ਭਗਵੰਤ ਮਾਨ ਦੇ ਦਿੱਲੀ ਮੋਹ ਨਾਲ ਵਿਵਾਦ

ਚੰਡੀਗੜ੍ਹ: ਪੰਜਾਬ ਵਿਚ ਨਵੇਂ ਬਦਲ ਅਤੇ ਤਬਦੀਲੀ ਦੇ ਦਾਅਵਿਆਂ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਤ ਨਵੇਂ ਵਿਵਾਦਾਂ ਵਿਚ ਘਿਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ‘ਦਿੱਲੀ ਮੋਹ` ਪੰਜਾਬੀਆਂ, ਖਾਸ ਕਰ ਸੂਬੇ ਦੀਆਂ ਵਿਰੋਧੀ ਧਿਰਾਂ ਦੇ ਮਨਾਂ ਵਿਚ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਪੰਜਾਬ ਵਿਚ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਭਗਵੰਤ ਮਾਨ ਵੱਲੋਂ ਦਿੱਲੀ ਜਾ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੈਰੀਂ ਹੱਥ ਲਾਉਣਾ, ਪੰਜਾਬ ਤੋਂ ਬਾਹਰਲੇ ਰਾਜ ਸਭਾ ਮੈਂਬਰਾਂ ਦੀ ਚੋਣ ਕਰਨਾ, ਪੰਜਾਬ ਦੇ ਅਫਸਰਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ‘ਗੁਪਤ` ਮੀਟਿੰਗ ਅਜੇ ਚਰਚਾ ਵਿਚ ਸੀ ਕਿ ਆਪ ਸਰਕਾਰ ਦੇ ਤਾਜ਼ਾ ਫੈਸਲੇ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ।
ਭਗਵੰਤ ਮਾਨ ਦੀ ਤਾਜ਼ਾ ਦਿੱਲੀ ਫੇਰੀ ਤੇ ਪੰਜਾਬ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰਾਂ ਵਿਚਕਾਰ ਕੀਤੇ ਇਕਰਾਰਨਾਮੇ (ਮੈਮੋਰੰਡਮ ਆਫ ਅੰਡਰਸਟੈਂਡਿੰਗ-ਐਮਓਯੂ) ਨੇ ਪੰਜਾਬੀਆਂ ਦੇ ਮਨਾਂ ਵਿਚ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਵਿਰੋਧੀ ਧਿਰਾਂ ਸਿੱਧਾ-ਸਿੱਧਾ ਦੋਸ਼ ਲਾ ਰਹੀਆਂ ਹਨ ਕਿ ਤਾਜ਼ਾ ਇਕਰਾਰਨਾਮੇ ਨੇ ਕੇਜਰੀਵਾਲ ਨੂੰ ਪੰਜਾਬ ਦਾ ‘ਸੁਪਰ ਮੁੱਖ ਮੰਤਰੀ` ਬਣਾ ਦਿੱਤਾ ਹੈ ਤੇ ਭਗਵੰਤ ਮਾਨ ਦਿੱਲੀ ਵਿਚ ਬੰਦੀ ਬਣ ਗਏ ਹਨ। ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਦੋ ਸੂਬਿਆਂ ਦੀਆਂ ਸਰਕਾਰਾਂ ਜਾਂ ਅਫਸਰ ਪਹਿਲਾਂ ਹੀ ਇਕ-ਦੂਜੇ ਸੂਬਿਆਂ ਦਾ ਅਧਿਕਾਰਕ ਦੌਰਾ ਕਰਕੇ ਜਾਣਕਾਰੀ ਲੈਂਦੇ ਹਨ।
ਅਜੇ ਪਿਛਲੇ ਹਫਤੇ ਹੀ ਪੰਜਾਬ ਦੇ ਮੰਤਰੀ ਡੇਅਰੀ ਨਾਲ ਸਬੰਧੀ ਜਾਣਕਾਰੀ ਲਈ ਗੁਜਰਾਤ ਫੇਰੀ ਕਰਕੇ ਆਏ ਹਨ, ਫਿਰ ਗਿਆਨ ਸਾਂਝਾ ਕਰਨ ਲਈ ਦਿੱਲੀ ਤੇ ਪੰਜਾਬ ਨੂੰ ਸਮਝੌਤਿਆਂ ਦੀ ਅਜਿਹੀ ਕੀ ਲੋੜ ਪੈ ਗਈ? ਸਵਾਲ ਇਹ ਵੀ ਹੈ ਕਿ ਆਮ ਕਰਕੇ ਐਮ.ਓ.ਯੂ. ਜਾਂ ਸਮਝੌਤਾ-ਪੱਤਰ ਕਿਸੇ ਖਾਸ ਖੇਤਰ ਅਤੇ ਉਸ ਵਿਚ ਵੀ ਖਾਸ ਟੀਚਿਆਂ ਨੂੰ ਲੈ ਕੇ ਕੀਤੇ ਜਾਂਦੇ ਹਨ ਪਰ ਇਹ ਇਕਰਾਰਨਾਮਾ ਕਈ ਖੇਤਰਾਂ ਵਿਚ ਸਹਿਯੋਗ ਬਾਰੇ ਹੈ ਅਤੇ ਕੋਈ ਟੀਚੇ ਨਿਸ਼ਚਿਤ ਨਹੀਂ ਕੀਤੇ ਗਏ।
ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਦੋਵਾਂ ਸਰਕਾਰਾਂ ਨੇ ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਦੀ ਕਾਇਆਕਲਪ ਕਰਨ ਲਈ ਗਿਆਨ ਦੇ ਵਟਾਂਦਰੇ ਲਈ ਸਮਝੌਤਾ ਸਹੀਬੰਦ ਕੀਤਾ ਹੈ। ਭਗਵੰਤ ਮਾਨ ਦਾ ਦਾਅਵਾ ਹੈ ਕਿ ਸਿੱਖਿਆ, ਸਿਹਤ ਤੇ ਬਿਜਲੀ ਉਨ੍ਹਾਂ ਦੀ ਸਰਕਾਰ ਦੀ ਸਿਖਰਲੀਆਂ ਤਰਜੀਹਾਂ ਹਨ ਤੇ ਪੰਜਾਬ ਨੂੰ ਇਨ੍ਹਾਂ ਖੇਤਰਾਂ ਵਿਚ ਦਿੱਲੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕੇਜਰੀਵਾਲ ਆਖ ਰਹੇ ਹਨ ਕਿ ਜੇਕਰ ਹਰੇਕ ਰਾਜ ਦੂਜੇ ਵੱਲੋਂ ਕੀਤੇ ਚੰਗੇ ਕੰਮਾਂ ਤੋਂ ਸਬਕ ਲੈਣ ਲੱਗੇ ਤਾਂ ਭਾਰਤ ਦੀ ਤਰੱਕੀ ਹੋਵੇਗੀ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਨਿਵੇਕਲੀ ਪਹਿਲਕਦਮੀ ਦੱਸਦੇ ਹੋਏ ਦੋਵਾਂ ਸੂਬਿਆਂ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਉਸਾਰੂ ਤੇ ਮਿਸਾਲੀ ਕਦਮ ਕਰਾਰ ਦਿੱਤਾ। ਕਰਾਰ ਤਹਿਤ ਦੋਵੇਂ ਸਰਕਾਰਾਂ ਲੋਕਾਂ ਦੀ ਭਲਾਈ ਲਈ ਜਾਣਕਾਰੀ ਹਾਸਲ ਕਰਨ ਵਾਸਤੇ ਮੰਤਰੀਆਂ, ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਇਕ-ਦੂਜੇ ਦੇ ਸੂਬਿਆਂ ਵਿਚ ਭੇਜਿਆ ਕਰਨਗੀਆਂ।
ਉਧਰ, ਕੇਜਰੀਵਾਲ ਤੇ ਭਗਵੰਤ ਮਾਨ ਦੇ ਇਹ ਤਰਕ ਵਿਰੋਧੀ ਧਿਰਾਂ ਦੇ ਗਲੇ ਨਹੀਂ ਉਤਰ ਰਹੇ ਹਨ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਅਸਲ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੌਮੀ ਰਾਜਧਾਨੀ ਵਿਚ ਬੈਠਿਆਂ ਪੰਜਾਬ ਦੀ ‘ਆਪ` ਸਰਕਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਪਿਛਲੇ ਦਿਨੀਂ ਪੰਜਾਬ ਦੇ ਅਫਸਰਾਂ ਨਾਲ ਭਗਵੰਤ ਮਾਨ ਦੀ ਗੈਰਹਾਜ਼ਰੀ ਵਿਚ ਕੇਜਰੀਵਾਲ ਦੀ ਮੁਲਾਕਾਤ ਇਸ ਦਾ ਪ੍ਰਤੱਖ ਸਬੂਤ ਹੈ, ਹਾਲਾਂਕਿ ਇਸ ਮੁਲਾਕਾਤ ਪਿੱਛੋਂ ਉਠੇ ਸਵਾਲਾਂ ਕਾਰਨ ਹੁਣ ਇਹ ਸਮਝੌਤੇ ਦੀ ਆੜ ਵਿਚ ਕੇਜਰੀਵਾਲ ਚੰਮ ਦੀਆਂ ਚਲਾ ਸਕਣਗੇ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਪਰੋਕਤ ਕਰਾਰ ਦਾ ਅਸਲ ਮੰਤਵ ਪੰਜਾਬ ਦੀ ਅਫਸਰਸ਼ਾਹੀ ਨੂੰ ਕੰਟਰੋਲ ਕਰ ਕੇ ਕੇਜਰੀਵਾਲ ਨੂੰ ਪੰਜਾਬ ਸਰਕਾਰ ਚਲਾਉਣ ਦੇ ਸਮਰੱਥ ਬਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਵਤਾ ਸਾਂਝੀ ਕਰਨ ਦਾ ਸਮਝੌਤਾ ਕਰਨ ਦੀ ਆੜ ਵਿਚ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਅਸਲ ਮੁੱਖ ਮੰਤਰੀ ਬਣ ਗਏ ਹਨ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਹ ਸਮਝੌਤਾ ਪੰਜਾਬ ਸਰਕਾਰ ਵੱਲੋਂ ਆਪਣੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨੂੰ ਪੂਰਨ ਤੌਰ ‘ਤੇ ਤਿਲਾਂਜਲੀ ਦੇਣ ਦੇ ਬਰਾਬਰ ਹੈ। ਇਹ ਸਮਝੌਤਾ ਯਕੀਨੀ ਬਣਾਏਗਾ ਕਿ ਪੰਜਾਬ ਸਰਕਾਰ ਅਸਲ ਵਿਚ ਅਰਵਿੰਦ ਕੇਜਰੀਵਾਲ ਦੇ ਹੱਥ ਹੈ।
ਯਾਦ ਰਹੇ ਕਿ ਕੇਜਰੀਵਾਲ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣ ਦੀ ‘ਇੱਛਾ` ਹਮੇਸ਼ਾ ਚਰਚਾ ਵਿਚ ਰਹੀ ਹੈ। ਇਸ ਦਾਅਵੇ ਪਿੱਛੇ ਤਰਕ ਇਹ ਦਿੱਤਾ ਜਾਂਦਾ ਰਿਹਾ ਹੈ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜ ਨਾ ਹੋਣ ਕਾਰਨ ਕੇਜਰੀਵਾਲ ਇਕ ਮਿਉਂਸਿਪਲ ਕਮੇਟੀ ਪ੍ਰਧਾਨ ਜਿੰਨਾ ਰੁਤਬਾ ਰੱਖਦੇ ਹਨ। ਉਨ੍ਹਾਂ ਨੂੰ ਕੇਂਦਰ ਦੇ ਦਾਬੇ ਵਿਚ ਰਹਿ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਸੀਨੀਅਰ ਆਗੂ ਰਹੇ ਕੁਮਾਰ ਵਿਸ਼ਵਾਸ ਵੱਲੋਂ ਵੀ ਅਜਿਹੇ ਦੋਸ਼ ਲਾਏ ਗਏ ਸਨ। ਤਾਜ਼ਾ ਸਮਝੌਤਿਆਂ ਪਿੱਛੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਸਾਰੇ ਮੰਤਰੀ ਤੇ ਅਫਸਰ ਕੇਜਰੀਵਾਲ ਨੂੰ ਰਿਪੋਰਟ ਕਰਨਗੇ ਤੇ ਹੁਣ ਕੇਜਰੀਵਾਲ ਦੀ ਪਹੁੰਚ ਪੰਜਾਬ ਸਰਕਾਰ ਦੀਆਂ ਫਾਈਲਾਂ ਤੱਕ ਹੋਵੇਗੀ। ਇਸ ਸਮਝੌਤੇ ਦੀ ਮਦ 3 ਮੁਤਾਬਕ ਭਵਿੱਖੀ ਸਰਕਾਰਾਂ ਵੀ ਇਸ ਸਮਝੌਤੇ ਦੀ ਪਾਲਣਾ ਲਈ ਪਾਬੰਦ ਹੋਣਗੀਆਂ। ਭਗਵੰਤ ਮਾਨ ਤੇ ਕੇਜਰੀਵਾਲ ਇਨ੍ਹਾਂ ਸਮਝੌਤਿਆਂ ਬਾਰੇ ਭਾਵੇਂ ਲੱਖ ਤਰਕ ਦੇ ਦੇਣ, ਪਰ ਤਾਜ਼ਾ ਫੈਸਲਾ ਪੰਜਾਬੀਆਂ ਦੇ ਮਨਾਂ ਵਿਚ ਸ਼ੰਕੇ ਖੜ੍ਹੇ ਕਰਨ ਵਾਲਾ ਹੈ।
ਅਸਲ ਵਿਚ, ਪਿਛਲੇ ਦਿਨਾਂ ਵਿਚ ਭਗਵੰਤ ਮਾਨ ਸਣੇ ਪੰਜਾਬ ਦੀ ਆਪ ਲੀਡਰਸ਼ਿਪ ਦੀ ਸੂਬੇ ਦੇ ਅਹਿਮ ਮਸਲਿਆਂ ਬਾਰੇ ਚੁੱਪ ਕਈ ਸਵਾਲ ਖੜ੍ਹੇ ਕਰਨ ਵਾਲੀ ਹੈ। ਸੂਬੇ ਦੀ ਵਿਧਾਨ ਸਭਾ ਵਿਚ ਆਪ ਦੇ 92 ਵਿਧਾਇਕ ਹੋਣ ਦੇ ਬਾਵਜੂਦ ਪਾਰਟੀ ਨੇ ਸੂਬੇ ਤੋਂ ਬਾਹਰਲੇ ਰਾਜ ਸਭਾ ਮੈਂਬਰਾਂ ਨੂੰ ਚੁਣ ਕੇ ਭੇਜ ਦਿੱਤਾ ਪਰ ਭਗਵੰਤ ਮਾਨ ਇਸ ਬਾਰੇ ਚੁੱਪ ਰਹੇ। ਪਾਰਟੀ ਦੇ ਦਿੱਲੀ ਬੈਠੇ ਆਗੂ ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ ਦਾ ਪਾਣੀ ਹਰਿਆਣਾ ਨੂੰ ਦੇਣ ਦੀਆਂ ਗੱਲਾਂ ਕਰਦੇ ਹਨ। ‘ਆਪ` ਦੇ ਦਿੱਲੀ ਤੋਂ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੱਲੋਂ ਐਸ.