਊ ਸ਼ਬਦਾਵਲੀ ਵਾਲੀ ਗੂੜ੍ਹ ਆਲੋਚਨਾ ਜਾਂ ਉਹਦਾ ਸਕੱਤਰ ਹਰਚੰਦਪੁਰੀ ਸਮਝ ਸਕਦੈ ਜਾਂ ਉਹ ਆਪ। ਜਣੇ ਖਣੇ ਦੇ ਵੱਸ ਨਹੀਂ ‘ਸਮਾਜਿਕ ਵਿਸੰਗਤੀਆਂ’ ਤੇ ‘ਕਰਤਾਰੀ-ਮੁੱਲ-ਵਿਧਾਨ’ ਵਰਗੇ ਸ਼ਬਦ-ਜੁੱਟਾਂ ਦੀ ਡੂੰਘੀ ਥਾਹ ਪਾਉਣਾ।
ਪਵਨ ਹਰਚੰਦਪੁਰੀ ਦੀ ਇਸ ਪੁਸਤਕ ਦੇ ਮੁੱਢਲੇ ਸ਼ਬਦ ਮਾਰਕਸਵਾਦੀ ਆਲੋਚਕ ਡਾ. ਤੇਜਵੰਤ ਮਾਨ ਨੇ ਹੀ ਲਿਖੇ ਹਨ: ਪਵਨ ਹਰਚੰਦਪੁਰੀ ਲੋਕ-ਹਿੱਤਾਂ ਨਾਲ਼ ਪ੍ਰਤੀਬੱਧ ਲੇਖਕ ਹੈ। ਉਸ ਦੀ ਰਚਨਾ ਦੇ ਕੇਂਦਰ ਵਿਚ ਵਿਪਰੀਤ ਸਥਿਤੀਆਂ ਨਾਲ ਜੂਝਦਾ ਮੁਕਤੀ-ਯੁੱਧ ਕਰਦਾ ਆਮ ਮਨੁੱਖ ਹੈ। ਮੇਰਾ ਮੱਤ ਹੈ ਕਿ ਮਨੁੱਖਾ-ਜੀਵਨ ਅਤੇ ਉਸ ਜੀਵਨ ਦੀ ਸਿਰਜਨਾਤਮਿਕ ਕੀਰਤੀ ਇੱਕ ਦੂਜੇ ਤੋਂ ਵੱਖ ਨਹੀਂ ਕੀਤੇ ਜਾ ਸਕਦੇ। ਸਮਾਜਿਕ ਉਸਾਰ ਵਿਚਲੇ ਕਰਤਾਰੀ-ਮੁੱਲ-ਵਿਧਾਨ ਦਾ ਆਧਾਰ ਮਾਨਵ ਦੁਆਰਾ ਆਪਣੀ ਹੋਂਦ ਦੇ ਅਹਿਸਾਸ ਲਈ ਕੀਤਾ ਗਿਆ ਸੰਗਰਾਮ ਹੈ। ਸਮਾਜਿਕ ਵਿਸੰਗਤੀਆਂ ਅਤੇ ਕੁਦਰਤ ਨਾਲ ਜੰਗ ਦੀ ਕਰਮ-ਭੂਮੀ ਸਮਾਜ ਦੇ ਸਾਧਾਰਨ ਤੋਂ ਸਾਧਾਰਨ ਲੋਕਾਂ ਦੀ ਜੀਵਨ-ਧਾਰਾ ਦੇ ਵਿਰਾਟ ਪਾਸਾਰ ਵਿਚ ਕਿਰਤ ਹੈ। ਇਸ ਲੋਕ-ਸੰਗਰਾਮ ਵਿਚਲੇ ਕਾਰਕੀ-ਜੁਜ ਹੀ ਹਨ, ਜੋ ਕਿਸੇ ਸ਼ਖ਼ਸੀਅਤ ਦੀ, ਸ਼ਕਤੀਸ਼ਾਲੀ ਨਾਇਕ ਦੀ ਮਹਾਤਮੀ ਕਰਤਾ-ਪੁਰਖ ਵਜੋਂ ਪਛਾਣ ਕਰਵਾ ਦਿੰਦੇ ਹਨ। ਪਵਨ ਹਰਚੰਦਪੁਰੀ ਨੇ ਅਜਿਹੇ ਕਰਤਾਰੀ ਪੁਰਖ ਦੀ ਪਛਾਣ ਕਰਨ ਲਈ ਆਪਣੀ ਕਲਮ ਤੋਂ ਇਸ ਪੁਸਤਕ ਦੀ ਰਚਨਾ ਕੀਤੀ ਹੈ।
ਹੱਥਲੀ ਪੁਸਤਕ ‘ਜਿ਼ੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ’ ਵਿਚ ਲੇਖਕ ਨੇ ਨਵਯੁਵਕ ਅਵਸਥਾ ਦੇ ਗੱਭਰੂਆਂ ਨੂੰ ਆਸ਼ਾਵਾਦੀ ਪ੍ਰਵਿਰਤੀਆਂ ਦੀ ਪ੍ਰੇਰਨਾ ਦੇਣ ਲਈ ਦਾਰਾ ਸਿੰਘ ਧਰਮੂਚੱਕੀਆ ਜੋ ਇਕ ਨਾਮੀ ਪਹਿਲਵਾਨ ਅਤੇ ਫਿ਼ਲਮੀ ਸੰਸਾਰ ਵਿਚ ਨਾਮਣਾ ਖੱਟਣ ਵਾਲਾ ਨਾਇਕ ਬਣਿਆ, ਦੀ ਸੰਘਰਸ਼ੀ ਜੀਵਨ ਗਾਥਾ ਲਿਖੀ ਹੈ। ਦਾਰਾ ਸਿੰਘ ਧਰਮੂਚੱਕ ਦੇ ਜੀਵਨ ਦੀ ਇਸ ਗਾਥਾ ਦਾ ਖਰੜਾ ਪੜ੍ਹਦਿਆਂ ਮੈਨੂੰ ਇਹ ਅਹਿਸਾਸ ਹੋਇਆ ਕਿ ਸਾਨੂੰ ਲੇਖਕਾਂ ਨੂੰ ਸਾਧਾਰਨ ਮਨੁੱਖ ਦੇ ਜੀਵਨ-ਕਾਲ ਦੀਆਂ ਤਣਾਓਪੂਰਕ, ਟਕਰਾਵੀ, ਸੰਘਰਸ਼ੀ ਸਥਿਤੀਆਂ ਤੋਂ ਸੰਭਾਵੀ ਸਿਰਜਨਾਤਮਿਕ ਕਾਰਜਾਂ ਦੀ ਦਿਸ਼ਾ ਨਿਰਧਾਰਤ ਕਰਨ ਲਈ ਸਹਿਣਸ਼ੀਲਤਾ, ਸਹਿਜਤਾ, ਨਿਰੰਤਰ-ਮਿਹਨਤ ਅਤੇ ਸੰਭਵ ਜਿੱਤ ਵਿਚ ਵਿਸ਼ਵਾਸ ਕਰਨ ਵਾਲੇ ਨਾਇਕਾਂ ਨੂੰ ਉਭਾਰਨਾ ਚਾਹੀਦਾ ਹੈ। ਭਾਵੇਂ ਇਹ ਨਾਇਕ ਮਿਥਿਹਾਸ, ਇਤਿਹਾਸ ਦੇ ਹੋਣ ਭਾਵੇਂ ਸਮਕਾਲ ਦੇ…।
ਸਿਨੇ ਪੰਜਾਬੀ ਦੇ ਪੱਤਰਕਾਰ ਮਨਦੀਪ ਸਿੰਘ ਸਿੱਧੂ ਨੇ ਪੁਸਤਕ ਦੇ ਸਰਵਰਕ ਉਤੇ ਲਿਖਿਆ: ਹਿੰਦੋਸਤਾਨ ਵਿਚ ਜਦੋਂ ਕਦੇ ਵੀ ਪਹਿਲਵਾਨੀ ਤੇ ਅਦਾਕਾਰੀ ਦੀ ਗੱਲ ਹੋਵੇਗੀ ਤਾਂ ਇਕ ਨਾਮ ਹਮੇਸ਼ਾਂ ਹੀ ਸਫ਼ਾ-ਏ-ਅੱਵਲ ਰਹੇਗਾ। ਦਾਰਾ ਸਿੰਘ ਸਿਰਫ਼ ਕੁਸ਼ਤੀ ਦਾ ਹੀ ਜੇਤੂ ਨਹੀਂ ਸੀ ਬਲਕਿ ਪੰਜਾਬੀ ਅਤੇ ਹਿੰਦੀ ਸਿਨੇਮੇ ਦਾ ਇਕ ਬਿਹਤਰੀਨ ਅਦਾਕਾਰ ਵੀ ਸੀ। ਉਨ੍ਹਾਂ ਦੁਆਰਾ ਰਾਮਾਇਣ ਟੀਵੀ ਲੜੀਵਾਰ ਵਿਚ ਨਿਭਾਇਆ ਹਨੂੰਮਾਨ ਦਾ ਕਿਰਦਾਰ ਅੱਜ ਵੀ ਕਾਬਲੇ ਫ਼ਖਰ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਸੁਹਿਰਦ ਕਵੀ, ਲੇਖਕ ਅਤੇ ਸਾਹਿਤਕ ਆਗੂ ਪਵਨ ਹਰਚੰਦਪੁਰੀ ਜੀ ਨੇ ‘ਜਿ਼ੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ’ ਨਾਮੀ ਕਿਤਾਬ ਲਿਖ ਕੇ ਸਾਹਿਤ ਦੇ ਜੀਵਨੀ ਖੇਤਰ ਅਤੇ ਸਾਡੀ ਜਾਣਕਾਰੀ ਵਿਚ ਜਿ਼ਕਰਯੋਗ ਇਜ਼ਾਫ਼ਾ ਕੀਤਾ ਹੈ। ਇਹ ਕਿਤਾਬ ਬੱਚਿਆਂ ਤੇ ਨੌਜਵਾਨਾਂ ਅਤੇ ਪਾਠਕਾਂ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕਰੇਗੀ…।
ਪਵਨ ਹਰਚੰਦਪੁਰੀ ਨੇ ਖ਼ੁਦ ਪੁਸਤਕ ਦੀ ਭੂਮਿਕਾ ਬੰਨ੍ਹਦਿਆਂ ਲਿਖਿਆ: ਲੇਖਕਾਂ ਵੱਲੋਂ ਕਈ ਦਫ਼ਾ ਜੋ ਬਿੰਬ, ਤਸਬੀਹਾਂ ਜਾਂ ਕਲਪਿਤ ਪਾਤਰ ਆਪਣੀਆ ਰਚਨਾਵਾਂ ਵਿਚ ਉਸਾਰ ਲਏ ਜਾਂਦੇ ਹਨ, ਉਨ੍ਹਾਂ ਨੂੰ ਹੀ ਅਸੀਂ ਜੀਵਨ ਦਾ ਅਸਲ ਸੱਚ ਮੰਨ ਲੈਂਦੇ ਹਾਂ। ਲੇਖਕ ਕਿਸੇ ਪਾਤਰ ਦੀ ਬੁਰਾਈ ਨੂੰ ਦਰਸਾਉਣ ਲਈ ਉਸ ਦਾ ਸਰੀਰਕ ਰੂਪ ਵੀ ਵੱਖਰਾ ਉਸਾਰ ਦਿੰਦਾ ਹੈ ਜਿਵੇਂ ਭੂਤ, ਪ੍ਰੇਤ, ਜਿੰਨ ਤੇ ਦੈਂਤ ਆਦਿ। ਇਹ ਪਾਤਰ ਲੇਖਕ ਦੀ ਮਾਨਸਿਕ ਕਲਪਨਾ ਦਾ ਉਸਾਰ ਹੁੰਦੇ ਹਨ, ਮੂਲ ਰੂਪ ਵਿਚ ਇਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ। ਜਦੋਂ ਚੰਗਿਆਈ ਤੇ ਬੁਰਿਆਈ ਦਾ ਯੁੱਧ ਹੁੰਦਾ ਹੈ ਤਾਂ ਜਿੱਤ ਚੰਗਿਆਈ ਦੀ ਹੁੰਦੀ ਹੈ। ਪਰ ਉਨ੍ਹਾਂ ਪਾਤਰਾਂ ਨੂੰ ਹੀ ਅਸਲੀ ਸੱਚ ਮੰਨਣ ਕਾਰਨ, ਆਪਣੇ ਲਈ ਉਹੋ ਡਰਾਉਣੇ ਬਣ ਜਾਂਦੇ ਹਨ। ਸਾਡੀ ਇਸ ਕਮਜ਼ੋਰੀ ਨੂੰ ਸਮਝ ਕੇ ਸਮਾਜ ਦੀਆਂ ਕਾਲੀਆਂ ਲੁਟੇਰੀਆਂ ਸ਼ਕਤੀਆਂ ਲੋਕਾਂ ਨੂੰ ਡਰਾਉਣ ਲਈ ਅਜਿਹੇ ਨਾਵਲ/ਕਹਾਣੀਆਂ/ਫਿ਼ਲਮਾਂ ਅਤੇ ਲੜੀਵਾਰ ਸੀਰੀਅਲ ਤਿਆਰ ਕਰਵਾਉਂਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਲੋਕ ਮਾਨਸਿਕਤਾ ਹੋਰ ਕਮਜ਼ੋਰ ਹੋ ਜਾਂਦੀ ਹੈ। ਫਿਰ ਉਨ੍ਹਾਂ ਪਾਤਰਾਂ ਨੂੰ ਕਲਪਿਤ-ਦੈਵੀ ਸ਼ਕਤੀਆਂ ਨਾਲ ਲੜਦੇ ਵਿਖਾਇਆ ਜਾਂਦਾ ਹੈ ਜਿਸ ਵਿਚ ਦੈਵੀ ਸ਼ਕਤੀਆਂ ਦੀ ਜਿੱਤ ਹੁੰਦੀ ਹੈ। ਜਿਸ ਨਾਲ ਇਹ ਸੋਚ ਉਤਪੰਨ ਹੁੰਦੀ ਹੈ ਕਿ ਲੋਕ ਇਨ੍ਹਾਂ ਕਾਲ਼ੀਆਂ ਸ਼ਕਤੀਆਂ ਵਿਰੁੱਧ ਲੜ ਨਹੀਂ ਸਕਦੇ, ਸਿਰਫ਼ ਦੈਵੀ ਸ਼ਕਤੀ ਹੀ ਲੜ ਸਕਦੀ ਹੈ। ਭਰਾਵੋ ਇਹੋ ਹੀ ਹੈ ਅੱਜ ਦੇ ਸਮਾਜਿਕ ਬੇਈਮਾਨਾਂ ਦੀ ਸ਼ੈਤਾਨੀ ਦਾ ਸੱਚ, ਜਿਸ ਕਾਰਨ ਲੋਕ ਆਪਣੀਆਂ ਸਮੱਸਿਆਂਵਾਂ ਦਾ ਆਪ ਹੱਲ ਕਰਨ ਦੀ ਬਜਾਏ ਕਿਸੇ ਦੈਵੀ ਸ਼ਕਤੀ, ਹੀਰੋ, ਸ਼ਕਤੀਮਾਨ ਜਾਂ ਸੁਪਰਮੈਨ ਦੀ ਉਡੀਕ ਕਰਦੇ ਦੁੱਖ ਝੱਲਦੇ ਰਹਿੰਦੇ ਹਨ।
‘ਜਿ਼ੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ’ ਦੀ ਜੀਵਨ ਕਹਾਣੀ ਲਿਖਣ ਦਾ ਮੇਰਾ ਮੰਤਵ ਹੈ ਕਿ ਮਨੁੱਖ ਆਪ ਖ਼ੁਦ ਵੱਡਾ ਸੰਘਰਸ਼ ਕਰ ਕੇ ਆਪ ਹੀ ਸੁਪਰਮੈਨ ਜਾਂ ਹੀਰੋ ਬਣ ਸਕਦਾ ਹੈ। ਇਸ ਜੀਵਨ ਕਹਾਣੀ ਵਿਚ ਤੁਸੀਂ ਪੜ੍ਹੋਗੇ ਕਿ ਕਿਵੇਂ ਦਾਰਾ ਸਿੰਘ ਇਕ ਗ਼ਰੀਬ ਪਰਿਵਾਰ ਵਿਚੋਂ ਉੱਠ ਕੇ ਵਿਸ਼ਵ ਪੱਧਰ ਦਾ ਹੀਰੋ/ਸੁਪਰਮੈਨ ਬਣਿਆ। ਉਸ ਨੇ ਖੇਡਾਂ, ਫਿ਼ਲਮਾਂ, ਲੜੀਵਾਰਾਂ, ਸਾਹਿਤ ਅਤੇ ਰਾਜਨੀਤਕ ਖੇਤਰ ਵਿਚ ਬਹੁਤ ਵੱਡੀਆਂ ਮੱਲਾਂ ਮਾਰੀਆਂ। ਉਹ ਮੇਰਾ ਕਲਪਿਤ ਪਾਤਰ ਨਹੀਂ। ਉਸ ਨੇ ਮਿਸਾਲੀ ਜੀਵਨ ਜੀਅ ਕੇ ਸਾਨੂੰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਔਖੇ ਸੰਘਰਸ਼ਾਂ ਅਤੇ ਉੱਚੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਸ ਨੇ ਜੀਵਨ ਦੀਆਂ ਬਰੀਕੀਆਂ ਨੂੰ ਸਮਝਿਆ, ਔਖੇ ਸਮਿਆਂ ਨੂੰ ਹੱਸ ਕੇ ਸਿਰ `ਤੇ ਹੰਢਾਇਆ, ਨਾ ਅੱਕਿਆ ਨਾ ਥੱਕਿਆ ਅਤੇ ਅੱਗੇ ਹੀ ਅੱਗੇ ਤੁਰਦਾ ਗਿਆ। ਆਓ ਆਪਣੇ ਅਸਲੀ ਮਾਰਗ ਦਰਸ਼ਕਾਂ ਤੇ ਰਾਹ ਦਸੇਰਿਆਂ ਦੀ ਪਛਾਣ ਕਰੀਏ। ਫਿ਼ਲਮਾਂ ਦੇ ਲੋਫਰ ਕਿਰਦਾਰ, ਲੁੱਚੇ-ਲੰਡੇ ਤੇ ਲੋਫਰ ਗੀਤਕਾਰ ਅਤੇ ਗਾਇਕ, ਬੇਈਮਾਨ ਘਟੀਆ ਆਗੂ ਅਤੇ ਵਿਖਾਵੇ ਦੇ ਧਰਮੀ ਪੁਰਸ਼ ਸਾਡੇ ਮਾਰਗ ਦਰਸ਼ਕ ਨਹੀਂ ਹਨ। ਸਾਡੇ ਸਮਾਜ ਵਿਚ, ਵਿਰਸੇ ਅਤੇ ਸਭਿਆਚਾਰ ਵਿਚ, ਸਹੀ ਮਾਰਗ ਦਰਸ਼ਕਾਂ ਦੀ ਘਾਟ ਨਹੀਂ। ਸਹੀ ਮਾਰਗ ਦਰਸ਼ਕ ਸਾਡੇ ਜੀਵਨ ਨੂੰ ਅਤੇ ਸਮਾਜ ਨੂੰ ਬਰਬਾਦ ਨਹੀਂ ਕਰਦੇ ਸਗੋਂ ਸਹੀ ਸੇਧ ਦਿੰਦੇ ਹਨ ਅਤੇ ਉੱਚੀਆਂ ਮੰਜਿ਼ਲਾਂ ਸਰ ਕਰਨ ਦੀ ਪ੍ਰੇਰਨਾ ਤੇ ਹੌਂਸਲਾ ਵੀ ਦਿੰਦੇ ਹਨ। ਇਹੋ ਜਿਹਾ ਹੀ ਮਾਰਗ ਦਰਸ਼ਕ ਹੈ ਸੁਪਰਮੈਨ ਦਾਰਾ ਸਿੰਘ ਧਰਮੂਚੱਕੀਆ।
