ਆਰਥਿਕਤਾ ਨੂੰ ਲੀਹੇ ਪਾਉਣ ਦਾ ਹਰ ਹੀਲਾ ਨਾਕਾਮ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਚੋਟੀ ਦੇ ਆਲਮੀ ਅਰਥ-ਸ਼ਾਸਤਰੀਆਂ ਵਿਚ ਆਪਣੀ ਪੈਂਠ ਬਣਾਈ ਬੈਠੇ ਡਾæ ਮਨਮੋਹਨ ਸਿੰਘ ਦਾ ‘ਆਰਥਿਕ ਸੁਪਨ-ਸੰਸਾਰ’ ਖਿੰਡਣਾ ਸ਼ੁਰੂ ਹੋ ਗਿਆ ਹੈ। ‘ਸਾਊ ਬੰਦੇ’ ਵੱਲੋਂ 1991 ਵਿਚ ਸ਼ੁਰੂ ਕੀਤੀਆਂ ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਦੇ ਮਾੜੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ ਜਿਨ੍ਹਾਂ ਨੂੰ ਵੇਖ ਕੇ ਉਹ ਖੁਦ ਵੀ ਹੈਰਾਨ ਹਨ। ਵਿੱਤ ਮੰਤਰੀ ਪੀæ ਚਿਦੰਬਰਮ ਤੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਵਰਗੇ ‘ਮਹਾਂਰਥੀਆਂ’ ਦੀ ਟੀਮ ਨਾਲ ਮਿਲ ਕੇ ਡਾæ ਮਨਮੋਹਨ ਸਿੰਘ ਪਿਛਲੇ ਇਕ ਦਹਾਕੇ ਤੋਂ ਮਹਿੰਗਾਈ ਨੂੰ ਨੱਥ ਪਾਉਣ ਅਤੇ ਆਰਥਿਕ ਵਿਕਾਸ ਨੂੰ ਲੀਹੇ ਚਾੜ੍ਹਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ ਪਰ ਅਜੇ ਤੱਕ ਉਨ੍ਹਾਂ ਦੀਆਂ ਸਾਰੀਆਂ ਸਕੀਮਾਂ ਨਾਕਾਮ ਰਹੀਆਂ ਹਨ। ਉਪਰੋਂ ਆ ਰਹੀਆਂ ਲੋਕ ਸਭਾ ਚੋਣਾਂ ਨੇ ਉਨ੍ਹਾਂ ਦੀ ਨੀਂਦ ਉੜਾ ਦਿੱਤੀ ਹੈ।
ਇਨ੍ਹਾਂ ਕਾਂਗਰਸੀ ‘ਅਰਥ-ਸ਼ਾਸਤਰੀਆਂ’ ਨੂੰ ਉਸ ਵੇਲੇ ਤਰੇਲੀਆਂ ਆ ਗਈਆਂ ਜਦੋਂ ਡਾਲਰ ਦੀ ਲਗਾਤਾਰ ਮੰਗ ਅਤੇ ਘੇਰਲੂ ਸ਼ੇਅਰ ਬਾਜ਼ਾਰ ਵਿਚ ਨਰਮੀ ਕਾਰਨ ਰੁਪਏ ਦੀ ਕੀਮਤ ਘਟ ਕੇ ਇਕ ਡਾਲਰ ਦੇ ਮੁਕਾਬਲੇ 64æ11 ਰੁਪਏ ਹੋ ਗਈ। ਇਹ ਇਸ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ ਸੀ। ਭਾਰਤੀ ਰਿਜ਼ਰਵ ਬੈਂਕ (ਆਰæਬੀæਆਈæ) ਵੱਲੋਂ ਬੇਸ਼ੱਕ ਡਾਲਰ ਦੀ ਭਾਰੀ ਬਿਕਵਾਲੀ ਕਰਨ ਤੋਂ ਬਾਅਦ ਰੁਪਏ ਦੀ ਹਾਲਤ ਵਿਚ ਥੋੜ੍ਹਾ ਸੁਧਾਰ ਆਇਆ ਸੀ, ਪਰ ਰੁਪਏ ਦੀ ਲਗਾਤਾਰ ਘਟ ਰਹੀ ਕੀਮਤ ਕਾਰਨ ਭਾਰਤੀ ਆਰਥਿਕ ਖੇਤਰ ਵਿਚ ਸਹਿਮ ਬਰਕਰਾਰ ਹੈ।
ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਬਰਤਾਨਵੀ ਪੌਂਡ ਦੇ ਮੁਕਾਬਲੇ ਰੁਪਈਆ ਪਹਿਲੀ ਵਾਰ 100 ਦੇ ਅੰਕੜੇ ਨੂੰ ਛੂਹ ਗਿਆ ਸੀ। ਵਿਦੇਸ਼ੀ ਸੰਸਥਾਈ ਨਿਵੇਸ਼ਕਾਂ ਵੱਲੋਂ ਕਰਜ਼ਾ ਬਾਜ਼ਾਰ ਫੰਡਾਂ ਵਿਚੋਂ ਨਿਕਲਣ ਤੋਂ ਬਾਅਦ ਰੁਪਈਆ ਪਹਿਲਾਂ 64æ13 ‘ਤੇ ਪੁੱਜ ਗਿਆ, ਪਰ ਫਿਰ ਆਰæਬੀæਆਈæ ਦੇ ਦਖਲ ਸਦਕਾ ਇਸ ਦੀ ਹਾਲਤ ਕੁਝ ਸੰਭਲ ਗਈ ਤੇ ਕਾਰੋਬਾਰ ਬੰਦ ਹੋਣ ਵੇਲੇ ਇਹ 63æ25 ਅੰਕਾਂ ‘ਤੇ ਸੀ। ਵੱਡਾ ਆਰਥਿਕ ਝਟਕਾ 16 ਅਗਸਤ ਨੂੰ ਉਸ ਵੇਲੇ ਲੱਗਾ ਜਦੋਂ ਬੰਬਈ ਸਟਾਕ ਐਕਸਚੇਂਜ (ਬੀæਐਸ਼ਈæ) ਦਾ ਸੰਵੇਦੀ ਸੂਚਕ ਅੰਕ (ਸੈਂਸੈਕਸ) 769 ਅੰਕ ਥੱਲੇ ਆ ਗਿਆ। ਇਹ ਸਭ ਡਾਲਰ ਦੇ ਮੁਕਾਬਲੇ ਰੁਪਿਆ ਹੋਰ ਕਮਜ਼ੋਰ ਹੋ ਜਾਣ ਕਾਰਨ ਵਾਪਰਿਆ। ਇਸੇ ਦੌਰਾਨ ਸੋਨੇ ਦੇ ਭਾਅ ਚੜ੍ਹ ਗਏ ਹਨ ਜੋ ਦੋ ਸਾਲਾਂ ਦੌਰਾਨ ਸਭ ਤੋਂ ਵਧੇਰੇ ਹਨ।
ਹੁਣ ਭਾਰਤੀ ਰਿਜ਼ਰਵ ਬੈਂਕ ਤੇ ਵਿੱਤ ਮੰਤਰਾਲੇ ਨੂੰ ਪ੍ਰਚਾਰ ਕਰਨਾ ਪੈ ਰਿਹਾ ਹੈ ਕਿ ਪੂੰਜੀ ਕੰਟਰੋਲ ਕਰਨ ਲਈ ਕੋਈ ਰੋਕਾਂ ਨਹੀਂ ਲਾਈਆਂ ਜਾ ਰਹੀਆਂ। ਦੂਜੇ ਬੰਨੇ, ਭਾਰਤੀ ਸ਼ੇਅਰ ਬਾਜ਼ਾਰ ਵਿਚ ਇਨ੍ਹਾਂ ਅਫਵਾਹਾਂ ਦਾ ਜ਼ੋਰ ਹੈ ਕਿ ਅਮਰੀਕਾ ਦੀ ਸੁਧਰ ਰਹੀ ਆਰਥਿਕਤਾ ਨਾਲ ਘਰੇਲੂ ਮੰਡੀਆਂ ਵਿਚੋਂ ਵਿਦੇਸ਼ੀ ਪੂੰਜੀ ਬਾਹਰ ਵੱਲ ਜਾਏਗੀ। ‘ਵਾਲ ਸਟਰੀਟ’ ਵਿਚ ਤਿੱਖੀ ਗਿਰਾਵਟ ਨਾਲ ਆਲਮੀ ਸਟਾਕ ਮਾਰਕੀਟਾਂ ਵੀ ਝੰਜੋੜੀਆਂ ਗਈਆਂ ਹਨ।
ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗ ਰਹੀ ਕੀਮਤ ਤੇ ਸ਼ੇਅਰ ਬਾਜ਼ਾਰ ਵਿਚ ਮੰਦੇ ਦੇ ਬਾਵਜੂਦ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਦੀ 1991 ਵਰਗੀ ਮੰਦੀ ਹਾਲਤ ਨਹੀਂ ਹੋਵੇਗੀ। ਉਦੋਂ ਅਦਾਇਗੀਆਂ ਦੇ ਤਵਾਜ਼ਨ ਦਾ ਸੰਕਟ ਪੈਦਾ ਹੋ ਗਿਆ ਸੀ ਅਤੇ ਭਾਰਤ ਨੂੰ ਸੰਕਟ ਕਾਰਨ ਆਪਣਾ ਸੋਨਾ ਗਹਿਣੇ ਰੱਖਣਾ ਪਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੌਕੇ 1991 ਵਾਲੀ ਹਾਲਤ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਵੇਲੇ ਭਾਰਤ ਵਿਚ ਵਿਦੇਸ਼ੀ ਮੁਦਰਾ ਨਾਲ ਰੁਪਏ ਦੀ ਤਬਾਦਲਾ ਕੀਮਤ ਮਿਥੀ ਹੋਈ ਸੀ ਜਦੋਂਕਿ ਹੁਣ ਇਹ ਬਾਜ਼ਾਰ ਮੁਤਾਬਕ ਘਟਦੀ-ਵਧਦੀ ਰਹਿੰਦੀ ਹੈ। 1991 ਵਿਚ ਦੇਸ਼ ਕੋਲ ਵਿਦੇਸ਼ੀ ਸਿੱਕੇ ਦੇ ਰਾਖਵੇਂ ਭੰਡਾਰ ਮਹਿਜ਼ 15 ਦਿਨਾਂ ਦੇ ਹੀ ਬਾਕੀ ਬਚੇ ਸਨ ਪਰ ਹੁਣ ਵਿਦੇਸ਼ੀ ਸਿੱਕੇ ਦੇ ਰਾਖਵੇਂ ਭੰਡਾਰ ਛੇ-ਸੱਤ ਮਹੀਨਿਆਂ ਦੇ ਹਨ। ਉਦੋਂ ਹੀ ਹਾਲਤ ਨਾਲ ਇਸ ਦਾ ਕੋਈ ਮੁਕਾਬਲਾ ਨਹੀਂ ਹੈ।
ਗ਼ੌਰਤਲਬ ਹੈ ਕਿ ਦੇਸ਼ ਦੇ ਬਹੁਤ ਵਧ ਚੁੱਕੇ ਚਾਲੂ ਖ਼ਾਤਾ ਘਾਟੇ (ਸੀæਏæਡੀæ) ਤੇ ਰੁਪਏ ਦੀ ਕੀਮਤ ਦੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ਤਕ ਡਿੱਗ ਜਾਣ ਦੇ ਮੱਦੇਨਜ਼ਰ ਅਜਿਹੇ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ ਕਿ ਭਾਰਤ ਇਕ ਵਾਰੀ ਫੇਰ 1991 ਵਰਗੇ ਮਾਲੀ ਸੰਕਟ ਵੱਲ ਵਧ ਰਿਹਾ ਹੈ। ਉਦੋਂ ਹੀ ਭਾਰਤ ਨੂੰ ਮਾਲੀ ਸੁਧਾਰ ਸ਼ੁਰੂ ਕਰਨੇ ਪਏ ਸਨ ਤੇ ਭਾਰਤ ਨੇ ਅਰਥਚਾਰੇ ਨੂੰ ਵਿਸ਼ਵੀਕਰਨ ਦੇ ਰਾਹ ਉਤੇ ਤੋਰਿਆ ਸੀ।
Leave a Reply