ਵਾਈ.ਐਲ ਨਹਿਰ ਦਾ ਪਾਣੀ ਹਰਿਆਣਾ ਦੇ ਹਰ ਪਿੰਡ ਪਹੁੰਚਣ ਦੀ ‘ਗਰੰਟੀ` ਦੇਣ ਪਿੱਛੋਂ ਵੀ ਭਗਵੰਤ ਮਾਨ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਵਾਲੀ ਹੈ। ਆਮ ਆਦਮੀ ਪਾਰਟੀ ਇਸ ਸਮੇਂ ਚੋਣਾਂ ਵੇਲੇ ਦਿੱਤੀਆਂ ਗਰੰਟੀਆਂ ਪੂਰੀਆਂ ਕਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਪੰਜਾਬ ਦੇ ਬੁਨਿਆਦੀ ਮਸਲਿਆਂ ਬਾਰੇ ਚੁੱਪ ਹੈ। ਇਸ ਸਮੇਂ ਮਾਹੌਲ ਇਹ ਹੈ ਕਿ ਸੂਬੇ ਵਿਚ ਕਤਲ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਇਕਦਮ ਵਧ ਗਈਆਂ ਹਨ। ਇਸ ਵਾਰ ਫਸਲ ਦੇ ਘੱਟ ਝਾੜ ਕਾਰਨ ਪਿਛਲੇ ਢਾਈ ਹਫਤਿਆਂ ਵਿਚ 14 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ। ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੀਆਂ ਖਬਰਾਂ ਨਿੱਤ ਆ ਰਹੀਆਂ ਹਨ। ਤਾਜ਼ਾ ਮਾਹੌਲ ਬਦਲਾਅ ਦੇ ਦਾਅਵੇ ਨਾਲ ਆਈ ਆਮ ਆਦਮੀ ਪਾਰਟੀ ਦੇ ਇਰਾਦਿਆਂ ਉਤੇ ਸਵਾਲ ਜ਼ਰੂਰ ਚੁੱਕਦਾ ਹੈ।
ਭਗਵੰਤ ਤੇ ਕੇਜਰੀਵਾਲ ਦੀ ਸਫਾਈ…
ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਯੂਰਪ ਤੇ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਲਈ ਉਥੇ ਗਏ ਸਨ। ਜੇਕਰ ਕੋਈ ਕਹੇ ਕਿ ਦਿੱਲੀ ਸਰਕਾਰ ਫਿਨਲੈਂਡ ਤੋਂ ਚੱਲ ਰਹੀ ਹੈ ਤਾਂ ਇਹ ਮੂਰਖਤਾ ਹੋਵੇਗੀ। ਹਾਲ ਹੀ ਵਿਚ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਦਿੱਲੀ ਆਏ ਸਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਤਾਮਿਲ ਨਾਡੂ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ, ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੱਧੂ ਲੋਕਾਂ ਨੂੰ ਬੇਵਜ੍ਹਾ ਗੁਮਰਾਹ ਕਰ ਰਹੇ ਹਨ। 44 ਸਾਲਾਂ ਤੱਕ ਪੰਜਾਬ ‘ਤੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜੇਕਰ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਖੁਸ਼ਹਾਲੀ ਲਈ ਕੋਈ ਠੋਸ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਇੰਨੀ ਵੱਡੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।