ਭਾਰਤ ਨੇ ਚੀਨੀ ਨਾਗਰਿਕਾਂ ਨੂੰ ਜਾਰੀ ਟੂਰਿਸਟ ਵੀਜ਼ੇ ਮੁਅੱਤਲ ਕੀਤੇ

ਨਵੀਂ ਦਿੱਲੀ: ਭਾਰਤ ਨੇ ਚੀਨੀ ਨਾਗਰਿਕਾਂ ਨੂੰ ਜਾਰੀ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਕੌਮਾਂਤਰੀ ਹਵਾਈ ਟਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ.) ਨੇ ਆਪਣੀਆਂ ਮੈਂਬਰ ਏਅਰਲਾਈਨਜ ਨੂੰ 20 ਅਪਰੈਲ ਨੂੰ ਇਹ ਜਾਣਕਾਰੀ ਦਿੱਤੀ। ਭਾਰਤ, ਚੀਨ ਦੀਆਂ ਯੂਨੀਵਰਸਿਟੀਆਂ ਵਿਚ ਰਜਿਸਟਰਡ ਲਗਭਗ 22,000 ਭਾਰਤੀ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਦਾ ਮੁੱਦਾ ਗੁਆਂਢੀ ਦੇਸ਼ ਕੋਲ ਉਠਾਉਂਦਾ ਰਿਹਾ ਹੈ। ਇਹ ਉਹ ਵਿਦਿਆਰਥੀ ਹਨ ਜਿਹੜੇ ਕਲਾਸਾਂ ਲਗਾਉਣ ਲਈ ਉਥੇ ਨਹੀਂ ਜਾ ਸਕੇ।

ਚੀਨ ਨੇ ਅਜੇ ਤਾਈਂ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ। ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਰ ਕੇ 2020 ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਭਾਰਤ ਪਰਤਣਾ ਪਿਆ ਸੀ। ਭਾਰਤ ਸਬੰਧੀ 20 ਅਪਰੈਲ ਨੂੰ ਜਾਰੀ ਇਕ ਹੁਕਮ ਵਿਚ ਆਈ.ਏ.ਟੀ.ਏ. ਨੇ ਕਿਹਾ, ‘’ਚੀਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਟੂਰਿਸਟ ਵੀਜ਼ੇ ਹੁਣ ਪ੍ਰਮਾਣਕ ਨਹੀਂ ਹਨ।“ ਆਈ.ਏ.ਟੀ.ਏ. ਨੇ ਇਹ ਵੀ ਕਿਹਾ ਕਿ ਦਸ ਸਾਲਾਂ ਦੀ ਮਿਆਦ ਵਾਲੇ ਟੂਰਿਸਟ ਵੀਜ਼ੇ ਹੁਣ ਵੈਧ ਨਹੀਂ ਹਨ। ਆਈ.ਏ.ਟੀ.ਏ. ਲਗਭਗ 290 ਮੈਂਬਰਾਂ ਵਾਲੀ ਇਕ ਵਿਸ਼ਵ ਪੱਧਰ ਦੀ ਏਅਰਲਾਈਨਜ ਬਾਡੀ ਹੈ। ਦੁਨੀਆਂ ਭਰ ਦੀਆਂ ਏਅਰਲਾਈਨਜ `ਚੋਂ 80 ਫੀਸਦ ਇਸ ਦੀਆਂ ਮੈਂਬਰ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ 17 ਮਾਰਚ ਨੂੰ ਕਿਹਾ ਸੀ ਕਿ ਭਾਰਤ ਨੇ ਪੇਈਚਿੰਗ ਨੂੰ ਇਸ ਮਾਮਲੇ ਵਿਚ ‘ਅਨੁਕੂਲ ਰੁਖ` ਅਖਤਿਆਰ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸਖਤ ਪਾਬੰਦੀਆਂ ਦੀ ਨਿਰੰਤਰਤਾ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਵਿਦਿਅਕ ਭਵਿੱਖ ਨੂੰ ਖਤਰੇ ਵਿਚ ਪਾ ਰਹੀ ਹੈ।