ਇਹ ਕਿਤਾਬ ਮੈਂ ਦਾਰਾ ਸਿੰਘ ਦੀ ਮੌਤ ਤੋਂ ਬਾਅਦ ਲਿਖੀ ਹੈ। ਇਸ ਲਈ ਇਸ ਜੀਵਨ ਕਹਾਣੀ ਦਾ ਮੁੱਖ ਆਧਾਰ ਦਾਰਾ ਸਿੰਘ ਜੀ ਵੱਲੋਂ ਲਿਖੀ ਉਨ੍ਹਾਂ ਦੀ ਸਵੈ-ਜੀਵਨੀ ਨੂੰ ਹੀ ਬਣਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਬਾਰੇ ਮੌਖਿਕ ਜਾਣਕਾਰੀ, ਕਿਤਾਬਾਂ, ਨੈੱਟ ਅਤੇ ਅਖ਼ਬਾਰਾਂ ਆਦਿ ਤੋਂ ਹਾਸਲ ਕੀਤੀ ਹੈ। ਮਨਦੀਪ ਸਿੰਘ ਸਿੱਧੂ ਫਿਰੋਜ਼ਪੁਰ ਜੋ ਫਿ਼ਲਮੀ ਪੱਤਰਕਾਰ ਹਨ ਉਨ੍ਹਾਂ ਤੋਂ ਦਾਰਾ ਸਿੰਘ ਦੀਆਂ ਫਿਲਮਾਂ ਬਾਰੇ ਜਾਣਿਆ ਹੈ। ਮੇਰਾ ਉਦੇਸ਼ ਹੈ ਕਿ ਬੱਚੇ ਅਤੇ ਨੌਜਵਾਨ ਆਪਣੇ ਸਹੀ ਨਾਇਕਾਂ ਦੀ ਪਛਾਣ ਕਰਨ ਅਤੇ ਕਾਲੀਆਂ ਘਿਨਾਉਣੀਆਂ ਸ਼ਕਤੀਆਂ ਦੀਆਂ ਸਾਜਿ਼ਸ਼ਾਂ ਦਾ ਸਿ਼ਕਾਰ ਨਾ ਹੋਣ ਜੋ ਉਨ੍ਹਾਂ ਨੂੰ ਡਰ-ਭੈਅ, ਹੀਣ-ਭਾਵਨਾ, ਨਸਿ਼ਆਂ, ਲੋਫਰਪੁਣੇ ਅਤੇ ਆਤਮ ਹੱਤਿਆਵਾਂ ਵੱਲ ਤੋਰਦੀਆਂ ਹਨ। ਉਹ ਆਪਣੇ ਵਿਰਸੇ, ਸਭਿਆਚਾਰ ਅਤੇ ਸਮਾਜ ਅੰਦਰਲੇ ਉੱਚ ਕਿਰਦਾਰਾਂ ਵਾਲੇ ਸਹੀ ਨਾਇਕਾਂ ਦੀ ਪਛਾਣ ਕਰ ਕੇ ਜੀਵਨ ਜੀਣ ਅਤੇ ਦੇਸ਼ ਦੇ ਚੰਗੇ ਸ਼ਹਿਰੀ ਬਣਨ।
ਦਾਰਾ ਸਿੰਘ ਬਹੁਪੱਖੀ ਸ਼ਖ਼ਸੀਅਤ
ਦੋਸਤੋ, ਦਾਰਾ ਸਿੰਘ ਦਾ ਨਾਮ ਸਿਰਫ਼ ਪੰਜਾਬ ਪੱਧਰ `ਤੇ ਹੀ ਨਹੀਂ ਸਗੋਂ ਭਾਰਤ ਅਤੇ ਦੁਨੀਆ ਪੱਧਰ `ਤੇ ਮਸ਼ਹੂਰ ਹੈ ਜਿਸ ਨੇ ਵਿਸ਼ਵ ਪੱਧਰ `ਤੇ ਬੇਸ਼ੁਮਾਰ ਮੱਲਾਂ ਮਾਰੀਆਂ ਅਤੇ ਵਿਸ਼ਵ ਜੇਤੂ ਪਹਿਲਵਾਨ ਬਣਿਆ। ਉਸ ਨੇ ਕੁਸ਼ਤੀ ਦੇ ਨਾਲ-ਨਾਲ ਬਹੁਤ ਸਾਰੀਆਂ ਹਿੰਦੀ ਫਿਲਮਾਂ ਵਿਚ ਬਤੌਰ ਅਦਾਕਾਰ ਰੋਲ ਅਦਾ ਕੀਤਾ ਅਤੇ ਬੜੇ ਯਾਦਗਾਰੀ ਰੋਲ ਨਿਭਾਏ। ਉਸ ਨੇ ਪੰਜਾਬੀ ਫਿ਼ਲਮਾਂ ਵਿਚ ਵੀ ਕੰਮ ਕਰ ਕੇ ਆਪਣੀ ਸ਼ਕਤੀਸ਼ਾਲੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਉਸ ਨੇ ਕਈ ਫਿ਼ਲਮਾਂ ਬਣਾਈਆਂ ਤੇ ਨਿਰਦੇਸ਼ਨਾ ਕੀਤੀ। ਫਿਰ ਵੀ ਇਹ ਮਾਣ-ਮੱਤਾ ਪੰਜਾਬੀ, ਪੰਜਾਬ ਦੀ ਮਿੱਟੀ ਨਾਲ ਜੁੜਿਆ ਰਿਹਾ। ਇਸ ਲਈ ਮੈਂ ਦਾਰਾ ਸਿੰਘ ਦੀ ਜੀਵਨੀ ਨੂੰ ਉਸ ਦੇ ਜੀਵਨ ਵਾਂਗ ਹੀ ਕਈ ਭਾਗਾਂ ਵਿਚ ਵੰਡ ਕੇ ਪੇਸ਼ ਕਰ ਰਿਹਾ ਹਾਂ।
ਪੁਸਤਕ ਦਾ ਤਤਕਰਾ ਹੈ: ਪੰਜਾਬ ਅਤੇ ਕੁਸ਼ਤੀਆਂ, ਦਾਰਾ ਸਿੰਘ ਦਾ ਬਚਪਨ, ਪਹਿਲਵਾਨੀ ਦੀ ਸ਼ੁਰੂਆਤ, ਪਿੰਡ ਅੰਦਰ ਕੁਸ਼ਤੀਆਂ, ਦਾਰੇ ਦੇ ਠਾਕੇ ਅਤੇ ਪਹਿਲਾ ਵਿਆਹ, ਧਰਮੂਚੱਕ ਦਾ ਇਤਿਹਾਸ, ਚਾਚਾ ਚੰਨਣ ਸਿੰਘ ਦੀ ਮੌਤ ਤੇ ਮਦਰਾਸ ਵੱਲ, ਚੋਰੀ ਕਰਨ ਦੀ ਆਦਤ, ਦਾਰਾ ਸਿੰਘ ਸਿੰਗਾਪੁਰ ਵਿਚ, ਹਰਨਾਮ ਦਾਸ ਅਤੇ ਜੁਗਿੰਦਰ ਸਿੰਘ ਸੁਰਸਿੰਘੀਆ, ਗੁਰੂ ਹਰਨਾਮ ਸਿੰਘ ਦੇ ਅਖਾੜੇ ਵਿਚ, ਦੁਲਚੀਪੁਰੀਆ ਦਾਰਾ, ਦਾਰਾ ਮਲਾਇਆ ਵਿਚ, ਪਤਨੀ ਦਾ ਅਚਾਨਕ ਆਉਣਾ, ਕਲਕੱਤੇ ਕੁਸ਼ਤੀਆਂ ਅਤੇ ਪੰਜਾਬ ਵਿਚ, ਦੁਲਚੀਪੁਰੀਏ ਤੋਂ ਕਤਲ ਤੇ ਚੈਲਿੰਜ, ਦਾਰਾ ਮੁੜ ਸਿੰਗਾਪੁਰ, ਰੌਚਿਕ ਕੁਸ਼ਤੀ, ਦਾਰਾ ਸਿੰਘ ਕੋਲੰਬੋ ਵਿਚ, ਦਾਰਾ ਸਿੰਘ ਫਿ਼ਲਮਾਂ ਵਿਚ, ਰੁਸਤਮੇ-ਹਿੰਦ ਦਾ ਖਿ਼ਤਾਬ, ਦੁਨੀਆ ਜਿੱਤਣ ਦੇ ਮੋਰਚੇ `ਤੇ, ਗਾਮੇ ਪਹਿਲਵਾਨ ਨੂੰ ਮਿਲਣਾ ਤੇ ਦਾਰਾ ਸਿੰਘ ਮਾਸਕੋ ਵਿਚ। ਦਾਰਾ ਸਿੰਘ ਦੁਨੀਆ ਦਾ ਕੋ-ਜੇਤੂ ਬਣਨਾ, ਕਾਮਨਵੈੱਲਥ ਮੁਕਾਬਲਾ ਤੇ ਨਹਿਰੂ ਜੀ ਨਾਲ ਮਿਲਣੀ, ਦਾਰਾ ਸਿੰਘ ਕਾਮਨਵੈੱਲਥ ਜੇਤੂ ਬਣਿਆ, ਦਾਰਾ ਸਿੰਘ ਦਾ ਦੂਜਾ ਵਿਆਹ ਤੇ ਪਰਿਵਾਰ, ਦਾਰਾ ਸਿੰਘ ਦੀ ਮਿਹਨਤ ਨੂੰ ਸਲਾਮ, ਦਾਰਾ ਸਿੰਘ ਦਾ ਸੁੰਦਰ ਸਡੌਲ ਸਰੀਰ, ਫਿ਼ਲਮਾਂ ਵਿਚ ਕੁਸ਼ਤੀਆਂ ਤੇ ਸਫਲਤਾ, ਬੇਟੀ ਦਾ ਜਨਮ, ਦਾਰਾ ਸਿੰਘ ਦੇ ਬੰਬਈ ਨਿਵਾਸ ਸਮੇਂ, ਫਿ਼ਲਮਾਂ ਅੰਦਰ ਸਫਲਤਾ, ਸਮਾਜਿਕ ਫਰਕ ਤੇ ਦਾਰਾ ਸਿੰਘ, ਸਮਾਜਿਕ ਬਣਤਰ ਵਿਚ ਤਬਦੀਲੀ, ਦਾਰਾ ਸਿੰਘ ਤੇ ਪ੍ਰਦੁੱਮਣ ਸਿੰਘ, ਦਾਰਾ ਸਿੰਘ ਦਾ ਪਹਿਲੇ ਵਿਆਹ ਬਾਰੇ ਸਵੈ-ਚਿੰਤਨ, ਯੁੱਧ ਫੌਜੀਆਂ ਦਾ ਸਨਮਾਨ, ਦਾਰਾ ਸਿੰਘ ਰੁਸਤਮੇ-ਜਹਾਂ ਬਣਿਆ, ਦੁਨੀਆ ਵਿਚ ਦਿਲਸਚਪ ਮੁਕਾਬਲੇ, ਦਾਰਾ ਸਿੰਘ ਦਾ ਫਿ਼ਲਮਾਂ ਵਿਚ ਕੰਮ, ਮੁੱਖ ਕਿਰਦਾਰ ਵਾਲੀਆਂ ਫਿ਼ਲਮਾਂ, ਮੁਹਾਲੀ ਵਿਖੇ ਫਿ਼ਲਮ ਸਟੂਡਿਓ ਬਣਾਉਣਾ, ਫਿ਼ਲਮ ਨਿਰਮਾਤਾ ਦੇ ਰੂਪ ਵਿਚ, ਨਿਰਦੇਸ਼ਕ ਦਾਰਾ ਸਿੰਘ, ਦਾਰਾ ਸਿੰਘ ਇਕ ਲੇਖਕ ਦੇ ਰੂਪ ਵਿਚ, ਦਾਰਾ ਸਿੰਘ ਦੇ ਮਾਂ ਬੋਲੀ ਬਾਰੇ ਵਿਚਾਰ, ਦਾਰਾ ਸਿੰਘ ਦੀ ਸਵੈ-ਜੀਵਨੀ, ਦਾਰਾ ਸਿੰਘ ਦੀ ਨਿੱਤ ਕਿਰਿਆ ਤੇ ਖੁਰਾਕ, ਨੌਜੁਆਨਾਂ ਤੇ ਖਿਡਾਰੀਆਂ ਨੂੰ ਸੁਨੇਹਾ, ਇਨਸਾਨੀ ਜੁੱਸਾ ਅਤੇ ਖੁਰਾਕ, ਮਾਂ ਦੇ ਦੁੱਧ ਦੀ ਮਹਾਨਤਾ, ਨਸ਼ੇ ਅਤੇ ਨੌਜੁਆਨ, ਦਾਰਾ ਸਿੰਘ ਹਨੂੰਮਾਨ ਦੇ ਕਿਰਦਾਰ ਵਿਚ, ਰਮਾਇਣ ਅੰਦਰਲੀ ਮਰਿਆਦਾ ਅਤੇ ਲੋਕ, ਦਾਰਾ ਸਿੰਘ ਦੇ ਹੋਰ ਕਾਰਜ, ਸੁਪਰਮੈਨ ਅਤੇ ਦਾਰਾ ਸਿੰਘ, ਦਾਰਾ ਸਿੰਘ ਦਾ ਵਿਛੋੜਾ, ਦਾਰਾ ਸਿੰਘ ਦਾ ਕੁਰਸੀਨਾਮਾ ਅਤੇ ਦਾਰਾ ਸਿੰਘ ਦੀਆਂ ਫਿ਼ਲਮਾਂ ਦਾ ਵੇਰਵਾ:
