ਕਾਂਗਰਸ ਪਾਰਟੀ ਦੀ ਹਾਈਕਮਾਨ ਹੁਣ ‘ਬਾਗੀਆਂ’ ਦੁਆਲੇ

ਚੰਡੀਗੜ੍ਹ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਸੁਨੀਲ ਜਾਖੜ ਨੂੰ ਪਾਰਟੀ ‘ਚੋਂ ਦੋ ਸਾਲਾਂ ਲਈ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ। ਸੋਨੀਆ ਗਾਂਧੀ ਨੇ ਹਾਲਾਂਕਿ ਸੁਨੀਲ ਜਾਖੜ ਖਿਲਾਫ ਮੁਅੱਤਲੀ ਵਰਗਾ ਸਖਤ ਕਦਮ ਚੁੱਕਣ ਤੋਂ ਪਾਸਾ ਵੱਟ ਲਿਆ ਕਿਉਂਕਿ ਕਾਂਗਰਸ ਪਹਿਲਾਂ ਹੀ ਨਿਵਾਣ ਵੱਲ ਖਿਸਕ ਰਹੀ ਹੈ।

ਕਾਂਗਰਸ ਹਾਈਕਮਾਨ ਨੇ ਜਾਖੜ ਨੂੰ ਸਾਰੇ ਅਹੁਦਿਆਂ ਤੋਂ ਹਟਾ ਕੇ ਮਹਿਜ ਖਾਨਾਪੂਰਤੀ ਕੀਤੀ ਹੈ ਕਿਉਂਕਿ ਸੁਨੀਲ ਜਾਖੜ ਕੋਲ ਇਸ ਵੇਲੇ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਹੈ। ਅਨੁਸ਼ਾਸਨੀ ਕਮੇਟੀ ਨੇ ਮੀਟਿੰਗ ਵਿਚ ਫੈਸਲਾ ਲੈਣ ਮਗਰੋਂ ਜਾਖੜ ਦੀ ਮੁਅੱਤਲੀ ਸਬੰਧੀ ਆਖਰੀ ਫੈਸਲਾ ਹਾਈਕਮਾਨ ‘ਤੇ ਛੱਡ ਦਿੱਤਾ ਸੀ। ਉਂਜ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਤੋਂ ਪਹਿਲਾਂ ਹੀ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਸੀ, ਜਿਸ ਵਿਚ ਜਾਵੇਦ ਅਖ਼ਤਰ ਦਾ ਹਵਾਲਾ ਦਿੱਤਾ ਗਿਆ ਸੀ। ਜਾਖੜ ਨੇ ਟਵੀਟ ਕੀਤਾ ਸੀ ਕਿ ਅੱਜ ਉਨ੍ਹਾਂ ਲੋਕਾਂ ਦੇ ਸਿਰ ਕਲਮ ਹੋਣਗੇ, ਜਿਨ੍ਹਾਂ ਵਿਚ ਜ਼ਮੀਰ ਬਚੀ ਹੈ। ਵੇਰਵਿਆਂ ਅਨੁਸਾਰ ਤਾਰਿਕ ਅਨਵਰ ਦੀ ਪ੍ਰਧਾਨਗੀ ਹੇਠ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿਚ ਜਾਖੜ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਕਮੇਟੀ ਦਾ ਕਹਿਣਾ ਸੀ ਕਿ ਜਾਖੜ ਨੇ ਪਾਰਟੀ ਖਿਲਾਫ ਜਾ ਕੇ ਬਿਆਨਬਾਜ਼ੀ ਕੀਤੀ ਅਤੇ ਅਨੁਸ਼ਾਸਨ ਭੰਗ ਕੀਤਾ। ਅਨੁਸ਼ਾਸਨੀ ਕਮੇਟੀ ਨੇ ਇਕ ਹੋਰ ਆਗੂ ਕੇ.ਵੀ. ਥਾਮਸ ਖਿਲਾਫ ਵੀ ਕਾਰਵਾਈ ਲਈ ਲਿਖਿਆ ਹੈ। ਹਾਈਕਮਾਨ ਦੀ ਜਾਖੜ ਖਿਲਾਫ ਮੱਠੀ ਕਾਰਵਾਈ ਤੋਂ ਸਾਫ ਹੈ ਕਿ ਹਾਈਕਮਾਨ ਅੰਦਰਖਾਤੇ ਸੁਨੀਲ ਜਾਖੜ ਨੂੰ ਕਿਸੇ ਵੀ ਸੂਰਤ ਵਿਚ ਗੁਆਉਣਾ ਨਹੀਂ ਚਾਹੁੰਦੀ। ਜਾਖੜ ਪਰਿਵਾਰ ਦੀ ਕਾਂਗਰਸ ਨੂੰ ਵੱਡੀ ਦੇਣ ਹੈ ਅਤੇ ਸੁਨੀਲ ਜਾਖੜ ਪੰਜਾਬ ਵਿਚ ਚੰਗਾ ਅਕਸ ਰੱਖਦੇ ਹਨ।