ਭਾਰਤ-ਬਰਤਾਨੀਆ ਨੇ ਮੁਕਤ ਵਪਾਰ ਸਮਝੌਤੇ ਵੱਲ ਕਦਮ ਵਧਾਏ

ਨਵੀਂ ਦਿੱਲੀ: ਤੇਜੀ ਨਾਲ ਬਦਲ ਰਹੇ ਭੂ-ਸਿਆਸੀ ਹਾਲਾਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਨੇ ਨਵੀਂ ਅਤੇ ਮੋਕਲੀ ਭਾਰਤ-ਯੂਕੇ ਰੱਖਿਆ ਭਾਈਵਾਲੀ ਲਈ ਸਹਿਮਤੀ ਦਿੱਤੀ ਹੈ।

ਦੋਵਾਂ ਆਗੂਆਂ ਨੇ ਸਾਲ ਦੇ ਅਖੀਰ ਤੱਕ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਨੂੰ ਸਹੀਬੰਦ ਕਰਨ ਦਾ ਸੰਕਲਪ ਵੀ ਦੁਹਰਾਇਆ। ਦੋਵਾਂ ਧਿਰਾਂ ਨੇ ਵਣਜ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਵਾਤਾਵਰਨ ਤਬਦੀਲੀ ਸਣੇ ਹੋਰ ਕਈ ਖੇਤਰਾਂ ਵਿਚ ਰਿਸ਼ਤਿਆਂ ਦਾ ਘੇਰਾ ਵਧਾਉਣ ਲਈ 10 ਸਾਲਾ ਰੋਡਮੈਪ ਅਪਣਾਉਣ ਦੀ ਸਹਿਮਤੀ ਦਿੱਤੀ। ਜੌਹਨਸਨ ਨੇ ਦੋਵਾਂ ਮੁਲਕਾਂ ਦੀ ਸਾਂਝ ਦੀਆਂ ਸਿਫਤਾਂ ਕੀਤੀਆਂ। ਆਪਣੀ ਦੋ ਰੋਜ਼ਾ ਭਾਰਤ ਫੇਰੀ ਦੇ ਆਖਰੀ ਦਿਨ ਬਰਤਾਨਵੀ ਪ੍ਰਧਾਨ ਮੰਤਰੀ ਨੇ ਇਥੇ ਹੈਦਰਾਬਾਦ ਹਾਊਸ ‘ਚ ਸ੍ਰੀ ਮੋਦੀ ਨਾਲ ਵੱਖ-ਵੱਖ ਮੁੱਦਿਆਂ ‘ਤੇ ਤਫ਼ਸੀਲ ਵਿਚ ਗੱਲਬਾਤ ਕੀਤੀ। ਜੌਹਨਸਨ ਨੇ ਕਿਹਾ ਕਿ ਯੂਕੇ ਵੱਲੋਂ ਭਾਰਤ ਲਈ ਓਪਨ ਜਨਰਲ ਐਕਸਪੋਰਟ ਲਾਇਸੈਂਸ (ਓ.ਜੀ.ਈ.ਐਲ.) ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਰੱਖਿਆ ਖਰੀਦ ਵਿੱਚ ‘ਅਫ਼ਸਰਸ਼ਾਹੀ ਨਾਲ ਜੁੜੇ ਅੜਿੱਕੇ ਤੇ ਡਲਿਵਰੀ ਦਾ ਸਮਾਂ‘ ਘਟਾਉਣ ਵਿਚ ਮਦਦ ਮਿਲੇਗੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਜਲ, ਥਲ, ਹਵਾ ਤੇ ਸਾਈਬਰ ਕਾਰਜ ਖੇਤਰਾਂ ‘ਚ ਦਰਪੇਸ਼ ਨਵੀਆਂ ਚੁੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਦਿੱਤੀ। ਜੌਹਨਸਨ ਨੇ ਕਿਹਾ ਕਿ ਯੂਕੇ ਨਵੀਂ ਲੜਾਕੂ ਜੈੱਟ ਤਕਨੀਕ ਤੇ ਸਾਗਰੀ ਫਰੰਟ ‘ਤੇ ਮੌਜੂਦਾ ਖਤਰਿਆਂ ਨਾਲ ਸਿੱਝਣ ਲਈ ਭਾਰਤ ਨਾਲ ਭਾਈਵਾਲੀ ਪਾਏਗਾ। ਉਨ੍ਹਾਂ ਕਿਹਾ, ”ਅੱਜ ਅਸੀਂ ਨਵੀਂ ਤੇ ਵਿਆਪਕ ਰੱਖਿਆ ਤੇ ਸੁਰੱਖਿਆ ਭਾਈਵਾਲੀ ਅਤੇ ਦਹਾਕਿਆਂ ਪੁਰਾਣੀ ਆਪਣੀ ਵਚਨਬੱਧਤਾ ਕਿ ਅਸੀਂ ਨਾ ਸਿਰਫ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਾਂਗੇ ਬਲਕਿ ਨਰੇਂਦਰ (ਮੋਦੀ) ਦੇ (ਰੱਖਿਆ ਖੇਤਰ ਵਿਚ) ਮੇਕ ਇਨ ਇੰਡੀਆ ਦੇ ਟੀਚੇ ਨੂੰ ਵੀ ਪੂਰਾ ਕਰਾਂਗੇ।“ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਦਾ ਹਵਾਲਾ ਦਿੰਦਿਆਂ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਦੋਵਾਂ ਧਿਰਾਂ ਦੇ ਵਾਰਤਾਕਾਰ ਅਕਤੂਬਰ ਵਿਚ ਦੀਵਾਲੀ ਤੋਂ ਪਹਿਲਾਂ ਸਮਝੌਤਾ ਸਹੀਬੰਦ ਕਰ ਲੈਣ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਫ.ਟੀ.ਏ. ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੁਕਤ ਵਪਾਰ ਸਮਝੌਤੇੇ ਨੂੰ ਲੈ ਕੇ ‘ਸਾਕਾਰਾਤਮਕ ਪੇਸ਼ਕਦਮੀ` ਹੋਈ ਹੈ ਤੇ ਦੋਵਾਂ ਧਿਰਾਂ ਨੇ ਇਸ ਸਾਲ ਦੇ ਅਖੀਰ ਤੱਕ ਸਮਝੌਤਾ ਸਿਰੇ ਚਾੜ੍ਹਨ ਲਈ ਆਪਣਾ ਬਿਹਤਰੀਨ ਦੇਣ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ, ‘’ਪਿਛਲੇ ਕੁਝ ਮਹੀਨਿਆਂ ਵਿਚ ਭਾਰਤ ਨੇ ਯੂ.ਏ.ਈ. ਤੇ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਸਿਰੇ ਚਾੜ੍ਹੇ ਹਨ। ਅਸੀਂ ਉਸੇ ਰਫਤਾਰ ਤੇ ਉਸੇ ਵਚਨਬੱਧਤਾ ਨਾਲ ਯੂਕੇ ਨਾਲ ਮਿਲ ਕੇ ਐਫ.ਟੀ.ਏ. ਵੱਲ ਅੱਗੇ ਵਧਣਾ ਚਾਹਾਂਗੇ।“ ਉਨ੍ਹਾਂ ਕਿਹਾ, ‘’ਅਸੀਂ ਰੱਖਿਆ ਸੈਕਟਰ ਵਿਚ ਸਹਿਯੋਗ ਵਧਾਉਣ `ਤੇ ਵੀ ਸਹਿਮਤੀ ਦਿੱਤੀ ਹੈ। ਅਸੀਂ ਰੱਖਿਆ ਸੈਕਟਰ ਵਿਚ ਭਾਰਤ ਨੂੰ ਨਿਰਮਾਣ, ਤਕਨਾਲੋਜੀ, ਡਿਜ਼ਾਈਨ ਤੇ ਵਿਕਾਸ ਵਿਚ ‘ਆਤਮ ਨਿਰਭਰ` ਬਣਾਉਣ ਲਈ ਯੂਕੇ ਵੱਲੋਂ ਦਿੱਤੀ ਜਾਣ ਵਾਲੀ ਹਮਾਇਤ ਦਾ ਸਵਾਗਤ ਕਰਦੇ ਹਾਂ।“
ਰੱਖਿਆ ਲੋੜਾਂ ਲਈ ਰੂਸ `ਤੇ ਨਿਰਭਰ ਨਾ ਰਹੇ ਭਾਰਤ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਭਾਰਤ ਆਪਣੀਆਂ ਰੱਖਿਆ ਲੋੜਾਂ ਲਈ ਰੂਸ ‘ਤੇ ਜ਼ਿਆਦਾ ਨਿਰਭਰ ਨਾ ਰਹੇ। ਪੈਂਟਾਗਨ ਨੇ ਬਿਆਨ ਜਾਰੀ ਕਰਕੇ ਕਿਹਾ, ‘ਅਸੀਂ ਭਾਰਤ ਤੇ ਹੋਰ ਦੇਸ਼ਾਂ ਨਾਲ ਇਸ ਮਾਮਲੇ ਉਤੇ ਬਹੁਤ ਸਪੱਸ਼ਟ ਹਾਂ ਕਿ ਅਸੀਂ ਉਨ੍ਹਾਂ ਨੂੰ ਰੱਖਿਆ ਸਾਜੋ-ਸਾਮਾਨ ਲਈ ਰੂਸ ਉਤੇ ਨਿਰਭਰ ਨਹੀਂ ਦੇਖਣਾ ਚਾਹੁੰਦੇ। ਅਸੀਂ ਇਸ ਮਾਮਲੇ ‘ਚ ਪੂਰੀ ਇਮਾਨਦਾਰੀ ਨਾਲ ਗੱਲ ਕਰ ਰਹੇ ਹਾਂ ਤੇ ਅਜਿਹਾ ਨਹੀਂ ਚਾਹੁੰਦੇ।‘ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਇਸ ਦੇ ਨਾਲ ਹੀ ਅਮਰੀਕਾ ਭਾਰਤ ਨਾਲ ਆਪਣੀ ਰੱਖਿਆ ਭਾਈਵਾਲੀ ਦੀ ਕਦਰ ਕਰਦਾ ਹੈ।