ਤਰਨ ਤਾਰਨ `ਚ ਗੋਲੀਆਂ ਮਾਰ ਕੇ ਪਰਵਾਸੀ ਭਾਰਤੀ ਦੀ ਹੱਤਿਆ

ਤਰਨ ਤਾਰਨ: ਸ਼ਹਿਰ ਦੇ ਅਤਿ ਸੰਵੇਦਨਸ਼ੀਲ ਚਾਰ ਖੰਭਾ ਚੌਕ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਪਰਵਾਸੀ ਭਾਰਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਜਤਿੰਦਰਪਾਲ ਸਿੰਘ (25) ਵਾਸੀ ਸੋਹਾਵਾ (ਸਰਹਾਲੀ) ਵਜੋਂ ਹੋਈ ਹੈ। ਕੈਨੇਡੀਅਨ ਪੀਆਰ ਜਤਿੰਦਰਪਾਲ 16 ਅਪਰੈਲ ਨੂੰ ਹੀ ਭਾਰਤ ਆਇਆ ਸੀ ਤੇ ਉਸ ਨੇ ਜੂਨ ਮਹੀਨੇ ‘ਚ ਕੈਨੇਡਾ ਪਰਤਣਾ ਸੀ।

ਜਤਿੰਦਰਪਾਲ ਆਪਣੇ ਦੋਸਤਾਂ ਜਸਲੀਨ ਸਿੰਘ, ਜੁਨੇਜਪਾਲ ਸਿੰਘ ਵਾਸੀ ਗੁਜਰਪੁਰਾ ਤੇ ਗੁਰਜੀਤ ਸਿੰਘ ਵਾਸੀ ਮੁੰਡਾ ਪਿੰਡ ਨਾਲ ਸਕਾਰਪੀਓ ਗੱਡੀ ਵਿਚ ਤਰਨ ਤਾਰਨ ਤੋਂ ਪਿੰਡ ਪਰਤ ਰਿਹਾ ਸੀ। ਚਾਰ ਖੰਭਾ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਤਿੰਦਰਪਾਲ ਦੀ ਖੱਬੀ ਵੱਖੀ ਵਿਚ ਵੱਜ ਗਈ। ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਤਿੰਦਰਪਾਲ ਨੇ ਆਪਣੇ ਦੋਸਤਾਂ ਨਾਲ ਇਕ ਪੰਜ ਤਾਰਾ ਹੋਟਲ ਵਿਚ ਪਾਰਟੀ ਕੀਤੀ ਸੀ।