ਕੇਂਦਰੀ ਖੇਤੀ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਸਿਰ ਫਿਰ ਦੋਸ਼ ਮੜ੍ਹਿਆ

ਨਵੀਂ ਦਿੱਲੀ: ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਰਸਾਇਣਕ ਖੇਤੀ ਦਾ ਨੁਕਸਾਨ ਅਜਿਹਾ ਹੈ ਕਿ ਪੰਜਾਬ ਦਾ ਕਿਸਾਨ ਆਪਣੀ ਬੀਜੀ ਫਸਲ ਹੋਰਾਂ ਨੂੰ ਤਾਂ ਵੇਚਦਾ ਹੈ ਪਰ ਉਹ ਆਪ ਇਸ ਦੀ ਵਰਤੋਂ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ।

ਸ੍ਰੀ ਤੋਮਰ ਨੇ ਨਿਵੇਕਲੀ ਖੇਤੀ ਬਾਰੇ ਇਥੇ ਕੌਮੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਖੇਤੀ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਵੇਂ ਢੰਗ-ਤਰੀਕਿਆਂ ਖਾਸ ਕਰਕੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਦੇਸ਼ ‘ਚ ਖੇਤੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਵੱਡੀ ਫੀਸਦੀ ਆਬਾਦੀ ਅਜੇ ਵੀ ਆਪਣੀ ਰੋਜੀ-ਰੋਟੀ ਲਈ ਖੇਤੀ ‘ਤੇ ਨਿਰਭਰ ਹੈ। ਕੁਦਰਤੀ ਖੇਤੀ ਅਪਣਾਉਣ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਸਾਇਣਾਂ ਨਾਲ ਖੇਤੀ 1950ਵਿਆਂ ‘ਚ ਹਰੇ ਇਨਕਲਾਬ ਦੌਰਾਨ ਸ਼ੁਰੂ ਕੀਤੀ ਗਈ ਸੀ ਅਤੇ ਇਸ ਨਾਲ ਦੇਸ਼ ‘ਚ ਵਾਧੂ ਅਨਾਜ ਪੈਦਾ ਹੋ ਗਿਆ ਸੀ ਪਰ ਖੇਤੀ ਦੇ ਇਸ ਤਰੀਕੇ ਦਾ ਮਾੜਾ ਅਸਰ ਮਿੱਟੀ, ਪਾਣੀ ਅਤੇ ਆਲਮੀ ਤਪਸ਼ ‘ਤੇ ਪਿਆ। ਸ੍ਰੀ ਤੋਮਰ ਨੇ ਕਿਹਾ,”ਰਸਾਇਣਕ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ ‘ਚ ਸਹਾਇਤਾ ਕੀਤੀ ਪਰ ਇਸ ਦੀ ਹੱਦ ਹੁੰਦੀ ਹੈ।