ਸੰਗਦਿਲ 1952, ਪਹਿਲੀ ਝਲਕ, ਜੱਗਾ ਡਾਕੂ, ਮੁੜ ਮੁੜ ਕੇ ਨਾ ਦੇਖ, ਕਿੰਗਕਾਂਗ, ਅਵਾਰਾ ਅਬਦੁੱਲਾ, ਫ਼ੌਲਾਦ, ਰੁਸਤਮੇ ਬਗਦਾਦ, ਏਕ ਥਾ ਅਲੀ ਬਾਬਾ, ਆਂਧੀ ਔਰ ਤੂਫ਼ਾਨ, ਆਇਆ ਤੂਫ਼ਾਨ, ਬਾਦਸ਼ਾਹ, ਦਾਰਾ ਸਿੰਘ ਆਇਰਨਮੈਨ, ਹਰਕੁਲੀਸ, ਰੁਸਤਮੇ ਓਮ, ਸੈਮਸਨ, ਵੀਰ ਭੀਮਸੈਨ, ਬੇਕਰਾਰ, ਬੌਕਸਰ, ਹਮ ਸਭ ਉਸਤਾਦ ਹੈਂ, ਲੁਟੇਰਾ, ਨੌਜਵਾਨ, ਰਾਕਾ, ਰਾਖ਼, ਰੁਸਤਮੇ ਹਿੰਦ, ਸਾਤ ਸਮੁੰਦਰ ਪਾਰ, ਸੰਗਰਾਮ, ਸ਼ੇਰਦਿਲ, ਸਿਕੰਦਰੇ ਆਜ਼ਮ, ਟਾਰਜਨ ਕਮਜ਼ ਟੂ ਦਿੱਲੀ, ਟਾਰਜਨ ਐਂਡ ਕਿੰਗਕਾਂਗ, ਦਾਦਾ, ਡਾਕੂ ਮੰਗਲ ਸਿੰਘ, ਇਨਸਾਫ਼, ਜਵਾਂ ਮਰਦ, ਖ਼ੂਨ ਕਾ ਬਦਲਾ ਖ਼ੂਨ, ਮਾਂ ਭਾਰਤ, ਸ਼ੰਕਰ ਖ਼ਾਨ, ਠਾਕੁਰ ਜਰਨੈਲ ਸਿੰਘ, ਬੀਰ ਬਜਰੰਗ, ਦੋ ਦੁਸ਼ਮਣ, ਐਨ ਈਵਨਿੰਗ ਇਨ ਪੈਰਿਸ, ਨਸੀਅਤ, ਸੰਗਦਿਲ, ਸਰਦਾਰ, ਟ੍ਰਿੱਪ ਟੂ ਮੂਨ, ਬਲਰਾਮ ਸ੍ਰੀ ਕ੍ਰਿਸ਼ਨਾ, ਜੰਗ ਔਰ ਅਮਨ, ਥੀਫ਼ ਆਫ਼ ਬਗਦਾਦ, ਵਤਨ ਸੇ ਦੂਰ, ਆਪਨਾ ਆਪਨਾ ਦੁਸ਼ਮਣ, ਬੇਕਸੂਰ, ਚਾਲਬਾਜ਼, ਡੰਕਾ, ਹਮ ਸਭ ਏਕ ਹੈਂ, ਜਾਲ੍ਹਸਾਜ਼, ਫ਼ੌਲਾਦ ਕੀ ਔਲਾਦ, ਹਮ ਸਭ ਕਾਤਿਲ ਹੈਂ, ਤੂਫ਼ਾਨ, ਆਨੰਦ, ਚੋਰੋਂ ਕਾ ਯਾਰ, ਗੁਨਾਹ ਕੇ ਰਾਸਤੇ, ਇਲਜ਼ਾਮ, ਕਭੀ ਧੂਪ ਕਭੀ ਛਾਂ, ਮੇਰਾ ਨਾਮ ਜੋਕਰ, ਡਾਕੂ ਮਾਨ ਸਿੰਘ, ਹਮ ਸਭ ਚੋਰ ਹੈਂ, ਕੱਲ੍ਹ ਆਜ ਔਰ ਕੱਲ੍ਹ, ਰਾਮੂ ਉਸਤਾਦ, ਦਾ ਕ੍ਰਿਮੀਨਲ, ਸ਼ੇਰੇ ਵਤਨ, ਤੁਲਸੀ ਵਿਵਾਹ, ਲਲਕਾਰ, ਆਂਖੋਂ ਆਂਖੋਂ ਮੇਂ, ਸੁਲਤਾਨਾ ਡਾਕੂ, ਹਰੀ ਦਰਸ਼ਨ, ਮੇਰਾ ਦੇਸ਼ ਮੇਰਾ ਧਰਮ, ਮੇਰਾ ਸਿ਼ਕਾਰ, ਫਿਰ ਆਇਆ ਤੂਫ਼ਾਨ, ਕੰੁਵਾਰਾ ਬਾਪ, ਹਰਿ ਹਰਿ ਮਹਾਂਦੇਵ, ਕਿਸਾਨ ਔਰ ਭਗਵਾਨ, ਜ਼ਹਿਰੀਲਾ ਇਨਸਾਨ, ਧਰਮਾਤਮਾ, ਧਰਮ-ਕਰਮ, ਵਰੰਟ, ਰਾਖੀ ਔਰ ਰਾਈਫ਼ਲ, ਅਲੀ ਬਾਬਾ, ਆਪਣਾ ਖ਼ੂਨ ਆਪਣਾ ਦੁਸ਼ਮਣ, ਬਜਰੰਗ ਬਲੀ, ਰਾਮ ਭਰੋਸੇ, ਬੋਲੇ ਰੇ ਹੋ ਚੱਕਰਧਾਰੀ, ਭਗਤੀ ਮੇਂ ਸ਼ਕਤੀ, ਸੋਨੇ ਕਾ ਦਿਲ ਲੋਹੇ ਕੇ ਹਾਥ, ਚੰਬਲ ਕੀ ਰਾਣੀ, ਨਾਲਾਇਕ, ਬਨਮਾਨਸ, ਸਿ਼ਵ ਸ਼ਕਤੀ, ਖੇਲ੍ਹ ਮੁਕੱਦਰ ਕਾ, ਗੁਰੂ ਸੁਲੇਮਾਨਚੇਲਾ ਪਹਿਲਵਾਨ, ਮੈਂ ਇੰਤਕਾਮ ਲੂੰਗਾ, ਰੁਸਤਮ, ਆਨ ਔਰ ਸ਼ਾਨ, ਮਰਦ, ਕ੍ਰਿਸ਼ਨਾ-ਕ੍ਰਿਸ਼ਨਾ, ਭੁਲੇਖਾ, ਸੱਜਨਾ ਸਾਥ ਨਿਭਾਨਾ, ਸਰਵਣ ਕੁਮਾਰ, ਪਾਂਚ ਫੌ਼ਲਾਦੀ, ਮਰਦਾਨਗੀ, ਮਹਾਂਵੀਰਾ, ਐਲਾਨ-ਏ-ਜੰਗ, ਸ਼ਹਿਜ਼ਾਦੇ, ਘਰਾਣਾ, ਨਾਕਾਬੰਦੀ, ਤੇਰਾ ਮੇਰਾ ਪਿਆਰ, ਤ੍ਰੈ-ਯਾਤਰੀ, ਪ੍ਰਤਿੱਗਿਆ, ਸ਼ੇਰੋਂ ਕੇ ਪੁੱਤ ਸ਼ੇਰ, ਅਜੂਬਾ, ਬੇਚੈਨ, ਧਰਮ ਸੰਕਟ, ਮੌਤ ਕੀ ਸਜ਼ਾ, ਸਿ਼ਕਾਰੀ, ਮੈਂ ਹੂੰ ਸ਼ੇਰਨੀ, ਪ੍ਰੇਮ ਦੀਵਾਨੇ, ਅਨਮੋਲ, ਕਰਨ, ਰਾਮ ਸ਼ਸਤਰਾ, ਲਵ-ਕੁਸ਼, ਦਿਲ ਲਗੀ, ਕੁਹਾਰ, ਜ਼ੁਲਮੀ, ਜੈ ਸਕੰਬਰੀ ਮਾਂ, ਦੁਲਹਨ ਹਮ ਲੇ ਜਾਏਂਗੇ, ਫ਼ਰਜ਼, ਸ਼ਰਾਰਤ, ਕਲ੍ਹ ਹੋ ਜਾ ਨਾ ਹੋ, ਬਾਰਡਰ ਹਿੰਦੋਸਤਾਨ ਕਾ, ਜਬ ਵੀ ਮੈੱਟ ਅਤੇ 2012 ਵਿਚ ਬਣੀ ਅਤਾ ਪਤਾ ਲਾਪਤਾ। ਇਸ ਫਿ਼ਲਮ ਦੇ ਨਾਲ ਹੀ ਦਾਰਾ ਸਿੰਘ ਦਾ ਦੇਹਾਂਤ ਹੋ ਗਿਆ।
