ਗੁਰੂ ਤੇਗ ਬਹਾਦਰ ਨੇ ਕੱਟੜਵਾਦ ਖਿਲਾਫ ਸ਼ਹੀਦੀ ਦਿੱਤੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਂਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਵਰ੍ਹੇ ‘ਤੇ ਲਾਲ ਕਿਲ੍ਹੇ ਤੋਂ ਮੁਲਕ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣਾ ਭਾਸ਼ਣ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਸ਼ੁਰੂ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਤੇ ਦੁਨੀਆ ਦੇ ਹੋਰਨਾਂ ਮੁਲਕਾਂ ਵਿਚ ਰਹਿੰਦੇ ਸਿੱਖਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਕੱਟੜਵਾਦ ਖਿਲਾਫ ਕੁਰਬਾਨੀ ਦਿੱਤੀ। ਉਨ੍ਹਾਂ ਦੀ ਕੁਰਬਾਨੀ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਦੀ ਇੱਜ਼ਤ, ਮਾਣ-ਸਨਮਾਨ ਦੀ ਰਾਖੀ ਲਈ ਜਿਊਣ ਅਤੇ ਮਰਨ ਦੀ ਪ੍ਰੇਰਨਾ ਦਿੱਤੀ ਹੈ। ਗੁਰੂਆਂ ਦੇ ਗਿਆਨ ਨਾਲ ਮੁਲਕ ਦਾ ਹਰ ਕੋਨਾ ਰੌਸ਼ਨ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਰਤ ਗੁਰੂਆਂ ਵੱਲੋਂ ਦਿਖਾਈ ਰਾਹ ‘ਤੇ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਔਰੰਗਜ਼ੇਬ ਸਾਡੇ ਵਿਸ਼ਵਾਸ ਨੂੰ ਢਾਹ ਨਹੀਂ ਸਕਿਆ। ਨਵੀਂ ਸੋਚ, ਲਗਾਤਾਰ ਸਖਤ ਮਿਹਨਤ ਅਤੇ ਸੌ ਫੀਸਦੀ ਸਮਰਪਣ ਅੱਜ ਵੀ ਸਿੱਖ ਸਮਾਜ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਕ ਅਜਿਹਾ ਭਾਰਤ ਬਣਾਉਣਾ ਹੈ ਜਿਸ ਦੀ ਤਾਕਤ ਪੂਰੀ ਦੁਨੀਆ ਦੇਖੇ, ਜੋ ਵਿਸ਼ਵ ਨੂੰ ਨਵੀਂਆਂ ਬੁਲੰਦੀਆਂ ‘ਤੇ ਲੈ ਕੇ ਜਾਏ। ਭਾਰਤ ਕਿਸੇ ਸਮਾਜ ਅਤੇ ਮੁਲਕ ਲਈ ਖਤਰਾ ਨਹੀਂ ਹੈ। ਅੱਜ ਵੀ ਅਸੀਂ ਪੂਰੀ ਦੁਨੀਆਂ ਦੀ ਭਲਾਈ ਬਾਰੇ ਸੋਚਦੇ ਹਾਂ। ਸਾਡੀ ਸਰਕਾਰ ਸਿੱਖ ਰਵਾਇਤ ਨਾਲ ਜੁੜੀਆਂ ਧਾਰਮਿਕ ਥਾਵਾਂ ਨੂੰ ਜੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਭੂਮੀ ਸਿਰਫ ਇਕ ਮੁਲਕ ਹੀ ਨਹੀਂ ਸਗੋਂ ਇਹ ਸਾਡੀ ਮਹਾਨ ਵਿਰਾਸਤ ਅਤੇ ਰਵਾਇਤ ਹੈ। ਉਨ੍ਹਾਂ ਕਿਹਾ ਕਿ ਇਥੇ ਸ਼ਬਦ ਸੁਣ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਮੁਲਕ ਨੂੰ ਵਿਕਾਸ ਦੇ ਸਿਖਰ ‘ਤੇ ਲੈ ਕੇ ਜਾਵਾਂਗੇ। ਉਨ੍ਹਾਂ ਲੋਕਾਂ ਨੂੰ ਮੁਲਕ ਲਈ ਸਮਰਪਿਤ ਹੋਣ ਤੇ ਮੁਲਕ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਮਿਲ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ।
ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ: ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਅਤੇ 401ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖ ਬੁਲਾਰਿਆਂ ਨੇ ਹੁਣ ਤੱਕ ਆਈਆਂ ਕੇਂਦਰ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਿੱਖ ਮਾਮਲਿਆਂ ਨੂੰ ਜਾਣਬੁੱਝ ਕੇ ਲਟਕਾਇਆ ਜਾਂਦਾ ਰਿਹਾ ਹੈ। ਜੇਕਰ ਮੌਜੂਦਾ ਕੇਂਦਰ ਸਰਕਾਰ ਸਿੱਖਾਂ ਪ੍ਰਤੀ ਸੁਹਿਰਦ ਹੈ ਤੇ ਸਿੱਖਾਂ ਨਾਲ ਸਹਿਚਾਰ ਚਾਹੁੰਦੀ ਹੈ ਤਾਂ ਸਿੱਖਾਂ ਨਾਲ ਹੋਏ ਤੇ ਹੋ ਰਹੇ ਧੱਕੇ ਤੇ ਵਧੀਕੀਆਂ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ‘ਤੇ ਹੋ ਰਹੇ ਹਮਲਿਆਂ ਖਿਲਾਫ ਇਕਜੁੱਟ ਹੋਣ ਦੀ ਲੋੜ ਹੈ।