ਟੁੰਡੇ ਦੇ ਖੁਲਾਸਿਆਂ ਨੇ ਪੰਜਾਬ ਪੁਲਿਸ ਦੀ ਨੀਂਦ ਉੜਾਈ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤ ਨੂੰ ਅਤਿ ਲੋੜੀਂਦੇ 20 ਅਤਿਵਾਦੀਆਂ ਵਿਚੋਂ ਇਕ ਅਬਦੁਲ ਕਰੀਮ ਟੁੰਡਾ ਉਰਫ਼ ਅਬਦੁਲ ਕੁਦਸ ਦੀ ਗ੍ਰਿਫ਼ਤਾਰੀ ਨਾਲ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੀਆਂ ਤਾਰਾਂ ਪੰਜਾਬ ਵਿਚ ਸਰਗਰਮ ਖਾੜਕੂ ਜਥੇਬੰਦੀਆਂ ਨਾਲ ਜਾ ਜੁੜੀਆਂ ਹਨ ਜਿਸ ਨੂੰ ਲੈ ਕੇ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਟੁੰਡਾ ਨੂੰ ਲੰਘੇ ਦਿਨੀਂ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਭਾਰਤ ਵਿਚ 40 ਬੰਬ ਧਮਾਕਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹਨ।
ਸੱਤਰ ਸਾਲਾ ਅਬਦੁਲ ਕਰੀਮ ਟੁੰਡਾ ਬੰਬ ਬਣਾਉਣ ਦਾ ਮਾਹਿਰ ਹੈ। ਟੁੰਡਾ ਉਨ੍ਹਾਂ ਵੀਹ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ ਜਿਨ੍ਹਾਂ ਦੀ ਮੁੰਬਈ ਅਤਿਵਾਦੀ ਹਮਲਿਆਂ ਦੇ ਦੋਸ਼ ਵਿਚ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਤੋਂ ਸਪੁਰਦਗੀ ਦੀ ਮੰਗ ਕਰ ਚੁੱਕੀ ਹੈ। ਇਸ ਸੂਚੀ ਵਿਚ ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਮੁਖੀ ਮੌਲਾਨਾ ਮਸੂਦ ਅਜ਼ਹਰ ਤੇ ਦਾਊਦ ਇਬਰਾਹੀਮ ਦੇ ਨਾਂ ਵੀ ਸ਼ਾਮਲ ਹਨ। ਪੁਲਿਸ ਸੂਤਰਾਂ ਅਨੁਸਾਰ ਟੁੰਡਾ ਇਕੱਲੀ ਦਿੱਲੀ ਵਿਚ ਹੀ 21 ਵਾਰਦਾਤਾਂ ਲਈ ਲੋੜੀਂਦਾ ਹੈ ਜੋ 1994 ਤੋਂ 1996-98 ਦੇ ਕਰੀਬ ਦੀਆਂ ਹਨ। ਟੁੰਡਾ ਨੇ ਮੰਨਿਆ ਹੈ ਕਿ ਉਸ ਨੇ ਆਈæਐਸ਼ਆਈæ ਦੇ ਸਾਬਕਾ ਮੁਖੀ ਹਾਮਿਦ ਗੁਲ ਨਾਲ ਪਾਕਿਸਤਾਨ ਵਿਚ ਮੀਟਿੰਗ ਕੀਤੀ ਸੀ ਤੇ ਉਸ ਦੇ ਬਾਅਦ ਲਗਾਤਾਰ ਇਸ ਖੁਫੀਆ ਏਜੰਸੀ ਦੇ ਸੰਪਰਕ ਵਿਚ ਰਿਹਾ ਸੀ। ਇਹ ਮੁਲਾਕਾਤ ਸਾਊਦੀ ਅਰਬ ਰਾਹੀਂ ਪਾਕਿਸਤਾਨ ਪਹੁੰਚਣ ਬਾਅਦ ਹੋਈ ਸੀ। ਸੂਤਰਾਂ ਅਨੁਸਾਰ ਸਤੰਬਰ-ਅਕਤੂਬਰ 2010 ਵਿਚ ਜਦੋਂ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬੰਗਲਾ ਦੇਸ਼ ਰਾਹੀਂ ਭਾਰਤ ਵਿਚ ਕੁਝ ਵਿਸਫੋਟਕ ਭੇਜਣਾ ਚਾਹੁੰਦਾ ਸੀ ਤਾਂ ਇਸ ਕੇਸ ਲਈ ਉਸ ਨੇ ਟੁੰਡਾ ਨਾਲ ਸੰਪਰਕ ਸਾਧਿਆ ਸੀ।