ਦਾਰਾ ਸਿੰਘ ਦੀਆਂ ਪੰਜਾਬੀ ਫਿ਼ਲਮਾਂ, ਜੱਗਾ ਡਾਕੂ, ਨਾਨਕ ਦੁਖੀਆ ਸਭ ਸੰਸਾਰ, ਮੇਲੇ ਮਿੱਤਰਾਂ ਦੇ, ਦੁੱਖ ਭੰਜਨ ਤੇਰਾ ਨਾਮ, ਭਗਤ ਧੰਨਾ ਜੱਟ, ਸਵਾ ਲਾਖ ਸੇ ਏਕ ਲੜਾਊਂ, ਗਿੱਧਾ, ਲੰਬੜਦਾਰਨੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਬਾਬਲ ਦਾ ਵਿਹੜਾ ਅਤੇ ਮੈਂ ਮਾਂ ਪੰਜਾਬੀ ਹਨ। ਉਸ ਨੇ ਹਿੰਦੀ ਵਿਚ ਮੇਰਾ ਦੇਸ਼ ਮੇਰਾ ਧਰਮ, ਭਗਤੀ ਮੇਂ ਸ਼ਕਤੀ ਤੇ ਰੁਸਤਮ ਅਤੇ ਪੰਜਾਬੀ ਵਿਚ ਨਾਨਕ ਦੁਖੀਆ ਸਭ ਸੰਸਾਰ, ਭਗਤ ਧੰਨਾ ਜੱਟ, ਸਵਾ ਲਾਖ ਸੇ ਏਕ ਲੜਾਊਂ ਤੇ ਰੱਬ ਦੀਆਂ ਰੱਖਾਂ ਬਤੌਰ ਨਿਰਮਾਤਾ ਤੇ ਨਿਰਦੇਸ਼ਕ ਬਣਾਈਆਂ। ਉਸ ਨੇ ਬਹੁ-ਚਰਚਿਤ ਰਮਾਇਣ, ਮਹਾ ਭਾਰਤ, ਕਿਆ ਹੋਗਾ ਨਿੰਮੋ ਕਾ ਅਤੇ ਹੱਦ ਕਰ ਦੀ ਟੀਵੀ ਸੀਰੀਅਲਾਂ ਵਿਚ ਵੀ ਅਹਿਮ ਰੋਲ ਅਦਾ ਕੀਤੇ ਜਿਨ੍ਹਾਂ ਨਾਲ ਉਸ ਦੀ ਮਸ਼ਹੂਰੀ ਪਹਿਲਵਾਨ ਨਾਲੋਂ ਹਨੂੰਮਾਨ ਵਜੋਂ ਵੱਧ ਹੋਈ। ਉਸ ਦੀ ਜੀਵਨ ਕਹਾਣੀ ਦਸਦੀ ਹੈ ਕਿ ਕਿਵੇਂ ਇਕ ਨਿਮਨ ਕਿਸਾਨ ਪਰਿਵਾਰ ਦਾ ਸਾਧਾਰਨ ਬੱਚਾ ਤੰਗੀ ਤੁਰਸ਼ੀ ਦੀਆਂ ਹਾਲਤਾਂ ਵਿਚੋਂ ਲੰਘਦਿਆਂ ਮਿਹਨਤ ਮੁਸ਼ੱਕਤ ਕਰ ਕੇ ਦੁਨੀਆ ਵਿਚ ਆਪਣਾ ਨਾਂ ਚਮਕਾ ਗਿਆ। ਨੌਜੁਆਨ ਉਹਦੇ ਜੀਵਨ ਤੋਂ ਕਾਫੀ ਕੁਝ ਸਿੱਖ ਸਕਦੇ ਹਨ।
ਜਦੋਂ ਮੈਂ ਦਾਰਾ ਸਿੰਘ ਨੂੰ ਮਿਲਿਆ
1978 ਵਿਚ ਜਸਵੰਤ ਸਿੰਘ ਕੰਵਲ ਨਾਲ ਮੈਂ ਦਾਰਾ ਸਿੰਘ ਨੂੰ ਮਿਲਿਆ ਤਾਂ ਪਹਿਲਵਾਨੀ ਤੇ ਫਿ਼ਲਮਾਂ ਦੇ ਮਨੋਰੰਜਨ ਬਾਰੇ ਕੀਤੀਆਂ ਗੱਲਾਂ ਬਾਤਾਂ ਵਿਚ ਉਸ ਨੇ ਕਿਹਾ ਸੀ: ਬੰਦੇ ਨੂੰ ਮਨੋਰੰਜਨ ਤਾਂ ਚਾਹੀਦਾ ਈ ਆ। ਫਿ਼ਲਮੀ ਮਨੋਰੰਜਨ ਤਮਾਸ਼ੇ ਵਾਲਾ ਹੁੰਦਾ। ਲੋਕ ਫਿ਼ਲਮਾਂ ਤਮਾਸ਼ੇ ਲਈ ਵੇਖਦੇ ਆ। ਪਹਿਲਵਾਨੀ ਤੇ ਖੇਡਾਂ ਸਿਹਤਮੰਦ ਮਨੋਰੰਜਨ ਆ। ਇਨ੍ਹਾਂ ਵਿਚ ਬੀਰ ਰਸ ਹੁੰਦਾ। ਨੇਸ਼ਨ ਦੀ ਸਿਹਤ ਖੇਡਾਂ ਨਾਲ ਵਧੇਰੇ ਚੰਗੀ ਬਣ ਸਕਦੀ ਆ। ਬਾਹਰਲੇ ਦੇਸ਼ਾਂ ਵਿਚ ਆਪਣੇ ਨਾਲੋਂ ਵਧੇਰੇ ਨੌਜੁਆਨ ਖੇਡ ਮੈਦਾਨਾਂ `ਚ ਜਾਂਦੇ ਆ। ਓਤਰ੍ਹਾਂ ਆਪਣੇ ਖੇਡ ਮੈਦਾਨ ਹੈ ਵੀ ਘੱਟ। ਪੁਰਾਣੇ ਵੇਲੇ ਸਿਹਤ ਬਣਾਉਣ ਦਾ ਵਧੇਰੇ ਸ਼ੌਕ ਹੁੰਦਾ ਸੀ। ਹੁਣ ਦੇ ਮੁੰਡੇ ਫੀਮਾਂ ਖਾਣ ਲੱਗ ਪਏ ਆ।”
“ਫਿ਼ਲਮੀ ਦੁਨੀਆ `ਚ ਭਲਵਾਨੀ ਕਿਵੇਂ ਕਾਇਮ ਰੱਖੀ?”
“ਮਨ ਨੂੰ ਕਾਬੂ `ਚ ਰੱਖ ਕੇ। ਫਿ਼ਲਮੀ ਦੁਨੀਆ ਵਿਚ ਮਨ ਕਾਬੂ `ਚ ਨਾ ਰੱਖਦੇ ਤਾਂ ਸ਼ਰਾਬ ਪਾਰਟੀਆਂ ਤੇ ਰੰਗ-ਰਲੀਆਂ ਵਾਲਿਆਂ ਨੇ ਖਿੱਚੀ ਧੂਹੀ ਫਿਰਨਾ ਸੀ। ਮੈਂ ਹਾਲੀ ਵੀ ਹਰ ਰੋਜ਼ ਦੋ ਘੰਟੇ ਕਸਰਤ ਕਰਦਾਂ। ਸਰੀਰ ਨੂੰ ਫਿੱਟ ਰੱਖਣ ਲਈ ਬਥੇਰਾ ਕੁਝ ਕਰਨਾ ਪੈਂਦਾ।”
ਦਾਰਾ ਸਿੰਘ ਤੋਂ ਵਿਦਾ ਹੁੰਦਿਆਂ ਮੈਂ ਪੁੱਛਿਆ ਸੀ, “ਜਿ਼ੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਕਦੋਂ ਮਿਲੀ?”
ਉਹਨੇ ਹੱਥ ਮਿਲਾਂਦਿਆਂ ਕਿਹਾ ਸੀ, “ਖ਼ੁਸ਼ੀ ਦੇ ਬੜੇ ਮੌਕੇ ਆਏ। ਖ਼ੁਸ਼ੀ ਤਾਂ ਮਨ ਦੀ ਕਨਸੈਪਟ ਆ। ਨਿੱਕੇ ਹੁੰਦਿਆਂ ਵੇਲੇ ਨਾਲ ਪੱਠੇ ਵੱਢ ਲੈਣੇ ਤਾਂ ਮਨ ਖ਼ੁਸ਼ ਹੋ ਜਾਂਦਾ ਸੀ। ਹੁਣ ਵੱਡੀਆਂ ਤੋਂ ਵੱਡੀਆਂ ਮੱਲਾਂ ਮਾਰ ਲਈਏ ਤਾਂ ਵੀ ਮਨ ਓਤਰ੍ਹਾਂ ਖ਼ੁਸ਼ ਨਹੀਂ ਹੁੰਦਾ। ਉਂਜ ਮਨ ਖ਼ੁਸ਼ ਰੱਖਣਾ ਚਾਹੀਦਾ।”
ਦਾਰਾ ਸਿੰਘ ਵਿਚ ਹਲੀਮੀ ਸੀ, ਮਿਠਾਸ ਸੀ ਤੇ ਗੱਲਾਂ ਬਾਤਾਂ ਵਿਚ ਰਸ ਸੀ। ਉਹ ਸੱਚਾ ਸੁੱਚਾ ਇਨਸਾਨ ਸੀ ਤੇ ਪੰਜਾਬੀ ਸਭਿਆਚਾਰ ਦਾ ਸ਼ੈਦਾਈ ਸੀ। ਆਪਣੀ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਦੱਸਦਿਆਂ ਉਹ ਕਹਿੰਦਾ ਸੀ ਕਿ ਬੰਦੇ ਨੂੰ ਬੇਫਿ਼ਕਰ ਰਹਿਣਾ ਚਾਹੀਦੈ। ਬੇਫਿ਼ਕਰ ਰਹਿਣ ਲਈ ਬੰਦਾ ਸਦਾ ਸੱਚ ਬੋਲੇ, ਕਿਸੇ ਦੀ ਨਿੰਦਾ ਨਾ ਕਰੇ ਤੇ ਕੋਈ ਐਸਾ ਕੰਮ ਨਾ ਕਰੇ ਜੀਹਦੇ ਨਾਲ ਅੰਤਰ ਆਤਮਾ ਨੂੰ ਡਰ ਲੱਗੇ। ਨੇਕੀ ਕਰ ਕੂੰਏਂ ਮੇਂ ਡਾਲ ਵਾਲੀ ਕਹਾਵਤ `ਤੇ ਅਮਲ ਕਰਨ ਵਾਲਾ ਇਨਸਾਨ ਕਦੇ ਦੁਖੀ ਨਹੀਂ ਹੁੰਦਾ। ਦਾਰਾ ਸਿੰਘ ਦਾ ਕਹਿਣਾ ਸੀ, “ਆਪਾਂ ਸਾਰੇ ਦੁਨੀਆ ਦਾ ਮੌਜ ਮੇਲਾ ਵੇਖਣ ਆਏ ਹਾਂ। ਸਾਡੇ ਬਜ਼ੁਰਗ ਇਸ ਦੁਨੀਆ ਨੂੰ ਸਾਡੇ ਵਾਸਤੇ ਸੁਹਾਵਣੀ ਬਣਾ ਕੇ ਗਏ ਹਨ। ਇਸ ਦਾ ਸਵਾਦ ਲਈਏ ਤੇ ਆਉਣ ਵਾਲਿਆਂ ਲਈ ਇਸ ਦੁਨੀਆ ਨੂੰ ਬਜ਼ੁਰਗਾਂ ਨਾਲੋਂ ਵੀ ਸੋਹਣੀ ਬਣਾ ਕੇ ਛੱਡ ਜਾਈਏ।”
ਅਖ਼ੀਰ ਉਮਰੇ ਦਾਰਾ ਸਿੰਘ ਨੂੰ ਭਾਵੇਂ ਦਿਲ ਦੇ ਦੌਰੇ ਨੇ ਨਿਢਾਲ ਕਰ ਛੱਡਿਆ ਸੀ ਪਰ ਉਹ ਫਿਰ ਵੀ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਾ ਰਹਿੰਦਾ ਸੀ। ਰਹਿੰਦੀ ਹੋਸ਼ ਤਕ ਉਹ ਚੜ੍ਹਦੀ ਕਲਾ ਵਿਚ ਰਿਹਾ। 7 ਜੁਲਾਈ 2012 ਨੂੰ ਫਿਰ ਦਿਲ ਦਾ ਦੌਰਾ ਪਿਆ। ਘਰ ਦੇ ਜੀਅ ਉਸ ਨੂੰ ਹਸਪਤਾਲ ਲੈ ਗਏ ਤੇ 10 ਜੁਲਾਈ ਨੂੰ ਵਾਪਸ ਘਰ ਲੈ ਆਏ। 11 ਜੁਲਾਈ ਨੂੰ ਸਵੇਰੇ ਸਾਢੇ ਸੱਤ ਵਜੇ ਉਸ ਨੇ ਆਖ਼ਰੀ ਸਾਹ ਲਿਆ। ਤਾਕਤ ਦਾ ਉੱਚਾ ਬੁਰਜ ਦਾਰਾ ਜਿਸ ਨੇ ਕਿਸੇ ਤੋਂ ਵੀ ਕੰਡ ਨਹੀਂ ਸੀ ਲਵਾਈ ਆਖ਼ਰ ਮੌਤ ਨੇ ਢਾਹ ਲਿਆ। ਹੁਣ ਉਹ ਅੰਬਰਾਂ `ਚ ਤਾਰਾ ਬਣ ਕੇ ਲਿਸ਼ਕ ਰਿਹੈ!