ਪੁਲਿਸ ਅਨੁਸਾਰ ਵਿਸਫੋਟਕ ਪਾਕਿਸਤਾਨ ਦੇ ਬਾਹਰੋਂ ਤਿਆਰ ਕਰਵਾਏ ਗਏ ਸਨ ਤੇ ਇਹ ਦਿੱਲੀ ਜਾਂ ਪੰਜਾਬ ਭਿਜਵਾਏ ਜਾਣੇ ਸਨ। ਉਂਜ ਇਹ ਯੋਜਨਾ ਠੁੱਸ ਹੋ ਗਈ ਕਿਉਂਕਿ ਬੰਗਲਾ ਦੇਸ਼ ਵਿਚ ਟੁੰਡਾ ਦਾ ਕਾਰਿੰਦਾ ਗ੍ਰਿਫਤਾਰ ਹੋ ਗਿਆ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟੁੰਡਾ ਦੀ 1997 ਵਿਚ ਜਲੰਧਰ ਵਿਚ ਹੋਏ ਬੰਬ ਧਮਾਕਿਆਂ ਵਿਚ ਵੀ ਸ਼ਮੂਲੀਅਤ ਸੀ। 14 ਮਾਰਚ, 1997 ਨੂੰ ਜਲੰਧਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਹੋਏ ਧਮਾਕੇ ਕਾਰਨ ਸੱਤ ਬੰਦੇ ਮਾਰੇ ਗਏ ਸਨ ਤੇ 13 ਹੋਰ ਜ਼ਖ਼ਮੀ ਹੋ ਗਏ ਸਨ।
ਉਧਰ, ਪੰਜਾਬ ਪੁਲਿਸ ਵੀ ਟੁੰਡਾ ਤੋਂ ਪੁੱਛ-ਪੜਤਾਲ ਕਰਨ ਦੀ ਤਿਆਰੀ ਵਿਚ ਜੁਟ ਗਈ ਹੈ। ਟੁੰਡਾ ਦੇ ਬੱਬਰ ਖਾਲਸਾ ਦੇ ਖਾੜਕੂ ਰਤਨਦੀਪ ਸਿੰਘ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਦਿੱਲੀ ਵਿਖੇ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਉਣ ਦੇ ਕੀਤੇ ਖੁਲਾਸੇ ਕਾਰਨ ਪੰਜਾਬ ਪੁਲਿਸ ਹਰਕਤ ਵਿਚ ਆ ਗਈ ਹੈ। ਇਸ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ਨੇ ਰਤਨਦੀਪ ਦਾ ਪੁਰਾਣਾ ਰਿਕਾਰਡ ਖੰਗਾਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪੁਲਿਸ ਅਨੁਸਾਰ ਜੇ ਰਤਨਦੀਪ ਆਜ਼ਾਦੀ ਦਿਹਾੜੇ ਮੌਕੇ ਦੇਸ਼ ਦੀ ਰਾਜਧਾਨੀ ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਸਕਦਾ ਹੈ ਤਾਂ ਫਿਰ ਉਹ ਪੰਜਾਬ ਵਿਚ ਵੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਨੂੰ ਮੁੱਖ ਰੱਖਦਿਆਂ ਜਿਥੇ ਪੰਜਾਬ ਪੁਲਿਸ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ, ਉਥੇ ਟੁੰਡੇ ਦੀ ਪੁੱਛ-ਪੜਤਾਲ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਕਸ਼ਮੀਰੀ ਅਤਿਵਾਦੀਆਂ ਤੇ ਪੰਜਾਬ ਦੀਆਂ ਵੱਖ-ਵੱਖ ਖਾਲਿਸਤਾਨੀ ਜਥੇਬੰਦੀਆਂ ਵਿਚਕਾਰ ਤਾਲਮੇਲ ਪੈਦਾ ਹੋਣ ਦਾ ਪਤਾ ਵੀ ਲੱਗਾ ਹੈ। ਇਸੇ ਕਾਰਨ ਪੰਜਾਬ ਪੁਲਿਸ ਟੁੰਡੇ ਰਾਹੀਂ ਇਹ ਜਾਣਨਾ ਚਾਹੁੰਦੀ ਹੈ ਕਿ ਰਤਨਦੀਪ ਦਾ ਅਪਰੇਸ਼ਨ ਖੇਤਰ ਕਿਹੜਾ ਹੈ ਤੇ ਅੱਜਕੱਲ੍ਹ ਉਹ ਜ਼ਿਆਦਾ ਕਿੱਥੇ ਰਹਿ ਰਿਹਾ ਸੀ। ਇਸ ਤੋਂ ਇਲਾਵਾ ਉਹ ਪੰਜਾਬ ਵਿਚ ਕਿਹੋ ਜਿਹੀਆਂ ਸਰਗਰਮੀਆਂ ਚਲਾ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਅਜਿਹੇ ਵੀ ਸੰਕੇਤ ਮਿਲੇ ਸਨ ਕਿ ਬੱਬਰ ਖਾਲਸਾ ਦੇ ਕੁਝ ਕਾਰਕੁਨ ਚੁੱਪ-ਚੁਪੀਤੇ ਖਾਲਿਸਤਾਨੀ ਲਹਿਰ ਲਈ ਨਵੀਂ ਭਰਤੀ ਕਰ ਰਹੇ ਹਨ। ਇਸ ਸਬੰਧ ਵਿਚ ਪਿਛਲੇ ਸਮੇਂ ਪੰਜਾਬ ਪੁਲਿਸ ਨੇ ਕੁਝ ਨਵੇਂ ਚਿਹਰਿਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ ਬੇਅੰਤ ਸਿੰਘ ਹੱਤਿਆ ਕਾਂਡ ਦਾ ਮੁਲਜ਼ਮ ਜਗਤਾਰ ਸਿੰਘ ਤਾਰਾ ਜੋ 20 ਤੋਂ 21 ਜਨਵਰੀ 2004 ਦੀ ਕਾਲੀ ਰਾਤ ਨੂੰ ਮਾਡਲ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ 14 ਫੁੱਟ ਡੂੰਘੀ ਤੇ 94 ਫੁੱਟ ਲੰਬੀ ਸੁਰੰਗ ਪੁੱਟ ਕੇ ਆਪਣੇ ਸਾਥੀਆਂ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਓਰਾ ਨਾਲ ਫਰਾਰ ਹੋਇਆ ਸੀ, ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਖੁਫ਼ੀਆ ਏਜੰਸੀਆਂ ਉਸ ਦੇ ਵੀ ਪਾਕਿਸਤਾਨ ਵਿਚ ਹੋਣ ਦੀ ਗੱਲ ਕਹਿ ਰਹੀਆਂ ਹਨ।
ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ (ਇੰਟੈਲੀਜੈਂਸ) ਹਰਦੀਪ ਸਿੰਘ ਢਿੱਲੋਂ ਨੇ ਪੁਸ਼ਟੀ ਕੀਤੀ ਕਿ ਉਹ ਦਿੱਲੀ ਪੁਲਿਸ ਕੋਲੋਂ ਟੁੰਡੇ ਦੀ ਪੁੱਛ-ਪੜਤਾਲ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਤਨਦੀਪ ਸਿੰਘ ਭਾਵੇਂ ਹਰਿਆਣੇ ਤੋਂ ਹੈ ਪਰ ਅਤਿਵਾਦ ਦੇ ਦੌਰ ਦੌਰਾਨ ਉਸ ਨੇ ਵਾਰਦਾਤਾਂ ਪੰਜਾਬ ਵਿਚ ਹੀ ਕੀਤੀਆਂ ਹਨ। ਪਿਛਲੇ ਸਮੇਂ ਪਾਕਿਸਤਾਨ ਤੋਂ ਅੰਮ੍ਰਿਤਸਰ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਲਿਆਉਣ ਵਾਲਾ ਵੀ ਇਹ ਰਤਨਦੀਪ ਹੀ ਸੀ।
ਦੱਸਣਯੋਗ ਹੈ ਕਿ ਜਦੋਂ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਅੰਮ੍ਰਿਤਸਰ ਫੇਰੀ ਸੀ ਤਾਂ ਉਸ ਤੋਂ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਇਕ ਖੇਤਰ ਵਿਚੋਂ ਲਾਵਾਰਸ ਕਾਰ ਮਿਲੀ ਸੀ। ਇਸ ਕਾਰ ਵਿਚੋਂ ਹੀ ਧਮਾਕਾਖੇਜ਼ ਸਮੱਗਰੀ ਦੀ ਵੱਡੀ ਖੇਪ ਬਰਾਮਦ ਹੋਈ ਸੀ। ਰਤਨਦੀਪ ਕਿਸੇ ਵੇਲੇ ਖਾੜਕੂ ਪਰਮਜੀਤ ਸਿੰਘ ਪੰਜਵੜ ਦਾ ਡਰਾਈਵਰ ਵੀ ਰਹਿ ਚੁੱਕਾ ਹੈ ਤੇ ਪਾਕਿਸਤਾਨੀ ਅਤਿਵਾਦੀਆਂ ਨਾਲ ਉਸ ਦੇ ਸਬੰਧ ਪਹਿਲਾਂ ਵੀ ਉਜਾਗਰ ਹੋ ਚੁੱਕੇ ਹਨ।
Leave a Reply